ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 18 ਜਨਵਰੀ
ਕਿਸਾਨੀ ਸੰਘਰਸ਼ ਨੇ ਜਿੱਥੇ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਵਧਾਈ ਹੈ, ਉੱਥੇ ਹੀ ਨੌਜਵਾਨ ਪੀੜੀ ਵਿੱਚ ਵੀ ਚੋਣਾਂ ਸਬੰਧੀ ਜਾਗਰੂਕਤਾ ਆਈ ਹੈ। ਅੱਜ ਲਗਭਗ ਦਰਜਨ ਪਿੰਡਾ ਦੇ ਨੌਜਵਾਨਾ ਨੇ ਇਲਾਕੇ ਦੇ ਪਿੰਡਾ ਵਿੱਚ ਫਲੈਕਸ ਬੋਰਡ ਲਗਵਾਏ ਹਨ, ਜਿਨ੍ਹਾਂ ਉੱਪਰ ਲਿਖਿਆ ਹੈ ਕਿ ਜਿਹੜਾ ਰਾਜਸੀ ਨੇਤਾ ਕਿਸਾਨਾਂ ਨਾਲ ਖੜ੍ਹੇਗਾ, ਉਹੀ ਪਿੰਡ ਵਿੱਚ ਵੜੇਗਾ। ਇਸ ਮੌਕੇ ਨੌਜਵਾਨ ਗਗਨਦੀਪ ਸਿੰਘ, ਕੁਲਵੰਤ ਸਿੰਘ, ਰਿੰਕਾ ਪਹਿਲਵਾਨ,ਨਿਧਾਨ ਸਿੰਘ, ਅਮਰਜੀਤ ਸਿੰਘ ਬੱਗਾ, ਗਗਨਦੀਪ ਸਿੰਘ ਸੰਟੀ ਤੋਂ ਇਲਾਵਾ ਦਰਜਨ ਤੋਂ ਵੱਧ ਨੌਜਵਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਰਾਜਸੀ ਪਾਰਟੀਆਂ ਉਨ੍ਹਾਂ ਨੂੰ ਸਬਜ਼ ਬਾਗ ਦਿਖਾ ਕੇ ਵੋਟਾਂ ਬਟੋਰ ਕੇ ਲੈ ਜਾਂਦੀਆਂ ਹਨ ਪਰ ਇਸ ਕਿਸਾਨੀ ਸੰਘਰਸ਼ ਵਿਚ ਰਾਜਸੀ ਪਾਰਟੀਆਂ ਦਾ ਸੱਚ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ । ਕਿਸਾਨ ਕੜਕਦੀ ਠੰਢ ਵਿਚ ਧਰਨੇ ਦੇ ਰਹੇ ਹਨ ਪਰ ਕੁੱਝ ਰਾਜਸੀ ਨੇਤਾ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਕਿਸਾਨ ਵਿਰੋਧੀ ਭਾਸ਼ਣ ਦੇ ਰਹੇ ਹਨ, ਜਿਨ੍ਹਾਂ ਵਿਚ ਬੀਜੇਪੀ ਪਾਰਟੀ ਦੇ ਆਗੂ ਸਭ ਤੋਂ ਮੂਹਰੇ ਹਨ। ਨੌਜਵਾਨਾ ਨੇ ਕਿਹਾ ਕਿ ਜਿਹੜਾ ਰਾਜਨੀਤਿਕ ਆਗੂ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਨਹੀਂ ਕਰੇਗਾ , ਉਸ ਨੂੰ ਚੋਣਾਂ ਦਰਮਿਆਨ ਪਿੰਡ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਨੌਜਵਾਨ ਜਾਗਰੂਕ ਹੋ ਚੁੱਕੇ ਹਨ।