ਰਵੇਲ ਸਿੰਘ ਭਿੰਡਰ
ਪਟਿਆਲਾ, 7 ਦਸੰਬਰ
ਖੇਤੀਬਾੜੀ ਦੇ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਆਪਣੇ ਹੱਕਾਂ ਹਿੱਤਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ . ਐੱਸਪੀ ਸਿੰਘ ਉਬਰਾਏ ਵੱਲੋਂ ਅੱਜ ਕਿਸਾਨਾਂ ਲਈ ਅਰਬਨ ਸਟੇਟ ਤੋਂ ਪੰਜ ਐਂਬੂਲੈਂਸਾਂ ਦਿੱਲੀ ਰਵਾਨਾ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਟਰੱਸਟਟ ਵੱਲੋਂ 20 ਟਨ ਸੁੱਕੇ ਰਾਸ਼ਨ ਦੀਆਂ ਰਸਦਾਂ ਭੇਜੀਆਂ ਗਈਆਂ ਹਨ। ਲੋੜੀਂਦੀਆਂ ਦਵਾਈਆਂ ਅਤੇ 10 ਮਾਹਿਰ ਡਾਕਟਰਾਂ ਦੀਆਂ ਮੈਡੀਕਲ ਟੀਮਾਂ ਭੇਜਣ ਤੋਂ ਇਲਾਵਾ 3000 ਦੇ ਕਰੀਬ ਗਰਮ ਕੰਬਲ , 3000 ਜੈਕਟਾਂ , 12000 ਸਲੀਪਰ ਚੱਪਲਾਂ ਅਤੇ ਕਿਸਾਨਾਂ ਨੂੰ ਸਹਿਯੋਗ ਦੇ ਰਹੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 5 ਟਨ ਖੁਰਾਕ ਭੇਜਣ ਤੋਂ ਇਲਾਵਾ ਧੁੰਦ ਦੇ ਇਸ ਮੌਸਮ ਦੌਰਾਨ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ ਦਿੱਲੀ ਜਾ ਰਹੇ ਅਤੇ ਉੱਥੇ ਮੌਜੂਦ ਟਰੈਕਟਰ – ਟਰਾਲੀਆਂ ਤੇ ਲਗਾਉਣ ਲਈ 1 ਲੱਖ ਰਿਫਲੈਕਟਰ ਵੀ ਭੇਜੇ ਗਏ ਹਨ। ਇਸ ਮੌਕੇ ਟਰੱਸਟ ਦੇ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ, ਹੈਲਥ ਅਡਵਾਈਜ਼ਰ ਡਾ ਡੀ ਐੱਸ ਗਿੱਲ, ਡਾ ਆਰਐੱਸ ਅਟਵਾਲ, ਡਾ ਇੰਦਰਜੀਤ ਕੌਰ ਗਿੱਲ, ਦੋਆਬਾ ਦੇ ਪ੍ਰਧਾਨ ਅਮਰਜੋਤ ਸਿੰਘ , ਐਡਵੋਕੇਟ ਜੇਐੱਸ ਜਿੰਦੂ ਮੌਜੂਦ ਸਨ।