ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੁਲਾਈ
ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਪ੍ਰਾਪਤ 321 ਕੋਵਿਡ ਰਿਪੋਰਟਾਂ ਵਿੱਚੋਂ 11 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਵਿੱਚੋਂ 8 ਪਟਿਆਲਾ ਸ਼ਹਿਰ, 1 ਨਾਭਾ, 1 ਬਲਾਕ ਕਾਲੋਮਾਜਰਾ ਅਤੇ 1 ਬਲਾਕ ਕੌਲੀ ਨਾਲ ਸਬੰਧਿਤ ਹੈ। ਜ਼ਿਲ੍ਹੇ ਵਿੱਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 62,488 ਹੋ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜ਼ 60,934 ਹੈ। ਐਕਟਿਵ ਕੇਸਾਂ ਦੀ ਗਿਣਤੀ 96 ਹੈ। ਜ਼ਿਲ੍ਹੇ ਵਿੱਚ ਕੋਵਿਡ ਕਾਰਨ ਮੌਤਾਂ ਦੀ ਕੁੱਲ ਗਿਣਤੀ 1458 ਹੈ। ਉਧਰ ਅੱਜ 345 ਸੈਂਪਲ ਲਏ ਗਏ ਹਨ, ਹੁਣ ਤੱਕ ਜਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 12,60,923 ਸੈਂਪਲ ਲਏ ਜਾ ਚੁੱਕੇ ਹਨ।
ਅੱਜ ਜ਼ਿਲ੍ਹੇ ਵਿੱਚ 1764 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। 3 ਜੁਲਾਈ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ, ਸਮਾਣਾ ਦੇ ਸਬ ਡਿਵੀਜ਼ਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ, ਅਤੇ ਬਲਾਕ ਕੌਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ ਤੇ ਸ਼ੁਤਰਾਣਾ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਕੈਂਪ ਲਗਾ ਕੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਡਾ. ਰਾਜੂ ਧੀਰ ਨੇ ਪਟਿਆਲਾ ਵਾਸੀਆਂ ਨੂੰ ਐਡਵਾਈਜ਼ਰੀ ਦੇ ਤੌਰ ’ਤੇ ਦੱਸਿਆ ਕਿ ਮੌਜੂਦਾ ਹਾਲਾਤ ਵਿੱਚ ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਅਵੇਸਲੇ ਰਹਿਣਾ ਖਤਰਨਾਕ ਹੋ ਸਕਦਾ ਹੈ।