ਖੇਤਰੀ ਪ੍ਰਤੀਨਿਧ
ਪਟਿਆਲਾ, 22 ਸਤੰਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਮਸ਼ੀਨਰੀ ਦੀ ਕਿਸਾਨਾਂ ਦੀ ਜ਼ਰੂਰਤ ਪੂਰੀ ਕਰਨ ਲਈ ‘ਆਈ ਖੇਤ’ ਐਪ ਜਾਰੀ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਐਪ ਪਲੇਅ ਸਟੋਰ ’ਤੇ ‘ਆਈ ਖੇਤ’ ਦੇ ਨਾਮ ’ਤੇ ਜਾਰੀ ਕੀਤੀ ਗਈ ਹੈ। ਇਹ ਐਪ ਲਾਂਚ ਕਰਨ ਦਾ ਮਕਸਦ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨ ਉਪਲਬਧ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ ਪਲਾੳ, ਪੈਡੀ ਸਟਰਾਅ ਚੌਪਰ ਸ਼ਰੈਡਰ, ਬੇਲਰ ਅਤੇ ਰੇਕਰ ਜਿਹੀਆਂ ਨਵੀਂ ਤਕਨੀਕੀ ਮਸ਼ੀਨਾਂ ਦੀ ਖ਼ਰੀਦ ਨਹੀਂ ਕਰ ਸਕਦੇ, ਉਹ ਇਸ ਐਪ ਦੀ ਮਦਦ ਨਾਲ ਆਪਣੇ ਨਜ਼ਦੀਕ ਪੈਂਦੇ ਨਿੱਜੀ ਕਿਸਾਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਕੋਲ ਕਿਹੜੀ ਮਸ਼ੀਨਰੀ ਉਪਲਬਧ ਹੈ ਬਾਰੇ ਪਤਾ ਕਰ ਸਕਦੇ ਹਨ ਅਤੇ ਇਨ੍ਹਾਂ ਮਸ਼ੀਨਾਂ ਨੂੰ ਕਿਰਾਏ ’ਤੇ ਲੈਣ ਲਈ ਸਬੰਧਤ ਕੰਪਨੀਆਂ ਜਾਂ ਲੋਕਾਂ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇ ਕੋਈ ਕਿਸਾਨ ਆਪਣੀ ਮਸ਼ੀਨਰਾਂ ਕਿਰਾਏ ’ਤੇ ਦੇਣਾ ਚਾਹੁੰਦਾ ਹੈ ਤਾਂ ਉਹ ਐਪ ’ਤੇ ਰਜਿਸਟਰਡ ਕਰ ਕੇ ਅਜਿਹਾ ਕਰ ਸਕਦਾ ਹੈ। ਇਸ ਤਰ੍ਹਾਂ ਕਿਸਾਨ ਆਪਣੀ ਆਮਦਨ ਹੋਰ ਵਧਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵੱਲੋਂ ਜਾਰੀ ਇਸ ਐਪ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਇਸਦਾ ਲਾਹਾ ਲੈ ਕੇ ਪੰਜਾਬ ਦੀ ਕਿਸਾਨੀ ਨੂੰ ਨਵੀਂਆਂ ਬੁਲੰਦੀਆਂ ’ਤੇ ਲਿਜਾ ਸਕਦੇ ਹਨ। ਇਸ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਮਿਲੇਗਾ।
ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਕਲੱਸਟਰ ਹੈਡ ਅਤੇ ਨੋਡਲ ਅਫ਼ਸਰ ਤਾਇਨਾਤ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਭ ਤੋਂ ਵੱਧ ਪਰਾਲੀ ਦੀ ਨਾੜ/ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਵਾਲੇ ਪਿੰਡਾਂ ਦੀ ਸਨਾਖ਼ਤ ਕੀਤੀ ਗਈ ਹੈ। ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 24 ਕਲੱਸਟਰ ਹੈੱਡ ਅਤੇ 179 ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨੋਡਲ ਅਫ਼ਸਰਾਂ ਨੂੰ ਹਰੇਕ ਪ੍ਰਭਾਵਿਤ ਪਿੰਡ ਵਿਚ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਡਲ ਅਫ਼ਸਰਾਂ ਨੂੰ ਸਬ ਡਿਵੀਜ਼ਨ ਪੱਧਰ ‘ਤੇ ਆਨ ਲਾਈਨ ਟਰੇਨਿੰਗ ਦਿੱਤੀ ਜਾ ਰਹੀ ਹੈ।