ਪੱਤਰ ਪ੍ਰੇਰਕ
ਰਾਜਪੁਰਾ, 6 ਅਕਤੂਬਰ
ਪੰਜਾਬ ਸਰਕਾਰ ਵੱਲੋਂ ਰਾਜਪੁਰਾ ਸ਼ਹਿਰ ਲਈ 40 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਜਲ ਸਪਲਾਈ ਤੇ ਸੀਵਰੇਜ ਪ੍ਰਾਜੈਕਟ ਦਾ ਜਾਇਜ਼ਾ ਲੈਣ ਮਗਰੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪ੍ਰੋਜੈਕਟ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਸ੍ਰੀ ਨਿੱਝਰ ਨੇ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ ਦੀ ਹਦੂਦ ਵਿੱਚ ਜਲ ਸਪਲਾਈ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਵਾਟਰ ਵਰਕਸ ਦੀਆਂ ਨਵੀਆਂ ਮੋਟਰਾਂ, ਨਲਾਸ ਰੋਡ ਅਤੇ ਏਕਤਾ ਕਲੋਨੀ ਵਿਖੇ 2 ਬੋਸ਼ਟਿੰਗ ਟਿਊਬਵੈਲ ਸਥਾਪਿਤ ਕੀਤੇ ਜਾਣੇ ਹਨ। ਇਸ ਤਰ੍ਹਾਂ ਪਾਣੀ ਦੀ ਸਪਲਾਈ ਦੀ ਸਮਰੱਥਾ ਵਧਾਉਣ ਲਈ ਗੰਡਿਆ ਖੇੜੀ ਤੋਂ ਵਾਟਰ ਵਰਕਸ ਤੱਕ ਡੀ.ਆਈ ਪਾਈਪ ਲਾਈਨ ਵਿਛਾਉਣ ਦਾ ਕੰਮ ਇਸ ਪ੍ਰਾਜੈਕਟ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਵਿਖੇ 49 ਕਿੱਲੋਮੀਟਰ ਖੇਤਰ ਵਿੱਚ ਸੀਵਰੇਜ ਲਾਈਨਾਂ ਅਤੇ 35 ਕਿੱਲੋਮੀਟਰ ਖੇਤਰ ਵਿੱਚ ਜਲ ਸਪਲਾਈ ਲਾਈਨਾਂ ਵਿਛਾਈਆਂ ਜਾਣਗੀਆਂ ਜਿਸ ਤੋਂ ਰਾਜਪੁਰਾ ਦੇ 25 ਹਜਾਰ ਲੋਕਾਂ ਨੂੰ ਲਾਭ ਮਿਲੇਗਾ। ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸੀਈਓ ਵੀ.ਕੇ ਸ਼ਰਮਾ ਨੇ ਦੱਸਿਆ ਕਿ ਜਲ ਸਪਲਾਈ ਦਾ 55 ਫੀਸਦੀ ਅਤੇ ਸੀਵਰੇਜ ਦਾ 80 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਬਾਕੀ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।