ਖੇਤਰੀ ਪ੍ਰਤੀਨਿਧ
ਪਟਿਆਲਾ, 12 ਜਨਵਰੀ
ਸੰਯੁਕਤ ਕਿਸਾਨ ਮੋਰਚੇ ਵਿਚੋਂ ਨਿਕਲ਼ ਕੇ ਚੋਣ ਪਿੜ ’ਚ ਨਿੱਤਰੇ ‘ਸੰਯੁਕਤ ਸਮਾਜ ਮੋਰਚੇ’ ਵੱਲੋਂ ਉਮੀਦਵਾਰਾਂ ਦੀ ਐਲਾਨੀ ਗਈ ਪਲੇਠੀ ਸੂਚੀ ’ਚ ਇੱਕ ਟਿਕਟ ਪਟਿਆਲਾ ਜ਼ਿਲ੍ਹੇ ਦੇ ਹਿੱਸੇ ਵੀ ਆਈ ਹੈ। ਜ਼ਿਲ੍ਹੇ ਦੇ ਹਲਕਾ ਘਨੌਰ ਤੋਂ ਪ੍ਰੇਮ ਸਿੰਘ ਭੰਗੂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਐਮਸੀਪੀਆਈ ਦੇ ਪੋਲਿਟ ਬਿਓਰੋ ਮੈਂਬਰ ਕਾਮਰੇਡ ਪ੍ਰੇਮ ਸਿੰਘ ਭੰਗੂ ਇਸ ਵਕਤ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਵੀ ਹਨ।ਘਨੌਰ ਤੋਂ ਹੀ ਉਹ ਦੋ ਵਾਰ ਪਹਿਲਾਂ ਵੀ ਚੋਣਾ ਲੜ ਚੁੱਕੇ ਹਨ। ਸਭ ਤੋਂ ਪਹਿਲੀ ਚੋਣ ਉਨ੍ਹਾਂ ਨੇ 1985 ’ਚ ਸੀਪੀੇਐਮ ਦੇ ਉਮੀਦਵਾਰ ਵਜੋਂ ਲੜੀ। ਫੇਰ 1991 ’ਚ ਐਮਸੀਪੀਆਈ ਦੇ ਉਮੀਦਵਾਰ ਵਜੋਂ ਮੈਦਾਨ ’ਚ ਨਿੱਤਰੇ,ਪਰ ਇਹ ਚੋਣ ਕੁਝ ਘੰਟੇ ਪਹਿਲਾਂ ਮੁਲਤਵੀ ਹੋ ਗਈ ਸੀ। ਘਨੌਰ ਦੇ ਪਿੰਡ ਮੰਡੌਲੀ ਦੇ ਜੰਮਪਲ ਪ੍ਰੇਮ ਸਿੰਘ ਭੰਗੂ ਲਗਾਤਾਰ ਵੀਹ ਸਾਲ ਆਪਣੇ ਪਿੰਡ ਦੇ ਸਰਪੰਚ ਵੀ ਰਹੇ ਚੁੱਕੇ ਹਨ।ਇਲਾਕੇ ਨਾਲ਼ ਸਬੰਧਿਤ ਹੋਣ ਦੇ ਚੱਲਦਿਆਂ ਉਨ੍ਹਾਂ ਨੇ ਕਪੂਰੀ ਮੋਰਚੇ ’ਚ ਵੀ ਵਧ ਚੜ੍ਹ ਕੇ ਹਿੱੱਸਾ ਲਿਆ। ਉਹ ਬਹੁ ਚਰਚਿਤ ਬੁੱਧੀਜੀਵੀ ਤੇ ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਦੇ ਮੈਂਬਰ ਰਹੇ ਪ੍ਰੋ. ਦਰਬਾਰਾ ਸਿੰਘ ਭੰਗੂ ਦੇ ਭਰਾ ਹਨ। ਜਿਨ੍ਹਾਂ ਦੀ 16 ਮਈ 1991 ਨੂੰ ਅਤਿਵਾਦ ਦੇ ਦੌਰ ’ਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਿਸਾਨ ਆਗੂ ਇਕਬਾਲ ਸਿੰਘ ਮੰਡੌਲੀ ਸਮੇਤ ਕਈ ਹੋਰਾਂ ਨੇ ਸ੍ਰੀ ਭੰਗੂ ਨੂੰ ਟਿਕਟ ਦੇਣ ਦਾ ਸਵਾਗਤ ਕੀਤਾ ਹੈ।