ਖੇਤਰੀ ਪ੍ਰਤੀਨਿਧ
ਪਟਿਆਲਾ, 29 ਨਵੰਬਰ
ਭਾਰਤ-ਪਾਕਿਸਤਾਨ ਵਿਚਾਲੇ 1971 ਜੰਗ ਦੇ 50 ਸਾਲ ਪੂਰੇ ਹੋਣ ’ਤੇ ‘ਸਵਰਨਿਮ ਵਿਜੈ ਵਰਸ਼’ ਦੇ ਰੂਪ ’ਚ ਮਨਾਉਂਦਿਆਂ, ਅੱਜ ਏਅਰਾਵਤ ਡਵੀਜ਼ਨ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜਨਰਲ ਆਫੀਸਰ ਕਮਾਂਡਿੰਗ ਵੱਲੋਂ ਪਟਿਆਲਾ ਅਤੇ ਨਾਲ ਲੱਗਦੇ ਖੇਤਰਾਂ ਦੇ 1971 ਭਾਰਤ-ਪਾਕਿਸਤਾਨ ਜੰਗ ਨਾਲ ਜੁੜੇ 95 ਸੈਨਿਕਾਂ ਅਤੇ 17 ਵੀਰ ਨਾਰੀਆਂ ਦਾ ‘ਯਾਦਵਿੰਦਰ ਆਫੀਸਰ ਇੰਸਟੀਚਿਊਟ’ ਪਟਿਆਲਾ ਵਿੱਚ ਸਨਮਾਨ ਕੀਤਾ ਗਿਆ। ਇਸ ਦੌਰਾਨ 1971 ਦੀ ਜੰਗ ’ਚ ਭਾਗ ਲੈਣ ਵਾਲੇ ਸੈਨਿਕਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸ ਮੌਕੇ ਸਾਬਕਾ ਸੈਨਿਕਾਂ ਵੱਲੋਂ ਆਪਣੇ ਤਜਰਬੇ ਸਾਂਝੇ ਕਰਦਿਆਂ, ਕਿਹਾ ਕਿ 1971 ਦੀ ਜੰਗ ਦੁਨੀਆਂ ਦੇ ਇਤਿਹਾਸ ’ਚ ਮਹੱਤਵਪੂਰਣ ਸਥਾਨ ਰੱਖਦੀ ਹੈ। ਇਸ ਦੌਰਾਨ 13 ਦਿਨਾਂ ’ਚ ਭਾਰਤੀ ਫ਼ੌਜ ਨੇ ਵੀਰਤਾ ਨਾਲ ਲੜਦਿਆਂ, 93 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੂੰ ਆਪਣੇ ਕਬਜ਼ੇ ’ਚ ਲਿਆ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਏਅਰਾਵਤ ਡਵੀਜ਼ਨ ਦੇ ਜੀਓਸੀ ਨੇ ਕਿਹਾ ਕਿ 1971 ਭਾਰਤ ਪਾਕਿਸਤਾਨ ਜੰਗ ਦੌਰਾਨ ਏਆਰਵਤ ਡਿਵੀਜ਼ਨ ਵੱਲੋਂ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਗਈ ਸੀ। ਇਸ ਮੌਕੇ ਏਅਰਾਵਤ ਡਿਵੀਜ਼ਨ ਵੱਲੋਂ 1971 ਜੰਗ ’ਚ ਹਿੱਸਾ ਪਾਉਣ ਵਾਲੇ ਸਾਬਕਾ ਸੈਨਿਕਾਂ ਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਜੈ ਮਸ਼ਾਲ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਵੈਟਰਨ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਏਰਾਵਤ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਨੇ ਦੇਸ਼ ਲਈ ਬਲੀਦਾਨ ਦੇਣ ਵਾਲ਼ੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਉਪਰੰਤ ਵਿਜੈ ਮਸ਼ਾਲ ਨੂੰ ਏਰਾਵਤ ਡਵੀਜ਼ਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਵੱਲੋਂ ਮੇਰਠ ਲਈ ਰਵਾਨਾ ਕਰ ਦਿੱਤੀ ਗਈ।