ਖੇਤਰੀ ਪ੍ਰਤੀਨਿਧ
ਪਟਿਆਲਾ 23 ਜੂਨ
ਪੰਜਾਬੀ ਯੂਨੀਵਰਸਿਟੀ ਅੰਦਰ ਰਹਿੰਦੇ ਕਰਮਚਾਰੀਆਂ ਨੂੰ ਯੂਨੀਵਰਸਿਟੀ ਵੱਲੋਂ ਬਿਜਲੀ ਬਿਲਾਂ ਦੇ ਜੁਰਮਾਨਿਆਂ ਤੋਂ ਰਾਹਤ ਦਿੱਤੀ ਗਈ ਹੈ। ਦਫਤਰ ਉੱਪ ਮੰਡਲ ਕਾਰਜਕਾਰੀ ਇੰਜਨੀਅਰ ਵਲੋਂ ਜਾਰੀ ਪੱਤਰ ਅਨੁਸਾਰ ਕੈਂਪਸ ਨਿਵਾਸੀ 30 ਜੂਨ ਤੱਕ ਬਿਨਾਂ ਜੁਰਮਾਨੇ ਤੋਂ ਬਿਜਲੀ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਸੂਬਾਈ ਆਗੂ ਜਤਿੰਦਰ ਸਿੰਘ ਮੱਟੂ ਵੱਲੋਂ ਫਰਵਰੀ 2022 ਵਿੱਚ ਵਾਈਸ ਚਾਂਸਲਰ ਅਤੇ ਬਾਅਦ ਵਿੱਚ ਰਜਿਸਟਰਾਰ ਨੂੰ ਪੱਤਰ ਭੇਜ ਕੇ ਮੁਲਾਜ਼ਮਾਂ ਦੀ ਇਸ ਮੁਸ਼ਕਲ ਸਬੰਧੀ ਆਵਾਜ਼ ਬੁਲੰਦ ਕੀਤੀ ਸੀ। ਸ਼ਾਇਦ ਕਿਸੇ ਹੋਰ ਆਗੂ ਨੇ ਵੀ ਇਹ ਮਾਮਲਾ ਅਧਿਕਾਰੀਆਂ ਤੱਕ ਪਹੁੰਚਾਇਆ ਹੋਵੇ, ਪ੍ਰਮੁੱਖ ਤੌਰ ’ਤੇ ਜਤਿੰਦਰ ਮੱਟੂ ਨੇ ਇਸ ਸਬੰਧੀ ਵਧੇਰੇ ਜ਼ੋਰ ਅਜ਼ਮਾਈ ਕੀਤੀ। ਜਿਸ ਨੂੰ ਆਖਰ ਬੂਰ ਪੈ ਗਿਆ। ਜਤਿੰਦਰ ਮੱਟੂ ਨੇ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਸੀ ਕਿ ਜਦੋਂ ਯੂਨੀਵਰਸਿਟੀ ਵਲੋਂ ਕਰਮਚਾਰੀਆਂ ਨੂੰ ਤਨਖਾਹਾਂ 2-2 ਮਹੀਨੇ ਬਾਅਦ ਦਿੱਤੀਆਂ ਜਾ ਰਹੀਆਂ ਹਨ ਤਾਂ ਅਜਿਹੇ ਹਾਲਾਤ ਵਿੱਚ ਯੂਨੀਵਰਸਿਟੀ ਕੈਂਪਸ ਅੰਦਰ ਰਹਿੰਦੇ ਕਰਮਚਾਰੀ ਬਿਜਲੀ ਬਿਲਾਂ ਦੇ ਭਾਰੀ ਜੁਰਮਾਨੇ ਕਿੱਥੋਂ ਭਰਨ। ਜਤਿੰਦਰ ਮੱਟੂ ਨੇ ਅੱਜ ਇਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਿਛਲੇ 5 ਮਹੀਨੇ ਤੋਂ ਇਹ ਮਾਮਲਾ ਯੂਨੀਵਰਸਿਟੀ ਅਥਾਰਿਟੀ ਵਲੋਂ ਵਿਚਾਰਿਆ ਜਾ ਰਿਹਾ ਸੀ। ਇਸ ਉੱਪਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵਲੋਂ ਆਖ਼ਰੀ ਮੋਹਰ ਲੱਗੀ ।