ਗੁਰਪ੍ਰੀਤ ਸਿੰਘ
ਘਨੌਰ, 12 ਨਵੰਬਰ
ਸਰਕਾਰ ਵੱਲੋਂ ਲੋੜਵੰਦ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਪ੍ਰਤੀ ਨਾਂਹਪੱਖੀ ਰਵੱਈਆ ਅਖ਼ਤਿਆਰ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਅਪੰਗ ਸੁਅੰਗ ਲੋਕਮੰਚ (ਅਸੁਲ) ਪੰਜਾਬ ਦੀ ਘਨੌਰ ਇਕਾਈ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਇਹ ਐਲਾਨ ਅੱਜ ‘ਅਪੰਗ ਸੁਅੰਗ ਲੋਕਮੰਚ’ ਦੀ ਘਨੌਰ ਇਕਾਈ ਦੀ ਮੀਟਿੰਗ ਵਿੱਚ ਓਮਕਾਰ ਸ਼ਰਮਾ ਸੋਗਲਪੁਰ, ਹੰਸਰਾਜ ਸਰਾਲਾ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੀਲ ਦੀ ਸਾਂਝੀ ਅਗਵਾਈ ਹੇਠ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੈਨਸ਼ਨ ਵਿੱਚ ਵਾਧਾ ਕਰਨ ਅਤੇ ਹੋਰ ਬੁਨਿਆਦੀ ਸਹੂਲਤਾਂ ਸਬੰਧੀ ਵਾਰ-ਵਾਰ ਪੱਤਰ ਭੇਜੇ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਅੰਗਹੀਣਾਂ, ਬਜ਼ੁਰਗਾਂ, ਵਿਧਵਾਵਾਂ ਅਤੇ ਆਸ਼ਰਿਤਾਂ ਦੀ ਪੈਨਸ਼ਨ ਵਿੱਚ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਵਾਧਾ ਨਹੀਂ ਕੀਤਾ ਗਿਆ ਹੈ। ਇਸ ਵਾਅਦਾਖ਼ਿਲਾਫ਼ੀ ਦੇ ਰੋਸ ਵਜੋਂ ਉਹ ਸਾਰੇ 14 ਨਵੰਬਰ ਨੂੰ ਘਨੌਰ ਵਿੱਚ ਕਾਲੀ ਦੀਵਾਲੀ ਮਨਾਉਣਗੇ।