ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਮਈ
ਕਰੋਨਾ ਮਹਾਮਾਰੀ ਦੇ ਕਾਰਨ ਪਟਿਆਲਾ ਜ਼ਿਲ੍ਹੇ ਵਿੱਚ ਅੱਜ ਕਰੋਨਾ ਸਬੰਧੀ ਹੁਣ ਤੱਕ ਦੇ ਸਭ ਤੋਂ ਵੱਧ, 614 ਕੋਵਿਡ ਪਾਜ਼ੇਟਿਵ ਕੇਸਾਂ ਸਾਹਮਣੇ ਆਏ ਹਨ। ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 35254 ਹੋ ਗਈ ਹੈ ਜਿਨ੍ਹਾਂ ਵਿਚੋਂ 30184 ਮਰੀਜ਼ ਠੀਕ ਵੀ ਹੋ ਗਏ ਹਨ। ਉਧਰ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਦਿਨ ’ਚ ਕਰੋਨਾ ਮਰੀਜ਼ਾਂ ਦੀਆਂ ਮੌਤਾਂ ਹੋਣ ਦਾ ਅੰਕੜਾ ਵੀ ਸਿਖਰ ’ਤੇ ਰਿਹਾ ਕਿਉਂਕਿ ਅੱਜ ਜ਼ਿਲ੍ਹੇ ’ਚ 16 ਕਰੋਨਾ ਮਰੀਜ਼ਾਂ ਨੇ ਪ੍ਰਣ ਤਿਆਗੇ ਹਨ ਜਿਨ੍ਹਾਂ ਵਿਚੋਂ 12 ਦੀ ਮੌਤ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਹੋਈ। ਜਦਕਿ ਚਾਰ ਹੋਰ ਮਰੀਜ਼ਾਂ ਦੀ ਮੌਤ ਹੋਰਨਾ ਵੱਖ ਵੱਖ ਹਸਪਤਾਲਾਂ ਵਿਚ ਹੋਈ ਹੈ। ਇਸ ਤਰ੍ਹਾਂ ਜ਼ਿਲ੍ਹੇ ’ਚ ਕਰੋਨਾ ਨਾਲ ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 824 ਹੋ ਗਈ ਹੈ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸੰਗਰੂਰ ਵਿਚ ਅੱਜ 10 ਕਰੋਨਾ ਪੀੜ੍ਹਤ ਮਰੀਜ਼ਾਂ ਦੀ ਮੌਤ ਹੋਈ ਹੈ ਜਿੰਨ੍ਹਾਂ ’ਚ ਪੰਜ ਔਰਤਾਂ ਸ਼ਾਮਲ ਹਨ। ਹੁਣ ਤੱਕ ਜ਼ਿਲ੍ਹੇ ਵਿਚ ਕੁੱਲ ਮੌਤਾਂ ਦੀ ਗਿਣਤੀ 382 ਹੈ। ਅੱਜ 201 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਧਰ ਅੱਜ 115 ਮਰੀਜ਼ ਕਰੋਨਾ ਨੂੰ ਹਰਾ ਕੇ ਤੰਦਰੁਸਤ ਹੋਣ ਵਿਚ ਸਫ਼ਲ ਹੋਏ ਹਨ।
ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਜ਼ਿਲ੍ਹੇ ’ਚ 10 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।ਬਲਾਕ ਕੌਹਰੀਆਂ ਦੀ 40 ਸਾਲਾ ਔਰਤ, ਬਲਾਕ ਸੁਨਾਮ ਦੀ 65 ਸਾਲਾ ਔਰਤ ਅਤੇ ਬਲਾਕ ਅਮਰਗੜ੍ਹ ਦੀ 55 ਸਾਲਾ ਔਰਤ ਦੀ ਮੌਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੋਈ ਹੈ।
ਆਕਸੀਜਨ ਸਪਲਾਈ ਦੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ
ਪਟਿਆਲਾ(ਖੇਤਰੀ ਪ੍ਰਤੀਨਿਧ): ‘ਪਟਿਆਲਾ ਜ਼ਿਲ੍ਹੇ ’ਚ ਕਿਸੇ ਵੀ ਹੰਗਾਮੀ ਸਥਿਤੀ ਮੌਕੇ ਕੋਵਿਡ ਮਰੀਜ਼ਾਂ ਨੂੰ ਲੋੜੀਂਦੀ ਆਕਸੀਜਨ ਸਪਲਾਈ ਕਰਨ ਦੇ ਪ੍ਰਬੰਧ ਹਰ ਪੱਖੋਂ ਮੁਕੰਮਲ ਹਨ।’ ਇਸ ਗੱਲ ਦਾ ਦਾਅਵਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਇਥੇ ਪਟਿਆਲਾ ਜ਼ਿਲ੍ਹੇ ’ਚ ਆਕਸੀਜਨ ਸਪਲਾਈ ਅਤੇ ਸਟਾਕ ਦਾ ਜਾਇਜ਼ਾ ਲੈਣ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਕੋਵਿਡ ਮਰੀਜਾਂ ਲਈ ਲੋੜੀਂਦੀ ਆਕਸੀਜਨ ਲਈ ਮੁਕੰਮਲ ਪ੍ਰਬੰਧ ਹੋਣ ਦਾ ਦਾਅਵਾ ਕਰਦਿਆਂ, ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਆਕਸੀਜਨ ਦੀ ਸਪਲਾਈ ’ਤੇ ਨਿਗਰਾਨੀ ਲਈ ਜ਼ਿਲ੍ਹਾ ਕੰਟਰੋਲ ਰੂਮ ਸਮੇਤ ਆਕਸੀਜਨ ਦੀ ਸਪਲਾਈ ਨਿਯੰਤਰਨ ਅਤੇ ਇਸ ਦਾ ਮੁਆਇਨਾ ਕਰਨ ਲਈ ਟੀਮਾਂ ਦਾ ਵੀ ਵੱਖਰੇ ਤੌਰ ’ਤੇ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ 24 ਘੰਟੇ ਆਕਸੀਜਨ ਬੈਂਕ ਸੇਵਾ ‘ਆਕਸੀਜਨ ਆਨ ਵੀਲ’ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਕੋਵਿਡ ਸਬੰਧੀ ਪੁੱਛ ਗਿੱਛ ਲਈ ਹੈਲਪ ਲਾਈਨ ਨੰਬਰ 0175-2350550 ਅਤੇ ਆਕਸੀਜਨ ਲਈ ਹੈਲਪ ਲਾਈਨ ਨੰਬਰ 62843-57500 ਵੀ ਸਥਾਪਿਤ ਵੀ ਕੀਤਾ ਗਿਆ ਹੈ