ਖੇਤਰੀ ਪ੍ਰਤੀਨਿਧ
ਪਟਿਆਲਾ, 3 ਅਗਸਤ
ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਿੰਡਾਂ ’ਚ ਵੱਸਦੇ ਲੋੜਵੰਦ, ਗਰੀਬ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਅਤੇ ਪਸ਼ੂ ਪਾਲਣ ਤੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਗਨਰੇਗਾ ਸਕੀਮ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਹੁਣ ਤੱਕ ਪਸ਼ੂਆਂ ਲਈ 443 ਕੈਟਲ ਸ਼ੈੱਡ ਬਣਾਏ ਗਏ ਹਨ, ਜਦੋਂਕਿ 1000 ਹੋਰ ਬਣਨ ਵਾਲੇ ਕੈਟਲ ਸ਼ੈਡਾਂ ਵਿੱਚੋਂ 900 ਸ਼ੈੱਡ ਬਣਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਨੇ ਭਵਾਨੀਗੜ੍ਹ ਰੋਡ ’ਤੇ ਸਥਿਤ ਪਿੰਡ ਸੌਜਾ ਵਿੱਚ ਬਰਸਾਤ ਦੇ ਪਾਣੀ ਨੂੰ ਸਾਂਭਣ ਲਈ 50 ਲੱਖ ਨਾਲ ਬਣਾਏ ਗਏ ਪੌਂਡ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਡੇਅਰੀ ਧੰਦੇ ਨੂੰ ਉਤਸ਼ਾਹਤ ਕਰਨ ਲਈ ਛੋਟੇ ਤੇ ਸੀਮਾਂਤ ਕਿਸਾਨਾਂ ਸਮੇਤ ਐੱਸ.ਸੀਜ਼, ਜਿਨ੍ਹਾਂ ਕੋਲ ਪਸ਼ੂ ਤਾਂ ਹਨ, ਪਰ ਉਨ੍ਹਾਂ ਲਈ ਪੱਕਾ ਸ਼ੈੱਡ ਨਹੀਂ ਹੈ, ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ’ਚ ਮਗਨਰੇਗਾ ਤਹਿਤ 5-5 ਕੈਟਲ ਸ਼ੈੱਡ ਬਣਾਏ ਜਾ ਰਹੇ ਹਨ। ਏਡੀਸੀ ਨੇ ਦੱਸਿਆ ਕਿ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਪਸ਼ੂਆਂ ਲਈ 1000 ਕੈਟਲ ਸ਼ੈੱਡ ਹੋਰ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ’ਚੋਂ 900 ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਹੜੇ ਯੋਗ ਲਾਭਪਾਤਰੀ ਕੈਟਲ ਸ਼ੈੱਡ ਬਣਵਾਉਣਾ ਚਾਹੁੰਦੇ ਹਨ, ਉਹ ਪੰਚਾਇਤ ਰਾਹੀਂ ਸਬੰਧਤ ਬੀ.ਡੀ.ਪੀ.ਓ ਕੋਲ ਅਰਜ਼ੀ ਦੇ ਸਕਦੇ ਹਨ।