ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਮਾਰਚ
ਨਿਯਮਾਂ ਦੇ ਉਲਟ ਬਣਾਈਆਂ ਗਈਆਂ ਨਾਜਾਇਜ਼ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਨਗਰ ਨਿਗਮ ਨੇ ਅੱਜ ਦੂਜੇ ਦਿਨ ਵੀ ਜਾਰੀ ਰੱਖੀ। ਇਸ ਦੌਰਾਨ ਨਿਗਮ ਕਮਿਸ਼ਨਰ ਕੇਸ਼ਵ ਹਿੰਗੋਨੀਆ ਦੇ ਹੁਕਮਾਂ ’ਤੇ ਬਿਲਡਿੰਗ ਬ੍ਰਾਂਚ ਨੇ ਕਥਿਤ ਤੌਰ ’ਤੇ ਨਿਯਮਾਂ ਦੇ ਉਲਟ ਬਣੀਆਂ 23 ਹੋਰ ਇਮਾਰਤਾਂ/ਦੁਕਾਨਾਂ ਅੱਜ ਸੀਲ ਕੀਤੀਆਂ ਜਦਕਿ 11 ਦੁਕਾਨਾਂ ਬੁੱਧਵਾਰ ਨੂੰ ਵੀ ਸੀਲ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇਮਾਰਤਾਂ ਵਪਾਰਕ ਉਦੇਸ਼ਾਂ ਲਈ ਬਣਾਈਆਂ ਗਈਆਂ ਹਨ।
ਨਗਰ ਨਿਗਮ ਦੇ ਬੁਲਾਰੇ ਵੱਲੋਂ ਦਿੱਤੀ ਗਈ ਲਿਖਤੀ ਜਾਣਕਾਰੀ ਅਨੁੁਸਾਰ ਇਸ ਦੌਰਾਨ ਪਿੰਡ ਅਲੀਪੁਰ ’ਚ ਦੋ, ਸਰਹਿੰਦ-ਰਾਜਪੁਰਾ ਬਾਈਪਾਸ ਰੋਡ ’ਤੇ ਦੋ, ਧੋਬਾਘਾਟ ਰੋਡ ’ਤੇ ਪੰਜ, ਕਲੇਰੀਅਨ ਹੋਟਲ ਨੇੜੇ ਸਰਹਿੰਦ ਰੋਡ ’ਤੇ ਪੰਜ, ਝਿਲ ਰੋਡ ’ਤੇ ਤਿੰਨ, ਮਡ੍ਰੀਆਂ ਰੋਡ ’ਤੇ ਪਹਿਲੀ ਮੰਜ਼ਲ, ਤ੍ਰਿਪੜੀ ਟਾਊਨ ’ਚ ਇਕ, ਰਤਨ ਨਗਰ ’ਚ ਤਿੰਨ, ਰਤਨ ਨਗਰ ਨੇੜੇ ਦਿਓਲ ਨਿਵਾਸ ਵਾਲੀ ਇਕ ਦੁਕਾਨ ਸੀਲ ਕੀਤੀ ਗਈ ਹੈ। ਨਿਗਮ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਘਰੇਲੂ ਜਾਂ ਵਪਾਰਕ ਇਮਾਰਤਾਂ ਚੋਣਾਂ ਦੌਰਾਨ ਜਾਂ ਇਸ ਤੋਂ ਪਹਿਲਾਂ ਨਿਯਮਾਂ ਦੀ ਅਣਦੇਖੀ ਕਰਕੇ ਉਸਾਰੀਆਂ ਗਈਆਂ ਹਨ, ਖ਼ਿਲਾਫ਼ ਨਿਗਮ ਵੱਲੋਂ ਨਿਰਧਾਰਤ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਇਮਾਰਤ ਬਣਾਉਣ ਤੋਂ ਪਹਿਲਾਂ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਤੋਂ ਨਕਸ਼ਾ ਪਾਸ ਕਰਵਾਉਣਾ ਜ਼ਰੂਰੀ ਹੈ ਅਤੇ ਨਕਸ਼ਾ ਪਾਸ ਕਰਵਾਏ ਬਿਨਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਿਰਮਾਣ ਕਾਰਜ ਸ਼ੁਰੂ ਨਾ ਕੀਤਾ ਜਾਵੇ।