ਖੇਤਰੀ ਪ੍ਰਤੀਨਿਧ
ਪਟਿਆਲਾ, 29 ਸਤੰਬਰ
ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕਰਨ ਵਾਲੇ ਏ-ਕੈਟਾਗਰੀ ਦੇ 52 ਸੌ ਯੂਨਿਟ ਮਾਲਕਾਂ ਨੂੰ ਨਿਗਮ ਵੱਲੋਂ ਜਾਰੀ ਕੀਤੇ ਗਏ ਨੋਟਿਸ ਤੋਂ ਬਾਅਦ ਡਿਫਾਲਟਰ ਸੂਚੀ ਵਿੱਚੋਂ 3500 ਦੇ ਕਰੀਬ ਯੂਨਿਟ ਮਾਲਕਾਂ ਨੇ ਨਿਗਮ ਕੋਲ 1 ਕਰੋੜ 37 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ।
ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਨੇ ਵੀਰਵਾਰ ਸਵੇਰੇ ਪ੍ਰਾਪਰਟੀ ਟੈਕਸ ਸ਼ਾਖਾ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਾਪਰਟੀ ਟੈਕਸ ਰਿਟਰਨ ਭਰਨ ਆਏ ਲੋਕਾਂ ਦੇ ਨਾਲ-ਨਾਲ ਪ੍ਰਾਪਰਟੀ ਟੈਕਸ ਸ਼ਾਖਾ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਨਗਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਨਿਗਮ ਕਮਿਸ਼ਨਰ ਨੇ ਕਿਹਾ ਕਿ 30 ਸਤੰਬਰ ਤਕ ਪ੍ਰਾਪਰਟੀ ਟੈਕਸ ਰਿਟਰਨ ਵਿੱਚ 10 ਫੀਸਦੀ ਛੋਟ ਲੈਣ ਦੀ ਆਖਰੀ ਤਰੀਕ ਹੈ, ਇਸ ਤੋਂ ਬਾਅਦ 31 ਮਾਰਚ 2023 ਤੱਕ ਬਿਨਾਂ ਕਿਸੇ ਛੋਟ ਤੋਂ ਪ੍ਰਾਪਰਟੀ ਟੈਕਸ ਭਰਿਆ ਜਾ ਸਕੇਗਾ।ਉਨ੍ਹਾਂ ਕਿਹਾ ਕਿ ਚਾਲੂ ਮਾਲੀ ਸਾਲ ਲਈ ਪ੍ਰਾਪਰਟੀ ਟੈਕਸ ਲਈ 15 ਕਰੋੜ ਦਾ ਟੀਚਾ ਮਿੱਥਿਆ ਗਿਆ ਸੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਾਪਰਟੀ ਟੈਕਸ ਕੈਂਪਾਂ ਅਤੇ ਛੁੱਟੀਆਂ ਦੌਰਾਨ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਦੀ ਸਹੂਲਤ ਪ੍ਰਦਾਨ ਕਰਕੇ ਨਿਗਮ ਨੇ ਆਪਣੇ ਟੀਚੇ ਵਿੱਚੋਂ 12 ਕਰੋੜ ਦਾ ਪ੍ਰਾਪਰਟੀ ਟੈਕਸ ਹਾਸਲ ਕਰ ਲਿਆ ਹੈ। ਬੀਤੇ ਸ਼ਨਿੱਚਰਵਾਰ, ਐਤਵਾਰ ਅਤੇ ਸੋਮਵਾਰ ਨੂੰ ਛੁੱਟੀ ਵਾਲੇ ਦਿਨਾਂ ਦੌਰਾਨ ਨਿਗਮ ਕੋਲ 25 ਲੱਖ ਪ੍ਰਾਪਰਟੀ ਟੈਕਸ ਜਮ੍ਹਾਂ ਹੋਇਆ। ਇਸੇ ਹਫਤੇ ਮੰਗਲਵਾਰ ਨੂੰ 54 ਲੱਖ ਅਤੇ ਬੁੱਧਵਾਰ ਨੂੰ 1 ਕਰੋੜ ਰੁਪਏ ਪ੍ਰਾਪਰਟੀ ਟੈਕਸ ਜਮ੍ਹਾਂ ਹੋਇਆ, ਜੋ ਰਿਕਾਰਡ ਹੈ। ਪ੍ਰਾਪਰਟੀ ਟੈਕਸ ਸ਼ਾਖਾ ਦੇ ਸੁਪਰਡੈਂਟ ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਬਹੁਤ ਸਾਰੇ ਲੋਕ ਚਾਹੁੰਦੇ ਹੋਏ ਵੀ ਪ੍ਰਾਪਰਟੀ ਟੈਕਸ ਨਹੀਂ ਭਰ ਸਕੇ। ਦੋ ਸਾਲਾਂ ਤੋਂ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕਰਨ ਕਾਰਨ ਉਸ ਦੇ ਬਕਾਇਆ ਪ੍ਰਾਪਰਟੀ ਟੈਕਸ ’ਤੇ ਵਿਆਜ ਦੇ ਨਾਲ-ਨਾਲ ਜੁਰਮਾਨਾ ਵੀ ਵਧਦਾ ਜਾ ਰਿਹਾ ਸੀ। ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਏ-ਕੈਟਾਗਰੀ ਅਧੀਨ ਆਉਂਦੇ 52 ਸੌ ਯੂਨਿਟ ਮਾਲਕਾਂ ਨੂੰ ਸੂਚਨਾ ਨੋਟਿਸ ਜਾਰੀ ਕੀਤੇ ਗਏ ਹਨ। ਨੋਟਿਸ ਜਾਰੀ ਹੋਣ ਤੋਂ ਬਾਅਦ ਕਰੀਬ 3500 ਯੂਨਿਟ ਮਾਲਕਾਂ ਨੇ ਨਿਗਮ ਪਹੁੰਚ ਕੇ 1 ਕਰੋੜ 37 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਏ-ਕੈਟਾਗਰੀ ਦੇ ਬਕਾਏ ਮਿਲਣ ਤੋਂ ਬਾਅਦ ਉਹ ਬੀ- ਅਤੇ ਸੀ-ਸ਼੍ਰੇਣੀ ਦੇ ਪ੍ਰਾਪਰਟੀ ਟੈਕਸ ਦੇ ਬਕਾਏ ਵਸੂਲਣ ਲਈ ਨੋਟਿਸ ਜਾਰੀ ਕਰਨਗੇ। ਨਗਰ ਨਿਗਮ ਕਮਿਸ਼ਨਰ ਆਦਿਤਿਆ ਉੱਪਲ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਸਾਲ ਲਈ 30 ਸਤੰਬਰ 2022 ਤੱਕ ਪ੍ਰਾਪਰਟੀ ਟੈਕਸ ਭਰਨ ‘ਤੇ 10 ਫੀਸਦੀ ਛੋਟ ਦਾ ਲਾਭ ਹੀ ਲਿਆ ਜਾ ਸਕਦਾ ਹੈ।