ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੂਨ
ਬੁੱਧਵਾਰ ਨੂੰ ਆਜ਼ਾਦ ਨਗਰ ਸਥਿਤ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਪ੍ਰਾਪਰਟੀ ਟੈਕਸ ਕੈਂਪ ਲਗਾਇਆ ਗਿਆ। ਸੁਪਰਡੈਂਟ ਰਮਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਇਲਾਕੇ ਦੇ 198 ਲੋਕਾਂ ਨੇ ਲਾਭ ਲਿਆ। ਇਸ ਕੈਂਪ ਨਾਲ ਨਗਰ ਨਿਗਮ ਦੇ ਖਾਤੇ ਵਿੱਚ 4 ਲੱਖ 83 ਹਜ਼ਾਰ 816 ਰੁਪਏ ਦਾ ਵਾਧਾ ਹੋਇਆ ਹੈ। ਨਗਰ ਨਿਗਮ ਵੱਲੋਂ ਦੋ ਹਫ਼ਤਿਆਂ ਵਿੱਚ ਚਾਰ ਕੈਂਪ ਲਗਾਏ ਜਾ ਚੁੱਕੇ ਹਨ। ਇਨ੍ਹਾਂ ਕੈਂਪਾਂ ਤੋਂ ਨਿਗਮ ਨੂੰ 27 ਲੱਖ 39 ਹਜ਼ਾਰ 612 ਰੁਪਏ ਦੀ ਆਮਦਨ ਹੋਈ ਹੈ ਤੇ 960 ਲੋਕ ਰਿਟਰਨ ਭਰਨ ਦਾ ਲਾਭ ਲੈ ਚੁੱਕੇ ਹਨ। ਇਸ ਦੇ ਨਾਲ ਹੀ ਲੋਕ ਸਮੇਂ ਸਿਰ ਆਪਣੀ ਪ੍ਰਾਪਰਟੀ ਟੈਕਸ ਰਿਟਰਨ ਭਰ ਕੇ 10 ਫ਼ੀਸਦੀ ਦਾ ਫ਼ਾਇਦਾ ਵੀ ਲੈ ਸਕਦੇ ਹਨ। ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਇਕ ਵਾਰ ਵੀ ਪ੍ਰਾਪਰਟੀ ਟੈਕਸ ਰਿਟਰਨ ਨਹੀਂ ਭਰੀ ਸੀ, ਉਨ੍ਹਾਂ ਨੇ ਵੀ ਨਿਗਮ ਦੇ ਕੈਂਪ ਦਾ ਫ਼ਾਇਦਾ ਉਠਾਇਆ।