ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਗਸਤ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ 13 ਤੋਂ 15 ਅਗਸਤ ਤੱਕ ਹਰ ਸਰਕਾਰੀ ਦਫ਼ਤਰ ’ਚ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ ਵਿੱਚ ਚੌਕਾਂ ਨੂੰ ਤਿਰੰਗੇ ਝੰਡੇ ਨਾਲ ਸਜਾਇਆ ਗਿਆ ਹੈ ਅਤੇ ਨਗਰ ਨਿਗਮ ਨੇ ਪਟਿਆਲਾ ਦੇ ਫੁਆਰਾ ਚੌਕ ਸਮੇਤ ਹੋਰ ਚੌਕਾਂ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਹੈ।
ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ ਦੱਸਿਆ ਕਿ ਲੋਕਾਂ ਤੱਕ ਰਾਸ਼ਟਰੀ ਝੰਡਾ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1.30 ਲੱਖ ਤਿਰੰਗੇ ਝੰਡਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਿੱਚ ਇੱਕ ਲੱਖ ਤਿਰੰਗੇ ਕੇਂਦਰ ਸਰਕਾਰ ਤੋਂ ਪ੍ਰਾਪਤ ਹੋਏ ਹਨ ਜਦਕਿ 30 ਹਜ਼ਾਰ ਝੰਡੇ ਸਵੈ-ਸਹਾਇਤਾ ਗਰੁੱਪਾਂ ਰਾਹੀਂ ਤਿਆਰ ਕਰਵਾਏ ਗਏ ਹਨ। ਡੀਸੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਾਸ਼ਟਰੀ ਝੰਡਾ ਲਗਾਉਂਦੇ ਸਮੇਂ ਉਸ ਦਾ ਪੂਰਾ ਸਨਮਾਨ ਬਰਕਰਾਰ ਰੱਖਣ। ਸਰਕਾਰੀ ਦਫ਼ਤਰਾਂ ਵਿੱਚ ਲਾਏ ਜਾਣ ਵਾਲੇ ਰਾਸ਼ਟਰੀ ਝੰਡੇ ਦੇ ਸਨਮਾਨ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੇ ਅਧਿਕਾਰੀ ਦੀ ਹੋਵੇਗੀ। ਉਨ੍ਹਾਂ ਕਿਹਾ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਪੂਰੇ ਦੇਸ਼ ਵਿਚ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਲੈ ਕੇ ਪ੍ਰੋਗਰਾਮ ਹੋ ਰਹੇ ਹਨ। ਇਸ ਲਈ ਜ਼ਿਲ੍ਹਾ ਵਾਸੀ ਆਪਣੇ ਰਾਸ਼ਟਰੀ ਝੰਡੇ ਦਾ ਸਨਮਾਨ ਕਰਦੇ ਹੋਏ ਆਪਣੇ ਘਰਾਂ ਵਿੱਚ ਝੰਡਾ ਲਹਿਰਾ ਕੇ ਜਾਗਰੂਕ ਨਾਗਰਿਕ ਹੋਣ ਦਾ ਸਬੂਤ ਦੇਣ। ਆਮ ਲੋਕ ਘਰਾਂ ’ਤੇ ਦਿਨ ਰਾਤ ਤਿਰੰਗਾ ਲਹਿਰਾ ਸਕਦੇ ਹਨ, ਪਰ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਨਾ ਕੀਤੀ ਜਾਵੇ, ਜਿਸ ਨਾਲ ਰਾਸ਼ਟਰੀ ਝੰਡੇ ਦਾ ਅਪਮਾਨ ਹੋਵੇ।
‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ ਵਾਸੀਆਂ ਨੂੰ ਤਿਰੰਗੇ ਝੰਡੇ ਦੀ ਇਸ ਭਾਵਨਾ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ 13 ਤੋਂ 15 ਅਗਸਤ ਤੱਕ ਸਾਰੇ ਦੇਸ਼ ਵਾਸੀ ਖੁਦ ਤਿਰੰਗਾ ਲਹਿਰਾ ਸਕਦੇ ਹਨ। ਇਸ ਲਈ ਬਕਾਇਦਾ ਪੋਰਟਲ ਹਰ ਘਰ ਤਿਰੰਗਾ ਡਾਟ ਕਾਮ https://harghartiranga.com/ ਬਣਾਇਆ ਗਿਆ ਹੈ, ਜਿੱਥੇ ਤਿਰੰਗੇ ਨਾਲ ਆਪਣੀ ਸੈਲਫੀ/ਫੋਟੋ ਅਪਲੋਡ ਕੀਤੀ ਜਾ ਸਕਦੀ ਹੈ।