ਖੇਤਰੀ ਪ੍ਰਤੀਨਿਧ
ਪਟਿਆਲਾ, 28 ਅਗਸਤ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਸੂਰਾਂ ਦੀ ਬਿਮਾਰੀ ਅਫਰੀਕਨ ਸਵਾਈਨ ਫੀਵਰ ਦਾ ਸਵਾਈਨ ਫਲੂ ਬਿਮਾਰੀ ਨਾਲ ਕੋਈ ਸਬੰਧ ਨਹੀ। ਇਸ ਲਈ ਲੋਕਾਂ ਨੂੰ ਸਲਾਹ ਹੈ ਕਿ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚਣ, ਜਿਸ ’ਚ ਅਫ਼ਰੀਕਨ ਸਵਾਈਨ ਫੀਵਰ ਅਤੇ ਸਵਾਈਨ ਫਲੂ ਨੂੰ ਜੋੜਕੇ ਮਨੁੱਖਾਂ ਲਈ ਖ਼ਤਰਾ ਦੱਸਿਆ ਗਿਆ ਹੋਵੇ। ਪਸ਼ੂ ਪਾਲਣ ਵਿਭਾਗ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਸੂਰਾਂ ਵਿੱਚ ਪਾਈ ਜਾਂਦੀ ਅਫ਼ਰੀਕਨ ਸਵਾਈਨ ਫੀਵਰ ਦੀ ਬਿਮਾਰੀ ਇੱਕ ਛੂਤ ਦੀ ਬਿਮਾਰੀ ਹੈ, ਜੋ ਕਿ ਸੂਰਾਂ ਤੋਂ ਸੂਰਾਂ ਨੂੰ ਪ੍ਰਭਾਵਿਤ ਕਰਦੀ ਹੈ, ਪ੍ਰੰਤੂ ਇਹ ਬਿਮਾਰੀ ਸੂਰਾਂ ਤੋਂ ਮਨੁੱਖਾਂ ਨੂੰ ਨਹੀਂ ਲਗਦੀ। ਇਸ ਕਾਰਨ ਮਨੁੱਖਾਂ ਨੂੰ ਇਸ ਬਿਮਾਰੀ ਤੋਂ ਡਰਨ ਦੀ ਕੋਈ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਸੂਰਾਂ ਵਿੱਚ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵਲੋਂ ਪਸ਼ੂ ਪਾਲਣ ਵਿਭਾਗ ਤੇ ਹੋਰ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਹਰ ਕਿਸਮ ਦੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਸੂਰਾਂ ਨੂੰ ਵਾੜਿਆਂ ਵਿੱਚ ਹੀ ਰੱਖਿਆ ਜਾਵੇ ਅਤੇ ਸੂਰਾਂ ਦੀ ਆਵਾਜਾਈ ਅਤੇ ਖਰੀਦ-ਫਰੋਖ਼ਤ ਮੁਕੰਮਲ ਬੰਦ ਰੱਖਣ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਵਲੋਂ ਜਾਰੀ ਸਾਵਧਾਨੀਆਂ ਨੂੰ ਅਪਨਾਉਣ। ਸੂਰਾਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦਾ ਸਵਾਈਨ ਫਲੂ ਬਿਮਾਰੀ ਨਾਲ ਸਬੰਧ ਨਹੀ ਹੈ ਕਿਉਂਕਿ ਸਵਾਈਨ ਫਲੂ ਬਿਮਾਰੀ ਇੱਕ ਵੱਖਰੀ ਬਿਮਾਰੀ ਹੈ, ਜਿਸ ਦੇ ਬਾਰੇ ਸਿਹਤ ਵਿਭਾਗ ਵਲੋਂ ਦਿੱਤੀ ਜਾਂਦੀ ਸਲਾਹ ਹੀ ਯੋਗ ਸਲਾਹ ਹੈ।