ਖੇਤਰੀ ਪ੍ਰਤੀਨਿਧ
ਪਟਿਆਲਾ, 30 ਜੂਨ
ਕਰੋਨਾ ਸਬੰਧੀ ਜ਼ਿਲ੍ਹੇ ਭਰ ਵਿੱਚੋਂ ਪ੍ਰਾਪਤ ਹੋਈਆਂ 383 ਰਿਪੋਰਟਾਂ ਵਿੱਚੋਂ ਅੱਜ 16 ਹੋਰ ਵਿਅਕਤੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 9 ਪਟਿਆਲਾ ਸ਼ਹਿਰ, 2 ਨਾਭਾ, 1 ਸਮਾਣਾ, 2 ਰਾਜਪੁਰਾ, 1 ਬਲਾਕ ਕੌਲੀ ਅਤੇ 1 ਬਲਾਕ ਭਾਦਸੋਂ ਨਾਲ ਸਬੰਧਿਤ ਹੈ। ਇੰਜ ਜ਼ਿਲ੍ਹੇ ਵਿੱਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਹੁਣ ਤੱਕ ਦੀ ਗਿਣਤੀ 62,460 ਹੋ ਗਈ ਹੈ ਪਰ ਇਨ੍ਹਾਂ ਵਿੱਚੋਂ ਐਕਟਿਵ ਕੇਸ 95 ਹੀ ਹਨ। ਕੱਲ੍ਹ ਭਾਵੇਂ ਤਿੰਨ ਮਹੀਨਿਆਂ ਮਗਰੋਂ ਕਰੋਨਾ ਕਾਰਨ ਇੱਕ ਮੌਤ ਵੀ ਹੋਈ ਸੀ ਪਰ ਅੱਜ ਜ਼ਿਲ੍ਹੇ ਭਰ ਵਿੱਚੋਂ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ। ਉਂਜ ਕਰੋਨਾ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ 1458 ਨਾਗਰਿਕਾਂ ਦੀਆਂ ਜਾਨਾ ਲੈ ਚੁੱਕਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੂ ਧੀਰ ਨੇ ਦਿੱਤੀ। ਉਨ੍ਹਾਂ ਹੋਰ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਅਡਵਾਈਜਰੀ ਵੀ ਜਾਰੀ ਕੀਤੀ ਗਈ ਹੈ। ਕਰੋਨਾ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਸਾਵਧਾਨੀਆਂ ਦਾ ਪਾਲਣ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।
ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਅੱਜ 389 ਸੈਂਪਲ ਲਏ ਗਏ ਹਨ। ਹੁਣ ਤੱਕ ਜ਼ਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 12,60,229 ਸੈਂਪਲ ਲਏ ਜਾ ਚੁੱਕੇ ਹਨ। ਇਸੇ ਦੌਰਾਨ ਅੱਜ ਜ਼ਿਲ੍ਹੇ ਵਿੱਚ 1247 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਇੱਕ ਜੁਲਾਈ ਨੂੰ ਵੀ ਕੋਵਿਡ ਵੈਕਸੀਨ ਦੀ ਪ੍ਰਕਿਰਿਆ ਜਾਰੀ ਰਹੇਗੀ।