ਖੇਤਰੀ ਪ੍ਰਤੀਨਿਧ
ਪਟਿਆਲਾ, 28 ਜੂਨ
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ‘ਸਵੱਛ ਭਾਰਤ, ਸਵੱਛ ਵਿਦਿਆਲਿਆ’ ਵਿੱਚ ਜੇਤੂ ਰਹੇ ਪਟਿਆਲਾ ਜ਼ਿਲ੍ਹੇ ਦੇ 15 ਸਕੂਲਾਂ ਨੂੰ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ।
ਸਮਾਰੋਹ ਮੌਕੇ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਕੂਲ, ਆਉਣ ਵਾਲੀ ਪੀੜੀ ਅਤੇ ਦੇਸ਼ ਦਾ ਭਵਿੱਖ ਬਣਾਉਂਦੇ ਹਨ, ਜੇਕਰ ਸਾਡੇ ਸਕੂਲ ਵਿੱਦਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਵੱਛਤਾ ਦਾ ਸੁਨੇਹਾ ਦਿੰਦੇ ਹਨ ਅਤੇ ਸਕੂਲ ਅਧਿਆਪਕ ਆਪ ਸਵੱਛਤਾ ’ਚ ਮੋਹਰੀ ਭੂਮਿਕਾ ਨਿਭਾ ਕੇ ਸਕੂਲ ਨੂੰ ਸਵੱਛ ਬਣਾਉਂਦੇ ਹਨ ਤਾਂ ਇਹ ਗਤੀਵਿਧੀ ਵਿਦਿਆਰਥੀਆਂ ’ਤੇ ਉਸਾਰੂ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਸਵੱਛਤਾ ਮੁਹਿੰਮ ’ਚ ਪੁਰਸਕਾਰ ਜੇਤੂ ਸਕੂਲਾਂ ਨੂੰ ਮੁਬਾਰਕਬਾਦ ਦਿੰਦਿਆਂ ਹੋਰਨਾਂ ਸਕੂਲਾਂ ਨੂੰ ਵੀ ਸਵੱਛਤਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਵੱਛ ਵਿਦਿਆਲਿਆ ਪੁਰਸਕਾਰ 2021-22 ਤਹਿਤ ਪਟਿਆਲਾ ਜ਼ਿਲ੍ਹੇ ਦੇ 15 ਪ੍ਰਾਇਮਰੀ, ਸੈਕੰਡਰੀ, ਪ੍ਰਾਈਵੇਟ, ਏਡਿਡ ਸਕੂਲਾਂ ਨੂੰ ਓਵਰਆਲ ਕੈਟਾਗਰੀ ਅਤੇ ਸਬ ਕੈਟਾਗਰੀ ਦੇ ਜ਼ਿਲ੍ਹਾ ਪੱਧਰ ’ਤੇ ਅੱਜ 33 ਐਵਾਰਡ ਦਿੱਤੇ ਗਏ ਹਨ। ਜੇਤੂ ਸਕੂਲਾਂ ’ਚ ਸ.ਸ.ਸ ਸਕੂਲ ਮਾਡਲ ਟਾਊਨ, ਸ.ਸ.ਸ ਸਕੂਲ ਮਲਟੀਪਰਪਜ਼, ਸ.ਸ.ਸ ਸਕੂਲ ਅਰਨੋ, ਸਰਕਾਰੀ ਹਾਈ ਸਕੂਲ ਥੂਹੀ, ਡੀ.ਏ.ਵੀ ਪਬਲਿਕ ਸਕੂਲ ਸਮਾਣਾ, ਸਰਕਾਰੀ ਮਿਡਲ ਸਕੂਲ ਜਨਸੂਆ, ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ, ਸਰਕਾਰੀ ਐਲੀਮੈਂਟਰੀ ਸਕੂਲ ਦੁਲਬਾ, ਸਰਕਾਰੀ ਐਲੀਮੈਂਟਰੀ ਸਕੂਲ ਇੰਦਰਪੁਰਾ, ਸਰਕਾਰੀ ਐਲੀਮੈਂਟਰੀ ਸਕੂਲ ਪ੍ਰਤਾਪਨਗਰ, ਸਰਕਾਰੀ ਐਲੀਮੈਂਟਰੀ ਸਕੂਲ ਵਜ਼ੀਦਪੁਰ, ਸਰਕਾਰੀ ਐਲੀਮੈਂਟਰੀ ਸਕੂਲ ਸੂਰਜਗੜ੍ਹ, ਸ.ਸ.ਸ ਸਕੂਲ ਪੰਜੋਲਾ, ਸ.ਸ.ਸ ਸਕੂਲ ਪਬਰੀ, ਐਨ.ਈ.ਈ.ਵੀ ਡੀ.ਐਮ.ਡਬਲਿਯੂ ਪਬਲਿਕ ਸਕੂਲ ਪਟਿਆਲਾ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਮਨਵਿੰਦਰ ਕੌਰ ਭੁੱਲਰ ਤੋਂ ਐਵਾਰਡ ਪ੍ਰਾਪਤ ਕੀਤੇ। ਇਸ ਮੌਕੇ ਸਵੱਛ ਵਿਦਿਆਲਿਆ ਪੁਰਸਕਾਰ ਦੇ ਜ਼ਿਲ੍ਹਾ ਨੋਡਲ ਇੰਚਾਰਜ ਡਾ. ਨਰਿੰਦਰ ਸਿੰਘ, ਰਾਜਵੰਤ ਸਿੰਘਾ, ਜਗਮੀਤ ਸਿੰਘ ਹੈਡ ਮਾਸਟਰ ਅਤੇ ਸਮੂਹ ਬੀਪੀਈਓਜ਼ ਮੌਜੂਦ ਸਨ।