ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਮਾਰਚ
ਅਗਾਮੀ ਵਿੱਤੀ ਵਰ੍ਹੇ ਦੇ ਵਿੱਤੀ ਬਜਟ ਲਈ ਨਗਰ ਨਿਗਮ ਨੇ ਜਨਰਲ ਹਾਉਸ ਦੀ ਬੈਠਕ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਅਗਵਾਈ ਹੇਠਾਂ ਹੋਈ। ਜਿਸ ਦੌਰਾਨ ਵਿਚਾਰ ਚਰਚਾ ਮਗਰੋਂ ਨਵੇਂ ਵਿੱਤੀ ਵਰ੍ਹੇ ਦੌਰਾਨ ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ ‘ਤੇ 590 ਕਰੋੜ ਰੁਪਏ ਖਰਚ ਕਰਨ ਦੇ ਪ੍ਰਸਤਾਵ ’ਤੇ ਮੋਹਰ ਲਾਈ ਗਈ। ਨਿਗਮ ਨੇ 119 ਕਰੋੜ 25 ਲੱਖ 50 ਹਜ਼ਾਰ ਰੁਪਏ ਦੀ ਆਮਦਨ ਦਾ ਟੀਚਾ ਮਿਥਿਆ ਹੈ। 2 ਪ੍ਰਤੀਸ਼ਤ ਅਚਾਨਕ ਖਰਚਿਆਂ ਲਈ ਰਾਖਵੇਂ ਰੱਖੇ ਜਾਣਗੇ, 27 ਪ੍ਰਤੀਸ਼ਤ ਵਿਕਾਸ ’ਤੇ ਖਰਚਿਆ ਜਾਵੇਗਾ ।
ਕੁੱਲ ਆਮਦਨ ਦਾ 70.80 ਪ੍ਰਤੀਸ਼ਤ ਕਰਮਚਾਰੀਆਂ ਦੀ ਤਨਖਾਹ ਅਤੇ ਹੋਰ ਕਾਰਜਾਂ ’ਤੇ ਖਰਚ ਕੀਤਾ ਜਾਵੇਗਾ। ਸਾਲ 2020-21 ਲਈ 116 ਕਰੋੜ 32 ਲੱਖ ਦੀ ਆਮਦਨ ਦਾ ਅਨੁਮਾਨ ਤੈਅ ਕੀਤਾ ਗਿਆ ਸੀ, ਪਰ 88 ਕਰੋੜ 83 ਲੱਖ 79 ਹਜ਼ਾਰ ਆਮਦਨੀ ਹੋਣ ਦੀ ਉਮੀਦ ਹੈ। ਇਸ ਮੌਕੇ ਕਾਰਪੋਰੇਸ਼ਨ ਕਮਿਸ਼ਨਰ ਪੂਨਮਦੀਪ ਕੌਰ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਕੌਂਸਲਰ ਹਰਵਿੰਦਰ ਸ਼ੁਕਲਾ, ਅਨਿਲ ਮੋਦਗਿਲ, ਸ਼ਾਮ ਲਾਲ ਗੁਪਤਾ ਵੀ ਮੌਜੂਦ ਸਨ।