ਰਵੇਲ ਸਿੰਘ ਭਿੰਡਰ
ਪਟਿਆਲਾ 5 ਫਰਵਰੀ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਪਾਠ ਬੋਧ ਸਮਾਗਮ ਦੇ ਪੰਜਵੇਂ ਦਿਨ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ।
ਪਾਠ ਬੋਧ ਸਮਾਗਮ ਦੌਰਾਨ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਰਹੀ ਸੰਗਤ ਨੂੰ ਸਿੱਖਿਅਤ ਅਤੇ ਪ੍ਰੇਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਨੂੰ ਸ਼ੁੱਧ ਰੂਪ ’ਚ ਪੜ੍ਹਨਾ, ਸੁਣਨਾ ਅਤੇ ਉਚਾਰਨ ਕਰਕੇ ਗੁਰਬਾਣੀ ਨੂੰ ਅਮਲੀ ਜੀਵਨ ਦਾ ਹਿੱਸਾ ਬਣਾਉਣਾ ਇਸ ਕਰਕੇ ਅਹਿਮ ਹੈ ਕਿਉਂਕਿ ਗੁਰਬਾਣੀ ਦਾ ਫਲਸਫਾ ਮਨੁੱਖ ਦੇ ਜੀਵਨ-ਜਿਉਣ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲਣ ’ਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਬਬਿੇਕ ਨਾਲ ਜੀਵਨ ਜਿਉਂਕੇ ਨਿਰੰਕਾਰ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਗੁਰਬਾਣੀ ਸਾਰਿਆਂ ਨੂੰ ਕਰਤਾਰ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਸ਼ਬਦ ਰੂਪ ’ਚ ਇਕਮਿਕ ਹੋ ਕੇ ਮਨੁੱਖ ਨੂੰ ਬਬਿੇਕੀ ਬਣਨ ਦੀ ਲੋੜ ਹੈ ਇਸ ਕਰਕੇ ਬਬਿੇਕੀ ਨਾਲ ਖਾਣਾ, ਸੋਚਣਾ ਸਮਝਣਾ, ਬੋਲਣਾ, ਚੱਲਣਾ ਅਤੇ ਫ਼ੈਸਲਾ ਕਰਨ ਦੇ ਸਮਰਥ ਹੋ ਕੇ ਨਿਰੰਕਾਰ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਪਾਠ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਗਿਆਨੀ ਪ੍ਰਿਤਪਾਲ ਸਿੰਘ, ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਕਰਮਚਾਰੀ ਆਦਿ ਸ਼ਾਮਲ ਸਨ।