ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 2 ਮਾਰਚ
ਕ੍ਰਾਂਤੀਕਾਰੀ ਸ਼ੇਰ ਜੰਗ ਦੇ ਜੀਵਨ ਬਾਰੇ ਖੋਜ ਭਰਪੂਰ ਪੁਸਤਕ ‘ਕ੍ਰਾਂਤੀਕਾਰੀ ਸ਼ੇਰ ਜੰਗ, ਸ਼ੇਰਾਂ ਵਰਗਾ ਸ਼ੇਰ’ ਬਹੁਤ ਹੀ ਸਾਦੇ ਸਮਾਗਮ ਦੌਰਾਨ ਲੋਕ ਅਰਪਨ ਕੀਤੀ ਗਈ। ਇਹ ਪੁਸਤਕ, ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਲਿਖਣ ਵਾਲੇ ਇਤਿਹਾਸਕਾਰ ਰਾਕੇਸ਼ ਕੁਮਾਰ ਦੁਆਰਾ ਲਿਖੀ ਗਈ ਹੈ। ਪੁਸਤਕ ਸਬੰਧੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ੇਰ ਜੰਗ 22 ਸਾਲ ਦੀ ਉਮਰ ਵਿੱਚ ਆਜ਼ਾਦੀ ਦੀ ਲਹਿਰ ਵਿਚ ਕੁੱਦ ਪਏ ਸਨ। ਇਹ ਭਗਤ ਸਿੰਘ , ਭਗਵਤੀ ਚਰਨ ਵੋਹਰਾ ਤੇ ਊਧਮ ਸਿੰਘ ਦੇ ਸਾਥੀ ਰਹੇ। ਇਹ ਨੌਜਵਾਨ ਭਾਰਤ ਸਭਾ, ਜੈਤੋ ਮੋਰਚੇ, ਪਰਜਾ ਮੰਡਲ, ਬੱਬਰ ਅਕਾਲੀ ਲਹਿਰ ਵਿਚ ਸਰਗਰਮ ਰਿਹਾ। ਇਤਿਹਾਸਕਾਰ ਰਾਕੇਸ਼ ਕੁਮਾਰ ਅਨੁਸਾਰ ਇਸ ਪੁਸਤਕ ਵਿਚ ਸ਼ੇਰ ਜੰਗ ਦੁਆਰਾ ਕੱਟੀ ਗਈ ਕੈਦ ਦੇ ਦਿਨਾਂ ਦੀਆਂ ਯਾਦਾਂ ਦਰਜ ਹਨ। ਦੱਸਣਯੋਗ ਹੈ ਕਿ ਰਾਕੇਸ਼ ਕੁਮਾਰ ਨੇ ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਤੋਂ ਇਲਾਵਾ ਰੇਲਵੇ ਦੇ ਭੂਮੀ ਪ੍ਰਬੰਧਨ ਬਾਰੇ ਵੀ ਤਿੰਨ ਕਿਤਾਬਾਂ ਲਿਖੀਆਂ ਹਨ। ਇਸ ਮੌਕੇ ਰਾਜਿੰਦਰ ਗੋਇਲ, ਹਰਮੇਸ਼ ਕੁਮਾਰ, ਰਾਕੇਸ਼ ਕੁਮਾਰ, ਜਸਵੀਰ ਕੌਰ ਅਤੇ ਪਲਕ ਅਗਰਵਾਲ ਮੌਜੂਦ ਸਨ।