ਖੇਤਰੀ ਪ੍ਰਤੀਨਿਧ
ਪਟਿਆਲਾ, 19 ਅਗਸਤ
ਪਿਛਲੇ ਦਿਨੀ ਡਾਇਰੀਆ ਦੀ ਮਾਰ ਹੇਠ ਆਈ ਇਥੋਂ ਦੇ ਘਲੋੜੀ ਗੇਟ ਸਥਿਤ ਨਿਊ ਮਹਿੰਦਰਾ ਕਲੋਨੀ ਤੋਂ ਬਾਅਦ ਹੁਣ ਇਸ ਦੇ ਨਾਲ ਹੀ ਲੱਗਦੀ ‘ਪ੍ਰੇਮ ਕਲੋਨੀ’ ਵਿੱਚ ਵੀ ਡਾਇਰੀਆ ਨੇ ਦਸਤਕ ਦੇ ਦਿੱਤੀ ਹੈ। ਇਥੋਂ ਅੱਜ ਡਾਇਰੀਆ ਦੇ ਕੁਝ ਕੇਸ ਸਾਹਮਣੇ ਆਏ ਹਨ। ਇਸ ਤੋਂ ਤੁਰੰਤ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਹਰਕਤ ’ਚ ਆ ਗਏ। ਦੌਰਾ ਕਰਕੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਉਨ੍ਹਾ ਨੇ ਪ੍ਰਭਾਵਿਤ ਖੇਤਰ ’ਚ ਸਿਹਤ ਜਾਂਚ ਕੈਂਪ ਲਗਵਾ ਕੇ ਜਾਂਚ ਅਤੇ ਦਵਾਈਆਂ ਦੀ ਵੰਡ ਵੀ ਸ਼ੁਰੂ ਕਰਵਾ ਦਿੱਤੀ ਗਈ। ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਇਸ ਖੇਤਰ ’ਚ ਡਾਇਰੀਆ ਦੇ 13 ਮਰੀਜ਼ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਘਰ ਘਰ ਸਰਵੇ ਕਰਵਾਉਣ ’ਤੇ ਡਾਇਰੀਆ ਦੇ ਪੰਜ ਨਵੇਂ ਕੇਸ ਸਾਹਮਣੇ ਆਏ। ਜਿਨ੍ਹਾਂ ਵਿਚੋਂ ਦੋ ਨੂੰ ਹਸਪਤਾਲ਼ ਦਾਖਲ ਕਰਵਾਇਆ ਗਿਆ ਅਤੇ ਤਿੰਨ ਨੂੰ ਦਵਾਈ ਦੇ ਕੇ ਘਰ ਭੇਜ ਦਿਤਾ ਗਿਆ। ਇਸ ਤੋਂ ਪਹਿਲਾਂ ਹਸਪਤਾਲ ਵਿੱਚ ਦਾਖਲ਼ ਹੋਏ 8 ਵਿਚੋਂ ਵੀ ਅੱਜ ਦੋ ਮਰੀਜ਼ ਠੀਕ ਹੋਣ ’ਤੇ ਘਰ ਆ ਗਏ ਹਨ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਤੇ ਐੱਸਐੱਮਓ ਡਾ.ਕੁਸ਼ਲਦੀਪ ਦਾ ਕਹਿਣਾ ਸੀ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਦੂਜੇ ਬੰਨ੍ਹੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਦਾ ਕਹਿਣਾ ਸੀ ਕਿ ਨਗਰ ਨਿਗਮ ਵੱਲੋਂ ਇਲਾਕੇ ਦੇ ਲੋਕਾਂ ਨੂੰ ਟੈਂਕਰਾਂ ਰਾਹੀਂ ਵੀ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।