ਪਾਠਕਾਂ ਦੇ ਖ਼ਤ:
ਸਿੱਖਿਆ ਦਾ ਸਹੀ ਢਾਂਚਾ ਲਾਜ਼ਮੀ
ਐਤਵਾਰ, 21 ਮਈ 2023 ਦੇ ‘ਨਜ਼ਰੀਆ’ ਪੰਨੇ ’ਤੇ ਅਵੀਜੀਤ ਪਾਠਕ ਦਾ ਲੇਖ ‘ਵਿਚਾਰਧਾਰਾ ਦੀ ਕਸ਼ਮਕਸ਼ ਤੋਂ ਪਾਰ’ ਪੜ੍ਹਿਆ ਤਾਂ ਮਹਿਸੂਸ ਕੀਤਾ ਕਿ ਕਲਾਸ ਰੂਮਾਂ ਦਾ ਮਾਹੌਲ ਨੰਬਰਾਂ ਦੀ ਦੌੜ ਲਈ ਬਾਖ਼ੂਬੀ ਤਿਆਰ ਹੈ, ਪਰ ਇਹ ਸਿੱਖਿਆ ਦੇ ਕੱਦ ਨੂੰ ਬੌਣਾ ਕਰ ਰਹੇ ਹਨ। ਕੱਲ੍ਹ ਨੂੰ ਸੂਰਜ ਬਣਨ ਵਾਲੇ ਚਿਹਰਿਆਂ ’ਤੇ ਨਿਰੀ ਨਿਰਾਸ਼ਾ ਹੈ। ਲੇਖਕ ਅਨੁਸਾਰ ਜੇ ਇਨ੍ਹਾਂ ਨੂੰ ਸਹੀ ਢੰਗ ਨਾਲ ਤਿਆਰ ਕੀਤਾ ਜਾਵੇ ਤਾਂ ਅਥਾਹ ਸ਼ਕਤੀ ਵਾਲੇ ਸੂਰਜਾਂ ਨੂੰ ਕੋਈ ਨਹੀਂ ਰੋਕ ਸਕਦਾ।
ਮੌਸਮ ਗੋਰਸੀ, ਈ-ਮੇਲ
ਦ੍ਰਿੜ੍ਹ ਇਰਾਦੇ ਦਾ ਨਤੀਜਾ ਸਫ਼ਲਤਾ
ਐਤਵਾਰ, 14 ਮਈ ਦੇ ‘ਦਸਤਕ’ ਅੰਕ ਦੇ ਕਾਲਮ ‘ਸੁਖ਼ਨ ਭੋਇੰ’ ਵਿੱਚ ਡਾ. ਬਲਦੇਵ ਸਿੰਘ ਧਾਲੀਵਾਲ ਦੇ ਲੇਖ ਵਿੱਚ ਲੇਖਕ ਦੇ ਨਿੱਜੀ ਤਜ਼ਰਬੇ ਪੜ੍ਹੇ। ਇਨ੍ਹਾਂ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਜੀਵਨ ਵਿੱਚ ਮੁਸੀਬਤਾਂ ਆਉਂਦੀਆਂ ਹਨ, ਪਰ ਸਾਨੂੰ ਆਪਣਾ ਇਰਾਦਾ ਦ੍ਰਿੜ੍ਹ ਰੱਖਣਾ ਚਾਹੀਦਾ ਹੈ ਜਿਸ ਨਾਲ ਸਫ਼ਲਤਾ ਮਿਲਦੀ ਹੈ। ਲੇਖ ਪੜ੍ਹ ਕੇ ਜ਼ਿੰਦਗੀ ਬਾਰੇ ਵੀ ਸੇਧ ਵੀ ਮਿਲੀ।
ਮਨਪ੍ਰੀਤ ਸਿੰਘ, ਸੋਥਾ (ਸ੍ਰੀ ਮੁਕਤਸਰ ਸਾਹਿਬ)
ਸੰਵਿਧਾਨਕ ਨਿਯਮਾਂ ਦੀ ਉਲੰਘਣਾ ਨਾ ਹੋਵੇ
14 ਮਈ ਦੀ ਸੰਪਾਦਕੀ ‘ਕਰਨਾਟਕ ਦੀ ਜਿੱਤ’ ਵਿੱਚ ਫ਼ਿਰਕੂ ਸਿਆਸਤ ਨੂੰ ਨਕਾਰਿਆ ਗਿਆ ਹੈ। ਇਸ ਪੱਖੋਂ ਕਰਨਾਟਕ ਦੇ ਲੋਕ ਰਾਜਸੀ ਤੌਰ ’ਤੇ ਵੱਧ ਚੇਤੰਨ ਸਾਬਿਤ ਹੋਏ ਹਨ ਕਿ ਉਨ੍ਹਾਂ ਨੇ ਕਰਨਾਟਕ ਨੂੰ ਤੋੜਨ ਵਰਗੇ ਝੂਠੇ ਅਤੇ ਫ਼ਿਰਕੂ ਪ੍ਰਚਾਰ ਨੂੰ ਅਣਗੌਲਿਆਂ ਕਰ ਦਿੱਤਾ। ਸਾਡੇ ਸਾਹਮਣੇ ਵੱਡਾ ਸਵਾਲ ਇਹ ਵੀ ਹੈ ਕਿ ਚੁਣਿਆ ਹੋਇਆ ਲੋਕ ਪ੍ਰਤੀਨਿਧ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸੇ ਇਕ ਵਿਸ਼ੇਸ਼ ਸਿਆਸੀ ਪਾਰਟੀ, ਵਰਗ, ਧਰਮ, ਜਾਤ ਜਾਂ ਸੂਬੇ ਦਾ ਪ੍ਰਧਾਨ ਮੰਤਰੀ ਨਹੀਂ ਰਹਿ ਜਾਂਦਾ, ਪਰ ਅਜੋਕੇ ਸਿਆਸਤਦਾਨ ਇਸ ਗੱਲੋਂ ਨੂੰ ਅੱਖੋਂ-ਪਰੋਖੇ ਕਰਦੇ ਜਾਪਦੇ ਹਨ। ਸੰਵਿਧਾਨ ਵਿੱਚ ਦਰਜ ਬਰਾਬਰੀ, ਵਿਕਾਸ, ਧਰਮ ਨਿਰਪੱਖਤਾ ਅਤੇ ਸਮਾਜਿਕ ਨਿਆਂ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਫ਼ਿਰਕੂ ਰਾਜਨੀਤੀ ਰਾਹੀਂ ਵੋਟਰਾਂ ਨੂੰ ਗੁੰਮਰਾਹ ਕਰਨਾ ਸਿਆਸੀ ਬੇਈਮਾਨੀ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਵਹਿਮ-ਭਰਮ
25 ਮਈ ਦੇ ਨਜ਼ਰੀਆ ਪੰਨੇ ’ਤੇ ਰਣਜੀਤ ਲਹਿਰਾ ਦੀ ਲਿਖਤ ‘ਜਦੋਂ ਪੰਡਤ ਨੇ ਪੱਤਰਾ ਨਾ ਖੋਲ੍ਹਿਆ’ ਪੜ੍ਹੀ ਤਾਂ ਸੱਚੀਂ ਲੱਗਿਆ ਕਿ ਲੋਕ ਅੱਜ ਵੀ ਵਹਿਮਾਂ-ਭਰਮਾਂ ਵਿਚ ਫਸੇ ਹੋਏ ਹਨ। ਪੜ੍ਹੇ ਲਿਖੇ ਲੋਕ ਭਰਮਾਂ ਵਿਚ ਸਗੋਂ ਜ਼ਿਆਦਾ ਫਸ ਜਾਂਦੇ ਹਨ। ਲੋਕ ਕਿਸੇ ਗ਼ਰੀਬ ਨੂੰ ਮਦਦ ਦੇਣ ਨਾਲੋਂ ਪੰਡਤਾਂ ਜਾਂ ਬਾਬਿਆਂ ਦੇ ਕਹਿਣ ’ਤੇ ਹਜ਼ਾਰਾਂ ਰੁਪਿਆਂ ਦਾ ਸਮਾਨ ਨਦੀਆਂ ਨਹਿਰਾਂ ਵਿਚ ਰੋੜ੍ਹ ਦਿੰਦੇ ਹਨ। ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ ਦੇਣ ਨਾਲੋਂ ਪੰਡਤਾਂ, ਬਾਬਿਆਂ ਅੱਗੇ ਲੱਖਾਂ ਰੁਪਏ ਦਾ ਚੜ੍ਹਾਵਾ ਚੜ੍ਹਾਉਂਦੇ ਹਨ। ਅੱਜ ਜਿੱਥੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਹੋਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਸੋਸ਼ਲ ਮੀਡੀਆ ’ਤੇ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਵੀ ਕੀਤਾ ਜਾ ਰਿਹਾ ਹੈ। ਹੁਣ ਨਵੀਂ ਪੀੜ੍ਹੀ ਨੂੰ ਸਮਝਦਾਰ ਹੋ ਕੇ ਇਨ੍ਹਾਂ ਪਾਖੰਡਾਂ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ। ਨੌਜਵਾਨ ਪੀੜ੍ਹੀ ਸਮਝਦਾਰ ਹੋਵੇਗੀ ਤਾਂ ਉਹ ਅੱਗੇ ਹੋਰ ਲੋਕਾਂ ਨੂੰ ਸਮਝਾ ਸਕੇਗੀ ਅਤੇ ਸਮਾਜ ਵਿਚ ਸੁਧਾਰ ਕਰ ਸਕਣਗੇ।
ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ
‘ਜੋੜੀ’ ਦੀਆਂ ਰੌਣਕਾਂ
20 ਮਈ ਨੂੰ ਸਤਰੰਗ ਪੰਨੇ ਉੱਤੇ ਅੰਗਰੇਜ਼ ਸਿੰਘ ਵਿਰਦੀ ਦਾ ਲੇਖ ‘ਜੋੜੀ ਨੇ ਲਾਈਆਂ ਰੌਣਕਾਂ’ ਪੜ੍ਹਿਆ। ਇਸ ਫ਼ਿਲਮ ਨੇ ਚਮਕੀਲੇ ਦੀਆਂ ਯਾਦਾਂ ਇਕ ਵਾਰ ਫਿਰ ਤਾਜ਼ਾ ਕਰ ਦਿੱਤੀਆਂ। ਚਮਕੀਲੇ ਦੀ ਗਾਇਕੀ ਬਾਰੇ ਵਿਚਾਰਧਾਰਕ ਕਸ਼ਮਕਸ਼ ਸਦਾ ਚੱਲਦੀ ਰਹੀ ਹੈ ਪਰ ਜਿਸ ਤਰ੍ਹਾਂ ਉਹ ਗ਼ੁਰਬਤ ਦੀ ਜ਼ਿੰਦਗੀ ਵਿਚੋਂ ਨਿਕਲ ਕੇ ਲੋਕ ਮਨਾਂ ’ਤੇ ਛਾਇਆ, ਇਹ ਮਿਹਨਤ ਹੀ ਸਫ਼ਲਤਾ ਦੀ ਲਾਮਿਸਾਲ ਉਦਾਹਰਨ ਸੀ। ਉਸ ਨੇ ਜੋ ਗਾਇਆ, ਉਹ ਲੋਕਾਂ ਦੇ ਮੂੰਹ ’ਤੇ ਚੜ੍ਹ ਗਿਆ। ਲੇਖਣੀ ਵਿਚ ਕਮਾਲ, ਦਮਦਾਰ ਆਵਾਜ਼ ਤੇ ਹਿੱਕ ਦੇ ਜ਼ੋਰ ਦੀ ਪੇਸ਼ਕਾਰੀ ਦੀ ਸਿਰ ’ਤੇ ਉਸ ਨੇ ਸਮਕਾਲੀ ਗਾਇਕੀ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਤੇ ਚਮਕੀਲੇ ਦੀਆਂ ਲੱਤਾਂ ਖਿੱਚਣ ਦਾ ਦੌਰ ਸ਼ੁਰੂ ਹੋ ਗਿਆ। ਆਖ਼ਰਕਾਰ ਅਸ਼ਲੀਲਤਾ ਦੇ ਇਲਜ਼ਾਮ ਲਗਾ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ।
ਕੁਲਵਿੰਦਰ ਸਿੰਘ, ਦੂਹੇਵਾਲਾ
ਜ਼ਿੰਦਗੀ ਬਨਾਮ ਇਤਫ਼ਾਕ
ਜਸਵਿੰਦਰ ਸੁਰਗੀਤ ਦਾ ਮਿਡਲ ‘ਮੈਲਾ ਬੋਲ’ (17 ਮਈ) ਪੜ੍ਹ ਕੇ ਤਾਇਆ ਹੁਕਮਾ ਚੇਤੇ ਆ ਗਿਆ। ਤਾਇਆ ਫ਼ੌਜ ’ਚੋਂ ਸੇਵਾਮੁਕਤ ਹੋਇਆ ਸੀ। ਸੇਵਾਮੁਕਤੀ ਤੋਂ ਬਾਅਦ ਨਵੀਂ ਬਣੀ ਬੱਦੋਵਾਲ ਛਾਉਣੀ ’ਚ ਨੌਕਰੀ ਮਿਲ ਗਈ। ਉਹ ਮੂੰਹ ਹਨੇਰੇ ਉੱਠਦਾ, ਪਹਿਲਾਂ ਸਿਰੇ ਤੋਂ ਲੈ ਕੇ ਅਖ਼ੀਰ ਤਕ ਲੰਮੇ ਡੰਡੇ ਮੂਹਰੇ ਖੁਰਪਾ ਲੱਗੇ ਸੰਦ ਨਾਲ ਨਾਲੀ ਸਾਫ਼ ਕਰਦਾ। ਫਿਰ ਪਿੰਡ ਦੇ ਵਿਚਾਲੇ ਤੋਂ ਲੈ ਕੇ ਬਾਜ਼ਾਰ ਵਿਚਲੀ ਨਾਲੀ ਸਾਫ਼ ਕਰਦਾ। ਕੱਢੇ ਹੋਏ ਗੰਦ ਨੂੰ ਜਮਾਂਦਾਰ ਚੁੱਕ ਕੇ ਲੈ ਜਾਂਦੇ। ਮੇਰੇ ਨਾਲ ਉਸ ਦਾ ਸਹਿਚਾਰ ਮੇਰੇ ਲੇਖਕ ਹੋਣ ਕਰ ਕੇ ਸੀ। ਵਿਹਲੇ ਸਮੇਂ ਉਹ ਫ਼ੌਜ ਦੀਆਂ ਕਹਾਣੀਆਂ ਸੁਣਾਉਂਦਾ ਜੋ ਮੇਰੇ ਕਹਾਣੀ ਲਿਖਣ ਵਿਚ ਬੜੀਆਂ ਸਹਾਈ ਹੁੰਦੀਆਂ। ਜਦੋਂ ਮੈਂ ਆਪਣੀ ਡਿਊਟੀ ਵਾਲੇ ਸ਼ਹਿਰ ਫਰੀਦਕੋਟ ਜਾਣ ਲੱਗਿਆ ਤਾਂ ਤਾਏ ਨੇ ਤਾਕੀਦ ਕੀਤੀ ਕਿ ਅਗਲੇ ਜੁੰਮੇ ਨੂੰ ਜ਼ਰੂਰ ਆਈਂ। ਮੈਂ ਵਾਅਦਾ ਕਰ ਲਿਆ। ਜਦੋਂ ਜੁੰਮੇ ਵਾਲੇ ਦਿਨ ਪਿੰਡ ਪਹੁੰਚਿਆ ਤਾਂ ਸੋਚਿਆ, ਤਾਏ ਨੂੰ ਸਵੇਰੇ ਹੀ ਮਿਲਾਂਗਾ। ਅਗਲੀ ਸਵੇਰ ਪਤਾ ਲੱਗਿਆ ਕਿ ਹੁਕਮਾ ਤਾਂ ਇਸ ਸੰਸਾਰ ਤੋਂ ਤੁਰ ਗਿਆ ਹੈ। ਘਰ ਵਾਲਿਆਂ ਨੇ ਦੱਸਿਆ ਕਿ ਉਹ ਸਵੇਰੇ ਛਾਉਣੀ ਵਾਲੇ ਸਾਰੇ ਸਾਥੀਆਂ ਨੂੰ ਮਿਲ ਕੇ ਆਇਆ ਸੀ। ਰਾਤ ਨੂੰ ਸਾਗ ਨਾਲ ਮੱਕੀ ਦੀਆਂ ਰੋਟੀਆਂ ਵੀ ਖਾਧੀਆਂ। ਸੁੱਤਾ ਪਿਆ ਹੀ ਭੌਰ ਉਡਾਰੀ ਮਾਰ ਗਿਆ। ਮਿਡਲ ਵਿਚਲੀ ਕੁੜੀ ਮਨ ਵਿਚ ਭੈੜੇ ਖਿਆਲ ਆਉਣ ਕਰ ਕੇ ਸਕੂਲ ਨਹੀਂ ਜਾਂਦੀ ਪਰ ਤਾਇਆ ਮੌਤ ਦੇ ਅਚੇਤ ਖਿਆਲ ਕਰ ਕੇ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਦਾ ਜ਼ੁਬਾਨੀ ਹੁਕਮ ਕਰਦਾ ਹੈ।
ਮਲਕੀਤ ਦਰਦੀ, ਲੁਧਿਆਣਾ
ਦੋ ਹਜ਼ਾਰੀ ਮਕਸਦ
2000 ਦਾ ਨੋਟ ਛਾਪਣ ਪਿੱਛੇ ਮਕਸਦ ਕੀ ਸੀ ਅਤੇ ਇਸ ਦੇ ਆਉਣ ਨਾਲ ਕਿਸ ਕਿਸ ਨੂੰ ਲਾਭ ਹੋਇਆ ਸੀ? ਤਾਜ਼ੀ ਗੱਲ, ਹੁਣ ਇਸ ਨੂੰ ਵਾਪਸ ਲੈਣ ਨਾਲ ਕਿਸ ਕਿਸ ਨੂੰ ਮੁਨਾਫ਼ਾ ਹੋਵੇਗਾ ! ਅਜਿਹੀ ਕਿਹੜੀ ਡਾਢੀ ਮੁਸੀਬਤ ਸਿਰ ’ਤੇ ਆਣ ਪਈ ਕਿ ਕਰੰਸੀ ਬਦਲਣ ਅਤੇ ਵਾਪਸ ਕਰਨ ਲਈ ਗਰਮੀ ਵਾਲਾ ਮੌਸਮ ਹੀ ਚੁਣਿਆ? ਲੈਣ-ਦੇਣ ਦੇ ਵਾਧੂ ਬਖੇੜੇ ’ਚ ਬੈਂਕ ਵੀ ਕਿਉਂ ਖ਼ਾਮੋਸ਼ ਨੇ? 2000 ਦਾ ਨੋਟ ਜਦੋਂ ਬਾਜ਼ਾਰ ਵਿਚ ਆਇਆ ਸੀ, ਵਸੋਂ ਕੋਲ ਖਰੀਦ ਸ਼ਕਤੀ ਸੀ, ਰੁਜ਼ਗਾਰ ਸੀ; ਅੱਜ ਦੋਵੇਂ ਸ਼ਕਤੀਆਂ ਖਲਾਸ ਨੇ, ਵਰਕਰ ਤਾਂ ਕੰਮ ਵੀ ਪਹਿਲਾਂ ਤੋਂ ਵੱਧ ਘੰਟੇ ਕਰ ਰਹੇ ਹਨ। ਜੇ ਸਿਰਮੌਰ ਨੋਟ ਹੀ ਖ਼ਜ਼ਾਨੇ ’ਚ ਲੁਕ ਗਿਆ ਤਾਂ ਛੋਟੀ ਰੋਕੜ ਦਾ ਕੀ ਹਸ਼ਰ ਹੋਵੇਗਾ?
ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ
ਕੁਦਰਤ ਦੀ ਖ਼ੂਬਸੂਰਤੀ
10 ਮਈ ਨੂੰ ਛਪਿਆ ਲੇਖ ‘ਬੌਸ ਥਰਟੀ ਨਾਈਟ’ ਵਿਚ ਰਿਪਨਜੋਤ ਕੌਰ ਸੋਨੀ ਬੱਗਾ ਨੇ ਕੁਦਰਤੀ ਖ਼ੂਬਸੂਰਤੀ ਦਾ ਦਿਲਕਸ਼ ਨਜ਼ਾਰਾ ਪੇਸ਼ ਕੀਤਾ। ਕੁਦਰਤ ਤੋਂ ਬੇਮੁੱਖ ਹੋਇਆ ਇਨਸਾਨ ਜੀਵਨ ਦੀਆਂ ਅਸਲ ਖ਼ੁਸ਼ੀਆਂ ਮਾਨਣ ਤੋਂ ਵਾਂਝਾ ਰਹਿ ਜਾਂਦਾ ਹੈ। ਕੁਦਰਤ ਹੀ ‘ਪਰਮਾਤਮਾ’ ਦਾ ਅਸਲੀ ਰੂਪ ਹੈ। ਕੁਦਰਤ ਨੂੰ ਪਿਆਰ ਕਰਨ ਵਾਲੇ ਬੰਦੇ ਨੂੰ ਕੁਦਰਤ ਵੱਲੋਂ ਅਥਾਹ ਮੁਹੱਬਤ ਮਿਲਦੀ ਹੈ। ਰੁੱਖਾਂ ਨਾਲ ਇਨਸਾਨ ਦਾ ਰਿਸ਼ਤਾ ਬੜਾ ਹੀ ਸੰਵੇਦਨਸ਼ੀਲ ਹੁੰਦਾ ਹੈ। ਬਿਰਖ ਜ਼ਬਾਨ ਦੀ ਨਹੀਂ ਸਗੋਂ ਭਾਵਨਾਵਾਂ ਦੀ ਭਾਸ਼ਾ ਰਾਹੀਂ ਸਾਡੇ ਨਾਲ ਸੰਪਰਕ ਕਰਦੇ ਹਨ। ਸਾਨੂੰ ਨਾ ਸਿਰਫ਼ ਕੁਦਰਤ ਨਾਲ ਮੁਹੱਬਤ ਅਤੇ ਨੇੜਤਾ ਬਣਾਈ ਰੱਖਣੀ ਚਾਹੀਦੀ ਹੈ ਸਗੋਂ ਆਪਣੇ ਬੱਚਿਆਂ ਨੂੰ ਵੀ ਜੀਵਨ ’ਚ ਕੁਦਰਤ ਨਾਲ ਨੇੜਤਾ ਬਣਾਈ ਰੱਖਣ ਦੀ ਜਾਚ ਸਿਖਾਉਣੀ ਚਾਹੀਦੀ ਹੈ।
ਸੁਖਪਾਲ ਕੌਰ, ਚੰਡੀਗੜ੍ਹ
ਦੁਰਲੱਭ ਗੀਤਾਂ ਦੀ ਲਾਇਬ੍ਰੇਰੀ
20 ਮਈ ਦੇ ਸਤਰੰਗ ਪੰਨੇ ’ਤੇ ਬਲਦੇਵ ਸਿੰਘ ਸੜਕਨਾਮਾ ਦਾ ਲੇਖ ‘ਦੁਰਲੱਭ ਗੀਤਾਂ ਦੀ ਲਾਇਬ੍ਰੇਰੀ ‘ਗੁਰਮੁਖ ਸਿੰਘ ਲਾਲੀ’ ਪੜ੍ਹ ਕੇ ਜਿੱਥੇ ਅਥਾਹ ਖ਼ੁਸ਼ੀ ਹੋਈ, ਉੱਥੇ ਇਸ ਗੱਲੋਂ ਪ੍ਰੇਸ਼ਾਨੀ ਵੀ ਹੋਈ ਕਿ ਲੰਘੇ ਸਮੇਂ ਦੇ ਮੁੱਖ ਮੰਤਰੀਆਂ ਅਤੇ ਬਹੁਤ ਸਾਰੇ ਰਾਜਨੀਤਕ ਨੇਤਾਵਾਂ ਨੇ ਉਸ ਕੋਲ ਆਉਣ ਦੇ ਬਾਵਜੂਦ ਲਾਲੀ ਦੇ ਸ਼ਾਨਦਾਰ ਕੰਮ ਨੂੰ ਕਿਸੇ ਯੂਨੀਵਰਸਿਟੀ ਦੁਆਰਾ ਸਾਂਭਣ ਦਾ ਉਪਰਾਲ ਕਿਉਂ ਨਹੀਂ ਕਰਵਾਇਆ ਗਿਆ? ਉਸ ਕੋਲ ਗਰਾਮੋਫੋਨ ’ਤੇ ਵੱਜਣ ਵਾਲੇ ਬੱਤੀ ਹਜ਼ਾਰ ਤੋਂ ਵੱਧ ਰਿਕਾਰਡ ਹਨ ਜਿਨ੍ਹਾਂ ਵਿਚ ਪੰਜ ਹਜ਼ਾਰ ਪਾਕਿਸਤਾਨੀ ਗਾਇਕਾਂ ਦੇ ਗਾਣਿਆਂ ਦੇ ਰਿਕਾਰਡ ਵੀ ਹਨ। ਉਹ ਪੂਰੇ ਭਾਰਤ ਵਿਚ ਕਈ ਸਾਹਿਤਕ ਅਤੇ ਸਭਿਆਚਾਰਕ ਜਥੇਬੰਦੀਆਂ ਦਾ ਸਰਗਰਮ ਮੈਂਬਰ ਹੈ। ਉਸ ਦੀ ਲਾਇਬ੍ਰੇਰੀ ਤਵਿਆਂ ਤੋਂ ਬਿਨਾ ਲੱਖਾਂ ਦੀ ਕੀਮਤ ਵਾਲੇ ਦੁਰਲੱਭ ਗਰਾਮੋਫ਼ੋਨਾਂ, ਰੇਡੀਓਜ਼, ਡੈੱਕਾਂ ਅਤੇ ਮਹਿੰਗੇ ਸਪੀਕਰਾਂ ਨਾਲ ਭਰੀ ਹੋਈ ਹੈ। ਉਸ ਨੇ ਦੇਸ਼ ਅਤੇ ਵਿਦੇਸ਼ ਦੀਆਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਹਸਤੀਆਂ ਦੇ ਭਾਸ਼ਣਾਂ ਦੇ ਸੈਂਕੜੇ ਰਿਕਾਰਡ ਸਾਂਭੇ ਹੋਏ ਹਨ। ਉਹ ਆਪਣੇ ਕੰਮ ਲਈ ਸਿਖ਼ਰਲੇ ਇਨਾਮ ਪ੍ਰਾਪਤ ਕਰ ਚੁੱਕਾ ਹੈ। ਬੈਂਕ ਮੈਨੇਜਰ ਦੀ ਪਦਵੀ ਤੋਂ ਰਿਟਾਇਰ ਹੋਣ ਮਗਰੋਂ ਵੀ ਉਸ ਦਾ ਕੰਮ ਜਾਰੀ ਹੈ। ਮੇਰੀ ਕਲਾਕਾਰ ਰਹੇ ਮੌਜੂਦਾ ਮੁੱਖ ਮੰਤਰੀ ਨੂੰ ਗੁਜ਼ਾਰਿਸ਼ ਹੈ ਕਿ ਉਹ ਲਾਲੀ ਨੂੰ ਨਿਵਾਜੇ ਅਤੇ ਉਸ ਦੇ ਅਨਮੋਲ ਖਜ਼ਾਨੇ ਨੂੰ ਸੰਭਾਲਣ ਲਈ ਬਣਦਾ ਫਰਜ਼ ਅਦਾ ਕਰੇ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
ਦਲਿਤਾਂ ਲਈ ਜ਼ਮੀਨ ਦੀ ਬੋਲੀ
23 ਮਈ ਦੇ ਅੰਕ ’ਚ ਸਫ਼ਾ 5 ’ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਪਟਿਆਲਾ ਦੇ ਡੀਸੀ ਖ਼ਿਲਾਫ਼ ਸਖ਼ਤ ਹੋਣ ਦੀ ਖ਼ਬਰ ਸੀ। ਸਬੰਧਿਤ ਪਿੰਡਾਂ ਵਿਚ ਜਾਤੀ ਰੰਜ਼ਿਸ਼ ਵਾਲਾ ਮਾਹੌਲ ਬਣਦਾ ਰਿਹਾ ਹੈ। ਦਲਿਤਾਂ ਨੂੰ ਠੇਕੇ ਜਾਂ ਪਟੇ ’ਤੇ ਜ਼ਮੀਨ ਦੇਣ ਵੇਲੇ ਬੋਲੀ ਕਰਨ ਦੀ ਥਾਂ ਵਾਜਿਬ ਰੇਟ ਰੱਖ ਕੇ ਡਰਾਅ ਰਾਹੀਂ ਜ਼ਮੀਨ ਦਿੱਤੀ ਜਾ ਸਕਦੀ ਹੈ। ਮੁੱਖ ਉਦੇਸ਼ ਅਨਪੜ੍ਹ ਦਲਿਤਾਂ ਨੂੰ ਰੁਜ਼ਗਾਰ ਦੇਣ ਦਾ ਹੀ ਹੋਣਾ ਚਾਹੀਦਾ ਹੈ। ਸਰਕਾਰ ਵੱਲੋਂ ਦਲਿਤਾਂ ਪਾਸੋਂ ਬੋਲੀ ਰਾਹੀਂ ਵੱਧ ਰਕਮ ਹਾਸਿਲ ਕਰਨ ਅਤੇ ਵਾਹੁਣ ਲਈ ਆਪਣੇ ਹਿੱਸੇ ਦੀ ਜ਼ਮੀਨ ਲੈਣ ਵਾਸਤੇ ਇਨ੍ਹਾਂ ਨੂੰ ਖ਼ੂਨੀ ਸੰਘਰਸ਼ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
ਸੋਹਣ ਲਾਲ ਗੁਪਤਾ, ਪਟਿਆਲਾ
ਰੇਡੀਓ ਦੀ ਸ਼ਾਨ
16 ਮਈ ਦੇ ਨਜ਼ਰੀਆ ਪੰਨੇ ’ਤੇ ਅਵਤਾਰ ਸਿੰਘ ਦਾ ਲੇਖ ‘ਪੰਝੱਤਰ ਸਾਲ ਅਕਾਸ਼ਵਾਣੀ ਜਲੰਧਰ ਨਾਲ’ ਪੜ੍ਹਿਆ ਤੇ ਰੇਡੀਓ ਨਾਲ ਜੁੜੀਆਂ ਅਨੇਕਾਂ ਯਾਦਾਂ ਨੇ ਆਣ ਦਸਤਕ ਦਿੱਤੀ। ਅਸੀਂ ਰੇਡੀਓ ਤੋਂ ਪ੍ਰਸਾਰਿਤ ਹੋਣ ਵਾਲਾ ਹਰ ਪ੍ਰੋਗਰਾਮ- ਭੈਣਾਂ ਦਾ, ਭਾਈਆਂ ਦਾ, ਕਿਸਾਨਾਂ ਲਈ, ਨਾਟਕ, ਗੀਤਾਂ ਭਰੀ ਕਹਾਣੀ ਤੇ ਫਿਲਮੀ ਪੰਜਾਬੀ ਗਾਣੇ ਆਦਿ ਸੁਣਨ ਲਈ ਰੇਡੀਓ ਦੁਆਲੇ ਬੈਠ ਜਾਈਦਾ ਸੀ। 1960ਵਿਆਂ ਵਿਚ ਜਦੋਂ ਹਰਾ ਇਨਕਲਾਬ ਜ਼ੋਰਾਂ ’ਤੇ ਸੀ, ਸਰਕਾਰ ਨੇ ਪੰਚਾਇਤਾਂ ਨੂੰ ਬੈਟਰੀ ਨਾਲ ਚੱਲਦੇ ਰੇਡੀਓ ਜਿਸ ’ਤੇ ਕੇਵਲ ਇਕੋ ਸਟੇਸ਼ਨ ਆਲ ਇੰਡੀਆ ਰੇਡੀਓ ਜਲੰਧਰ ਹੀ ਵੱਜਦਾ ਸੀ, ਦਿੱਤੇ। ਸਾਡਾ ਘਰ ਪਿੰਡ ਦੀ ਇਕ ਨੁੱਕਰ ਵਿਚ ਸਭ ਤੋਂ ਉੱਚਾ ਹੋਣ ਕਰ ਕੇ ਪੰਚਾਇਤੀ ਰੇਡੀਓ ਸਾਡੇ ਘਰ ਚੁਬਾਰੇ ’ਤੇ ਰੱਖਿਆ ਹੋਇਆ ਸੀ ਤੇ ਅਵਾਜ਼ ਸਾਰੇ ਪਿੰਡ ’ਚ ਜਾਣ ਲਈ ਸਪੀਕਰ ਉੱਪਰ ਬਨੇਰੇ ਨਾਲ ਲਗਾਇਆ ਸੀ। ਇਸ ਨੂੰ ਸਮੇਂ ਸਿਰ ਚਲਾਉਣ ਦੀ ਡਿਊਟੀ ਮੇਰੀ ਹੀ ਹੁੰਦੀ ਸੀ। ਰੇਡੀਓ ਸਾਰੇ ਪਿੰਡ ਵਾਸਤੇ ਜਾਣਕਾਰੀ, ਮਨਪ੍ਰਚਾਵੇ ਖ਼ਾਸਕਰ ਖੇਤੀਬਾੜੀ ਬਾਰੇ ਨਵੀਂ ਜਾਣਕਾਰੀ ਦਿੰਦਾ ਸੀ। ਜਦੋਂ ਰੇਡੀਓ ਸ਼ੁਰੂ ਹੁੰਦਾ, ਜਿੰਨੇ ਵਜੇ ਹੁੰਦਾ, ਓਨੀਆਂ ਹੀ ਘੰਟੀਆਂ ਟੰਨ ਟੰਨ ਕਰ ਕੇ ਵੱਜਦੀਆਂ। ਫਿਰ ਜਦੋਂ ਟਰਾਂਜ਼ਿਸਟਰ ਆ ਗਏ, ਫਿਰ ਤਾਂ ਮੌਜਾਂ ਹੀ ਹੋ ਗਈਆਂ। ਇਸ ਨੂੰ ਜਿੱਥੇ ਮਰਜ਼ੀ ਚਾਹੇ ਰਸੋਈ ’ਚ, ਸੌਣ ਕਮਰੇ ’ਚ, ਮੇਜ਼ ’ਤੇ, ਕੰਮ ਕਰਦਿਆਂ ਰੱਖ ਕੇ ਸੁਣਿਆ ਜਾ ਸਕਦਾ ਸੀ। ਪ੍ਰੋਗਰਾਮ ਸੁਣ ਕੇ ਦਿਲ ਕਰਦਾ ਕਿ ਮੈਂ ਵੀ ਰੇਡੀਓ ਸਟੇਸ਼ਨ ’ਤੇ ਜਾ ਕੇ ਦੇਖਾਂ ਤੇ ਕੁਝ ਬੋਲਾਂ। ਜਵਾਂ ਤਰੰਗ ਤਹਿਤ ਤੁਸੀਂ ਜਵਾਨਾਂ ਲਈ ਆਪਣੀ ਪਸੰਦ ਦੇ ਗਾਣੇ ਲਗਾ ਸਕਦੇ ਸੀ, ਤੇ ਮੈਂ ਚਿੱਠੀ ਪਾ ਦਿੱਤੀ। ਮਨਜ਼ੂਰੀ ਮਿਲਣ ’ਤੇ ਬਹੁਤ ਖ਼ੁਸ਼ੀ ਹੋਈ। ਮਿੱਥੇ ਦਿਨ ਜਾ ਕੇ ਮੈਂ ਗਾਣੇ ਲਗਾਏ। ਫਿਰ ਇਕ ਵਾਰ ਰੇਡੀਓ ’ਤੇ ਆਪਣੀ ਕਹਾਣੀ ਵੀ ਪੜ੍ਹੀ ਸੀ। ਅੱਜ ਵੀ ਟੀਵੀ ਨਾਲੋਂ ਰੇਡੀਓ ਸੁਣਨਾ ਬਹੁਤਾ ਚੰਗਾ ਲੱਗਦਾ ਹੈ। ਪ੍ਰੋਗਰਾਮ ਲਾਉਣ ਵਾਲੇ ਅਨਾਊਂਸਰਾਂ ਦੀਆਂ ਮਿੱਠੀਆਂ ਆਵਾਜ਼ਾਂ ਮੋਹ ਲੈਂਦੀਆਂ ਹਨ। ਹੁਣ ਭਾਵੇਂ ਫ਼ੋਨ, ਕੰਪਿਊਟਰ ਆ ਗਏ ਹਨ ਤੇ ਮੈਂ ਵੀ ਉਮਰ ਦੇ ਆਖ਼ਰੀ ਪੜਾਅ ’ਤੇ ਪਹੁੰਚ ਗਈ ਹਾਂ ਪਰ ਰੇਡੀਓ ਦੀ ਵੱਖਰੀ ਸ਼ਾਨ ਤੇ ਮਹੱਤਤਾ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਪੰਜਾਬ ਦਾ ਅਰਥਚਾਰਾ
10 ਅਤੇ 11 ਮਈ ਦੇ ਅੰਕਾਂ ਵਿਚ ਤਿੰਨ ਅਰਥ ਸ਼ਾਸਤਰੀਆਂ ਪ੍ਰੋ. ਲਖਵਿੰਦਰ ਸਿੰਘ, ਪ੍ਰੋ. ਸੁਖਵਿੰਦਰ ਸਿੰਘ ਤੇ ਪ੍ਰੋ. ਕੇਸਰ ਸਿੰਘ ਭੰਗੂ ਨੇ ‘ਪੰਜਾਬ ਦੀ ਆਰਥਿਕਤਾ: ਪਿਛੋਕੜ, ਵਰਤਮਾਨ ਤੇ ਭਵਿੱਖ’ ਸਿਰਲੇਖ ਤਹਿਤ ਪੰਜਾਬ ਦੀ ਅਰਥਵਿਵਸਥਾ ਦਾ ਅਧਿਐਨ ਕਰ ਕੇ ਸੂਬੇ ਦੀ ਆਰਥਿਕਤਾ ਵਿਚ ਤੇਜ਼ੀ ਲਿਆਉਣ ਲਈ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਅਨੁਸਾਰ ਪੰਜਾਬ ਦੀ ਅਰਥਵਿਵਸਥਾ ਆਪਣੇ ਵਿਕਾਸ ਕਰਨ ਦੀ ਸਮਰੱਥਾ ਤੋਂ ਹੌਲੀ ਰਫ਼ਤਾਰ ਨਾਲ ਵਿਕਾਸ ਕਰ ਰਹੀ ਹੈ ਜਿਸ ਕਾਰਨ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਕੌਮੀ ਔਸਤ ਨਾਲੋਂ ਘੱਟ ਦਰ ’ਤੇ ਵਧ ਰਹੀ ਹੈ। ਲੇਖਕਾਂ ਨੇ 1980 ਤੋਂ ਪਹਿਲਾਂ ਸੂਬੇ ਦੇ ਵਿਕਾਸ ਲਈ ਉਦਯੋਗਿਕ ਟਾਊਨਸ਼ਿਪਾਂ ਦੀ ਸਥਾਪਨਾ ਅਤੇ ਉਦਯੋਗਿਕ ਅਦਾਰਿਆਂ ਲਈ ਲੋੜੀਂਦੀਆਂ ਸਿਖਲਾਈ ਸੰਸਥਾਵਾਂ ਅਤੇ ਵਿਦਿਅਕ ਤੇ ਸਿਹਤ ਸੰਭਾਲ ਸੰਸਥਾਵਾਂ ਦਾ ਵਰਨਣ ਕੀਤਾ ਹੈ। ਪੰਜਾਬ ਵਿਚ ਹਰੀ ਕ੍ਰਾਂਤੀ ਨੇ ਦੇਸ਼ ਨੂੰ ਭੋਜਨ ਸੁਰੱਖਿਆ ਦੇਣ ਦੇ ਨਾਲ ਨਾਲ ਸੂਬੇ ਵਿਚ ਆਰਥਿਕ, ਸਮਾਜਿਕ ਅਤੇ ਰਾਜਨਤੀਕ ਬਦਲਾਅ ਵੀ ਕੀਤੇ ਪਰ 1990 ਦੇ ਦਹਾਕੇ ਵਿਚ ਰਾਜਨੀਤਕ ਲੀਡਰਸ਼ਿਪ ਨੇ ਨੌਕਰਸ਼ਾਹੀ ਨਾਲ ਮਿਲ ਕੇ ਸੰਸਥਾਈ ਢਾਂਚੇ ਦੀ ਕਾਰਜਕੁਸ਼ਲਤਾ ਵਧਾਉਣ ਦੀ ਬਜਾਇ ਸਿਹਤ ਅਤੇ ਸਿੱਖਿਆ ਖੇਤਰ ਦਾ ਖਰਚ ਘਟਾਉਣਾ ਸ਼ੁਰੂ ਕਰ ਦਿੱਤਾ। ਫਿਰ ਇਹ ਲੀਡਰਸ਼ਿਪ ਲੋਕ ਹਿੱਤਾਂ ਤੇ ਸੇਵਾ ਕਰਨ ਵਾਲੇ ਨੇਤਾਵਾਂ ਤੋਂ ਵਪਾਰਕ ਉੱਦਮੀਆਂ ਵਿਚ ਬਦਲ ਗਈ। ਸਿੱਟੇ ਵਜੋਂ ਹੁਣ ਰਾਜਨੀਤਕ ਲੀਡਰਸ਼ਿਪ ਅਤੇ ਨੌਕਰਸ਼ਾਹ ਅਮੀਰ ਹੋ ਰਹੇ ਹਨ ਅਤੇ ਗ਼ਰੀਬ ਦੋ ਡੰਗ ਦੀ ਰੋਟੀ ਲਈ ਵੀ ਮੁਥਾਜ ਹੋ ਗਏ ਹਨ। ਸੂਬੇ ਵਿਚੋਂ ਪੂੰਜੀ ਅਤੇ ਮਨੁੱਖੀ ਪੂੰਜੀ ਦੇ ਨਿਕਾਸ ਨੇ ਵਿਕਾਸ ਦੀ ਰਫ਼ਤਾਰ ਘੱਟ ਕਰ ਕੇ ਸੂਬੇ ਨੂੰ ਕਰਜ਼ਈ ਕਰ ਦਿੱਤਾ ਹੈ। ਪੰਜਾਬ ਦੀ ਅਰਥਿਕਤਾ ਨੂੰ ਮੁੜ ਜਿੰਦਾ ਕਰਨ ਲਈ ਕਰਜ਼ੇ ਦੀ ਪੰਡ ਘਟਾਉਣੀ ਪਵੇਗੀ ਜਿਸ ਲਈ ਆਰਥਿਕਤਾ ਨੂੰ ਖੇਤੀ ਪ੍ਰਧਾਨ ਤੋਂ ਉਦਯੋਗੀਕਰਨ ਵਿਚ ਤਬਦੀਲ ਕਰਨ, ਵਿੱਦਿਅਕ ਤੇ ਸਿਹਤ ਸੰਸਥਾਵਾਂ ਵਿਚ ਸਰਕਾਰੀ ਨਿਵੇਸ਼ ਵਿਚ ਜ਼ਿਕਰਯੋਗ ਵਾਧਾ ਕਰਨਾ, ਜਨਤਕ ਨੀਤੀ ਸੰਸਥਾਵਾਂ ਦੀ ਕਾਰਜਸ਼ੀਲਤਾ ਨੂੰ ਸਰਗਰਮ ਕਰਨਾ, ਰਾਜਨੀਤਕ ਉਦੇਸ਼ਾਂ ਲਈ ਧਰਮ ਦੀ ਵਰਤੋਂ ਬੰਦ ਕਰਨਾ ਅਤੇ ਰਿਸ਼ਵਤ ਦੇ ਸਭਿਆਚਾਰ ਨੂੰ ਖਤਮ ਕਰਨਾ ਜ਼ਰੂਰੀ ਹੈ।
ਡਾ. ਸੰਤ ਸੁਰਿੰਦਰਪਾਲ ਸਿੰਘ, ਰੂਪਨਗਰ
ਸਰਕਾਰੀ ਚੱਕਰਵਿਊਹ
9 ਮਈ ਨੂੰ ਨਜ਼ਰੀਆ ਪੰਨੇ ’ਤੇ ਛਪੀ ਰਚਨਾ ‘ਚੱਕਰਵਿਊਹ’ (ਲੇਖਕ ਗੁਰਦੀਪ ਢੁੱਡੀ) ਤੜਫਾਉਣ ਵਾਲੀ ਹੈ। ਸਰਕਾਰੀ ਦਫ਼ਤਰਾਂ ਦੇ ਅਜਿਹੇ ਚੱਕਰਵਿਊਹ ਨੇ ਆਮ ਲੋਕਾਂ ਨੂੰ ਚਿੱਤ ਕਰ ਕੇ ਰੱਖ ਦਿੱਤਾ ਹੈ। ਪਾਰਦਰਸ਼ਤਾ ਦੀ ਘਾਟ ਨੇ ਲੋਕਾਂ ਦਾ ਕਚੂੰਮਰ ਕੱਢਿਆ ਪਿਆ ਹੈ। ਇਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ।
ਕੁਲਵੰਤ ਸਿੰਘ, ਹੁਸ਼ਿਆਰਪੁਰ
ਮਾਂ ਦੀ ਮਮਤਾ ਦਾ ਅਹਿਸਾਸ
ਐਤਵਾਰ, 14 ਮਈ ਦੇ ‘ਦਸਤਕ’ ਅੰਕ ਵਿੱਚ ਜਿੰਦਰ ਦਾ ਲੇਖ ‘ਮਾਂ’ ਪੜ੍ਹਦਿਆਂ ਇਹ ਮਹਿਸੂਸ ਕੀਤਾ ਕਿ ਕਿਵੇਂ ਮਾਂ ਆਪਣੇ ਨਾਲ ਹੁੰਦੇ ਮਾੜੇ ਵਰਤਾਉ ਨੂੰ ਅੱਖੋਂ ਓਹਲੇ ਕਰ ਕੇ ਵੀ ਆਪਣੇ ਬੱਚਿਆਂ ਦੇ ਮੋਹ ਵਿੱਚ ਭਿੱਜੀ ਰਹਿੰਦੀ ਹੈ। ਲੇਖ ਦੇ ਅਖੀਰ ’ਤੇ ਜਦੋਂ ਬਲਵੰਤ ਦੀ ਮਾਂ ਕਹਿੰਦੀ ਹੈ, ‘‘ਮੈਂ ਮਾਂ ਹਾਂ...।’’ ਤਾਂ ਇਨ੍ਹਾਂ ਸ਼ਬਦਾਂ ਨੂੰ ਪੜ੍ਹਨ ਦਾ ਨਹੀਂ, ਸੁਣਨ ਦਾ ਅਹਿਸਾਸ ਹੋਇਆ, ਜਿਵੇਂ ਕਿਸੇ ਨੇ ਐਨ ਮੇਰੇ ਮੂੰਹ ’ਤੇ ਕਿਹਾ ਹੋਵੇ। ਅੱਜ ਦੇ ਰੁਝੇਵਿਆਂ ਭਰੇ ਜੀਵਨ ਵਿੱਚ ਮਾਪਿਆਂ ਕੋਲ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਮਾਪਿਆਂ ਦੀਆਂ ਸੱਧਰਾਂ ਦਾ ਖ਼ਿਆਲ ਵੀ ਰੱਖਿਆ ਜਾਣਾ ਜ਼ਰੂਰੀ ਹੈ।
ਗੁਰਵਿੰਦਰ ਕੌਰ, ਸੋਥਾ (ਸ੍ਰੀ ਮੁਕਤਸਰ ਸਾਹਿਬ)
(2)
ਐਤਵਾਰ, 14 ਮਈ ਨੂੰ ਦਸਤਕ ਅੰਕ ’ਚ ਜਿੰਦਰ ਦਾ ਲੇਖ ‘ਮਾਂ’ ਦਿਲਾਂ ਦੀਆਂ ਡੂੰਘਾਈਆਂ ਵਿੱਚ ਉਤਰਨ ਵਾਲਾ ਸੀ। ਮਾਂ ਆਪਣੀ ਔਲਾਦ ਨੂੰ ਨੌਂ ਮਹੀਨੇ ਕੁੱਖ ਵਿੱਚ ਤਕਲੀਫ਼ਾ ਸਹਿ ਕੇ ਪਾਲਦੀ ਹੈ। ਕਈ ਲੋਕ ਮਾਂ ਦੀ ਮਮਤਾ ਦਾ ਮੁੱਲ ਆਪੋ ਆਪਣੇ ਫ਼ਰਜ਼ ਨੂੰ ਭੁਲਾ ਕੇ ਚੁਕਾਉਂਦੇ ਹਨ। ਅਣਦੇਖੀ ਕਰਕੇ ਉਨ੍ਹਾਂ ਦੇ ਸਨਮਾਨ ਨੂੰ ਚੋਟ ਵੱਜਦੀ ਹੈ। ਔਲਾਦ ਉਨ੍ਹਾਂ ਪਾਲ ਪੋਸ ਕੇ ਵੱਡਾ ਕਰਨਾ ਉਨ੍ਹਾਂ ਦਾ ਫ਼ਰਜ਼ ਕਹਿੰਦੀ ਹੈ। ਮਾਂ ਦਾ ਬਟਵਾਰਾ ਵੀ ਸਾਡੇ ਸਮਾਜ ਦਾ ਰਿਵਾਜ ਬਣਿਆ ਹੋਇਆ ਹੈ। ਸੰਤਾਨ ਬੇਰਹਿਮੀ ਨਾਲ ਵਿਹਾਰ ਕਰਦਿਆਂ ਮਾਵਾਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜ ਦਿੰਦੀ ਹੈ। ਅਜਿਹਾ ਕਰਨ ਵਾਲੇ ਭੁੱਲ ਜਾਂਦੇ ਹਨ ਕਿ ਸਾਨੂੰ ਵੀ ਕੱਲ੍ਹ ਨੂੰ ਇਹੋ ਜਿਹੀ ਕਰਨੀ ਭਰਣੀ ਪਏਗੀ। ਮਾਂ ਦੀਆਂ ਯਾਦਾਂ ਮਨੁੱਖੀ ਸੰਸਕਾਰਾਂ ਦਾ ਦਰਪਣ ਹੁੰਦੀਆਂ ਹਨ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਧੰਨਤਾ ਦੇ ਪਾਤਰ
ਐਤਵਾਰ, 14 ਮਈ ਨੂੰ ਨਜ਼ਰੀਆ ਪੰਨੇ ’ਤੇ ਸਵਰਨ ਸਿੰਘ ਭੰਗੂ ਦਾ ਮਿਡਲ ਲੇਖ ‘ਧੰਨਾ ਸਿੰਹੁ ਦੀ ਨੇਕੀ’ ਸਿਰਲੇਖ ਤਹਿਤ ਪੜ੍ਹਿਆ। ਵਾਕਈ ਅਜਿਹੇ ਲੋਕ ਧੰਨਵਾਦ ਤੇ ਧੰਨਤਾ ਦੇ ਪਾਤਰ ਧੰਨ-ਪੁਰਸ਼ ਅਦਬ ਦੇਣ ਤੇ ਅਦਬ ਨਾਲ ਦੇਖਣ ਦੇ ਯੋਗ ਹੁੰਦੇ ਹਨ। ਲਿਖਤ ਪੜ੍ਹਦਿਆਂ ਜੀਵਨ ’ਚ ਨੇਕੀਆਂ ਕਰਨ ਵਾਲੇ ਇਨਸਾਨਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਦੀਆਂ ਨੇਕ-ਨਾਮੀਆਂ ਚੇਤੇ ਦੇ ਚਿੱਤਰਪਟ ’ਤੇ ਉਤਰ ਆਈਆਂ। ਅਜਿਹੇ ਨੇਕ ਮਨੁੱਖਾਂ ਬਾਰੇ ਲਿਖਣਾ ਵੀ ਨੇਕ ਕਾਰਜ ਹੈ। ਉਨ੍ਹਾਂ ਦੇ ਨੇਕ ਕੰਮਾਂ ਦੀ ਤਾਰੀਫ਼ ’ਚ ਲਿਖਣਾ ਹੋਰਨਾਂ ਲਈ ਪ੍ਰੇਰਨਾਮਈ ਹੁੰਦਾ ਹੈ।
ਸਨੇਹਇੰਦਰ ਸਿੰਘ ਮੀਲੂ (ਫਰੌਰ)
ਰੇਡੀਓ ਦੀ ਸ਼ਾਨ
16 ਮਈ ਦੇ ਨਜ਼ਰੀਆ ਪੰਨੇ ਉੱਪਰ ਅਵਤਾਰ ਸਿੰਘ ਦਾ ਲੇਖ ‘ਪਝੰਤਰ ਸਾਲ ਅਕਾਸ਼ਵਾਣੀ ਜਲੰਧਰ ਨਾਲ’ ਪੜ੍ਹ ਕੇ ਆਪਣਾ ਬਚਪਨ ਯਾਦ ਆ ਗਿਆ ਜਦ 50-55 ਸਾਲ ਪਹਿਲਾਂ ਹਰ ਬੁੱਧਵਾਰ ਸ਼ਾਮ ਨੂੰ ਬੱਚਿਆਂ ਵਾਸਤੇ ਪ੍ਰਸਾਰਿਤ ਹੁੰਦੇ ‘ਫੁੱਲਝੜੀ’ ਪ੍ਰੋਗਰਾਮ ਵਿਚ ਬੱਚਿਆਂ ਕੋਲੋਂ ਬੁਝਾਰਤਾਂ ਪੁੱਛੀਆਂ ਜਾਂਦੀਆਂ ਸਨ। ਤੀਜੀ ਚੌਥੀ ਜਮਾਤ ਵਿਚ ਪੜ੍ਹਦਿਆਂ ਮੈਂ ਵੀ ਇਕ ਖ਼ਤ ਰਾਹੀਂ ਬੁਝਾਰਤਾਂ ਦੇ ਜਵਾਬ ਲਿਖ ਕੇ ਭੇਜ ਤਾਂ ‘ਛੋਟੇ ਰਈਏ ਤੋਂ ਲਖਵਿੰਦਰ ਸਿੰਘ’ ਆਪਣਾ ਨਾਮ ਸੁਣ ਕੇ ਬੇਹੱਦ ਖੁਸ਼ੀ ਹੋਈ। ਘਰਦਿਆਂ ਤੇ ਯਾਰ ਬੇਲੀਆਂ ਨੂੰ ਚਾਈਂ ਚਾਈਂ ਦੱਸਿਆ। ਹੁਣ ਤਕ ਜੋ ਵੀ ਮੈਂ ਪੜ੍ਹਿਆ ਜਾਂ ਲਿਖਿਆ, ਉਸ ਦਾ ਮੁੱਢ ਰੇਡੀਓ ’ਤੇ ਪ੍ਰਸਾਰਿਤ ਉਹੀ ਖ਼ਤ ਹੀ ਸੀ।
ਲਖਵਿੰਦਰ ਸਿੰਘ, ਰਈਆ ਹਵੇਲੀਆਣਾ (ਅੰਮ੍ਰਿਤਸਰ)
ਗ੍ਰਹਿ ਮੰਤਰੀ ਦਾ ਬਿਆਨ
10 ਮਈ ਦੇ ਅੰਕ ਵਿਚ ਇਹ ਖ਼ਬਰ ਪਹਿਲੇ ਪੰਨੇ ’ਤੇ ਛਪੀ ਹੈ- ਮੁਸਲਿਮ ਕੋਟਾ: ਅਮਿਤ ਸ਼ਾਹ ਦੇ ਬਿਆਨਾਂ ਉੱਤੇ ਸੁਪਰੀਮ ਕੋਰਟ ਨੇ ਇਤਰਾਜ਼ ਪ੍ਰਗਟਾਇਆ। ਕੇਵਲ ਇਤਰਾਜ਼ ਕਰਨ ਨਾਲ ਇਹ ਸਭ ਬੰਦ ਨਹੀਂ ਹੋਣ ਵਾਲਾ। ਜਦੋਂ ਤਕ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਇਹ ਸਭ ਕਿਤੇ ਵੀ ਰੁਕਣ ਵਾਲਾ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਦੇਸ਼ ਦਾ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਕੇਵਲ ਆਪਣੀ ਪਾਰਟੀ ਲਈ ਵੋਟਾਂ ਮੰਗਣ ਸਮੇਂ ਆਪਣੇ ਅਹੁਦੇ ਦੀ ਮਰਿਆਦਾ ਵੀ ਭੁੱਲ ਜਾਂਦਾ ਹੈ। ਗ੍ਰਹਿ ਮੰਤਰੀ ਨੇ ਇਹ ਬਿਆਨ ਪਹਿਲੀ ਵਾਰ ਨਹੀਂ ਦਿੱਤਾ, ਦਿੱਲੀ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਇਸ ਤੋਂ ਵੀ ਵੱਡਾ ਬਿਆਨ ਦਿੱਤਾ ਸੀ ਕਿ ਵੋਟਾਂ ਸਮੇਂ ਵੋਟਿੰਗ ਮਸ਼ੀਨ ਦਾ ਬਟਨ ਇਸ ਕਦਰ ਦੱਬ ਕੇ ਦਬਾਉਣਾ ਜਿਸ ਦਾ ਕਰੰਟ ਸ਼ਾਹੀਨ ਬਾਗ਼ ਦੇ ਧਰਨਾਕਾਰੀਆਂ ਨੂੰ ਲੱਗੇ। ਇਹ ਇਕਪਾਸੜ, ਇਕ ਫ਼ਿਰਕੇ ਖ਼ਿਲਾਫ਼ ਬਿਆਨਬਾਜ਼ੀ ਐਵੇਂ ਨਹੀਂ ਹੋ ਰਹੀ, ਇਹ ਸਭ ਆਰਐੱਸਐੱਸ ਦੇ ਹਿੰਦੂਤਵੀ ਏਜੰਡੇ ਦਾ ਹਿੱਸਾ ਹੈ। ਇਸੇ ਕਰ ਕੇ ਪ੍ਰਧਾਨ ਮੰਤਰੀ ਨੇ ਕਰਨਾਟਕ ਵਿਚ ਪ੍ਰਚਾਰ ਦੌਰਾਨ ਬਜਰੰਗ ਦਲ ਅਤੇ ਬਜਰੰਗ ਬਲੀ ਨੂੰ ਰਲਗੱਡ ਕਰ ਦਿੱਤਾ। ਅੱਜ ਭਾਜਪਾ ਚੋਰ ਮੋਰੀ ਰਾਹੀਂ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਹਰ ਪ੍ਰਕਾਰ ਦਾ ਹੱਥਕੰਡਾ ਵਰਤ ਰਹੀ ਹੈ। ਇਸ ਖਿਲਾਫ ਕੋਈ ਲਾਮਬੰਦੀ ਹੋਣੀ ਹੀ ਚਾਹੀਦੀ ਹੈ।
ਕਾਮਰੇਡ ਗੁਰਨਾਮ ਸਿੰਘ, ਰੂਪਨਗਰ
ਸਿੱਖਿਆ ਦਾ ਭਗਵਾਕਰਨ
9 ਮਈ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਕੌਮੀ ਪਾਠਕ੍ਰਮ: ਹਕੀਕਤ ਅਤੇ ਹਾਲਾਤ’ ਪੜ੍ਹ ਕੇ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਸਿੱਖਿਆ ਦਾ ਭਗਵਾਕਰਨ ਲਈ ਕਿਸ ਪੱਧਰ ’ਤੇ ਤੁਲੀ ਹੋਈ ਹੈ। ਪੰਜਾਬ ਸਰਕਾਰ ਨੂੰ ਲੇਖਕ ਦੀ ਅਪੀਲ ’ਤੇ ਗ਼ੌਰ ਕਰਨੀ ਚਾਹੀਦੀ ਹੈ। ਕਿਸੇ ਜਾਤੀ, ਕੌਮੀ ਦੇ ਇਤਿਹਾਸ ਨੂੰ ਪਾਠਕ੍ਰਮ ਵਿਚੋਂ ਮਨਫ਼ੀ ਕਰ ਕੇ ਮਿਟਾਇਆ ਨਹੀਂ ਜਾ ਸਕਦਾ, ਅਜਿਹਾ ਕਰਨਾ ਕੌਮੀ ਨੈਤਿਕ ਗਿਰਾਵਟ ਦਰਸਾਉਂਦਾ ਹੈ। ਇਸ ਬਾਰੇ ਹੁਣ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ।
ਜਗਰੂਪ ਸਿੰਘ, ਲੁਧਿਆਣਾ
(2)
ਡਾ. ਕੁਲਦੀਪ ਸਿੰਘ ਦਾ ਲੇਖ ‘ਕੌਮੀ ਪਾਠਕ੍ਰਮ: ਹਕੀਕਤ ਅਤੇ ਹਾਲਾਤ’ (9 ਮਈ) ਦੇਸ਼ ਅੰਦਰ ਸਿੱਖਿਆ ਸੁਧਾਰ ਐਕਟ ਵਿਚ ਸੋਧਾਂ ’ਤੇ ਝਾਤ ਹੈ। ਲੇਖਕ ਨੇ ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਅਤੇ ਭਗਵੇਕਰਨ ਤੋਂ ਪਰਦਾ ਚੁੱਕਿਆ ਹੈ। ਹੁਣ ਸਾਧਾਰਨ ਲੋਕਾਂ ਲਈ ਇਸ ਦੇਸ਼ ਅੰਦਰ ਸਿੱਖਿਆ ਲੈਣੀ ਔਖੀ ਹੀ ਨਹੀਂ, ਨਾਮੁਮਕਿਨ ਮਹਿਸੂਸ ਹੋ ਰਹੀ ਹੈ। ਇਸੇ ਦਿਨ ਦੇ ਮਿਡਲ ‘ਚੱਕਰਵਿਊਹ’ ਵਿਚ ਗੁਰਦੀਪ ਢੁੱਡੀ ਨੇ ਦਫ਼ਤਰਾਂ ਦਾ ਹਾਲ ਬਿਆਨ ਕੀਤਾ ਹੈ।
ਮਨਮੋਹਨ ਸਿੰਘ, ਨਾਭਾ
ਜਮਹੂਰੀ ਹੱਕਾਂ ਦੀ ਉਲੰਘਣਾ
ਈਡੀ ਵੱਲੋਂ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਅਤੇ ਨਾਮਵਰ ਬੁੱਧੀਜੀਵੀ ਡਾ. ਨਵਸ਼ਰਨ ਨੂੰ ਪੀਐੱਮਐੱਲਏ ਤਹਿਤ ਅੱਠ ਘੰਟੇ ਪੁੱਛ ਪੜਤਾਲ ਕਰ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਸੰਵਿਧਾਨ ਦੀ ਧਾਰਾ 19 ਅਤੇ 21 (ਵਿਚਾਰ ਪ੍ਰਗਟਾਵੇ ਅਤੇ ਨਿੱਜੀ ਆਜ਼ਾਦੀ ਦਾ ਹੱਕ) ਤਹਿਤ ਮਿਲੇ ਜਮਹੂਰੀ ਹੱਕ ਦੀ ਉਲੰਘਣਾ ਹੈ। ਡਾ. ਨਵਸ਼ਰਨ ਪਿਛਲੇ ਤਿੰਨ ਦਹਾਕਿਆਂ ਤੋਂ ਸਮੇਂ ਦੀਆਂ ਹਕੂਮਤਾਂ ਦੀਆਂ ਲੋਕ ਮਾਰੂ ਨੀਤੀਆਂ, ਫ਼ਿਰਕੂ ਹਮਲਿਆਂ, ਲੋਕ ਵਿਰੋਧੀ ਕਾਲੇ ਕਾਨੂੰਨਾਂ, ਝੂਠੇ ਕੇਸਾਂ, ਨਜਾਇਜ਼ ਗ੍ਰਿਫ਼ਤਾਰੀਆਂ ਅਤੇ ਕਿਸਾਨਾਂ, ਮਜ਼ਦੂਰਾਂ, ਔਰਤਾਂ, ਆਦਿਵਾਸੀਆਂ, ਦਲਿਤਾਂ ਤੇ ਹੋਰਨਾਂ ਪੀੜਤ ਵਰਗਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਇਤਿਹਾਸਕ ਕਿਸਾਨ ਅੰਦੋਲਨ ਅਤੇ ਸ਼ਾਹੀਨ ਬਾਗ਼ ਦੇ ਮੋਰਚੇ ਦੌਰਾਨ ਲੋਕਾਂ ਨੂੰ ਜਾਗਰੂਕ ਕਰ ਕੇ ਵੱਡੀ ਭੂਮਿਕਾ ਨਿਭਾਈ ਸੀ। ਇਸੇ ਲਈ ਕੇਂਦਰੀ ਹਕੂਮਤ ਉਨ੍ਹਾਂ ਨੂੰ ਹੋਰਨਾਂ ਬੁੱਧੀਜੀਵੀਆਂ ਵਾਂਗ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹ ਵਿਚ ਸੁੱਟਣਾ ਚਾਹੁੰਦੀ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਕਿਰਤੀ ਕਾਮੇ
ਪਹਿਲੀ ਮਈ ਨੂੰ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਰੌਸ਼ਨ ਚਿਰਾਗ’ ਕਿਰਤੀ ਕਾਮਿਆਂ ਵੱਲੋਂ ਆਪਣੇ ਹੱਕਾਂ ਲਈ ਲੜੇ ਸੰਘਰਸ਼ ਨੂੰ ਬਿਆਨਦਾ ਹੈ। ਕਿਰਤੀ-ਕਾਮੇ ਆਪਣੀ ਹੱਡ-ਭੰਨਵੀਂ ਮਿਹਨਤ ਕਰ ਕੇ ਹੀ ਆਪਣੇ ਪਰਿਵਾਰਾਂ ਨੂੰ ਪਾਲਦੇ ਹਨ। ਕਿਸੇ ਵੀ ਕਾਰੋਬਾਰ ਨੂੰ ਬੁਲੰਦੀਆਂ ਤਕ ਇਨ੍ਹਾਂ ਕਿਰਤੀ ਕਾਮਿਆਂ ਦੀ ਮਿਹਨਤ ਨਾਲ ਹੀ ਪਹੁੰਚਾਇਆ ਜਾ ਸਕਦਾ ਹੈ। ਅੱਜ ਕਿਰਤ ਦਾ ਬਦਲ ਮਸ਼ੀਨੀਕਰਨ ਹੋ ਗਿਆ ਹੈ ਜਿਸ ਨਾਲ ਕਿਰਤੀਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਮਸ਼ੀਨੀਕਰਨ ਨੇ ਪੁਰਾਣੇ ਕਿਰਤੀਆਂ ਦੀ ਥਾਂ ਮੱਲ ਲਈ ਹੈ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਅੰਧ-ਵਿਸ਼ਵਾਸ
3 ਮਈ ਨੂੰ ਨਜ਼ਰੀਆ ਪੰਨੇ ਉੱਤੇ ਮਨਦੀਪ ਕੌਰ ਬਰਾੜ ਦਾ ਲੇਖ ‘ਅੰਧ-ਵਿਸ਼ਵਾਸ ਦਾ ਸੰਤਾਪ’ ਪੜ੍ਹਿਆ। ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਹੋਰ ਸੰਸਥਾਵਾਂ ਭਾਵੇਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਪਰ ਅਜੇ ਵੀ ਬਹੁਤ ਸਾਰੇ ਲੋਕ ਅੰਧ-ਵਿਸ਼ਵਾਸਾਂ ਦੀ ਦਲਦਲ ਵਿਚ ਫਸੇ ਹੋਏ ਹਨ। ਭਿਆਨਕ ਬਿਮਾਰੀਆਂ ਦੇ ਇਲਾਜ ਵਿਚ ਕਿਸੇ ਵੀ ਪ੍ਰਕਾਰ ਦੀ ਦੇਰੀ ਕਰਨਾ ਨੁਕਸਾਨਦੇਹ ਹੈ।
ਹਰਚੰਦ ਭਿੰਡਰ, ਧਰਮਕੋਟ
ਫ਼ਿਰਕਾਪ੍ਰਸਤੀ ਦਾ ਜ਼ਹਿਰ
12 ਮਈ ਦੇ ਸਿਹਤ ਪੰਨੇ ਉੱਤੇ ਛਪਿਆ ਲੇਖ ‘ਨਫ਼ਰਤ ਸਿਹਤ ਲਈ ਵੀ ਗੰਭੀਰ ਖ਼ਤਰਾ ਹੈ (ਡਾ. ਅਰੁਣ ਮਿੱਤਰਾ) ਸੰਵੇਦਨਸ਼ੀਲ ਮੁੱਦਾ ਉਠਾਉਂਦਾ ਹੈ। ਜਾਤ-ਪਾਤ ਅਤੇ ਧਾਰਮਿਕ ਭੇਦ-ਭਾਵ ਪਹਿਲਾਂ ਤੋਂ ਹੀ ਮੌਜੂਦ ਸਨ ਅਤੇ ਭਾਰਤ-ਪਾਕਿ ਵੰਡ ਵੇਲੇ ਅੰਗਰੇਜ਼ ਜਾਂਦੇ ਜਾਂਦੇ ਫ਼ਿਰਕਾਪ੍ਰਸਤੀ ਦੀ ਜ਼ਹਿਰ ਦਾ ਛਿੱਟਾ ਦੇ ਗਏ। ਦਸ ਲੱਖ ਪੰਜਾਬੀ ਇਸ ਕੂੜ ਪ੍ਰਚਾਰ ਦੀ ਬਲੀ ਚੜ੍ਹੇ ਸਨ। ਦੂਜੇ ਵਿਸ਼ਵ ਯੁੱਧ ਵਿਚ ਯਹੂਦੀਆਂ ਨੂੰ ਖਤਮ ਕਰਨ ਦਾ ਸੁਫਨਾ ਦੇਖਣ ਵਾਲਾ ਹਿਟਲਰ ਪੰਜ ਕਰੋੜ ਲੋਕਾਂ ਵਿਚ ਬਹੁਤੇ ਈਸਾਈ ਮਰਵਾ ਬੈਠਾ। ਮਨੀਪੁਰ ਦੀਆਂ ਤਾਜ਼ੀਆਂ ਹਿੰਸਕ ਘਟਨਾਵਾਂ, ਤਬਲੀਗੀਆਂ ਵਿਰੁੱਧ ਕੋਵਿਡ ਫੈਲਾਉਣ ਦਾ ਬੇੁਤਕਾ ਪ੍ਰਚਾਰ ਕਰ ਕੇ, ਕੁਕੀ ਅਤੇ ਮੈਤੇਈ ਲੋਕਾਂ ਵਿਚਕਾਰ ਪੁੱਟੀ ਗਈ ਖਾਈ ਕਰ ਕੇ ਹੀ ਹੈ। ਔਰਤਾਂ ਪ੍ਰਤੀ ਦੋ ਤਰ੍ਹਾਂ ਦਾ ਵਿਹਾਰ ਸਭ ਨੂੰ ਚੁਭਦਾ ਹੈ। ਨਾਗਰਿਕ ਸੋਧ ਬਿਲ ਦਾ ਵਿਰੋਧ ਕੀਤਾ ਤਾਂ ਔਰਤਾਂ ਦਾ ਮੌਜੂ ਬਣਾਇਆ ਗਿਆ; ਦੂਜੇ ਪਾਸੇ ਬਿਲਕੀਸ ਬਾਨੋ ਦੇ ਬਲਾਤਕਾਰੀ ਕਾਤਲਾਂ ਨੂੰ ਝੱਟ ਰਿਹਾਅ ਕਰ ਦਿੱਤਾ ਗਿਆ। ਜੰਤਰ ਮੰਤਰ ਵਿਚ ਧਰਨੇ ’ਤੇ ਬੈਠੀਆਂ ਕੁੜੀਆਂ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਜੱਦੋ-ਜਹਿਦ ਕਰ ਰਹੀਆਂ ਹਨ। ਉਨ੍ਹਾਂ ਨੂੰ ਇਨਸਾਫ਼ ਨਾ ਮਿਲਣਾ ਮੰਦਭਾਗਾ ਹੈ। ਨਫ਼ਰਤ ਤਕੜੇ ਤੋਂ ਕਮਜ਼ੋਰਾਂ ਵੱਲ ਫੈਲਾਈ ਜਾ ਰਹੀ ਹੈ। ਕਮਜ਼ੋਰ ਲੋਕ ਸਭ ਬੁਰਾਈਆਂ ਦੀ ਜੜ੍ਹ ਠਹਿਰਾਏ ਜਾਂਦੇ ਹਨ। ਕੱਟੜਤਾ ਅਤੇ ਨਫ਼ਰਤ ਵਧ ਰਹੀ ਹੈ। ਅੱਜ ਚਿੰਤਾ ਵਾਲਾ ਸਵਾਲ ਇਹ ਹੈ ਕਿ ਸਾਡੇ ਲੋਕ ਪੱਖਪਾਤੀ, ਨਫ਼ਰਤੀ, ਨਕਾਰਾਤਮਿਕ ਵਿਚਾਰਾਂ ਤੋਂ ਪ੍ਰਭਾਵਿਤ ਕਿਉਂ ਹੋ ਰਹੇ ਹਨ? ਹੁਣ ਜਮਹੂਰੀਅਤ ਪਸੰਦ ਲੋਕਾਂ ਨੂੰ ਲੱਕ ਬੰਨ੍ਹ ਕੇ ਲਾਮਬੰਦ ਹੋਣਾ ਪਵੇਗਾ।
ਹਰੀ ਕ੍ਰਿਸ਼ਨ ਮਾਇਰ, ਲੁਧਿਆਣਾ
ਮੋਬਾਈਲ ਦੀ ਗੁਲਾਮੀ
11 ਮਈ 2023 ਦੇ ਅਦਬੀ ਰੰਗ ਵਿਚ ਪ੍ਰਕਾਸ਼ਿਤ ਸਾਰੀਆਂ ਹੀ ਕਹਾਣੀਆਂ ਵਧੀਆ ਹਨ ਪਰ ਸਰਨਪ੍ਰੀਤ ਕੌਰ ਦੀ ਕਹਾਣੀ ‘ਮਾਡਰਨ ਡਰਨਾ’ ਬਹੁਤ ਵਧੀਆ ਲੱਗੀ। ਅੱਜ ਦਾ ਮਨੁੱਖ ਮੋਬਾਈਲ ਦਾ ਕਿੰਨਾ ਗੁਲਾਮ ਹੋ ਗਿਆ ਹੈ, ਇਸ ਦਾ ਬਹੁਤ ਹੀ ਵਧੀਆ ਵਰਨਣ ਹੈ। ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਮੋਬਾਈਲ ਦੇ ਇੰਨਾ ਗੁਲਾਮ ਨਾ ਬਣ ਜਾਓ ਕਿ ਮਨੁੱਖ ਦਾ ਮੌਜੂਦਾ ਸਰੂਪ ਹੀ ਬਦਲ ਜਾਵੇ।
ਰੁਪਿੰਦਰਪਾਲ ਸਿੰਘ, ਜੰਡਿਆਲੀ (ਲੁਧਿਆਣਾ)
ਸਕੂਨ ਮਿਲਿਆ
5 ਮਈ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਦਸਵੰਧ’ ਪੜ੍ਹਿਆ। ਪੜ੍ਹ ਕੇ ਸਕੂਨ ਮਿਲਿਆ ਕਿ ਸਮਾਜ ਵਿਚ ਕੁਝ ਭਲੇ ਲੋਕ ਅੱਜ ਵੀ ਚੁੱਪ ਚੁਪੀਤੇ ਬਹੁਤ ਕੁਝ ਚੰਗਾ ਕਰ ਰਹੇ ਹਨ। ਕਰਮਪਾਲ ਦੀ ਚਾਚੀ ਵਰਗੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।
ਬਲਵਿੰਦਰ ਗਿੱਲ, ਈਮੇਲ
ਧੂਹ ਪਾਉਣ ਵਾਲਾ ਦ੍ਰਿਸ਼
5 ਮਈ ਦੇ ਅੰਕ ਵਿਚ ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਦਸਵੰਧ’ ਪੜ੍ਹੀ। ਲਿਖਤ ਦਿਲ ਨੂੰ ਟੁੰਬਦੀ ਹੈ ਜਿਵੇਂ ਪਾਠਕ ਖੁਦ ਸਾਰੇ ਦ੍ਰਿਸ਼ ਦੇਖ ਰਿਹਾ ਹੋਵੇ। ਡਰਾਈਵਰ ਦੀ ਧੀ ਦੇ ਵਿਆਹ ਦਾ ਸੀਨ ਧੂਹ ਪਾਉਣ ਵਾਲਾ ਹੈ। 2 ਮਈ ਦੇ ਮਿਡਲ ਵਿਚ ਪ੍ਰਕਾਸ਼ ਸਿੰਘ ਜੈਤੋ ਦੀ ਲਿਖਤ ‘ਬੇਬੇ ਦੀ ਟਿਕਟ ਨਹੀਂ ਲੱਗਦੀ’ ਪੜ੍ਹੀ। ਲੇਖਕ ਨੇ ਸਿੱਖ ਰਹਿਤ ਮਰਯਾਦਾ ਅਨੁਸਾਰ ਅੰਤਿਮ ਰਸਮਾਂ ਸਮੇਂ ਅਖੌਤੀ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੀ ਖ਼ੁਦ ਮਿਸਾਲ ਬਣ ਕੇ ਸਿੱਖਿਆ ਦਿੱਤੀ ਹੈ। ਦਰਅਸਲ ਅਜਿਹੇ ਸੋਗਮਈ ਸਮੇਂ ਘਰ ਦੇ ਮੁਖੀ ਨੂੰ ਕੁਝ ਨਹੀਂ ਸੁੱਝਦਾ ਹੁੰਦਾ। ਅਜਿਹੇ ਮੌਕੇ ਰਿਸ਼ਤੇਦਾਰ, ਗੁਆਂਢੀ ਜਾਂ ਦੋਸਤ ਜਿਵੇਂ ਕਰਨ, ਬਹੁਗਿਣਤੀ ਸਹਿਮਤ ਹੀ ਹੁੰਦੀ ਹੈ, ਸਭ ਨੂੰ ਕੰਮ ਸਿਰੇ ਲਾਉਣ ਦੀ ਕਾਹਲ ਵੀ ਹੁੰਦੀ ਹੈ। ਜਿਵੇਂ ਕੋਈ ਕਹਿੰਦਾ, ਕਰੀ ਜਾਂਦੇ ਹਨ। ਇਸ ਤੋਂ ਪਹਿਲਾਂ ਪਹਿਲੀ ਮਈ ਨੂੰ ਰਾਮ ਸਵਰਨ ਲੱਖੇਵਾਲੀ ਦੀ ਰਚਨਾ ‘ਰੌਸ਼ਨ ਦਿਮਾਗ’ ਪੜ੍ਹੀ। ਲੇਖਕ ਨੇ ਨੇੜਿਓਂ ਤੱਕੇ ਮਜ਼ਦੂਰਾਂ ਦੇ ਮਸੀਹੇ ‘ਨਾਨਕ’ ਦੇ ਸੰਘਰਸ਼ੀ ਜੀਵਨ ਗਾਥਾ ਲਿਖ ਕੇ ਇਸ ਹੋਕੇ ਦੀ ਪ੍ਰੋੜ੍ਹਤਾ ਕੀਤੀ ਹੈ: ‘‘ਦੁਨੀਆਂ ਭਰ ਦੇ ਮਿਹਨਤਕਸ਼ੋ… ਇਕ ਹੋ ਜਾਓ!’’
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਸਰਕਾਰਾਂ ਦੀ ਨਾਕਾਮੀ
28 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਰਾਜ ਕੁਮਾਰ ਸ਼ਰਮਾ ਦਾ ਲੇਖ ‘ਜੰਦਰੇ’ ਸਰਕਾਰਾਂ ਦੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕਣ ਦੀ ਨਾਕਾਮੀ ਦਰਸਾਉਂਦਾ ਹੈ। ਲੋਕ ਰੁਜ਼ਗਾਰ ਦੀ ਭਾਲ ਵਿਚ ਆਪਣੇ ਘਰਾਂ ਨੂੰ ਜੰਦਰੇ ਮਾਰ ਕੇ ਪਿੰਡਾਂ ਤੋਂ ਸ਼ਹਿਰਾਂ ਵਿਚ ਜਾ ਵਸੇ ਹਨ ਤੇ ਕੁਝ ਲੋਕ ਤਾਂ ਵਿਦੇਸ਼ਾਂ ਵਿਚ ਵੀ ਚਲੇ ਗਏ ਹਨ। ਪਿੰਡਾਂ ਦੇ ਉਹ ਘਰ ਜਿਹੜੇ ਕਦੇ ਹਸੂੰ ਹਸੂੰ ਕਰਦੇ ਸਨ ਤੇ ਜਿੱਥੇ ਕਦੇ ਅਪਣੱਤ ਵੱਸਦੀ ਸੀ, ਉਹ ਵੀਰਾਨ ਬਣ ਗਏ ਹਨ ਤੇ ਜੰਦਰੇ ਉਨ੍ਹਾਂ ਦੀ ਰਖਵਾਲੀ ਕਰ ਰਹੇ ਹਨ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ
ਨਾੜ ਨੂੰ ਅੱਗ ਅਤੇ ਹਾਦਸੇ
ਸੁੱਕੇ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਇਕ ਬਜ਼ੁਰਗ ਰਾਹਗੀਰ ਸੁੱਕੇ ਨਾੜਾਂ ਨੂੰ ਲੱਗੀ ਅੱਗ ਦੀ ਲਪੇਟ ਵਿਚ ਆ ਗਿਆ ਤੇ ਦਮ ਤੋੜ ਗਿਆ। ਨਾੜ ਨੂੰ ਲਾਈ ਅੱਗ ਕਾਰਨ ਖੇਤਾਂ ਵਿਚ ਬਣੀ ਝੌਂਪੜੀ ਨੂੰ ਅੱਗ ਲੱਗ ਗਈ ਤੇ ਡੇਢ ਸਾਲ ਦਾ ਮਾਸੂਮ ਮਾਰਿਆ ਗਿਆ। ਪਤਾ ਨਹੀਂ ਕਿਉਂ, ਇੰਨਾ ਰੌਲਾ ਪੈਣ ਦੇ ਬਾਵਜੂਦ ਕਿਸਾਨ ਕੁਦਰਤ ਨਾਲ ਖਿਲਵਾੜ ਕਰ ਰਹੇ ਹਨ। ਇਸ ਨਾਲ ਜਿੱਥੇ ਮਿੱਤਰ ਕੀੜੇ-ਮਕੌੜਿਆਂ ਦੀ ਮੌਤ ਹੁੰਦੀ, ਹੁਣ ਇਨਸਾਨੀ ਜ਼ਿੰਦਗੀਆਂ ਵੀ ਕੀੜੇ ਮਕੌੜਿਆਂ ਵਾਂਗ ਭਸਮ ਹੋ ਰਹੀਆਂ ਹਨ।
ਪਵਨ ਗੁਪਤਾ, ਮੰਡੀ ਅਹਿਮਦਗੜ੍ਹ
ਜਿਮ ਤੇ ਪ੍ਰੋਟੀਨ
ਅੱਜ ਕੱਲ੍ਹ ਲੋਕ ਜਿਮ ਜਾਣ ਵਿਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਅਸਲ ਵਿਚ ਲੋਕ ਕੋਵਿਡ ਤੋਂ ਬਾਅਦ ਪ੍ਰੋਟੀਨ ਅਤੇ ਹੋਰ ਖੁਰਾਕ ਬਾਰੇ ਖੂਬ ਜਾਗਰੂਕ ਹੋ ਗਏ ਹਨ। ਜਿਮ ਟਰੇਨਰ ਪ੍ਰੋਟੀਨ ਪਾਊਡਰ ਦਾ ਮਾਰਗਦਰਸ਼ਨ ਕਰ ਰਹੇ ਹਨ ਜੋ ਸਹੀ ਵੀ ਹੈ ਪਰ ਉਹ ਅਕਸਰ, ਘੱਟ ਗੁਣਵੱਤਾ ਵਾਲੇ ਉਤਪਾਦ ਵੇਚ ਦਿੰਦੇ ਹਨ। ਪ੍ਰੋਟੀਨ ਪਾਊਡਰ ਸਿੱਧੇ ਤੌਰ ’ਤੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਪ੍ਰੋਟੀਨ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਕਰੋ ਜਿਵੇਂ ਦਾਲ, ਦੁੱਧ ਉਤਪਾਦ, ਸੋਇਆ ਸਰੀਰ ਨੂੰ ਕੁਦਰਤੀ ਤੌਰ ’ਤੇ ਪ੍ਰੋਟੀਨ ਦਿੰਦੇ ਹਨ। ਇਸ ਲਈ ਪ੍ਰੋਟੀਨ ਲੈਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ। ਜਾਗਰੂਕ ਹੋਣਾ ਸਮੇਂ ਦੀ ਲੋੜ ਹੈ।
ਸ਼ਿਵਮ ਸਿੰਗਲਾ, ਪਟਿਆਲਾ
ਨਿਆਂ ਪ੍ਰਾਪਤੀ ਦਾ ਰਾਹ
ਐਤਵਾਰ, 7 ਮਈ ਦੇ ਅੰਕ ਵਿੱਚ ਕੰਵਲਜੀਤ ਕੌਰ ਗਿੱਲ ਦੇ ਛਪੇ ਲੇਖ ‘ਇਨਸਾਫ਼ ਲਈ ਇੰਤਜ਼ਾਰ ਕਦੋਂ ਤੱਕ?’ ਰਾਹੀਂ ਭਾਰਤ ਵਿਚਲੀ ਸਥਿਤੀ ਨੂੰ ਉਜਾਗਰ ਕੀਤਾ ਗਿਆ ਹੈ ਜਿੱਥੇ ਪੈਸੇ ਅਤੇ ਰਾਜਨੀਤਕ ਦਬਾਅ ਹੇਠ ਦੱਬੇ ਹੋਏ ਨਿਆਂ ਨੂੰ ਪ੍ਰਾਪਤ ਕਰਨ ਲਈ ਅੰਦੋਲਨ ਅਤੇ ਧਰਨਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜਦੋਂ ਔਰਤ ਅਤੇ ਮਰਦ ਨੂੰ ਬਰਾਬਰ ਅਧਿਕਾਰ ਅਤੇ ਸਨਮਾਨ ਦੇਣ ਦੇ ਨਾਅਰੇ ਲੱਗ ਰਹੇ ਹੋਣ ਉਸ ਸਮੇਂ ਦੇਸ਼ ਦੀਆਂ ਧੀਆਂ ਦਾ ਆਬਰੂ ਬਚਾਉਣ ਲਈ ਕੀਤਾ ਜਾ ਰਿਹਾ ਸੰਘਰਸ਼ ਦੇਸ਼ ਦੀ ਰੂੜੀਵਾਦੀ ਅਤੇ ਮਾੜੀ ਮਾਨਸਿਕਤਾ ਨੂੰ ਪੇਸ਼ ਕਰ ਰਿਹਾ ਹੈ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਜੇਕਰ ਅੱਜ ਇਨ੍ਹਾਂ ਨਾਲ ਬਦਸਲੂਕੀ ਹੋਈ ਹੈ ਤਾਂ ਕੱਲ੍ਹ ਨੂੰ ਸਾਡੀਆਂ ਧੀਆਂ ਨਾਲ ਵੀ ਹੋ ਸਕਦੀ ਹੈ। ਇਸ ਮੁਸ਼ਕਿਲ ਘੜੀ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਦੀਆਂ ਇਨ੍ਹਾਂ ਧੀਆਂ ਨਾਲ ਖੜ੍ਹਨਾ ਚਾਹੀਦਾ ਹੈ ਅਤੇ ਨਿਆਂਪਾਲਿਕਾ ਨੂੰ ਇਸ ਪ੍ਰਤੀ ਬੇਹੱਦ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਦੀਆਂ ਧੀਆਂ ਦਾ ਮਾਣ ਸਨਮਾਨ ਬਰਕਰਾਰ ਰਹਿ ਸਕੇ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
(2)
ਐਤਵਾਰ, 7 ਮਈ ਨੂੰ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਇਨਸਾਫ਼ ਲਈ ਇੰਤਜ਼ਾਰ ਕਦੋਂ ਤੱਕ?’ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਆਪਣੇ ਮੁਲਕ ਲਈ ਤਗ਼ਮੇ ਜਿੱਤਣ ਵਾਲੀਆਂ ਖਿਡਾਰਨਾਂ ਨੇ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਣ ਉੱਤੇ ਅਨੈਤਿਕ ਵਿਹਾਰ ਦੇ ਦੋਸ਼ ਲਗਾਏ ਹਨ। ਦਿੱਲੀ ਦੇ ਜੰਤਰ ਮੰਤਰ ਉੱਤੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਦੀਆਂ ਇਨ੍ਹਾਂ ਧੀਆਂ ਨੇ ਨਿਆਂ ਦੀ ਮੰਗ ਕਰਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਮੁਲਜ਼ਮ ਭਾਜਪਾ ਦਾ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹੋਣ ਕਾਰਨ ਕਾਫ਼ੀ ਪ੍ਰਭਾਵ ਰੱਖਦਾ ਹੈ। ਮੁਲਕ ਦੀਆਂ ਧੀਆਂ ਨੂੰ ਨਿਆਂ ਮੰਗਣ ਲਈ ਸੜਕਾਂ ਉੱਤੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਇਹ ਨਾਰੀ ਸ਼ਕਤੀਕਰਨ ਦੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰਦਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਨਿਆਂ ਕਦੋਂ ਮਿਲੇਗਾ।
ਅਨਿਲ ਕੌਸ਼ਿਕ, ਕਿਊੜਕ (ਕੈਥਲ ਹਰਿਆਣਾ)
ਪੁਸਤਕ ਦੀ ਚੇਟਕ
ਐਤਵਾਰ, 30 ਅਪਰੈਲ ਨੂੰ ਸੁਰਿੰਦਰ ਸਿੰਘ ਤੇਜ ਨੇ ਆਪਣੇ ਕਾਲਮ ਪੜ੍ਹਦਿਆਂ ਸੁਣਦਿਆਂ ਵਿੱਚ ਕਈ ਕਿਤਾਬਾਂ ਬਾਰੇ ਦੱਸਿਆ ਜਿਨ੍ਹਾਂ ਵਿੱਚੋਂ ਇੱਕ ਦੀਪ ਦੇਵਿੰਦਰ ਸਿੰਘ ਵੱਲੋਂ ਲਿਖੀ ਕਿਤਾਬ ‘ਤਿਰਕਾਲ-ਸੰਧਿਆ’ ਦੀਆਂ ਕੁਦਰਤ ਨਾਲ ਪਿਆਰ ਅਤੇ ਰੁੱਖਾਂ ਬਾਰੇ ਛੇ ਕਹਾਣੀਆਂ ਸਬੰਧੀ ਕਾਫ਼ੀ ਲਿਖਿਆ। ਉਨ੍ਹਾਂ ਦੀ ਰਚਨਾ ਵਿੱਚ ਯਥਾਰਥਕ ਅਤੇ ਸਿਰਜਣਾਤਮਕ ਭਾਸ਼ਾ ਵਰਤੀ। ਇਸ ਲਈ ਇਸ ਕਿਤਾਬ ਬਾਰੇ ਜਾਣਕਾਰੀ ਪੜ੍ਹ ਕੇ ਪੂਰੀ ਪੁਸਤਕ ਪੜ੍ਹਨ ਦੀ ਇੱਛਾ ਜਾਗੀ।
ਜਸਮੀਤ ਕੌਰ, ਫਿਰੋਜ਼ਪੁਰ
ਨਾਜ਼ੀਵਾਦ ਅਤੇ ਪ੍ਰਚਾਰ ਭਾਸ਼ਾ
ਨਾਜ਼ੀ ਹਕੂਮਤ ਦਾ ਨਿਸ਼ਾਨਾ ਜਰਮਨ ਨਸਲ ਦਾ ‘ਸ਼ੁੱਧੀਕਰਨ’ ਭਾਵ ਜਰਮਨੀ ਨੂੰ ਯਹੂਦੀ-ਮੁਕਤ ਕਰਨਾ ਸੀ, ਪਰ ਹਿਟਲਰ ਦੀ ਹਕੂਮਤ ਦਾ ਮੁੱਖ ਹਥਿਆਰ ਨਿਤਾਰਿਆ ਹੋਇਆ ਝੂਠ ਸੀ ਜਿਸ ਦੇ ਨਿਰੰਤਰ ਪ੍ਰਸਾਰਨ ਲਈ ਨਾਜ਼ੀ ਪਾਰਟੀ ਦਾ ਮੁੱਖ ਪ੍ਰਾਪੇਗੰਡਾ ਮੰਤਰੀ ਜੋਸਫ਼ ਗੁਐਬਲਜ਼ ਨਿਯੁਕਤ ਸੀ। ਫਾਸ਼ੀਵਾਦੀ ਭਾਸ਼ਾ ਦਾ ਧੁਰ ਅੰਦਰੋਂ ਵਿਸ਼ਲੇਸ਼ਣ ਕਰਦਾ 7 ਮਈ ਨੂੰ ਛਪਿਆ ਰਾਜੇਸ਼ ਸ਼ਰਮਾ ਦਾ ਲੇਖ ‘ਭਾਸ਼ਾ, ਨਾਜ਼ੀ ਹਕੂਮਤ ਅਤੇ ਮਨੁੱਖ ਹਸਤੀ’ ਪਾਠਕਾਂ ਨੂੰ ਕਈ ਪਾਸਿਉਂ ਖ਼ਬਰਦਾਰ ਕਰਦਾ ਹੈ। ਗੁਐਬਲਜ਼ ਨੇ ਹਿਟਲਰ ਨੂੰ ਇੱਕ ਸਰਬਕਾਲੀ ਮਿੱਥ ਬਣਾਇਆ ਹੋਇਆ ਸੀ। ਅਸੀਂ ਵੀ ਆਪਣੇ ਆਲੇ-ਦੁਆਲੇ ਅਜਿਹੀਆਂ ਸ਼ਕਤੀਆਂ ਅਤੇ ਉਨ੍ਹਾਂ ਦੇ ਭਾਸ਼ਾ ਨੂੰ ਲੈ ਕੇ ਅਸਲੀ ਅਤੇ ਅਮਲੀ ਅਰਥ ਵਰਤੀਂਦੇ ਵੇਖਦੇ ਹਾਂ। ਸ਼ਹਿਰਾਂ, ਸਟੇਸ਼ਨਾਂ ਅਤੇ ਮਹਿਕਮਿਆਂ ਦੇ ਨਾਵਾਂ ਦੀ ਬਦਲੀ ਪਿੱਛੇ ਵੀ ਮੰਤਵ ਉਹੋ ਜਿਹਾ ਹੀ ਹੈ। ਸਿਲੇਬਸ ’ਚ ਬਦਲਾਅ ਪਿੱਛੇ ਲੁਕੀ ਹੋਈ ਚਤੁਰਾਈ ਵੀ ਅੱਜ ਸਮਝ ਆਈ ਹੈ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
ਕੁਦਰਤ ਦੀ ਮਹਿਮਾ
10 ਮਈ ਵਾਲੇ ਮਿਡਲ ‘ਬੌਸ ਥਰਟੀ ਨਾਈਟ’ ਵਿਚ ਰਿਪਨਜੋਤ ਕੌਰ ਸੋਨੀ ਬੱਗਾ ਨੇ ਕੁਦਰਤ ਦੀ ਮਹਿਮਾ ਕੀਤੀ ਹੈ। ਅੱਜ ਦਾ ਮਨੁਖ ਆਪਣੇ ਲਾਲਚਾਂ ਕਾਰਨ ਕੁਦਰਤ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ਸਰਕਾਰਾਂ ਦੀਆਂ ਨੀਤੀਆਂ ਵੀ ਕੁਝ ਅਜਿਹੀਆਂ ਹਨ ਕਿ ਅਸੀਂ ਕੁਦਰਤ ਤੋਂ ਲਗਾਤਾਰ ਦੂਰ ਜਾ ਰਹੇ ਹਾਂ। ਅਸੀਂ ਅਸਲ ਵਿਚ ਆਪਣੀ ਤਬਾਹੀ ਦੇ ਨੇੜੇ ਜਾ ਰਹੇ ਹਾਂ।
ਰਮਿੰਦਰਦੀਪ ਕੌਰ, ਜਲੰਧਰ
ਸਿੱਖਿਆ ਤੇ ਵੰਨ-ਸਵੰਨਤਾ
ਡਾ. ਕੁਲਦੀਪ ਸਿੰਘ ਦਾ ਲੇਖ ‘ਕੌਮੀ ਪਾਠਕ੍ਰਮ: ਹਕੀਕਤ ਅਤੇ ਹਾਲਾਤ’ (9 ਮਈ) ਪੜ੍ਹ ਕੇ ਲੱਗਿਆ ਕਿ ਕੇਂਦਰ ਸਰਕਾਰ ਭਗਵੇਂ ਰੰਗ ਲਈ ਜਨਤਾ ਨੂੰ ਮਜਬੂਰ ਕਰ ਰਹੀ ਹੈ। ਸਾਡਾ ਦੇਸ਼ ਵੰਨ-ਸਵੰਨਤਾ ਵਾਲਾ ਹੈ। ਹਰ ਸੂਬੇ ਦੀ ਭਾਸ਼ਾ, ਸਭਿਆਚਾਰ ਅਤੇ ਇਤਿਹਾਸ ਵੱਖੋ-ਵੱਖਰਾ ਹੈ। ਕੋਈ ਵੀ ਕੌਮੀ ਨੀਤੀ ਰਾਜਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖ ਕੇ ਬਣਾਈ ਜਾਵੇ ਤਾਂ ਹੀ ਜਾਇਜ਼ ਹੈ; ਨਹੀਂ ਤਾਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਮੋਰਚੇ ਲਾਉਣੇ ਪੈਂਦੇ ਹਨ। ਸਿਲੇਬਸ ਘਟਾਉਣਾ ਵਧਾਉਣਾ, ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ, ਲੋਕ ਹਿਤੂ ਰਚਨਾਵਾਂ ਦੀ ਛਾਂਟੀ ਅਤੇ ਹਿੰਦੂ ਦੇਵੀ ਦੇਵਤਿਆਂ ਨੂੰ ਪਾਠਕ੍ਰਮ ਵਿਚ ਸ਼ਾਮਿਲ ਕਰਨਾ ਲੋਕਤੰਤਰ ਦਾ ਨਿਰਾਦਰ ਹੈ। ਸਿੱਖਿਆ ਪ੍ਰਣਾਲੀ ਨੂੰ ਉੱਚ ਘਰਾਣਿਆਂ ਨੂੰ ਸੌਂਪ ਕੇ ਗ਼ਰੀਬ ਜਨਤਾ ਦਾ ਹੱਕ ਮਾਰਨਾ ਹੈ। ਬਿਹਤਰ ਇਹੀ ਹੈ ਕਿ ਕੌਮੀ ਪਾਠਕ੍ਰਮ ਨੂੰ ਸਾਰੇ ਸੂਬਿਆਂ ਦੇ ਵਿਦਵਾਨਾਂ ਦੀ ਸਮੁੱਚੀ ਸਲਾਹ ਲੈ ਕੇ ਤਿਆਰ ਕੀਤਾ ਜਾਵੇ। ਨਾਲ ਹੀ ਅਧਿਆਪਕਾਂ ਦੀਆਂ ਯੂਨੀਅਨਾਂ ਦੀ ਮੰਗ ਅਨੁਸਾਰ ਵਿਸ਼ਿਆਂ ਦਾ ਖਿਆਲ ਰੱਖਿਆ ਜਾਵੇ।
ਮਲਕੀਤ ਦਰਦੀ, ਲੁਧਿਆਣਾ
(2)
9 ਮਈ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਕੌਮੀ ਪਾਠਕ੍ਰਮ: ਹਕੀਕਤ ਅਤੇ ਹਾਲਾਤ’ ਪੜ੍ਹਿਆ। ਲੇਖਕ ਨੇ ਕੌਮੀ ਸਿੱਖਿਆ ਨੀਤੀ-2020 ਅਧੀਨ ਕੌਮੀ ਪਾਠਕ੍ਰਮ ਫਰੇਮਵਰਕ-2023 ਦੇ ਖਰੜੇ ਤਹਿਤ ਸਕੂਲੀ ਸਿੱਖਿਆ ਵਿਚ ਕੀਤੀ ‘ਰੈਸ਼ਨੇਲਾਈਜੇਸ਼ਨ’ ਦਾ ਇਹ ਕਹਿ ਕੇ ਵਿਰੋਧ ਕੀਤਾ ਹੈ ਕਿ ਇਹ ਕੇਂਦਰ ਵਿਚ ਸੱਤਾਧਾਰੀ ਪਾਰਟੀ ਦਾ ਸਿੱਖਿਆ ਦੇ ਭਗਵਾਂਕਰਨ ਦਾ ਏਜੰਡਾ ਮਾਤਰ ਹੈ। ਬੁੱਧੀਜੀਵੀ ਵਰਗ ਦਾ ਫਰਜ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਹ ਦੱਸਣਾ ਹੋਣਾ ਚਾਹੀਦਾ ਹੈ ਕਿ ਸਿਲੇਬਸ ਰੈਸ਼ਨੇਲਾਈਜੇਸ਼ਨ ਆਮ ਵਰਤਾਰਾ ਹੈ ਜੋ ਹਰ ਦੇਸ਼ ਨਿਸ਼ਚਤ ਸਮੇਂ ਤੋਂ ਬਾਅਦ ਕਰਦਾ ਹੈ, ਜਿਵੇਂ ਭਾਰਤ ਨੇ 1964-66, 1975, 1986, 2000 ਅਤੇ ਹੁਣ 2020 ਵਿਚ ਕੀਤਾ ਗਿਆ ਹੈ। ਇਹ ਕੰਮ ਸਮੇਂ ਦੀ ਸਰਕਾਰ ਸਿੱਖਿਆ ਖੇਤਰ ਨਾਲ ਜੁੜੇ ਵੱਖ ਵੱਖ ਵਿਦਵਾਨਾਂ ਰਾਹੀਂ ਸਾਂਝੇ ਰੂਪ ਵਿਚ ਕਰਦੀ ਹੈ। ਲੇਖਕ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਰਾਜ ਦੇ ਸਾਰੇ ਸਕੂਲਾਂ ਨੂੰ ਲਿਆਉਣ ਦਾ ਸੁਝਾਅ ਦੇਣਾ ਵੀ ਬਹੁਤ ਠੀਕ ਨਹੀਂ ਲੱਗਾ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਵਿਦਿਆਰਥੀ ਨੇ ਕੌਮੀ ਪੱਧਰ ਦੀ ਕੋਈ ਪ੍ਰੀਖਿਆ ਪਾਸ ਕਰਨੀ ਹੋਵੇ ਤਾਂ ਉਸ ਲਈ ਸੀਬੀਐਸਸੀ ਸਿਲੇਬਸ ਦੀ ਕੀ ਮਹੱਤਤਾ ਹੈ।
ਨਵਜੋਤ ਸਿੰਘ, ਪਟਿਆਲਾ
ਵਿਗਿਆਨ ਦਾ ਵਿਹੜਾ
6 ਮਈ ਨੂੰ ਨਜ਼ਰੀਆ ਪੰਨੇ ਉੱਤੇ ਇਸਰੋ ਵਿਗਿਆਨੀ ਡਾ. ਹਰਜੀਤ ਸਿੰਘ ਦਾ ਜਾਣਕਾਰੀ ਭਰਪੂਰ ਲੇਖ ‘ਪੂਛਲ ਤਾਰਿਆਂ ਦੀ ਰਹੱਸਮਈ ਦੁਨੀਆ’ ਪੜ੍ਹਨ ਨੂੰ ਮਿਲਿਆ। ਅਜਿਹੇ ਲੇਖ ਪਾਠਕਾਂ ਨੂੰ ਵਿਗਿਆਨ ਦੇ ਵਿਹੜੇ ਦਾ ਰੰਗ ਦਿਖਾਉਂਦੇ ਹਨ। ਵਿਗਿਆਨ ਵਿਚ ਰੁਚੀ ਰੱਖਣ ਵਾਲਿਆਂ ਲਈ ਤਾਂ ਇਹ ਹੁੰਦੇ ਹੀ ਸੋਨੇ ’ਤੇ ਸੁਹਾਗਾ ਹਨ।
ਨਛੱਤਰ ਧੰਮੂ, ਬਠਿੰਡਾ
(2)
ਇਸਰੋ ਵਿਗਿਆਨੀ ਡਾ. ਹਰਜੀਤ ਸਿੰਘ ਦਾ ਲੇਖ ‘ਪੂਛਲ ਤਾਰਿਆਂ ਦੀ ਰਹੱਸਮਈ ਦੁਨੀਅ’ (6 ਮਈ) ਬਹੁਤ ਸਾਰੇ ਰਹੱਸ ਖੋਲ੍ਹਦਾ ਹੈ। ਅਜਿਹੇ ਲੇਖ ਵੱਧ ਤੋਂ ਵੱਧ ਛਪਣੇ ਚਾਹੀਦੇ ਹਨ। ਇਹ ਪਾਠਕਾਂ ਨੂੰ ਨਵੇਂ ਰਾਹਾਂ ’ਤੇ ਤੁਰਨ ਲਈ ਪ੍ਰੇਰਦੇ ਹਨ।
ਗੁਰਮਨਦੀਪ ਸਿੰਘ, ਹੁਸ਼ਿਆਰਪੁਰ
ਸੱਚਾ ਦਸਵੰਧ
5 ਮਈ ਦੇ ਨਜ਼ਰੀਆ ਪੰਨੇ ਉੱਤੇ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਦਸਵੰਧ’ ਦਿਲ ਨੂੰ ਟੁੰਬਣ ਵਾਲੀ ਰਚਨਾ ਹੈ ਅਤੇ ਦਸਵੰਧ ਦੇ ਸਹੀ ਅਰਥਾਂ ਬਾਰੇ ਚਾਨਣਾ ਪਾਉਂਦੀ ਹੈ। ਲਿਖਤ ਪ੍ਰੇਰਨ ਵਾਲੀ ਅਤੇ ਰਾਹ ਦਰਸਾਉਣ ਵਾਲੀ ਹੈ। ਕਿਸੇ ਗ਼ਰੀਬ ਲੋੜਵੰਦ ਦੀ ਮਦਦ ਹੀ ਸੱਚਾ ਦਸਵੰਧ ਹੈ। ਸਿੱਖ ਗੁਰੂ ਸਾਹਿਬਾਨ ਦੀ ਇਸ ਸਿੱਖਿਆ ਸਦਕਾ ਹੀ ਸੋਕਾ, ਗ਼ਰੀਬੀ, ਹੜ੍ਹਾਂ, ਬਿਮਾਰੀਆਂ, ਭੂਚਾਲ ਅਤੇ ਹੋਰ ਕੁਦਰਤੀ ਆਫ਼ਤਾਂ ਦੌਰਾਨ ਪੰਜਾਬੀ ਦੂਜੇ ਸੂਬਿਆਂ ਵਿਚ ਜਾ ਕੇ ਵੀ ਲੋਕਾਂ ਨੂੰ ਲੰਗਰ ਪਾਣੀ, ਕੱਪੜੇ, ਹੋਰ ਸਮਾਨ ਆਦਿ ਮੁਹੱਈਆ ਕਰਵਾਉਂਦੇ ਹਨ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਹਕੀਮ ਦੀ ਦਵਾਈ
8 ਮਈ ਨੂੰ ਇੰਦਰਜੀਤ ਭਲਿਆਣ ਦੀ ਰਚਨਾ ‘ਕੁੱਲ ਛੇ ਆਨੇ ਬੀਬਾ’ ਪੜ੍ਹ ਕੇ ਹਕੀਮ ਮੁਲਖ ਰਾਜ ਬਾਰੇ ਬੜਾ ਕੁਝ ਯਾਦ ਆਇਆ। ਅਕਤੂਬਰ-ਨਵੰਬਰ 1978 ਦੀ ਗੱਲ ਹੈ। ਮੈਂ ਸਰਕਾਰੀ ਮੁਲਾਜ਼ਮ ਵਜੋਂ ਦਿੱਲੀ ਰਹਿੰਦਾ ਸੀ। ਇਕ ਦਿਨ ਥੋੜ੍ਹਾ ਜ਼ੁਕਾਮ ਹੋਣ ਕਰ ਕੇ ਨਾਲ ਲਗਦੀ ਬਸਤੀ ਦੇ ਡਾਕਟਰ ਤੋਂ ਦਵਾਈ ਲੈ ਲਈ। ਸਵੇਰੇ ਉੱਠਿਆ ਤਾਂ ਚੱਕਰ ਆਉਣ ਲੱਗ ਪਏ। ਜਦ ਵੀ ਸਿਰ ਹਿਲਾਉਂਦਾ, ਦਿੱਲੀ ਘੁੰਮਦੀ ਜਾਪਦੀ। ਹਾਲਤ ਜ਼ਿਆਦਾ ਖ਼ਰਾਬ ਹੋਣ ਕਰ ਕੇ ਨੇੜੇ ਪੈਂਦੇ ਦਿੱਲੀ ਦੇ ਇਕ ਮਸ਼ਹੂਰ ਹਸਪਤਾਲ ਤੋਂ ਕਈ ਦਿਨ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਾ ਹੋਇਆ। ਥੱਕ ਹਾਰ ਕੇ ਪਤਨੀ ਨੂੰ ‘ਤਾਰ’ ਦੇ ਕੇ ਪਿੰਡ ਤੋਂ ਬੁਲਾਇਆ। ਉਹ ਵੀ ਦਵਾਈ ਦੇ ਨਾਲ ਨਾਲ ਓਹੜ-ਪਹੁੜ ਕਰਦੀ ਰਹੀ ਪਰ ਹਾਲਤ ਸੁਧਰਨ ਦੀ ਬਜਾਇ ਵਿਗੜਦੀ ਗਈ। ਅੰਤ ਅਸੀਂ ਪਿੰਡ ਆ ਗਏ ਤੇ ਅਗਲੇ ਦਿਨ ਸ੍ਰੀ ਚਮਕੌਰ ਸਾਹਿਬ ਡਾ. ਮੁਲਖ ਰਾਜ ਕੋਲ ਪਹੁੰਚ ਗਏ। ਉਹ ਕਹਿੰਦੇ- ਕੋਈ ਖ਼ਾਸ ਗੱਲ ਨਹੀਂ, ਪਹਿਲੀ ਦਵਾਈ ਜ਼ਿਆਦਾ ਤੇਜ਼ ਹੋਣ ਕਰ ਕੇ ਜ਼ੁਕਾਮ ਸਿਰ ਨੂੰ ਚੜ੍ਹ ਗਿਆ ਹੈ।... ਉਨ੍ਹਾਂ ਕੇਵਲ ਦੋ ਪੁੜੀਆਂ ਦਿੱਤੀਆਂ; ਇਕ ਤਾਂ ਮੈਂ ਉਨ੍ਹਾਂ ਦੀ ਦੁਕਾਨ ਵਿਚ ਹੀ ਖਾ ਲਈ ਤੇ ਦੂਜੀ ਸੌਣ ਤੋਂ ਪਹਿਲਾਂ। ਸਵੇਰੇ ਉੱਠਿਆ ਤਾਂ ਪੰਦਰਾਂ-ਸੋਲਾਂ ਦਿਨਾਂ ਦੀ ਬਿਮਾਰੀ ਛੂ-ਮੰਤਰ ਹੋ ਗਈ ਸੀ। ਦੂਜੇ-ਤੀਜੇ ਦਿਨ ਮੈਂ ਦਿੱਲੀ ਡਿਊਟੀ ’ਤੇ ਹਾਜ਼ਰ ਹੋ ਗਿਆ।
ਭਗਵੰਤ ਸਿੰਘ, ਪਿੰਡ ਜਗਤਪੁਰ (ਰੂਪਨਗਰ)
ਚੰਗੀ ਸਲਾਹ
10 ਮਈ ਨੂੰ ਸੰਪਾਦਕੀ ‘ਬੇਲੋੜੇ ਅਦਾਲਤੀ ਕੇਸ’ ਪੜ੍ਹਿਆ। ਅਜਿਹੇ ਕੇਸਾਂ ਬਾਰੇ ਅਦਾਲਤ ਨੇ ਬਹੁਤ ਵਧੀਆ ਸਲਾਹ ਦਿੱਤੀ ਹੈ। ਦਰਅਸਲ ਸਾਡੀਆਂ ਅਦਾਲਤਾਂ ਇਨਸਾਫ਼ ਦੀਆਂ ਅਦਾਲਤਾਂ ਨਾ ਹੋ ਕੇ ਸਿਰਫ਼ ਕਾਨੂੰਨ ਦੀਆਂ ਅਦਾਲਤਾਂ ਹੀ ਹਨ। ਵੱਖ ਵੱਖ ਸਰਕਾਰੀ ਵਿਭਾਗਾਂ ਦੇ ਬਹੁਤੇ ਅਫਸਰ ਵੀ ਇਨਸਾਫ਼ ਦੇ ਹੱਕ ਵਿਚ ਖਲੋਣ ਦੀ ਬਜਾਇ ਕਾਨੂੰਨ ਦੀ ਹੀ ਡੌਂਡੀ ਪਿੱਟਦੇ ਹਨ। ਇਸ ਲਈ ਵੱਖ ਵੱਖ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਸਾਂਝੇ ਯਤਨਾਂ ਨਾਲ ਹੀ ਇਸ ਗੰਭੀਰ ਮਸਲੇ ਦਾ ਕੋਈ ਸਾਰਥਿਕ ਹੱਲ ਲੱਭਿਆ ਜਾ ਸਕਦਾ ਹੈ।
ਸੁਖਦੇਵ ਸਿੰਘ ਚਾਹਲ, ਬਠਿੰਡਾ
ਚੇਤਿਆਂ ਦੀ ਗੇੜੀ
8 ਮਈ ਦੇ ਨਜ਼ਰੀਆ ਪੰਨੇ ’ਤੇ ਇੰਦਰਜੀਤ ਭਲਿਆਣ ਦੀ ਲਿਖ ‘ਕੁਲ ਛੇ ਆਨੇ ਬੀਬਾ’ ਪੜ੍ਹੀ। ਲਿਖਤ ਚੇਤਿਆਂ ਨੂੰ ਪੱਚੀ ਤੀਹ ਸਾਲ ਪਿੱਛੇ ਲੈ ਗਈ ਅਤੇ ਇਸ ਤਰ੍ਹਾਂ ਦੇ ਇਕ ਦਰਵੇਸ਼ ਵੈਦ ਦੀ ਯਾਦ ਆ ਗਈ। ਉਹ ਵੀ ਨਬਜ਼ ਅਤੇ ਸਵੇਰ ਦਾ ਪਹਿਲਾ ਕਰੂਰਾ ਦੇਖ ਕੇ ਮਰਜ਼ ਦੱਸ ਦਿੰਦੇ ਸਨ। ਮਰੀਜ਼ ਨੂੰ ਪਤਾ ਨਹੀਂ ਹੁੰਦਾ ਸੀ ਕਿ ਉਸ ਦੇ ਸਰੀਰ ਵਿਚ ਅਲਾਮਤ ਕਿੱਥੇ ਹੈ। ਦੱਸਣ ਦੀ ਲੋੜ ਵੀ ਨਹੀਂ ਪੈਂਦੀ ਸੀ। ਕੋਈ ਲੈਬਾਰਟਰੀ ਟੈਸਟ ਨਹੀਂ। ਕੋਈ ਗ਼ਰੀਬ ਆ ਜਾਂਦਾ, ਦਵਾ ਮੁਫ਼ਤ ਦੇ ਦਿੰਦੇ। ਅੱਜ ਡਾਕਟਰਾਂ ਦੇ ਹਿਸਾਬ ਕਿਤਾਬ ਬਾਰੇ ਪੜ੍ਹ-ਸੁਣ ਕੇ ਮਨ ਮਸੋਸਿਆ ਜਾਂਦਾ ਹੈ।
ਮਨਦੀਪ ਕੌਰ, ਲੁਧਿਆਣਾ
ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ
6 ਮਈ ਦੇ ਅੰਕ ਵਿਚ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਨੂੰ ਸਮਰਪਿਤ ਲੇਖ ‘ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ’ (ਲੇਖਕ ਦਲਬੀਰ ਸਿੰਘ ਸੱਖੋਵਾਲੀਆ) ਪੜ੍ਹਦਿਆਂ ਮਨ ਵੈਰਾਗ ਨਾਲ ਭਰ ਜਾਂਦਾ ਹੈ। ਸ਼ਿਵ ਦੀਆਂ ਕਵਿਤਾਵਾਂ ਵਿਚੋਂ ਹੰਝੂ, ਹਉਕੇ, ਗ਼ਮ ਤੇ ਉਦਾਸ ਭਾਵਨਾਵਾਂ ਉਜਾਗਰ ਹੁੰਦੀਆਂ ਹਨ। ਸ਼ਿਵ ਦੀ ਸ਼ਬਦ ਚੋਣ, ਅਰਥਾਂ ਦੀ ਸਮਝ, ਜਜ਼ਬਾਤੀ ਲਿਖਣ ਸ਼ੈਲੀ ਹੀ ਉਸ ਦੀਆਂ ਕਵਿਤਾਵਾਂ ਵਿਚ ਰੂਹ ਭਰਦੀ ਹੈ। ਸ਼ਿਵ ਦੀਆਂ ਰਚਨਾਵਾਂ ਅਤੇ ਪੰਜਾਬੀ ਸਾਹਿਤ ਨੂੰ ਉਸ ਦੀ ਦੇਣ ਨੂੰ ਕੌਣ ਨਹੀਂ ਜਾਣਦਾ? ਪਰ ਇਹ ਮਾੜੀ ਗੱਲ ਹੈ ਕਿ ਅਜਿਹੇ ਉੱਘੇ ਕਵੀ ਦੇ ਉਸ ਘਰ ਦੀ ਸੰਭਾਲ ਵੀ ਨਹੀਂ ਕੀਤੀ ਜਾ ਰਹੀ। ਜਿਸ ਦੇ ਕਿਸੇ ਕਮਰੇ ਵਿਚ ਬੈਠ ਕੇ ਉਹ ਸ਼ਾਇਰੀ ਕਰਦਾ ਸੀ, ਜਿਸ ਘਰ ਦੇ ਵਿਹੜੇ ਉਸ ਹਉਕਾ ਬੀਜਿਆ ਸੀ, ਹੰਝੂਆਂ ਨਾਲ ਉਸ ਨੂੰ ਸਿੰਜਿਆ ਸੀ ਤੇ ਜਿੱਥੇ ‘ਬਿਰਹਾ’ ਵਧਿਆ ਫੁੱਲਿਆ ਸੀ।
ਦਿਲਪ੍ਰੀਤ ਕੌਰ, ਬਸੰਤਪੁਰਾ (ਪਟਿਆਲਾ)
ਸਰਕਾਰ ਦੀ ਗੰਭੀਰਤਾ !
2 ਮਈ ਨੂੰ ਨਜ਼ਰੀਆ ਪੰਨੇ ’ਤੇ ਨਵਸ਼ਰਨ ਕੌਰ ਦਾ ਲੇਖ ‘ਇਸ ਪੀੜ ਨੂੰ ਦਫ਼ਨ ਨਹੀਂ ਕੀਤਾ ਜਾ ਸਕਦਾ’ ਅਤੇ 3 ਮਈ ਨੂੰ ਸਵਰਾਜਬੀਰ ਦਾ ਲੇਖ ‘ਉਹ ਸਾਡੀਆਂ ਧੀਆਂ ਨੇ’ ਪੜ੍ਹਨ ਲਈ ਮਿਲੇ। ਹੈਰਾਨੀ ਦੀ ਗੱਲ ਇਹ ਹੈ ਕਿ ਕੌਮਾਂਤਰੀ ਪੱਧਰ ਦੀਆਂ ਖਿਡਾਰਨਾਂ ਨੂੰ ਵੀ ਨਿਆਂ ਲਈ ਧਰਨੇ ਦੇਣੇ ਪੈ ਰਹੇ ਹਨ। ਐਫ਼ਆਈਆਰ ਦਰਜ ਕਰਨ ਲਈ ਸੁਪਰੀਮ ਕੋਰਟ ਨੂੰ ਦਖ਼ਲ ਦੇਣਾ ਪਿਆ। ਸਮਝ ਤੋਂ ਬਾਹਰ ਹੈ ਕਿ ਮੁਲਕ ਅੰਦਰ ਹੋ ਕੀ ਰਿਹਾ ਹੈ! ਪਿਛਲੇ ਦਿਨੀਂ ਧਰਨੇ ਵਾਲੇ ਸਥਾਨ ’ਤੇ ਪੁਲੀਸ ਦੀ
ਪਹਿਲਵਾਨਾਂ ਨਾਲ ਝੜਪ ਅਤੇ ਨੌਜਵਾਨਾਂ ਨੂੰ ਆ ਰਹੀਆਂ ਸਮੱਸਿਆਵਾਂ (ਬਿਜਲੀ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਰੋਟੀ, ਮੋਬਾਈਨ ਫ਼ੋਨ ਦੀ ਰੌਸ਼ਨੀ ਨਾਲ ਖਾਣੀ ਪਈ) ਤੋਂ ਪਤਾ ਲੱਗ ਰਿਹਾ ਹੈ ਕਿ ਸਰਕਾਰ ਇਸ ਮੁੱਦੇ ਬਾਰੇ ਕਿੰਨੀ ਕੁ ਗੰਭੀਰ ਹੈ।
ਹਰਵਿੰਦਰ ਸਿੰਘ ਹਾਕਮ, ਜਲਾਜਣ
(2)
3 ਮਈ ਨੂੰ ਲੇਖ ‘ਉਹ ਸਾਡੀਆਂ ਧੀਆਂ ਨੇ’ ਵਿਚ ਸਵਰਾਜਬੀਰ ਨੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਖਿਡਾਰਨਾਂ ਦਾ ਮੁੱਦਾ ਚੁੱਕਿਆ ਹੈ। ਹਾਂ, ਅੱਜ ਲੋੜ ਹੈ ਦੇਸ਼ ਦੀ ਹਰ ਔਰਤ/ਧੀ ਨੂੰ ਇਨ੍ਹਾਂ ਪਹਿਲਵਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਦੀ। ਧਰਨਾ ਦੇਣ ਵਾਲੀਆਂ ਪਹਿਲਵਾਨ ਨਾ ਸਿਰਫ਼ ਆਪਣੇ ਲਈ ਬਲਕਿ ਸੰਪੂਰਨ ਔਰਤ ਵਰਗ ਲਈ ਇਨਸਾਫ਼ ਦੀ ਮੰਗ ਕਰ ਰਹੀਆਂ ਹਨ।
ਸੁਖਪਾਲ ਕੌਰ, ਚੰਡੀਗੜ੍ਹ
(3)
ਆਪਣੀ ਮਿਹਨਤ ਦੇ ਬਲਬੂਤੇ ਦੁਨੀਆ ਵਿਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਧੀਆਂ ਚੁਰਸਤੇ ’ਚ ਖੜ੍ਹ ਕੇ ਭੁੱਬਾਂ ਮਾਰ ਰਹੀਆਂ ਹਨ, ਇਨਸਾਫ਼ ਦੀ ਮੰਗ ਕਰ ਰਹੀਆਂ ਹਨ। ਜੇ ਅਸੀਂ ਇਨ੍ਹਾਂ ਦੀ ਗੱਲ ਵੀ ਨਹੀਂ ਸੁਣਾਂਗੇ ਤੇ ਫਿਰ ਹੋਰ ਕੀਹਦੀ ਸੁਣਾਂਗੇ? ਅਖ਼ਬਾਰਾਂ ਵਿਚ ਰੋਜ਼ ਇਨ੍ਹਾਂ ਦੇ ਦੁੱਖ ਦੀ ਦਾਸਤਾਨ ਵਾਲੇ ਲੇਖ ਛਪਦੇ ਹਨ। ਜੇ ਧੀਆਂ ਨੂੰ ਸੱਚੀ-ਮੁੱਚੀ ਬਚਾਉਣਾ ਹੈ ਤਾਂ ਹਰ ਸ਼ਖ਼ਸ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਮਰਦ ਪ੍ਰਧਾਨ ਬਿਰਤੀ ਮੁਤਾਬਿਕ ਆਮ ਕਿਹਾ ਜਾਂਦਾ ਹੈ ਕਿ ਜਾਤ ਬਰਾਦਰੀ ਵਿਚ ਨੱਕ ਕੱਟੇ ਜਾਣ ਦੇ ਡਰੋਂ ਕੁੜੀਆਂ ਨੂੰ ਖ਼ਾਮੋਸ਼ ਰਹਿਣਾ ਚਾਹੀਦਾ ਹੈ ਪਰ ਜੇ ਅਸੀਂ ਆਪਣੀਆਂ ਬੱਚੀਆਂ ਨੂੰ ਵਾਕਿਆ ਹੀ ਮੁਹੱਬਤ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਤਾਂ ਸਾਨੂੰ ਇਹ ਧਾਰਨਾ ਬਦਲਣੀ ਪੈਣੀ ਹੈ। ਇਨ੍ਹਾਂ ਖਿਡਾਰਨਾਂ ਨੇ ਆਪਣੇ ਨਾਲ ਹੋਈ ਜ਼ਿਆਦਤੀ ਵਿਰੁੱਧ ਆਵਾਜ਼ ਬੁਲੰਦ ਕਰ ਕੇ ਬਾਕੀਆਂ ਨੂੰ ਇਕ ਤਰ੍ਹਾਂ ਨਾਲ ਸੱਦਾ ਦਿੱਤਾ ਹੈ।
ਇੰਜ. ਦਰਸ਼ਨ ਸਿੰਘ ਭੁੱਲਰ, ਬਠਿੰਡਾ
ਸ਼ਖ਼ਸੀਅਤ ਨੂੰ ਖ਼ੋਰਾ
ਪਹਿਲੀ ਮਈ ਦੇ ਪਰਵਾਜ਼ ਪੰਨੇ ’ਤੇ ਪ੍ਰੋ. ਪ੍ਰੀਤਮ ਸਿੰਘ ਨੇ ਆਪਣੇ ਲੇਖ ‘ਅਕਾਲੀ ਸਿਆਸਤ ਨੂੰ ਨਵੀਂ ਦਿੱਖ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ’ ਰਾਹੀਂ ਮਰਹੂਮ ਬਾਦਲ ਨੂੰ ਪੰਜਾਬ ’ਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਦੇਸ਼ਪ੍ਰਸਤ ਆਗੂ ਮੰਨਿਆ ਹੈ। ਮੰਨਿਆ ਜਾ ਸਕਦਾ ਹੈ ਕਿ ਬਾਦਲ ਨਰਮ ਦਿਲ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਾਲੇ ਆਗੂ ਵਜੋਂ ਸਿਆਸੀ ਖੇਤਰ ’ਚ ਸਥਾਪਤ ਰਹੇ ਪਰ ਉਨ੍ਹਾਂ ਦੀ ਸੱਤਾ ’ਚ ਰਹਿਣ ਦੀ ਲਾਲਸਾ ਕਾਰਨ ਸਿੱਖੀ ਨੂੰ ਢਾਹ ਲੱਗੀ ਅਤੇ ਉਨ੍ਹਾਂ ਦੇ ਨਿੱਜਪ੍ਰਸਤੀ ਵਾਲੇ ਫ਼ੈਸਲਿਆਂ ਕਾਰਨ ਲੋਕਾਂ ਅੰਦਰ ਉਨ੍ਹਾਂ ਦੀ ਸਿਆਸੀ ਸ਼ਖ਼ਸੀਅਤ ਨੂੰ ਖ਼ੋਰਾ ਲੱਗਿਆ ਜਿਸ ਕਾਰਨ ਜ਼ਿੰਦਗੀ ਦੇ ਆਖ਼ਰੀ ਪੜਾਅ ’ਚ ਉਨ੍ਹਾਂ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ ਕਈ ਤਰ੍ਹਾਂ ਦੇ ਸਵਾਲ ਹਨ।
ਮਨੋਹਰ ਸਿੰਘ ਸੱਗੂ, ਧੂਰੀ
ਮਨੀਪੁਰ ਹਿੰਸਾ
6 ਮਈ ਨੂੰ ਸੰਪਾਦਕੀ ‘ਮਨੀਪੁਰ ਵਿਚ ਹਿੰਸਾ’ ਪੜ੍ਹਿਆ। ਬੇਸ਼ੱਕ, ਮੌਜੂਦਾ ਮਨੀਪੁਰ ਹਿੰਸਾ ਦੇ ਕਾਰਨ ਇਤਿਹਾਸਕ ਹਨ। ਮਨੀਪੁਰ ਹਾਈਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਦੋ-ਇੰਜਣ ਵਾਲੀ ਸਰਕਾਰ ਨੂੰ ਸੁਚੇਤ ਨਹੀਂ ਸੀ ਹੋਣਾ ਚਾਹੀਦਾ? 60,000 ਵਿਦਿਆਰਥੀਆਂ ਦੇ ਹਜੂਮ ਨੂੰ ਇਕ ਪਲੇਟਫਾਰਮ ’ਤੇ ਇਕੱਤਰ ਹੋਣ ਦੇਣਾ ਕਿਸ ਦਾ ਕਸੂਰ ਹੈ? ਜੰਤਰ-ਮੰਤਰ ’ਤੇ ਤਾਂ ਮੰਜਾ ਲਿਜਾਣ ’ਤੇ ਵੀ ਇਤਰਾਜ਼ ਹੈ! ਇਸ ਲਈ ਇਹ ਕਾਰਾ ਤਾਂ ਕੋਈ ਹੋਰ ਹੈ। ਖੁਫ਼ੀਆ ਤੰਤਰ ਅਸਫ਼ਲ ਹੋਇਆ ਹੈ। ਰਜਵਾੜਾਸ਼ਾਹੀ ਹਿੰਦੂ ਵੀ ਅੱਜ ਕੱਲ੍ਹ ਹਿੰਦੋਸਤਾਨ ਵਿਚ ਨੌਕਰੀ ਰਿਜ਼ਰਵੇਸ਼ਨ ਦੀ ਫ਼ਿਰਾਕ ਵਿਚ ਹੈ। ਹੈਰਾਨੀ ਹੈ, ਰਿਜ਼ਰਵੇਸ਼ਨ ਜਾਤ-ਪਾਤ ਨੂੰ ਘਟਾ ਰਹੀ ਹੈ ਜਾਂ ਵਧਾ ਰਹੀ ਹੈ?
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਅੰਧ-ਵਿਸ਼ਵਾਸ
3 ਮਈ ਦੇ ਅੰਕ ਵਿਚ ਮਨਦੀਪ ਕੌਰ ਬਰਾੜ ਦਾ ਮਿਡਲ ‘ਅੰਧ-ਵਿਸ਼ਵਾਸ ਦਾ ਸੰਤਾਪ’ ਪੜ੍ਹ ਕੇ ਮੈਨੂੰ ਮੇਰਾ ਛੋਟਾ ਭਰਾ ਰਣਜੀਤ ਚੇਤੇ ਆ ਗਿਆ। ਅਜੇ ਉਹ ਦੋ ਸਾਲ ਦਾ ਵੀ ਨਹੀਂ ਸੀ ਕਿ ਉਸ ਨੂੰ ਖਸਰਾ ਨਿਕਲ ਆਇਆ। ਉਦੋਂ ਪਿੰਡਾਂ ਵਿਚ ਨਾ ਹਸਪਤਾਲ ਹੁੰਦੇ ਸਨ, ਨਾ ਹੀ ਦਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਦੇਸੀ ਦਵਾਈਆਂ ਦੇ ਵੈਦ ਹੁੰਦੇ ਸਨ ਪਰ ਦੂਰ ਦੇ ਪਿੰਡ ਜਾਣਾ ਪੈਂਦਾ ਸੀ। ਪੇਂਡੂ ਲੋਕਾਂ ਦਾ ਜਾਦੂ ਟੂਣੇ, ਧਾਗੇ ਤਵੀਤਾਂ ਵਿਚ ਅੰਧ-ਵਿਸ਼ਵਾਸ ਸੀ। ਮੇਰਾ ਬਾਪੂ ਵੀ ਭਰਾ ਨੂੰ ਜਰਖੜ ਲੈ ਗਿਆ ਅਤੇ ਕਿਸੇ ਅਖੌਤੀ ਸੰਤ ਨੇ ਬਾਪੂ ਨੂੰ ਕੁਝ ਪੁੜੀਆਂ ਅਤੇ ਤਵੀਤ ਮੰਤਰ ਮਾਰ ਕੇ ਦਿੱਤਾ, ਨਾਲ ਹੀ ਸਖ਼ਤ ਹਦਾਇਤ ਕਰ ਦਿੱਤੀ ਕਿ ਤੁਸੀਂ ਮੁੰਡੇ ਕੋਲ ਭਾਂਡੇ ਖੜਕਾਈ ਜਾਣੇ। ਸਾਰਾ ਟੱਬਰ ਵਾਰੀ ਵਾਰੀ ਭਾਂਡੇ ਖੜਕਾਉਂਦਾ ਰਹਿੰਦਾ। ਕਰੋਨਾ ਕਾਲ ਵਿਚ ਵੀ ਥਾਲੀਆਂ ਖੜਕਾਉਣ ਸਮੇਂ ਭਰਾ ਦੀ ਯਾਦ ਆਈ ਸੀ ਪਰ ਨਾ ਮੇਰਾ ਭਰਾ ਬਚਿਆ ਸੀ ਅਤੇ ਨਾ ਹੀ ਕਰੋਨਾ ਦੀ ਬਿਮਾਰੀ ਹਟੀ। ਪਤਾ ਨਹੀਂ ਸਾਡੇ ਅੰਧ-ਵਿਸ਼ਵਾਸ ਨੇ ਕਿੰਨੀਆਂ ਜਾਨਾਂ ਲੈ ਲਈਆਂ ਹਨ?
ਮਲਕੀਤ ਦਰਦੀ, ਲੁਧਿਆਣਾ
ਦਫ਼ਤਰ ਸਮਾਂ ਤਬਦੀਲੀ
4 ਮਈ ਦੇ ਅੰਕ ਵਿਚ 2 ਸਫ਼ੇ ’ਤੇ ਦਫ਼ਤਰਾਂ ਦੇ ਸਮੇਂ ’ਚ ਤਬਦੀਲੀ ਦੀ ਮੁਲਾਜ਼ਮ ਜਥੇਬੰਦੀ ਵੱਲੋਂ ਕੀਤੀ ਨਿਖੇਧੀ ਸਹੀ ਹੈ। ਇਸ ਨਾਲ ਮੁਲਾਜ਼ਮਾਂ ਨੂੰ ਸਵੇਰੇ ਜਲਦੀ ਉੱਠਣ ਕਾਰਨ ਕਾਹਲ, ਚਿੰਤਾ, ਅਨਿੰਦਰਾਪਣ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰ ਵੇਲੇ ਸੈਰ, ਕਸਰਤ, ਯੋਗ ਲਈ ਸਮਾਂ ਨਾ ਮਿਲਣ ਕਾਰਨ ਵੀ ਮੁਲਾਜ਼ਮਾਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪੈਣਾ ਯਕੀਨੀ ਹੈ। ਸਮੇਂ ’ਚ ਤਬਦੀਲੀ ਕਰਨ ਦੀ ਥਾਂ ਸਰਕਾਰੀ ਦਫ਼ਤਰਾਂ ਅੰਦਰ ਬਿਨ ਲੋੜ ਤੋਂ ਬਿਜਲੀ ਦੇ ਸਵਿੱਚ ਆਨ ਕਰਨ ਦਾ ਰੁਝਾਨ ਰੋਕਣ ਨਾਲ ਬਿਜਲੀ ਦੀ ਬੱਚਤ ਵਧੇਰੇ ਹੋ ਸਕਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਔਰਤਾਂ ਦੀ ਆਜ਼ਾਦੀ
3 ਮਈ ਨੂੰ ਸਵਰਾਜਬੀਰ ਦਾ ਲੇਖ ‘ਉਹ ਸਾਡੀਆਂ ਧੀਆਂ ਨੇ’ ਪੜ੍ਹਿਆ ਜੋ ਜੰਤਰ-ਮੰਤਰ (ਦਿੱਲੀ) ਵਿਚ ਧਰਨੇ ’ਤੇ ਬੈਠੀਆਂ ਪਹਿਲਵਾਨਾਂ ਦੇ ਸੰਘਰਸ਼ ਬਾਰੇ ਹੈ। ਇਸ ਲੇਖ ਦੇ ਹੱਕ ਵਿਚ 20ਵੀਂ ਸਦੀ ਦੀ ਮਹਾਨ ਇਨਕਲਾਬੀ ਰੋਜ਼ਾ ਲਗਜਮਬਰਗ ਦਾ ਹਵਾਲਾ ਪੇਸ਼ ਕਰਨਾ ਚਾਹੁੰਦਾ ਹਾਂ। ਉਨ੍ਹਾਂ ਲਿਖਿਆ ਸੀ: ‘‘ਔਰਤਾਂ ਦੀ ਆਜ਼ਾਦੀ ਸਮਾਜਿਕ ਆਜ਼ਾਦੀ ਦੀ ਪ੍ਰਤੀਕ ਹੈ।’’
ਪ੍ਰੀਤਮ ਸਿੰਘ, ਆਕਸਫੋਰਡ (ਯੂਕੇ)
(2)
3 ਮਈ ਦੇ ਸਵਰਾਜਬੀਰ ਦਾ ਲੇਖ ‘ਉਹ ਸਾਡੀਆਂ ਧੀਆਂ ਨੇ’ ਪੜ੍ਹਿਆ। ਜੰਤਰ-ਮੰਤਰ ’ਤੇ ਮੁਜ਼ਾਹਰਾ ਕਰ ਰਹੀਆਂ ਧੀਆਂ ਨੇ ਵਾਕਿਆ ਹੀ ਵੱਡਾ ਜੇਰਾ ਦਿਖਾਇਆ ਹੈ ਅਤੇ ਵੱਡਾ ਖ਼ਤਰਾ ਮੁੱਲ ਲਿਆ ਹੈ। ਉਹ ਸਾਡੀਆਂ ਧੀਆਂ ਹੀ ਨਹੀਂ, ਸਾਡਾ ਮਾਣ ਵੀ ਹਨ। ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਕੌਮਾਂਤਰੀ ਪੱਧਰ ’ਤੇ ਸਾਡਾ ਮਾਣ ਵਧਾਇਆ ਹੈ। ਇਨ੍ਹਾਂ ਦੇ ਕਦਮਾਂ ਨੇ ਜਮਹੂਰੀਅਤ ਦੇ ਕਾਫ਼ਲੇ ਦੀ ਤੋਰ ਦੇ ਨਿਸ਼ਾਨ ਬਣਨਾ ਹੈ। ਜਮਹੂਰੀਅਤ ਪਸੰਦ ਲੋਕਾਂ ਨੂੰ ਇਨ੍ਹਾਂ ਨਾਲ ਖੜ੍ਹਨਾ ਚਾਹੀਦਾ ਹੈ।
ਜਗਰੂਪ ਸਿੰਘ, ਲੁਧਿਆਣਾ
(3)
‘ਉਹ ਸਾਡੀਆਂ ਧੀਆਂ ਨੇ’ (ਸਵਰਾਜਬੀਰ, 3 ਮਈ) ਲੇਖ ਸਰਕਾਰ ਨੂੰ ਸੇਧ ਦੇਣ ਲਈ ਹੈ। ਜਿਸ ਘਰ ਵਿਚ ਵੀ ਧੀ ਹੈ, ਦੇਸ਼ ਦਾ ਉਹ ਪਰਿਵਾਰ ਜੰਤਰ-ਮੰਤਰ ’ਤੇ ਵਿਲਕ ਰਹੀਆਂ ਧੀਆਂ ਦੇ ਨਾਲ ਹੈ। ਧਰਨੇ ’ਚ ਨਾ ਪਹੁੰਚ ਸਕਣਾ ਬਿਲਕੁਲ ਦੂਜਾ ਮਸਲਾ ਹੈ। ਹਾਕਮ ਅਜੇ ਵੋਟ ਬਟੋਰਨ ਦੀ ਫਿਰਾਕ ’ਚ ਕਰਨਾਟਕ ਗਏ ਹੋਏ ਹਨ। 10 ਮਈ ਤੋਂ ਬਾਅਦ ਪੀਐਮਓ ਧੀਆਂ ਦੇ ਹੱਕ ਵਿਚ ਨਿੱਤਰੇਗਾ!
ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ
ਵੱਡਾ ਸੁਨੇਹਾ
28 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਰਾਜਕੁਮਾਰ ਸ਼ਰਮਾ ਦਾ ਮਿਡਲ ‘ਜੰਦਰੇ’ ਵੱਡਾ ਸੁਨੇਹਾ ਦੇ ਗਿਆ। ਤ੍ਰਾਸਦੀ ਇਹ ਹੈ ਕਿ ਪੰਜਾਬ ਦੇ ਬਹੁਤੇ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਨਹੀਂ ਅਤੇ ਜਿਹੜੇ ਬੇਰੁਜ਼ਗਾਰ ਨੌਜਵਾਨਾਂ ਨੂੰ ਚੁਣਿਆ ਗਿਆ ਹੈ, ਉਹ ਨਿਯੁਕਤੀ ਪੱਤਰਾਂ ਦੀ ਉਡੀਕ ਵਿਚ ਹਨ। ਇਸ ਤੋਂ ਪਹਿਲਾਂ ਕਿ ਹੋਰ ਘਰਾਂ ਨੂੰ ਜੰਦਰੇ ਵੱਜਣ, ਸਰਕਾਰ ਨਿਯੁਕਤ ਕੀਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਤਾਂ ਜੋ ਉਹ ਆਪਣੀ ਜਵਾਨੀ ਦੇਸ਼ ਦਾ ਭਵਿੱਖ ਸੰਵਾਰਨ ’ਤੇ ਲਾਉਣ।
ਕਰਮਜੀਤ ਸਿੰਘ ਸਮਾਘ, ਬਰਕੰਦੀ (ਸ੍ਰੀ ਮੁਕਤਸਰ ਸਾਹਿਬ)
ਭੇਖ ਦਾ ਪਰਤਾਪ
‘ਭੇਖ ਦਾ ਪਰਤਾਪ’ ਮਿਡਲ (27 ਅਪਰੈਲ, ਰਣਜੀਤ ਲਹਿਰਾ) ਪੜ੍ਹਿਆ। ਸਮਾਜਿਕ ਚੇਤਨਾ ਤੋਂ ਬਗ਼ੈਰ ਅਜਿਹੇ ਵਰਤਾਰਿਆਂ ਤੋਂ ਖਹਿੜਾ ਛੁਡਾਉਣਾ ਮੁਸ਼ਕਿਲ ਹੈ।
ਰਵਿੰਦਰ ਸਿੰਘ, ਜਲੰਧਰ
ਸੁਚੇਤ ਕੀਤਾ
22 ਅਪਰੈਲ ਦੇ ਸਤਰੰਗ ਪੰਨੇ ਉੱਤੇ ਪਰਮਜੀਤ ਕੌਰ ਸਰਹਿੰਦ ਦਾ ਲੇਖ ‘ਸਾਡਾ ਤਾਂ ਪਾਣੀ ਵਿਸ ਭਰਿਆ’ ਚੰਗਾ ਲੱਗਿਆ। ਲੇਖ ਵਿਚ ਅੱਜ ਦੀ ਸਚਾਈ ਪੇਸ਼ ਕੀਤੀ ਗਈ ਹੈ। ਜਿੱਥੇ ਵਿਰਸੇ ਦੀਆਂ ਯਾਦਾਂ ਤਾਜ਼ਾ ਕਰਵਾਈਆਂ, ਉੱਥੇ ਪਾਣੀ ਦੀ ਦੁਰਵਰਤੋਂ ਕਰ ਕੇ ਪੰਜਾਬ ਨੂੰ ਰੇਗਿਸਤਾਨ ਬਣਨ ਵੱਲ ਧੱਕਣ ਲਈ ਸਾਨੂੰ ਜ਼ਿੰਮੇਵਾਰ ਦੱਸਿਆ ਹੈ; ਨਾਲ ਹੀ ਇਸ ਬਾਰੇ ਸੁਚੇਤ ਕੀਤਾ ਹੈ। ਪੁਰਾਤਨ ਗੀਤਾਂ ਦੇ ਟੁਕੜੇ ਪਾ ਕੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ ਹੈ। ਨੌਜਵਾਨਾਂ ਵਿਚ ਨਸ਼ਿਆਂ ਦੇ ਰੁਝਾਨ, ਸਮਾਜ ਵਿਚ ਫ਼ਿਰਕਾਪ੍ਰਸਤੀ ਅਤੇ ਆਬੋ-ਹਵਾ ਵਿਚ ਪ੍ਰਦੂਸ਼ਣ ਉੱਤੇ ਵੀ ਉਂਗਲ ਰੱਖੀ ਹੈ।
ਹਰੀ ਸਿੰਘ ‘ਚਮਕ’, ਫਤਿਹਗੜ੍ਹ ਸਾਹਿਬ
ਪੱਤਰਕਾਰੀ ਦੇ ਸਿਧਾਂਤ
7 ਅਪਰੈਲ ਦੇ ਨਜ਼ਰੀਆ ਪੰਨੇ ਦੇ ਮਿਡਲ ‘ਆਦਰਸ਼ ਪੱਤਰਕਾਰੀ ਦੇ ਮੂਲ ਸਿਧਾਂਤ ਅਤੇ ਹਕੀਕਤ’ ਦੇ ਲੇਖਕ ਪ੍ਰੋ. ਸਾਧੂ ਸਿੰਘ ਨੇ ਸੱਚੀ ਸੁੱਚੀ ਪੱਤਰਕਾਰੀ ਦੇ ਲਾਜ਼ਮੀ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਹੈ। ਨਾਲ ਨਾਲ ਮੌਜੂਦਾ ਸਮੇਂ ਦੀ ਪੱਤਰਕਾਰੀ ਵਿਚ ਆਈਆਂ ਘਾਟਾਂ ਬਾਰੇ ਵੀ ਗਵਾਹੀ ਭਰੀ ਹੈ। ਅੱਜਕੱਲ੍ਹ ਤਾਂ ਹਾਲ ਇਹ ਹੋਇਆ ਪਿਆ ਹੈ ਕਿ ਪੱਤਰਕਾਰੀ ਦਾ ਇਕ ਹਿੱਸਾ ਲੋਕਤੰਤਰ ਲਈ ਖ਼ਤਰਾ ਸਾਬਿਤ ਹੋ ਰਿਹਾ ਹੈ। ਜਿਸ ਪੱਤਰਕਾਰੀ ਨੇ ਜਾਬਰ ਰਾਜ ਪ੍ਰਬੰਧ ਅਤੇ ਬਾਜ਼ਾਰਵਾਦ ਦੇ ਜਾਲ ਤੋਂ ਲੋਕਾਂ ਨੂੰ ਖ਼ਬਰਦਾਰ ਕਰਨਾ ਹੁੰਦਾ ਹੈ, ਉਹੀ ਪੱਤਰਕਾਰੀ ਹੁਣ ਇਨ੍ਹਾਂ ਦੋਹਾਂ ਧਿਰਾਂ ਦੇ ਹੱਕ ਵਿਚ ਭੁਗਤਦੀ ਜਾਪਦੀ ਹੈ। ਪੱਤਰਕਾਰੀ ਨੂੰ ਜਿਸ ਵਰਗ ਦਾ ਤਰਫ਼ਦਾਰ ਹੋਣਾ ਚਾਹੀਦਾ ਸੀ, ਅੱਜ ਕੱਲ੍ਹ ਉਸੇ ਵਰਗ ਦੇ ਖ਼ਿਲਾਫ਼ ਭੁਗਤ ਰਹੀ ਹੈ। ਪਹਿਲਾਂ ਕਿਸੇ ਵੀ ਵਾਪਰੀ ਘਟਨਾ ਦੀ ਤਹਿ ਤੱਕ ਜਾਣ ਲਈ ਸੁਹਿਰਦ ਪੱਤਰਕਾਰਾਂ ਦੀ ਰਾਇ ਅਹਿਮ ਹੁੰਦੀ ਸੀ ਪਰ ਅੱਜ ਅਜਿਹੇ ਪੱਤਰਕਾਰਾਂ ਦੀ ਭਰਮਾਰ ਹੈ ਜੋ ਘਟਨਾਵਾਂ ਬਾਰੇ ਸਮਝਾਉਣਾ ਤਾਂ ਕੀ, ਉਲਝਾਉਂਦੇ ਵਧੇਰੇ ਹਨ। ਸੋਸ਼ਲ ਮੀਡੀਆ ਵਾਲੀ ਆਨਲਾਈਨ ਪੱਤਰਕਾਰੀ ਨੇ ਤਾਂ ਪੱਤਰਕਾਰੀ ਦੇ ਮਿਆਰ ਨੂੰ ਬਹੁਤ ਢਾਹ ਲਾਈ ਹੈ। ਹਰ ਸੀਮਾ ਹੀ ਪਾਰ ਕੀਤੀ ਜਾ ਰਹੀ ਹੈ। ਪ੍ਰੋ. ਸਾਧੂ ਸਿੰਘ ਦਾ ਇਹ ਲੇਖ ਅਜਿਹੇ ਪੱਤਰਕਾਰਾਂ ਨੂੰ ਸ਼ੀਸ਼ਾ ਦਿਖਾਉਣ ਦੀ ਛੋਟੀ ਜਿਹੀ ਕੋਸ਼ਿਸ਼ ਹੈ।
ਹਰਪਿੰਦਰ ਰਾਣਾ, ਸ੍ਰੀ ਮੁਕਤਸਰ ਸਾਹਿਬ
ਪੱਕੀਆਂ ਨਹਿਰਾਂ
ਨਹਿਰਾਂ ਪੱਕੀਆਂ ਕਰਨ ਦੀ ਯੋਜਨਾ ਦਾ ਪੁਰਜ਼ੋਰ ਵਿਰੋਧ ਹੋਣਾ ਚਾਹੀਦਾ ਹੈ (ਨਜ਼ਰੀਆ, 2 ਮਈ, ਨਹਿਰਾਂ ਪੱਕੀਆਂ ਕਰਨ ਦਾ ਮਸਲਾ, ਲੇਖਕ ਮਾ. ਲਖਵਿੰਦਰ ਸਿੰਘ ਰਈਆ); ਖ਼ਾਸ ਕਰ ਕੇ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਲਿਜਾਣ ਵਾਲੀ ਇੰਦਰਾ ਨਹਿਰ ਦਾ। ਇਹ ਕੋਈ ਦਲੀਲ ਨਹੀਂ ਕਿ ਨਹਿਰ ਦਾ ਥੱਲਾ ਪੱਕਾ ਕਰਨ ਨਾਲ ਆਲੇ-ਦੁਆਲੇ ਦੀ ਸੇਮ ਖ਼ਤਮ ਹੋ ਜਾਵੇਗੀ। ਅੱਜ ਕੱਲ੍ਹ ਤਾਂ ਸੇਮ ਕਿਤੇ ਹੈ ਵੀ ਨਹੀਂ; ਉਲਟਾ ਜਿਹੜਾ ਪਾਣੀ ਜ਼ਮੀਨ ਵਿਚ ਰਿਸਦਾ ਹੈ, ਜਿਸ ਨਾਲ ਮਾੜੀ ਮੋਟੀ ਰੀਚਾਰਜਿੰਗ ਹੋ ਰਹੀ ਹੈ, ਉਹ ਵੀ ਬੰਦ ਹੋ ਜਾਵੇਗੀ। ਉਂਝ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਵਿਚ ਨਹਿਰਾਂ ਹੋਣ ਦੇ ਬਾਵਜੂਦ ਨਹਿਰੀ ਪਾਣੀ ਦੀ ਪੂਰੀ ਵਰਤੋਂ ਕਿਉਂ ਨਹੀਂ ਹੋ ਰਹੀ ਅਤੇ ਮੁਫ਼ਤ ਬਿਜਲੀ ਨਾਲ ਚੱਲ ਰਹੇ ਲੱਖਾਂ ਟਿਊਬਵੈੱਲ ਪੀਣ ਵਾਲੇ ਪਾਣੀ ਨੂੰ ਕਿਉਂ ਬਰਾਮਦ ਕਰ ਰਹੇ ਹਨ? ਲੇਖਕ ਦਾ ਇਹ ਸੁਝਾਅ ਵੀ ਬਾ-ਮਾਇਨੀ ਹੈ ਕਿ ਬਰਸਾਤਾਂ ਦੇ ਪਾਣੀ ਨੂੰ ਜਿੰਨਾ ਹੋ ਸਕੇ, ਛੱਪੜਾਂ, ਤਲਾਬਾਂ ਤੇ ਜਲਗਾਹਾਂ ਵਿਚ ਸਾਂਭਿਆ ਜਾਵੇ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
ਅੰਧ-ਵਿਸ਼ਵਾਸ ਦੀ ਮਾਰ
3 ਮਈ ਦੇ ਮਿਡਲ ‘ਅੰਧ-ਵਿਸ਼ਵਾਸ ਦਾ ਸੰਤਾਪ’ ਵਿਚ ਮਨਦੀਪ ਕੌਰ ਬਰਾੜ ਨੇ ਰਸੌਲੀ ਪੀੜਤ ਲੜਕੀ ਦੇ ਪਿਤਾ ਦੇ ਅੰਧ-ਵਿਸ਼ਵਾਸ ਕਾਰਨ ਦੁੱਖ ਕੱਟਣ ਅਤੇ ਜਾਨ ਗਵਾਉਣ ਕਾਰਨ ਅਫ਼ਸੋਸ ਦਰਸਾਇਆ ਹੈ, ਇਹ ਅਸਲ ਵਿਚ ਅਖੌਤੀ ਸਿਆਣਿਆਂ ਮਗਰ ਲੱਗਣ ਵਾਲਿਆਂ ਲਈ ਚਿਤਾਵਨੀ ਹੈ। ਪੰਜਾਬ ’ਚ ਚਾਰ ਦਹਾਕਿਆਂ ਤੋਂ ਤਰਕਸ਼ੀਲ ਅਜਿਹੇ ਕੰਮਾਂ ਬਾਰੇ ਚਿਤਾਵਨੀ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਅਨਪੜ੍ਹ ਹੀ ਨਹੀਂ, ਸਾਇੰਸ ਪੜ੍ਹੇ ਸ਼ਖ਼ਸ ਵੀ ਅੰਧ-ਵਿਸ਼ਵਾਸੀ ਹਨ। ਉਦਾਹਰਨ ਲਈ ਸੱਪ ਨੇ ਮੌਕਾ ਮਿਲਣ ’ਤੇ ਆਦਮੀ ਦੇ ਡੰਗ ਮਾਰਨਾ ਹੈ ਅਤੇ ਆਦਮੀ ਨੇ ਮੌਕਾ ਮਿਲਣ ’ਤੇ ਸੱਪ ਦੀ ਸੋਟੀ ਮਾਰਨੀ ਹੈ; ਫਿਰ ਹਰ ਸਾਲ ਗੁੱਗਾ ਜ਼ਾਹਰ ਪੀਰ ਦੀ ਮਿੱਟੀ ਕਿਉਂ ਕੱਢੀ ਜਾਂਦੀ ਹੈ? 2 ਮਈ ਦੇ ਮਿਡਲ ‘ਬੇਬੇ ਦੀ ਟਿਕਟ ਨਹੀਂ ਲੱਗਦੀ’ ਵਿਚ ਪ੍ਰਕਾਸ਼ ਸਿੰਘ ਜੈਤੋਂ ਨੇ ਮਾਤਾ ਦੇ ਸਸਕਾਰ ਮੌਕੇ ਜੇਬ ਵਿਚ ਰੁਪਿਆ ਪਾਉਣ ਦੀ ਸਲਾਹ ਮੰਨਣ ਤੋਂ ਇਨਕਾਰ ਕੀਤਾ ਤਾਂ ਠੀਕ ਹੈ ਲੇਕਿਨ ਅੰਗੀਠੇ ਦੀ ਸੁਆਹ ਨੂੰ ਨਹਿਰੂ ਵਾਂਗ ਖੇਤਾਂ ’ਚ ਪਾਉਣ ਦੀ ਥਾਂ ਵਗਦੇ ਸੂਏ ਵਿਚ ਪਾ ਕੇ ਅੰਧ-ਵਿਸ਼ਵਾਸ ’ਚ ਫਸੇ ਰਹਿ ਗਏ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਕੁੜੀਆਂ ਲਈ ਨਿਆਂ
2 ਮਈ ਨੂੰ ਨਜ਼ਰੀਆ ਪੰਨੇ ਉੱਤੇ ਆਪਣੇ ਲੇਖ ‘ਇਸ ਪੀੜ ਨੂੰ ਦਫ਼ਨ ਨਹੀਂ ਕੀਤਾ ਜਾ ਸਕਦਾ’ ਵਿਚ ਨਵਸ਼ਰਨ ਕੌਰ ਨੇ ਬਿਲਕੁੱਲ ਸਹੀ ਲਿਖਿਆ ਹੈ ਕਿ ਸਰਕਾਰੀ ਸਰਪ੍ਰਸਤੀ ਹੇਠ ਉੱਚ ਅਹੁਦਿਆਂ ਦੀ ਦੁਰਵਰਤੋਂ ਕਰਦੇ ਹੈਂਕੜਬਾਜ਼ ਲੋਕਾਂ ਵੱਲੋਂ, ਜਿਨਸੀ ਸ਼ੋਸ਼ਣ ਦਾ ਦਾ ਸ਼ਿਕਾਰ ਹੋਈਆਂ ਖਿਡਾਰਨਾਂ ਇਸ ਸਿਸਟਮ ਤੋਂ ਨਿਆਂ ਦੀ ਤਲਾਸ਼ ਲਈ ਜੰਤਰ-ਮੰਤਰ ’ਤੇ ਧਰਨਾ ਦੇ ਰਹੀਆਂ ਹਨ ਤਾਂ ਸਭ ਨੂੰ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਨੀ ਚਾਹੀਦੀ ਹੈ। ਅੱਜ ਦੇ ਮਾਹੌਲ ਕਾਰਨ ਹੁਣ ਕੋਈ ਚਾਰਾ ਨਹੀਂ ਹੈ।
ਮੀਨਾ ਦੇਵੀ, ਕਪੂਰਥਲਾ
ਘਰਾਂ ਨੂੰ ਜੰਦਰੇ ਅਤੇ ਅਸੀਂ
ਰਾਜਕੁਮਾਰ ਸ਼ਰਮਾ ਦੀ ਲਿਖਤ ‘ਜੰਦਰੇ’ (28 ਅਪਰੈਲ) ਉਨ੍ਹਾਂ ਜਜ਼ਬਾਤ ਨੂੰ ਬਿਆਨ ਕਰਦੀ ਹੈ ਜੋ ਸ਼ਾਇਦ ਹਰ ਪੰਜਾਬੀ ਨਾਲ ਜੁੜੇ ਹੋਏ ਹਨ। ਪੰਜਾਬ ਦੀ ਜਵਾਨੀ ਇੱਥੋਂ ਨਿਕਲ ਕੇ ਵਿਦੇਸ਼ਾਂ ’ਚ ਵੱਸ ਤਾਂ ਰਹੀ ਹੈ ਪਰ ਹੁਣ ਹਾਲਤ ਉਨ੍ਹਾਂ ਦੀ ਵੀ ਸਿੰਗ ਕਟਾਉਣ ਵਾਲੀ ਹੋ ਚੱਲੀ ਹੈ, ਕਿਉਂਕਿ ਵਿਦੇਸ਼ਾਂ ’ਚ ਹਰ ਕਿਸੇ ਲਈ ਭਵਿੱਖ ਉੱਜਲ ਨਹੀਂ ਹੈ। ਇਹ ਹੁਣ ਭੇਡਚਾਲ ਜਿਹੀ ਬਣ ਗਈ ਹੈ। ਜ਼ਰੂਰਤ ਹੈ, ਪੰਜਾਬੀਆਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਉਹ ਵਸੀਲੇ ਲੱਭਣ ਦੀ ਜਿਨ੍ਹਾਂ ਨੂੰ ਅਪਣਾ ਕੇ ਇਸ ਧਰਤੀ ’ਤੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਣ ਅਤੇ ਇਸ ਹਿਜਰਤ ’ਤੇ ਠੱਲ੍ਹ ਪੈ ਸਕੇ।
ਵਿਕਾਸ ਕਪਿਲਾ, ਖੰਨਾ
(2)
‘ਜੰਦਰੇ’ (ਰਾਜਕੁਮਾਰ ਸ਼ਰਮਾ, 28 ਅਪਰੈਲ) ਦੀ ਕਹਾਣੀ ਅੱਜ ਦੀ ਕਹਾਣੀ ਹੈ। ਅੱਜ ਕੱਲ੍ਹ ਲੋਕ ਨੌਕਰੀ/ਰੋਟੀ ਲਈ ਸ਼ਹਿਰਾਂ/ਦੇਸ਼-ਵਿਦੇਸ਼ ਵੱਲ ਜਾ ਰਹੇ ਹਨ ਅਤੇ ਪਿੰਡ ਉਜੜ ਰਹੇ ਹਨ; ਹਰ ਘਰ ਦੇ ਦਰਵਾਜ਼ੇ ’ਤੇ ਜੰਦਰੇ ਲੱਗ ਗਏ ਹਨ। ਹਰ ਪਾਸੇ ਇਹੀ ਦ੍ਰਿਸ਼ ਘੁੰਮ ਰਹੇ ਹਨ।
ਆਇਸ਼ਾ, ਮਿੱਠੇਵਾਲ
ਮਸਲੇ ਬਾਰੇ ਸੰਜੀਦਗੀ
27 ਅਪਰੈਲ ਦੇ ਅੰਕ ਵਿਚ ਗੁਰਬਚਨ ਜਗਤ ਨੇ ‘ਕਸ਼ਮੀਰ ਦੇ ਨਵੇਂ ਹਾਲਾਤ’ ਦਾ ਜ਼ਿਕਰ ਕਰਦਿਆਂ ਦਹਿਸ਼ਤਗਰਦੀ ਦੇ ਵਧਣ ਦੇ ਖ਼ਤਰੇ ਦੀ ਗੱਲ ਸਹੀ ਕੀਤੀ ਹੈ ਪਰ ਇਸ ਵਿਚ ਉਨ੍ਹਾਂ ਦਾ ਮੁੱਖ ਜ਼ੋਰ ਸੁਰੱਖਿਆ ਇੰਤਜਾਮਾਂ ਨੂੰ ਹੋਰ ਮਜ਼ਬੂਤ ਕਰਨ ਉੱਪਰ ਹੈ। ਇਹ ਇੰਤਜ਼ਾਮ ਆਖ਼ਰ ਕਿੰਨੇ ਮਜ਼ਬੂਤ ਕੀਤੇ ਜਾ ਸਕਦੇ ਹਨ; ਪਹਿਲਾਂ ਹੀ ਸਾਡੀ ਫ਼ੌਜ ਦਾ ਇਕ ਤਿਹਾਈ ਹਿੱਸਾ ਜੰਮੂ ਕਸ਼ਮੀਰ ਵਿਚ ਤਾਇਨਾਤ ਹੈ। ਉਨ੍ਹਾਂ ਦਾ ਦੂਸਰਾ ਵੱਡਾ ਨੁਕਤਾ ਇਹ ਹੈ ਕਿ ‘ਪਾਕਿਸਤਾਨ ਦਾ ਅੜੀਅਲ ਰਵੱਈਆ’ ਕਸ਼ਮੀਰ ਵਿਚ ਅਮਨ-ਚੈਨ ਬਹਾਲ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਰਹੇਗੀ ਪਰ ਆਖ਼ਰ ਕਿਸ ਨੂੰ ਅੜੀਅਲ ਰਵੱਈਆ ਕਹਿੰਦੇ ਹਨ। ਅਗਰ ਇਸ ਦਾ ਮਤਲਬ ਹੈ ਕਿ ਪਾਕਿਸਤਾਨ ਜੰਮੂ ਕਸ਼ਮੀਰ ਉੱਪਰ ਆਪਣਾ ਦਾਅਵਾ ਛੱਡਣ ਨੂੰ ਤਿਆਰ ਨਹੀਂ ਪਰ ਭਾਰਤ ਵੀ ਤਾਂ ਇਹ ਦਾਅਵਾ ਲਗਾਤਾਰ ਬਰਕਰਾਰ ਰੱਖ ਰਿਹਾ ਹੈ। ਜੇ ਅਸੀਂ ਪਾਕਿਸਤਾਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਸਰਹੱਦ ਪਾਰ ਦਹਿਸ਼ਤਗਰਦੀ ਦੀ ਮਦਦ ਦੇਣੀ ਬੰਦ ਕਰੇ ਤਾਂ ਸਾਨੂੰ ਇਸ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਇਸ ਦੇ ਬਦਲੇ ਵਿਚ ਅਸੀਂ ਪਾਕਿਸਤਾਨ ਨੂੰ ਕੀ ਪੇਸ਼ਕਸ਼ ਕਰਦੇ ਹਾਂ। ਦਰਅਸਲ 75 ਸਾਲ ਪੁਰਾਣੇ ਰੱਟੇ ਦੁਹਰਾਈ ਜਾਣ ਦਾ ਕੋਈ ਲਾਭ ਨਹੀਂ। ਜੰਮੂ ਕਸ਼ਮੀਰ ਵਿਵਾਦ ਵਾਲਾ ਖੇਤਰ ਹੈ ਜਿਵੇਂ ਦੁਨੀਆ ਦੇ ਜ਼ਿਆਦਾਤਰ ਦੇਸ਼ ਤਸਲੀਮ ਕਰਦੇ ਹਨ। ਇਸ ਨੂੰ ਸੰਜੀਦਗੀ ਨਾਲ ਹੱਲ ਕਰਨ ਨਾਲ ਹੀ ਅਮਨ ਦਾ ਰਸਤਾ ਖੁੱਲ੍ਹ ਸਕਦਾ ਹੈ ਅਤੇ ਇਸ ਵਾਸਤੇ ਆਲਮੀ ਭਾਈਚਾਰੇ ਦੀ ਮਦਦ ਲੈਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਅਗਰ ਅਮਨ ਸੱਚਮੁੱਚ ਲੋੜੀਂਦਾ ਹੈ।
ਅਭੈ ਸਿੰਘ, ਮਨੀਮਾਜਰਾ (ਚੰਡੀਗੜ੍ਹ)