ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਦਸੰਬਰ
1971 ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਜੰਗ ’ਚ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਫ਼ੈਸਲਾਕੁਨ ਜਿੱਤ ਮਨਾਉਣ ਅਤੇ ਇਸ ਜੰਗ ਦੇ 50 ਸਾਲ ਸ਼ੁਰੂ ਹੋਣ ਦੇ ਅਵਸਰ ’ਤੇ ‘ਵਿਜੈ ਮਸ਼ਾਲ’ ਅੱਜ ਪਟਿਆਲਾ ਪਹੁੰਚੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 16 ਦਸੰਬਰ ਨੂੰ 1971 ਜੰਗ ਦੇ ਵੀਰ ਸੈਨਿਕਾਂ ਨੂੰ ‘ਰਾਸ਼ਟਰੀ ਵਾਰ ਮੈਮੋਰੀਅਲ’, ਨਵੀਂ ਦਿੱਲੀ ਤੋਂ ਚਾਰ ਵਿਜੈ ਮਸ਼ਾਲਾਂ ਸੌਂਪੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇਕ ਵਿਜੈ ਮਸ਼ਾਲ ਮੇਰਠ, ਦੇਹਰਾਦੂਨ ਅਤੇ ਅੰਬਾਲਾ ਹੁੰਦਿਆਂ, 26 ਦਸੰਬਰ ਨੂੰ ਪਟਿਆਲਾ ਪਹੁੰਚੀ ਹੈ। ‘ਵਿਜੈ ਮਸ਼ਾਲ’ ਏਰਾਵਤ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਵੱਲੋਂ ਗਾਰਡ ਆਫ ਆਨਰ ਦੇ ਨਾਲ ਸਵੀਕਾਰ ਕੀਤੀ ਗਈ। ਸੈਨਿਕਾਂ ਨੂੰ ਸੰਬੋਧਨ ਕਰਦਿਆਂ, ਏਰਾਵਤ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਨੇ ਦੱਸਿਆ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਏਰਾਵਤ ਡਿਵੀਜ਼ਨ ਨੇ ਪੱਛਮੀ ਸੀਮਾ ’ਤੇ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਦੱਸਿਆ ਕਿ ਸਾਡੇ ਸੈਨਿਕਾਂ ਦੇ ਬਲੀਦਾਨ ਅਤੇ ਵੀਰ ਨਾਰੀਆਂ ਦੇ ਤਿਆਗ ਪ੍ਰਤੀ ਸਨਮਾਨ ਦਿੰਦਿਆਂ ਵੱਖ-ਵੱਖ ਪ੍ਰਕਾਰ ਦੇ ਸਮਾਗਮ ਪਟਿਆਲਾ ’ਚ ਕਰਵਾਏ ਜਾ ਰਹੇ ਹਨ। ਇਸ ਜੰਗ ਦੌਰਾਨ ਸਾਡੇ ਸੈਨਿਕਾਂ ਦੇ ਬਲੀਦਾਨ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਯਾਦਗਾਰ ਬਣਾਉਣ ਲਈ 29 ਦਸੰਬਰ ਨੂੰ ਵੀਰ ਸੈਨਿਕਾਂ ਅਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 1971 ਜੰਗ ਦੇ 70 ਸੈਨਿਕਾਂ ਅਤੇ 25 ਵੀਰ ਨਾਰੀਆਂ ਨੂੰ ਪਟਿਆਲਾ ’ਚ ਸਨਮਾਨਤ ਕੀਤਾ ਜਾਵੇਗਾ ਅਤੇ 29 ਦਸੰਬਰ ਨੂੰ ਇਹ ਵਿਜੈ ਮਸ਼ਾਲ ਨਾਭਾ ਲੈ ਕੇ ਜਾਵੇਗੀ ਅਤੇ ਉੱਥੇ ਵੀ ਅਜਿਹੇ ਸਮਾਗਮ ਕਰਵਾਏ ਜਾਣਗੇ।