ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਕਤੂਬਰ
ਪੱਚੀ ਦਿਨ ਪਹਿਲਾਂ ਬੋਸਰ ਕਲਾਂ ਵਾਸੀ ਵਰਿੰਦਰ ਸਿੰਘ ਬਾਣੀਆ ਦੇ ਬੜੇ ਹੀ ਪੇਚੀਦਾ ਬਣੇ ਕਤਲ ਦੇ ਮਾਮਲੇ ਨੂੰ ਵੀ ਆਖਰ ਪੁਲੀਸ ਨੇ ਸੁਲ਼ਝਾ ਲਿਆ ਹੈ। ਇਹ ਮਾਮਲਾ ਵੀ ਇੱਜ਼ਤ ਦੀ ਖਾਤਰ ਬੋਲੜ ਕਲਾਂ ਵਾਸੀ ਹਰਨੀਤ ਕੌਰ ਦੀ ਹੱਤਿਆ ਦੇ ਮਾਮਲੇ ਨਾਲ਼ ਜਾ ਰਲ਼ਿਆ ਹੈ। ਇਹ ਦੋਵੇਂ ਹੀ ਕਤਲ ਉਸ ਦੇ ਚਚੇੇਰੇ ਭਰਾ ਗੁਰਿੰਦਰ ਸਿੰਘ ਵੱਲੋਂ ਕੀਤੇ ਗਏ ਹਨ। ਪਹਿਲੇ ਕਤਲ ਮਗਰੋਂ ਖੁਦਕੁਸ਼ੀ ਦਾ ਡਰਾਮਾ ਰਚਦਿਆਂ ਉਹ ਭਾਵੇਂ ਦਿੱਲੀ ਜਾ ਕੇ ਰਹਿਣ ਲੱਗਾ ਸੀ। ਪਰ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਟੀਮ ਦੇ ਹੱਥ ਉਸ ਤੱਕ ਵੀ ਜਾ ਅੱੱਪੜੇ।
ਜ਼ਿਕਰਯੋਗ ਹੈ ਕਿ 4 ਅਕਤੂਬਰ ਨੂੰ ਰਾਤੀ ਨੌਂ ਵਜੇ ਵਰਿੰਦਰ ਬਾਣੀਆ ਜਦੋਂ ਕਾਰ ’ਚ ਆਪਣੀ ਪਤਨੀ ਦੇ ਨਾਲ਼ ਸਨੌਰ ਤੋਂ ਪਿੰਡ ਬੋਸਰਕਲਾਂ ਪਰਤ ਰਿਹਾ ਸੀ, ਤਾਂ ਰਸਤੇ ’ਚ ਬੀੜ ਕੋਲ਼ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਗੋਲ਼ੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿਤੀ ਸੀ। ਸੂਈ ਗੁਰਿੰਦਰ ਸਿੰਘ ਵੱਲ ਘੁੰਮਦੀ ਰਹੀ ਸੀ ਪਰ 22 ਅਕਤੂਬਰ 2020 ਨੂੰ ਭਾਖੜਾ ਨਹਿਰ ਦੇ ਕੰਢਿਓਂ ਮਿਲਿਆ ਉਸ ਦਾ ਖੁਦੁਕਸ਼ੀ ਪੱਤਰ ਪੁਲੀਸ ਨੂੰ ਅੱਗੇ ਵਧਣ ਤੋਂ ਰੋਕਦਾ ਰਿਹਾ। ਭਾਰੀ ਜੱਦੋ ਜਹਿਦ ਦੌਰਾਨ ਵੀ ਕਈ ਦਿਨਾ ਤੱਕ ਪੁਲੀਸ ਦੇ ਹੱਥ ਕੁਝ ਨਾ ਲੱਗਾ। ਫੇਰ ਨਵੇਂ ਆਏ ਐਸਐਸਪੀ ਹਰਚਰਨ ਭੁੱਲਰ ਨੇ ਐਸ.ਪੀ. ਇਨਵੈਸਟੀਗੇਸ਼ਨ ਡਾ. ਮਹਿਤਾਬ ਸਿੰਘ, ਡੀ.ਐਸ.ਪੀ. ਇਨਵੈਸਟੀਗੇਸ਼ਨ ਮੋਹਿਤ ਅਗਰਵਾਲ ਅਤੇ ਡੀਐਸਪੀ ਰੂਰਲ ਸੁਖਮਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਅਤੇ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਇੰਸਪੈਕਟਰ ਦੀ ਅਗਵਾਈ ਹੇਠਾਂ ਸਿੱਟ ਦਾ ਗਠਨ ਕੀਤਾ ਜਿਸ ਨੇ ਗੁਰਿੰਦਰ ਦੀ ਲਾਸ਼ ਨਾ ਮਿਲਣ ਦੀ ਗੱਲ ਨੂੰ ਆਧਾਰ ਬਣਾ ਕੇ ਜਦੋਂ ਮ੍ਰਿਤਕ ਵਰਿੰਦਰ ਬਾਣੀਆ ਦੇ ਸਾਲ਼ੇ ਸਹਿਜਪ੍ਰੀਤ ਲਾਲੀ ਦੇ ਹਰਨੀਤ ਕੌਰ ਵਿਚਲੇ ਕਥਿਤ ਸਬੰਧਾਂ ਨੂੰ ਪੁਲੀਸ ਨੇ ਹੋਰ ਡੂੰਘਾਈ ਨਾਲ਼ ਘੋਖਿਆ ਤਾਂ ਪੁਲੀਸ ਨੂੰ ਗੁਰਿੰਦਰ ਸਿੰਘ ਦੇ ਜੀਵਤ ਹੋਣ ਦਾ ਪਤਾ ਲੱਗਾ ਤੇ ਪੈੜ ਨੱਪਦੀ ਹੋਈ ਪੁਲੀਸ ਉਸ ਤੱਕ ਜਾ ਅੱਪੜੀ ਤੇ ਉਸ ਨੂੰ ਦਬੋਚ ਹੀ ਲਿਆ।ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਬੋਲੜ ਕਲਾਂ ਨੇ ਆਪਣੀ ਚਚੇਰੀ ਭੈਣ ਹਰਨੀਤ ਕੌਰ ਦਾ ਪਿਛਲੇ ਸਾਲ 12 ਅਕਤੂਬਰ ਨੂੰ ਇਸ ਕਰਕੇ ਕਤਲ ਕਰ ਦਿੱਤਾ ਸੀ, ਕਿ ਉਸ ਦੇ ਸਹਿਜਪ੍ਰੀਤ ਲਾਲੀ ਨਾਮ ਦੇ ਇੱਕ ਲੜਕੇ ਨਾਲ ਕਥਿਤ ਸਬੰਧ ਸਨ। ਫੇਰ ਆਪਣੇ ਆਪ ਨੂੰ ਗ੍ਰਿਫਾਤਰੀ ਤੋਂ ਬਚਣ ਲਈ ਗੁਰਿੰਦਰ ਸਿੰਘ ਖੁਦਕੁਸ਼ੀ ਦਾ ਡਰਾਮਾ ਕੀਤਾ। ਐਸਐਸਪੀ ਹਰਚਰਨ ਭੁੱਲਰ ਨੇ ਹੋਰ ਦੱਸਿਆ ਕਿ ਮੁਲਜ਼ਮ ਦੇ ਕਬਜੇ ਵਿਚੋਂ ਕੁੱਲ ਪੰਜ ਰਿਵਾਲਵਰ/ਪਿਸਤੌਲ ਬਰਾਮਦ ਹੋਏ ਹਨ। ਉਧਰ ਡੀਜੀਪੀ ਇਕਬਾਲਪ੍ਰੀਤ ਸਹੋਤਾ ਨੇ ਪੇਚੀਦਾ ਬਣੇ ਇਸ ਅੰਨ੍ਹੇ ਕਤਲ ਦੀ ਗੁੱੱਥੀ ਸੁਲ਼ਝਾਓਣ ਪਟਿਆਲਾ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਐਸਐਸਪੀ ਹਰਚਰਨ ਭੁੱਲਰ ਨੂੰ ਸੁਨੇਹਾ ਭੇਜ ਕੇ ਪੁਲੀਸ ਟੀਮ ਨੂੰ ਪ੍ਰਸੰਸਾ ਪੱਤਰ ਦੇਣ ਲਈ ਨਾਮ ਭੇਜਣ ਲਈ ਆਖਿਆ ਹੈ। ਉਧਰ ਕਤਲ ਦੀ ਗੁੱਥੀ ਸੁਲ਼ਝਾਓਣ ’ਚ ਮੁੱਖ ਸੂਤਰਧਾਰ ਬਣੇ ਇੰਸਪੈਕਟਰ ਸ਼ਮਿੰਦਰ ਦਾ ਕਹਿਣਾ ਸੀ ਕਿ ਮੁਲਜਮ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਸਹਾਇਕ ਥਾਣੇਦਾਰ ਲਖਵੀਰ ਲੱਖਾ ਅਤੇ ਜਸਪਾਲ ਸਿੰਘ ਸਮੇਤ ਹੋਰਾਂ ਨੇ ਅਹਿਮ ਭੂਮਿਕਾ ਨਿਭਾਈ।