ਪੱਤਰ ਪੇ੍ਰਕ
ਸਮਾਣਾ, 15 ਸਤੰਬਰ
ਫਰਜ਼ੀ ਡਾਕੂਮੈਂਟ ਭੇਜ ਕੇ ਟਾਵਰ ਲਗਾਏ ਜਾਣ ਲਈ 80 ਲੱਖ ਰੁਪਏ ਦੀ ਰਕਮ ਅਤੇ 40 ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇਣ ਸਣੇ 15 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦਾ ਝਾਂਸਾ ਦੇ ਕੇ 13.84 ਲੱਖ ਰੁਪਏ ਦੀ ਧੋਖਾਧੜੀ ਕੀਤੇ ਜਾਣ ਦੇ ਇਕ ਮਾਮਲੇ ’ਚ ਸਿਟੀ ਪੁਲੀਸ ਨੇ ਪੰਜ ਮੋਬਾਈਲ ਨੰਬਰਾਂ ਸਣੇ ਅਣਪਛਾਤੇ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਟੀ ਪੁਲੀਸ ਮੁਖੀ ਗੁਰਵਿੰਦਰ ਸਿੰਘ ਸੰਧੂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਛਪਾਲ ਸਿੰਘ ਪੁੱਤਰ ਵਿਸਾਖਾ ਸਿੰਘ ਨਿਵਾਸੀ ਪ੍ਰੀਤ ਨਗਰ ਸਮਾਣਾ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਨ੍ਹਾਂ ਦੀ ਖਾਲੀ ਜ਼ਮੀਨ ’ਤੇ ਟਾਵਰ ਲਗਾਉਣ ਲਈ ਮਿਲੇ ਮੈਸੇਜ ਤੋਂ ਬਾਅਦ ਸੰਪਰਕ ਕਰਨ ’ਤੇ ਉਸ ਨੂੰ ਆਪਣੀ ਜ਼ਮੀਨ ’ਤੇ ਟਾਵਰ ਲਗਵਾਉਣ ਬਦਲੇ ਐਡਵਾਂਸ ਸਣੇ ਟਾਵਰ ਲਗਵਾਉਣ ਤੋਂ ਬਾਅਦ ਕੁੱਲ 80 ਲੱਖ ਰੁਪਏ ਦਿੱੱਤੇ ਜਾਣ, 40 ਹਜ਼ਾਰ ਰੁਪਏ ਮਹੀਨਾ ਕਿਰਾਇਆ ਅਤੇ 15 ਹਜ਼ਾਰ ਰੁਪਏ ਬਤੌਰ ਸੁਰੱਖਿਆ ਗਾਰਡ ਸੈਲਰੀ ਦੇਣ ਦਾ ਝਾਂਸਾ ਦੇ ਕੇ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਬੈਂਕਾਂ ਦੇ ਖਾਤਿਆਂ ਵਿੱਚੋਂ ਰਜਿਸਟ੍ਰੇਸ਼ਨ, ਲਾਇਸੈਂਸ ਬਣਾਉਣ, ਰਕਮ ਟਰਾਂਸਫਰ, ਖ਼ਰਚ ਬੈਂਕ ਟਰਾਂਸਫਰ, ਲੇਬਰ ਚਾਰਜ, ਬਿਜਲੀ ਚਾਰਜ, ਟਰਾਂਸਪੋਰਟ ਚਾਰਜ, ਬੀਮਾ ਅਤੇ ਕਮਿਸ਼ਨ ਸਣੇ ਵੱਖ- ਵੱਖ ਤਰੀਕਿਆਂ ਨਾਲ 13.84 ਲੱਖ ਰੁਪਏ ਜਮ੍ਹਾਂ ਕਰਵਾ ਲਏ ਗਏ।
ਜਦੋਂ ਕਿ ਐਡਵਾਂਸ ਵਜੋਂ 40 ਲੱਖ ਰੁਪਏ ਦੀ ਰਕਮ ਦੇ ਚੈੱਕ ਦੀ ਫੋਟੋ ਕਾਪੀ ਭੇਜ ਕੇ ਬਲਾਕ ਖਾਤਾ ਖੁੱਲ੍ਹਵਾਉਣ ਲਈ ਵੀ ਵੱਖਰੇ ਤੌਰ ’ਤੇ ਇਹ ਰਕਮ ਵਸੂਲ ਕਰ ਲਈ, ਪ੍ਰੰਤੂ ਨਾ ਤਾਂ ਉਸ ਨੂੰ ਰਕਮ ਭੇਜੀ ਗਈ ਅਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਮੰਗੀ ਗਈ ਹੋਰ ਰਕਮ ਨਾ ਦਿੱਤੇ ਜਾਣ ’ਤੇ ਨੌਸਰਬਾਜ਼ਾਂ ਵਲੋਂ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਲਿਆ। ਇਸ ਮਗਰੋਂ ਪੀੜਤ ਨੇ ਪੁਲੀਸ ਨੂੰ ਸਿ਼ਕਾਇਤ ਕੀਤੀ।
ਜ਼ਿਲ੍ਹਾ ਪੁਲੀਸ ਉੱਚ ਅਧਿਕਾਰੀਆਂ ਨੇ ਮਿਲੀ ਸ਼ਿਕਾਇਤ ਦੀ ਜਾਂਚ ਸਾਈਬਰ ਕ੍ਰਾਈਮ ਅਤੇ ਆਰਥਿਕ ਵਿੰਗ ਵੱਲੋਂ ਹੋਣ ’ਤੇ ਇਸ ਨੂੰ ਠੱਗੀ ਦਾ ਮਾਮਲਾ ਪਾਏ ਜਾਣ ’ਤੇ ਸਿਟੀ ਪੁਲੀਸ ਸਮਾਣਾ ਨੇ ਮੋਬਾਈਲ ਨੰਬਰਾਂ ਸਣੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।