ਖੇਤਰੀ ਪ੍ਰਤੀਨਿਧ
ਪਟਿਆਲਾ, 25 ਦਸੰਬਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸੀਐੱਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਵੱਲੋਂ ਅਹੁਦਾ ਸੰਭਾਲਣ ਤੋਂ ਇੱੱਕ ਦਿਨ ਬਾਅਦ ਹੀ ਕਾਰਪੋਰੇਸ਼ਨ ਦੇ ਸੇਵਾਮੁਕਤ ਬਿਜਲੀ ਮੁਲਾਜ਼ਮਾਂ ਤੇ ਅਫਸਰਾਂ ਦੇ 56 ਕਰੋੜ ਦੇ ਬਕਾਏ ਜਾਰੀ ਕਰ ਦਿੱਤੇ ਗਏ ਹਨ। ਲਾਈਨਮੈਨ ਤੋਂ ਜੇਈ ਅਤੇ ਲੇਖਾ ਵਿਭਾਗ ਨਾਲ ਸਬੰਧਤ ਤਰੱਕੀਆਂ ਬਹੁਤ ਜਲਦ ਅਤੇ ਕਲੈਰੀਕਲ, ਟੈਕਨੀਕਲ ਤੇ ਅਕਾਊਂਟਸ ਵਰਗ ਨਾਲ ਸਬੰਧਤ ਮੁਲਾਜ਼ਮਾਂ ਤੇ ਅਫਸਰਾਂ ਦੀਆਂ ਤਰੱਕੀਆਂ ਅਗਲੇ ਹਫਤੇ ਕਰਨ ਦਾ ਭਰੋਸਾ ਦਿੱਤਾ ਗਿਆ। ਇਹ ਜਾਣਕਾਰੀ ਪਾਵਰਕੌਮ ਦੇ ਸੀਐੱਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਪ੍ਰਤੀਨਿਧ ਮੰਡਲ ਨੂੰ ਦਿੱਤੀ। ਮੁਲਾਜ਼ਮਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮਿਲੇ ਵਫਦ ਨੇ ਮੰਗ ਕੀਤੀ ਕਿ ਸੇਵਾਮੁਕਤ ਅਫਸਰਾਂ ਤੇ ਮੁਲਾਜ਼ਮਾਂ ਦੇ ਬਕਾਏ ਜਾਰੀ ਕੀਤੇ ਜਾਣ, ਜਿਸ ’ਤੇ ਸ੍ਰੀ ਸਰਾਂ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੇ ਟੋਕਨ 31 ਅਕਤੂਬਰ ਤੱਕ ਜਾਰੀ ਹੋ ਚੁੱਕੇ ਹਨ, ਦੇ ਬਕਾਏ ਦਾ 56 ਕਰੋੜ ਜਾਰੀ ਕਰ ਦਿੱਤਾ ਗਿਆ ਹੈ।