ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਦਸੰਬਰ
“ਕਿਸਾਨੀ ਸੰਘਰਸ਼ ਦੀਆਂ ਪ੍ਰਾਪਤੀਆਂ ਨੇ ਜਿੱਥੇ ਹੋਰ ਬਹੁਤ ਸਾਰੇ ਵਰਤਾਰਿਆਂ ਨੂੰ ਤਬਦੀਲ ਕੀਤਾ ਹੈ, ਉੱਥੇ ਹੀ ਪੱਤਰਕਾਰੀ ਦੇ ਮਿਆਰ ਵਿੱਚ ਵੀ ਸਾਕਾਰਾਤਮਕ ਵਾਧਾ ਕੀਤਾ ਹੈ। ਇੱਕ ਸਮਾਂ ਸੀ ਕਿ ਕਿਸਾਨਾਂ ਜਾਂ ਮਜ਼ਦੂਰਾਂ ਬਾਰੇ ਖ਼ਬਰਾਂ ਕਰਨ ’ਤੇ ਮਖੌਲ ਉਡਾਇਆ ਜਾਂਦਾ ਸੀ, ਪਰ ਕਿਸਾਨੀ ਸੰਘਰਸ਼ ਦੇ ਅਸਰ ਨਾਲ ਸਮੁੱਚੀ ਫਿਜ਼ਾ ਵਿੱਚ ਅਜਿਹੀਆਂ ਤਬਦੀਲੀਆਂ ਆਈਆਂ ਕਿ ਹੁਣ ਬਹੁਤੇ ਪੱਤਰਕਾਰ ਕਿਸਾਨ ਅਤੇ ਮਜ਼ਦੂਰਾਂ ਬਾਰੇ ਖ਼ਬਰ ਪੇਸ਼ ਕਰਨ ਨੂੰ ਮਾਣ ਸਮਝਦੇ ਹਨ।” ਇਹ ਵਿਚਾਰ ਪੰਜਾਬੀ ਯੂਵਰਸਿਟੀ ਦੇ ਈਐੱਮਆਰਸੀ ਵਿੱਚ ਰੱਖੇ ਗਏ ਇੱਕ ਸੰਖੇਪ ਪ੍ਰੋਗਰਾਮ ਵਿੱਚ ਬਰਨਾਲਾ ਤੋਂ ਪਹੁੰਚੇ ਬੀਬੀਸੀ ਦੇ ਪੱਤਰਕਾਰ ਸੁਖਚਰਨਪ੍ਰੀਤ ਨੇ ਪੇਸ਼ ਕੀਤੇ। ਰੋਹਤਕ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬੀਬੀਸੀ ਦੇ ਪੱਤਰਕਾਰ ਸਤ ਸਿੰਘ ਵੱਲੋਂ ਵੀ ਫ਼ੈਕਲਟੀ ਤੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਗਿਆ।
ਇਨ੍ਹਾਂ ਦੋਹਾਂ ਪੱਤਰਕਾਰਾਂ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਜ਼ਮੀਨੀ ਪੱਧਰ ’ਤੇ ਵਿਚਰਦਿਆਂ ਕਈ ਅਹਿਮ ਖ਼ਬਰਾਂ ਸਾਹਮਣੇ ਲਿਆਂਦੀਆਂ ਗਈਆਂ। ਇਸ ਦੌਰਾਨ ਡਾਇਰੈਕਟਰ (ਈਐੱਮਆਰਸੀ) ਦਲਜੀਤ ਅਮੀ ਵੱਲੋਂ ਸੂਤਰਧਾਰ ਦੀ ਭੂਮਿਕਾ ਅਦਾ ਕੀਤੀ ਗਈ। ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚੋਂ ਜ਼ਮੀਨੀ ਪੱਧਰ ’ਤੇ ਲੱਭੀਆਂ ਅਜਿਹੀਆਂ ਖ਼ਬਰਾਂ ਦੇ ਨਿਰਮਾਣ ਸਮੇਂ ਵੀ ਸੂਤਰਧਾਰ ਵਜੋਂ ਇਕ ਮੋਹਰੀ ਭੂਮਿਕਾ ਅਦਾ ਕੀਤੀ ਹੈ। ਸਤ ਸਿੰਘ ਨੇ ਦੱਸਿਆ ਕਿ ਕਿਵੇਂ ਹਰਿਆਣਾ ਦੇ ਲੋਕਾਂ ਵੱਲੋਂ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਪੰਜਾਬ ਤੋਂ ਪਹੁੰਚੇ ਸੰਘਰਸ਼ੀ ਯੋਧਿਆਂ ਦੀ ਹਰ ਸੰਭਵ ਮਦਦ ਕੀਤੀ। ਔਰਤਾਂ ਤੇ ਬੱਚਿਆਂ ਲਈ ਸਥਾਨਕ ਲੋਕਾਂ ਵੱਲੋਂ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇਸ ਸਮੁੱਚੀ ਚਰਚਾ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਸੰਘਰਸ਼ ਸਿਰਫ਼ ਤਿੰਨ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਪੱਖੋਂ ਹੀ ਇਤਿਹਾਸਕ ਨਹੀਂ ਸੀ, ਸਗੋਂ ਇਸ ਨੇ ਆਪਸੀ ਭਾਈਚਾਰਕ ਸਾਂਝ ਤੇ ਇਕਜੁੱਟਤਾ ਦੀਆਂ ਨਵੀਆਂ ਪਿਰਤਾਂ ਵੀ ਪਾਈਆਂ ਹਨ। ਦਿੱਲੀ ਤੋਂ ਵਾਪਸ ਪਰਤੇ ਵੱਖ-ਵੱਖ ਵਰਗਾਂ, ਜਾਤਾਂ ਤੇ ਜਮਾਤਾਂ ਨਾਲ ਸਬੰਧਤ ਆਪਣੇ ਲੋਕ ਮਨਾਂ ਅੰਦਰ ਭਾਈਚਾਰਕ ਸਾਂਝ ਅਤੇ ਇੱਕਜੁੱਟਤਾ ਦਾ ਸੁਨੇਹਾ ਲੈ ਕੇ ਆਏ ਹਨ।