ਰਵੇਲ ਸਿੰਘ ਭਿੰਡਰ
ਪਟਿਆਲਾ, 29 ਜਨਵਰੀ
ਪੰਜਾਬੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦਾ ਰੋਸ ਧਰਨਾ ਅੱਜ 131ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿਚ ਯੂਨੀਵਰਸਿਟੀ ਦੇ ਅਧਿਆਪਕ, ਮੁਲਾਜ਼ਮ ਤੇ ਪੈਨਸ਼ਨਰ ਸ਼ਿਰਕਤ ਕਰ ਰਹੇ ਹਨ।
ਇਹ ਧਰਨਾ ਤਨਖਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਯੂਨੀਵਰਸਿਟੀ ਲਈ ਵਿੱਤੀ ਗਰਾਂਟ, ਯੂਨੀਵਰਸਿਟੀ ਦੀ ਖ਼ੁਦਮੁਖਤਿਆਰੀ ਆਦਿ ਮੰਗਾਂ ਤੇ ਮਸਲਿਆਂ ਲਈ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਪ੍ਰੰਤੂ ਯੂਨੀਵਰਸਿਟੀ ਤੋਂ ਇਲਾਵਾ ਸਰਕਾਰੀ ਧਿਰ ਵੀ ਅਜਿਹੇ ਰੋਸ ਪ੍ਰੋਗਰਾਮ ਨੂੰ ਅਸਲੋਂ ਅਣਡਿੱਠ ਕਰ ਰਹੀ ਹੈ। ਅਜਿਹੇ ਵਿਵਹਾਰ ’ਤੇ ਐਕਸ਼ਨ ਕਮੇਟੀ ਵਿੱਚ ਆਏ ਦਿਨ ਰੋਸ ਦੀ ਲਹਿਰ ਵਧ ਰਹੀ ਹੈ।
ਧਰਨਾਕਾਰੀਆਂ ਨੇ ਆਖਿਆ ਕਿ ਹੋਰ ਮੰਗਾਂ ਤੇ ਮਸਲੇ ਤਾਂ ਦੂਰ ਦੀ ਗੱਲ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲਣੋਂ ਵੀ ਬੰਦ ਹੋ ਗਈ ਹੈ। ਮੁਲਾਜ਼ਮ ਤੇ ਪੈਨਸ਼ਨਰ ਵਰਗ ਹੁਣ ਮਾਨਸਿਕ ਪੀੜਾ ਦੇ ਨਾਲ-ਨਾਲ ਵਿੱਤੀ ਮੁਸ਼ਕਿਲਾਂ ’ਚ ਵੀ ਘਿਰਨ ਲੱਗਿਆ ਹੈ। ਐਤਕੀਂ ਇਸ ਮਹੀਨੇ ਦੇ 29 ਦਿਨ ਬੀਤਣ ਦੇ ਬਾਵਜੂਦ ਕਿਸੇ ਵੀ ਕਰਮਚਾਰੀ ਨੂੰ ਤਨਖਾਹ ਜਾਂ ਪੈਨਸ਼ਨ ਨਸੀਬ ਨਹੀਂ ਹੋਈ ਹੈ ਅਤੇ ਪੰਜਾਬੀ ਯੂਨੀਵਰਸਿਟੀ ਦੀ ਕਾਰਜਕਾਰੀ ਵਾਈਸ ਚਾਂਸਲਰ ਅਤੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਯਤਨ ਨਹੀਂ ਕੀਤਾ ਜਾ ਰਿਹਾ।
ਇਸੇ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਵਲੋਂ ਪਿਛਲੀ ਦਿਨੀ ਯੂਨੀਵਰਸਿਟੀ ਦੇ ਤਿੰਨ ਕਰਮਚਾਰੀਆਂ ਨੂੰ ਕੱਢਣ ਉਪਰੰਤ ਹੁਣ ਤੱਕ ਬਹਾਲ ਨਾ ਕੀਤੇ ਜਾਣ ਦੀ ਨਿਖੇਧੀ ਵੀ ਕੀਤੀ ਗਈ। ਧਰਨੇ ਵਿੱਚ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ, ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ, ਜੁਆਇੰਟ ਸਕੱਤਰ ਡਾ. ਬਲਰਾਜ ਸਿੰਘ ਬਰਾੜ, ਕਾਰਜਕਾਰਨੀ ਮੈਂਬਰ, ਡਾ. ਖੁਸ਼ਦੀਪ ਗੋਇਲ ਅਤੇ ਡਾ. ਰਜਿੰਦਰ ਸਿੰਘ, ਸੁਖਜਿੰਦਰ ਬੁੱਟਰ, ਡਾ. ਮੋਹਨ ਤਿਆਗੀ, ਚਰਨਜੀਤ ਨੌਹਰਾ ਤੋਂ ਇਲਾਵਾ ਹੋਰ ਅਧਿਆਪਕ ਤੇ ਕਰਮਚਾਰੀ ਵੀ ਸ਼ਾਮਲ ਹੋਏ। ਜੁਆਇੰਟ ਐਕਸ਼ਨ ਕਮੇਟੀ ਨੇ ਯੂਨੀਵਰਸਿਟੀ ਦੀਆਂ ਸਾਰੀਆਂ ਹੀ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਯੂਨੀਵਰਸਿਟੀ ਲਈ ਵਿੱਤੀ ਗਰਾਂਟ, ਤਨਖਾਹ, ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਅਤੇ ਯੂਨੀਵਰਸਿਟੀ ਖੁਦਮੁਖਤਿਆਰੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ।