ਪੱਤਰ ਪ੍ਰੇਰਕ
ਲੌਂਗੋਵਾਲ, 14 ਸਤੰਬਰ
ਇਥੇ ਦੋ ਕਾਰਾਂ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਦੋ ਨਿੱਕੀਆਂ ਬੱਚੀਆਂ ਇਕ ਔਰਤ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਦੁਰਘਟਨਾ ਦਾ ਸ਼ਿਕਾਰ ਹੋਏ ਉੱਘੇ ਅਕਾਲੀ ਆਗੂ ਜਥੇ. ਸੁਰਜੀਤ ਸਿੰਘ ਦੁੱਲਟ ਨੇ ਦੱਸਿਆ ਕਿ ਉਹ ਅੱਜ ਆਪਣੀ ਕਾਰ ਰਾਹੀਂ ਸੁਨਾਮ ਹਸਪਤਾਲ ਜਾ ਰਹੇ ਸਨ। ਰਸਤੇ ’ਚ ਲੋਹਾਖੇੜਾ ਰੋਡ ਵਾਲੇ ਮੋੜ ’ਤੇ ਉਨ੍ਹਾਂ ਦੀ ਕਾਰ ਨੂੰ ਸੁਨਾਮ ਵਾਲੇ ਪਾਸਿਉਂ ਆ ਰਹੀ ਇਕ ਸਕਾਰਪੀਓ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਨਾਂ ਦੀ ਪਤਨੀ ਬਲਜੀਤ ਕੌਰ (60) ਅਤੇ ਪੋਤਰੀ ਲਿਵਨੂਰ ਕੌਰ (3) ਗੰਭੀਰ ਜ਼ਖਮੀ ਹੋ ਗਈਆਂ ਅਤੇ ਜਿੰਨਾਂ ਨੂੰ ਅਮਰ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਉਨਾਂ ਦੇ ਆਪਣੇ ਅਤੇ ਦੂਜੀ ਪੋਤਰੀ ਕਸ਼ਮੀਤ ਕੌਰ (10) ਦੇ ਵੀ ਸੱਟਾਂ ਲੱਗੀਆਂ ਹਨ ਅਤੇ ਕਾਰ ਵੀ ਨੁਕਸਾਨੀ ਗਈ ਹੈ। ਸੂਤਰਾਂ ਅਨੁਸਾਰ ਸਕਾਰਪੀਓ ਕਾਰ ਸਵਾਰ ਵੀ ਇਸ ਹਾਦਸੇ ਵਿਚ ਜ਼ਖਮੀ ਹੋਇਆ ਹੈ।