ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਨਵੰਬਰ
ਥਾਣਾ ਅਨਾਜ ਮੰਡੀ ਪਟਿਆਲਾ ਦੇ ਐੱਸ.ਐਚ.ਓ਼ ਗੁਰਨਾਮ ਸਿੰਘ ਘੁੰਮਣ ਦੀ ਅਗਵਾਈ ਹੇਠਲੀ ਪੁਲੀਸ ਟੀਮ ਵੱਲੋਂ ਜੀਰੀ ਦੇ 27 ਥੈਲੇ ਚੋਰੀ ਕਰਨ ਦੇ ਮਾਮਲੇ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਾਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ-2 ਸੌਰਵ ਜਿੰਦਲ ਨੇ ਦੱਸਿਆ ਕਿ ਫੜੇ ਗਏ ਇਨ੍ਹਾਂ ਮੁਲਜ਼ਮਾ ਵਿੱਚ ਸੋਨੂੰ ਲੱਲਾ ਵਾਸੀ ਸੁਖਰਾਮ ਕਲੋਨੀ ਅਤੇ ਰਣਜੀਤ ਕੁਮਾਰ ਬੋਨਾ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਅਤੇ ਮਹਿੰਦਰ ਸਿੰਘ ਬੱਗੀ ਵਾਸੀ ਭਾਰਤ ਨਗਰ ਪਟਿਆਲਾ ਦੇ ਨਾਲ਼ ਸਮਾਲ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਕੋਲ਼ ਸ਼ਿਕਾਇਤ ਦੀਪਾਸ਼ੂ ਗੋਇਲ ਨੇ ਦਰਜ ਕਰਵਾਈ ਸੀ। ਜਿਸ ਦਾ ਕਹਿਣਾ ਸੀ ਕਿ ਨੈਸ਼ਨਲ ਰਾਈਸ ਟਰੇਡਰਜ਼ ਦੇ ਸ਼ੈਲਰ ਵਿੱਚੋਂ ਕਿਸੇ 25/30 ਜੂਟ ਦੇ ਜੀਰੀ ਦੇ ਥੈਲੇ ਚੋਰੀ ਕਰ ਲਏ ਹਨ। ਜਿਸ ਤਹਿਤ ਪੁਲੀਸ ਨੇ ਥਾਣਾ ਅਨਾਜ ਮੰਡੀ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 380, 457 ਅਤੇ 411 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ ਗਈ। ਇਸ ਦੌਰਾਨ ਹੀ ਸਹਾਇਕ ਥਾਣੇਦਾਰ ਰਾਜਿੰਦਰ ਕੁਮਾਰ ਨੇ ਮਾਮਲੇ ਦੀ ਡੂੰਘਾਈ ਨਾਲ਼ ਤਫ਼ਤੀਸ਼ ਕਰਦਿਆਂ, ਮੁਖ਼ਬਰੀ ਦੇ ਆਧਾਰ ’ਤੇ ਤਿੰਨ ਜਣਿਆ ਨੂੰ ਗ੍ਰਿਫ਼ਤਾਰ ਕੀਤਾ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਸ਼ੈਲਰ ਵਿਚੋਂ ਜੀਰੀ ਦੇ 27 ਥੈਲੇ ਉਨ੍ਹਾਂ ਨੇ ਹੀ ਚੋਰੀ ਕੀਤੇ ਸਨ, ਜੋ ਬਾਅਦ ਵਿੱਚ ਉਨ੍ਹਾਂ ਨੇ 9-9 ਕਰਕੇ ਵੰਡ ਲਏ ਸਨ।
ਡੀਐੱਸਪੀ ਦਾ ਕਹਿਣਾ ਸੀ ਕਿ ਇਸ ਤਰਾਂ ਪੁਲੀਸ ਪਾਰਟੀ ਨੇ ਇਹ ਸਾਰੇ 27 ਥੈਲੇ ਜੀਰੀ ਪੁਲੀਸ ਨੇ ਮੁਲਜ਼ਮਾ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੀ। ਜਿਸ ਦੌਰਾਨ ਇਨ੍ਹਾਂ ਥੈਲਿਆਂ ’ਤੇ ਪੰਜਾਬ ਸਰਕਾਰ ਫਸਲੀ ਸਾਲ 2020-21 ਅੰਕਿਤ ਸੀ। ਇਸ ਤਰ੍ਹਾਂ ਬਰਾਮਦ ਕੀਤੀ ਜੀਰੀ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮਾਂ ਦਾ ਰਿਮਾਂਡ ਖਤਮ ਹੋਣ ’ਤੇ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ। ਜਿਸ ਦੌਰਾਨ ਅਦਾਲਤ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ।
ਤਿੰਨ ਖ਼ਿਲਾਫ਼ ਕੇਸ ਦਰਜ
ਰਾਜਪੁਰਾ (ਪੱਤਰ ਪ੍ਰੇਰਕ) ਥਾਣਾ ਸਦਰ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੇ ਜਾਅਲੀ ਵੀਜੇ ਲਗਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਤਵੰਤ ਕੌਰ ਵਾਸੀ ਪਿੰਡ ਗੱਦੋਮਾਜਰਾ ਥਾਣਾ ਸਦਰ ਨੇ ਪੁਲੀਸ ਕੋਲ ਸ਼ਕਾਇਤ ਦਰਜ ਕਰਵਾਈ ਹੈ ਕਿ ਮੰਗਲ ਸਿੰਘ, ਡੀਸੀ ਪੁੱਤਰ ਮੰਗਲ ਸਿੰਘ ਅੇ ਰਾਜਵੀਰ ਸਿੰਘ ਵਾਸੀਆਨ ਪਿੰਡ ਬੱਲੋ ਚੱਕ ਕਪੂਰਥਲਾ ਨੇ ਉਸਦੇ ਲੜਕੇ ਤੇ ਉਸ ਦੇ ਰਿਸ਼ਤੇਦਾਰਾਂ ਸੁਰਜੀਤ ਸਿੰਘ ਵਾਸੀ ਪਿੰਡ ਪ੍ਰੇਮਪੁਰਾ (ਦੇਵੀਗੜ੍ਹ) ਅਤੇ ਤਰਨ ਸਿੰਘ ਵਾਸੀ ਕੁਰੂਕਸ਼ੇਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 19 ਲੱਖ 5 ਹਜ਼ਾਰ ਰੁਪਏ ਲੈ ਲਏ ਪਰ ਮੁਲਜ਼ਮਾਂ ਮੰਗਲ ਸਿੰਘ, ਡੀ.ਸੀ ਅਤੇ ਰਾਜਵੀਰ ਸਿੰਘ ਨੇ ਜੋ ਵਿਜੇ ਦੀਆਂ ਫੋੋਟੋਆਂ ਸ਼ਿਕਾਇਤ ਕਰਤਾ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਭੇਜੀਆਂ। ਉਹ ਜਾਂਚ ਕਰਨ ’ਤੇ ਜਾਅਲੀ ਪਾਈਆਂ ਗਈਆਂ। ਅਜਿਹਾ ਕਰਕੇ ਇਨ੍ਹਾਂ ਤਿੰਨ ਵਿਅਕਤੀਆਂ ਨੇ ਉਸ ਤੇ ਉਸ ਦੇ ਰਿਸ਼ਤੇਦਾਰਾਂ ਨਾਲ 19 ਲੱਖ 5 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ।