ਖੇਤਰੀ ਪ੍ਰਤੀਨਿਧ
ਪਟਿਆਲਾ, 30 ਸਤੰਬਰ
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਜ਼ਿਲ੍ਹਾ ਪੁਲੀਸ ਦੇ ਕੰਮਕਾਜ ਵਿੱਚ ਤੇਜ਼ੀ ਤੇ ਪਾਰਦਰਸ਼ਤਾ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਅੱਜ 42 ਹੋਰ ਉਨ੍ਹਾਂ ਪੁਲੀਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ, ਜੋ ਲੰਬੇ ਅਰਸੇ ਤੋਂ ਇੱਕੋ ਸਟੇਸ਼ਨ ’ਤੇ ਤਾਇਨਾਤ ਸਨ। ਇਸ ਮੁਹਿੰਮ ਦੌਰਾਨ ਉਹ ਹੁਣ ਤੱਕ 208 ਮੁਲਾਜ਼ਮਾਂ ਦੇ ਤਬਾਦਲੇ ਕਰ ਚੁੱਕੇ ਹਨ। ਪੁਲੀਸ ਪ੍ਰਬੰੰਧ ਵਿਚ ਹਰ ਪੱਖ ਤੋਂ ਸੁਧਾਰ ਲਿਆਉਣ ਦੇ ਮਨੋਰਥ ਨਾਲ਼ ਜ਼ਿਲ੍ਹਾ ਪੁਲੀਸ ਮੁਖੀ ਨਿਵੇਕਲੀਆਂ ਅਤੇ ਉਸਾਰੂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਇਸ ਲੰਬੀ ਸਟੇਅ ਵਾਲੇ ਮੁਲਾਜ਼ਮਾਂ ਦੀਆਂ ਇਹ ਬਦਲੀਆਂ ਵੀ ਇਸੇ ਹੀ ਕੜੀ ਦਾ ਹਿੱਸਾ ਹਨ। ਜ਼ਿਲ੍ਹੇ ’ਚ ਇਸ ਪੱਧਰ ’ਤੇ ਪੁਲੀਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾਣ ਦੀ ਇਹ ਪਹਿਲੀ ਜਾਂ ਦੇਰ ਬਾਅਦ ਹੋਈ ਕਾਰਵਾਈ ਮੰਨੀ ਜਾ ਰਹੀ ਹੈ। ਪੁਲੀਸ ਮੁਖੀ ਦਾ ਤਰਕ ਹੈ ਕਿ ਕਈ ਪੱਖਾਂ ਨੂੰ ਲੈ ਕੇ ਇਹ ਕਾਰਵਾਈ ਜ਼ਰੂਰੀ ਹੈ।
ਇਸ ਸਬੰਧੀ ਐਸਐਸਪੀ ਦੁੱਗਲ ਨੇ ਦੱਸਿਆ ਕਿ ਬਦਲੇ ਗਏ ਮੁਲਾਜ਼ਮਾਂ ਵਿੱਚੋਂ ਪਟਿਆਲਾ ਸਬ-ਡਿਵੀਜ਼ਨ ਸਿਟੀ-2 ਦੇ 22 ਅਤੇੇ ਸਬ-ਡਿਵੀਜ਼ਨ ਨਾਭਾ ਦੇ 20 ਪੁਲੀਸ ਕਰਮਚਾਰੀ ਸ਼ਾਮਲ ਹਨ। ਘੋਖੇ ਰਿਕਾਰਡ ਦੌਰਾਨ ਉਹ ਲੰਬੇ ਸਮੇਂ ਤੋਂ ਇੱਕ ਹੀ ਸਟੇਸ਼ਨ ’ਤੇ ਤਾਇਨਾਤ ਸਨ ਜਾਂ ਵਾਰ-ਵਾਰ ਇੱਕ ਹੀ ਸਟੇਸ਼ਨ ’ਤੇ ਤਾਇਨਾਤ ਹੁੰਦੇ ਆ ਰਹੇ ਸਨ। ਇਸ ਕਰ ਕੇ ਪ੍ਰਬੰਧਕੀ ਆਧਾਰ ’ਤੇ ਇਨ੍ਹਾਂ ਪੁਲੀਸ ਕਰਮਚਾਰੀਆਂ ਨੂੰ ਦੂਜੀਆਂ ਸਬ-ਡਿਵੀਜ਼ਨ ਜਾਂ ਥਾਣਿਆਂ ਵਿੱਚ ਤਬਦੀਲ ਕੀਤਾ ਗਿਆ ਹੈ।
ਪੁਲੀਸ ਮੁਖੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਬ-ਡਿਵੀਜ਼ਨ ਰਾਜਪੁਰਾ, ਘਨੌਰ, ਸਮਾਣਾ ਅਤੇ ਪਾਤੜਾਂ ਵਿੱਚ ਇੱਕ ਹੀ ਸਟੇਸ਼ਨ ’ਤੇ ਲੰਬੇ ਸਮੇਂ ਤੋਂ ਤਾਇਨਾਤ ਰਹੇ 176 ਪੁਲੀਸ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਜਾ ਚੁੁੱਕੀਆਂ ਹਨ।