ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Jan 28, 2021

ਛੱਬੀ ਵਾਲੀਆਂ ਘਟਨਾਵਾਂ

ਗਣਤੰਤਰ ਦਿਵਸ ਮੌਕੇ ਮੁਲਕ ਦੀ ਰਾਜਧਾਨੀ ਵਿਚ ਜੋ ਘਟਨਾਵਾਂ ਹੋਈਆਂ ਹਨ, ਉਸ ਤੋਂ ਸਾਫ ਜ਼ਾਹਿਰ ਹੋ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਸੁਲਝਾਉਣ ਦੀ ਥਾਂ ਇਸ ਨੂੰ ਉਲਝਾਉਣ ਦੀ ਕੋਸਿ਼ਸ਼ ਵਿਚ ਹੈ। ਦਿੱਲੀ ਪੁਲੀਸ ਦਾ ਰਵੱਈਆ ਸਾਫ਼ ਦਰਸਾ ਰਿਹਾ ਹੈ ਕਿ ਇਸ ਨੇ ਜਾਣਬੁੱਝ ਕੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਆਸਾਨੀ ਨਾਲ ਹੀ ਲਾਲ ਕਿਲ੍ਹੇ ਤੱਕ ਜਾ ਲੈਣ ਦਿੱਤਾ। ਹੁਣ ਕਿਸਾਨ ਜਥੇਬੰਦੀਆਂ ਨੂੰ ਤਹੱਮਲ ਨਾਲ ਆਪਣੀ ਅਗਲੀ ਰਣਨੀਤੀ ਘੜਨੀ ਚਾਹੀਦੀ ਹੈ।

ਕਸ਼ਮੀਰ ਸਿੰਘ, ਜਲੰਧਰ

ਭਾਜਪਾ ਦੀ ਸਿਆਸਤ

25 ਜਨਵਰੀ ਨੂੰ ਸੰਪਾਦਕੀ ‘ਨਾਂ ਬਦਲਣ ਦੀ ਸਿਆਸਤ’ ਪੜ੍ਹਿਆ। ਗੁਜਰਾਤ ਦੇ ਭਾਜਪਾ ਆਗੂ ਅਤੇ ਮੁੱਖ ਮੰਤਰੀ ਵਿਜੈ ਰੁਪਾਨੀ ਵੱਲੋਂ ਡਰੈਗਨ ਫ਼ਰੂਟ ਦਾ ਨਾਂ ਬਦਲ ਕੇ ਕਮਲਮ ਰੱਖਿਆ ਜਾਣਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਅਜਿਹਾ ਨਾਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨਾਲ ਮਿਲਦਾ ਹੈ। ਭਾਜਪਾ ਨੇ ਪਿਛਲੇ ਸਮੇਂ ਦੌਰਾਨ ਨਾਂ ਤਬਦੀਲੀ ਦੀ ਮੁਹਿੰਮ ਜਿਹੀ ਚਲਾਈ ਹੋਈ ਹੈ ਜਦਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ਦਾ ਨਾਂ ਰਾਮ ਦੇ ਪੁੱਤਰ ਲਵ ਦੇ ਨਾਂ ’ਤੇ ਰੱਖਿਆ ਹੋਇਆ ਹੈ ਪਰ ਉਨ੍ਹਾਂ ਨੂੰ ਇਸ ਤੋਂ ਕੋਈ ਚਿੜ ਨਹੀਂ ਹੈ।

ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਗੱਲਬਾਤ ਜ਼ਰੂਰੀ

23 ਜਨਵਰੀ ਦੀ ਸੰਪਾਦਕੀ ‘ਗੱਲਬਾਤ ਜਾਰੀ ਰੱਖਣੀ ਜ਼ਰੂਰੀ’ ਵਧੀਆ ਟਿੱਪਣੀ ਹੈ। ਲੋਕਤੰਤਰੀ ਢਾਂਚੇ ਵਿਚ ਕੇਵਲ ਗੱਲਬਾਤ ਰਾਹੀਂ ਹੀ ਕਿਸੇ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਨੇ ਜਦੋਂ ਗੱਲਬਾਤ ਦਾ ਸਿਲਸਿਲਾ ਹੀ ਬੰਦ ਕਰ ਦਿੱਤਾ ਗਿਆ ਹੈ ਤਾਂ ਕਿਸਾਨੀ ਦੀਆਂ ਹੱਕੀ ਮੰਗਾਂ ਪੂਰੀਆਂ ਕਿਵੇਂ ਹੋਣਗੀਆਂ? ਹੁਣ ਚਾਹੀਦਾ ਇਹ ਹੈ ਕਿ ਭਾਜਪਾ ਕਾਨੂੰਨ ਵਾਪਸ ਲਵੇ ਅਤੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਮੇਂ ਆਪਣੇ ਚੋਣ ਮੈਨੀਫੈਸਟੋ ਵਿਚ ਖੇਤੀ ਕਾਨੂੰਨਾਂ ਦਾ ਖਰੜਾ ਲੈ ਕੇ ਆਵੇ। ਜੇਕਰ ਦੇਸ਼ ਦੀ ਜਨਤਾ ਭਾਜਪਾ ਨੂੰ ਦੁਬਾਰਾ ਕੇਂਦਰ ਵਿਚ ਸੱਤਾ ਸੌਂਪਦੀ ਹੈ, ਤਦ ਇਹ ਕਾਨੂੰਨ ਲਾਗੂ ਕਰ ਲਵੇ। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਅਵਿਜੀਤ ਪਾਠਕ ਦਾ ਲੇਖ ‘ਨੌਜਵਾਨ ਅਤੇ ਊਰਜਾ’ ਪੜ੍ਹਿਆ। ਮਨ ਨੂੰ ਬਹੁਤ ਸਕੂਨ ਅਤੇ ਤਸਕੀਨ ਮਿਲਿਆ ਕਿ ਅਵਿਜੀਤ ਪਾਠਕ ਨੇ ਸੱਚ ਬਿਆਨਣ ਦੀ ਦਲੇਰੀ ਕੀਤੀ ਹੈ। ਕਿਸੇ ਵੀ ਦੇਸ਼, ਕੌਮ ਜਾਂ ਸਮਾਜ ਨੂੰ ਤਰੱਕੀ ਦੇ ਮਾਰਗ ’ਤੇ ਉੱਥੋਂ ਦੀ ਨੌਜਵਾਨ ਪੀੜ੍ਹੀ ਹੀ ਲੈ ਕੇ ਜਾਂਦੀ ਹੈ ਪਰ ਸਾਡੇ ਨੌਜਵਾਨਾਂ ਸਾਹਮਣੇ ਆਦਰਸ਼ ਬਣਨ ਵਾਲੇ ਸਾਡੇ ਸਿਆਸੀ ਆਗੂ ਆਪਣਾ ਪ੍ਰਭਾਵ ਗੁਆ ਚੁੱਕੇ ਹਨ।

ਡਾ. ਇਕਬਾਲ ਸਿੰਘ, ਛਾਜਲੀ (ਸੰਗਰੂਰ)

(2)

23 ਜਨਵਰੀ ਦੇ ਸੰਪਾਦਕੀ ‘ਗੱਲਬਾਤ ਜਾਰੀ ਰੱਖਣੀ ਜ਼ਰੂਰੀ’ ਵਿਚ ਉਸਾਰੂ ਸੁਝਾਅ ਦਿੱਤਾ ਗਿਆ ਹੈ ਜਦੋਂਕਿ 22 ਜਨਵਰੀ ਦੀ ਕੇਂਦਰ ਸਰਕਾਰ ਅਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਚਕਾਰ ਗੱਲਬਾਤ ਦੇ ਬੇਸਿੱਟਾ ਖ਼ਤਮ ਹੋ ਜਾਣਾ ਮੰਦਭਾਗੀ ਗੱਲ ਹੈ। ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਗੱਲ ਨੂੰ ਕਿਸੇ ਪਾਸੇ ਲੱਗਣ ਨਹੀਂ ਦੇ ਰਿਹਾ। ਇਹ ਹੈਂਕੜ ਤੋਂ ਸਿਵਾ ਕੁਝ ਵੀ ਨਹੀਂ ਹੈ।

ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ

(3)

ਸੰਪਾਦਕੀ ‘ਗੱਲਬਾਤ ਜਾਰੀ ਰੱਖਣੀ ਜ਼ਰੂਰੀ’ ਕਿਸਾਨੀ ਸੰਘਰਸ਼ ਦੇ ਹਾਲਾਤ ਨੂੰ ਬਿਆਨ ਕਰਦੀ ਹੈ। ਸਰਕਾਰ ਨੇ ਹੁਣ ਮੁੜ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਸਾਨਾਂ ਨੂੰ ਕਿਹਾ ਕਿ ਕਾਨੂੰਨ ਰੱਦ ਨਹੀਂ ਹੋਣਗੇ ਅਤੇ ਖੇਤੀ ਕਾਨੂੰਨ ਮੁਅੱਤਲ ਕਰਨ ਦੀ ਤਜਵੀਜ਼ ’ਤੇ ਮੁੜ ਗ਼ੌਰ ਕਰਨ ਲਈ ਕਿਹਾ ਹੈ। ਦੂਜੇ ਬੰਨੇ ਕਿਸਾਨਾਂ ਨੇ ਵੀ ਸਾਫ਼ ਕਹਿ ਦਿੱਤਾ ਹੈ ਕਿ ਉਹ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਸਰਕਾਰ ਨੂੰ ਹੁਣ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਆਰਥਿਕ ਤਬਾਹੀ ਰੋਕਣੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ, ਮੁਹਾਲੀ

ਤੂੰਬੀ ਵਾਲੀ ਗਾਇਕਾ

23 ਜਨਵਰੀ ਦੇ ‘ਸਤਰੰਗ’ ਪੰਨੇ ’ਤੇ ਰਚਨਾ ‘ਲੋਕ ਗਾਇਕੀ ਦੇ ਵਿਰਸੇ ਦੀ ਵਾਰਿਸ’ (ਰਮੇਸ਼ਵਰ ਸਿੰਘ) ਪੜ੍ਹੀ। ਗੀਤਕਾਰ ਅੰਮ੍ਰਿਤ ਕੌਰ ਜੋ ਤੂੰਬੀ ਨਾਲ ਗਾਇਕੀ ਦੀ ਸੇਵਾ ਨਿਭਾਅ ਰਹੀ ਹੈ, ਬਾਰੇ ਪੜ੍ਹ ਕੇ ਚੰਗਾ ਲੱਗਿਆ। ਸਾਡੇ ਪੰਜਾਬ ਦੀ ਗਾਇਕੀ ਜੋ ਕਾਫ਼ੀ ਦੇਰ ਵਿਦੇਸ਼ੀ ਸਾਜ਼ਾਂ ਤੇ ਬੋਲਾਂ ’ਤੇ ਪਹੁੰਚ ਗਈ ਸੀ, ਹੁਣ ਮੁੜ ਪੰਜਾਬੀ ਵਿਰਸੇ ਵੱਲ ਵਾਪਸ ਆਉਂਦੀ ਨਜ਼ਰ ਆ ਰਹੀ ਹੈ। ਇਸ ਦਾ ਸਬੂਤ ਯੂ-ਟਿਊਬ ਅਤੇ ਸੋਸ਼ਲ ਮੀਡੀਆ ਉੱਤੇ ਆ ਰਹੇ ਗੀਤ ਹਨ, ਜੋ ਕਿਸਾਨੀ ਮੋਰਚੇ ਅਤੇ ਇਨਕਲਾਬ ਨਾਲ ਸਬੰਧਿਤ ਹਨ।

ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ)

(2)

ਸਤਰੰਗ ਪੰਨੇ ’ਤੇ ਰਮੇਸ਼ਵਰ ਸਿੰਘ ਦੇ ਲੇਖ ‘ਲੋਕ ਗਾਇਕੀ ਦੇ ਵਿਰਸੇ ਦੀ ਵਾਰਿਸ’ ਵਿਚ ਵਿਰਸੇ ਦੀ ਗੱਲ ਸਹੀ ਉਭਾਰੀ ਗਈ ਹੈ। ਕੁਝ ਕੁ ਸਾਲਾਂ ਤੋਂ ਭਾਵੇਂ ਪੰਜਾਬੀ ਗਾਇਕੀ ਵਿਚ ਵਿਗਾੜ ਆ ਗਿਆ ਸੀ ਪਰ ਜਦੋਂ ਬੀਬੀ ਅੰਮ੍ਰਿਤ ਕੌਰ ਜਿਹੇ ਗਾਇਕ ਪਹਿਰੇਦਾਰ ਹੋਣਗੇ ਤਾਂ ਪੰਜਾਬੀ ਵਿਰਸੇ ਦੀ ਸ਼ਾਨ ਕਾਇਮ ਰਹੇਗੀ। 

ਪਵਨ ਪਰਵਾਸੀ, ਜਰਮਨੀ

ਤਸਵੀਰ ਦਾ ਦੂਜਾ ਪਾਸਾ

16 ਜਨਵਰੀ ਵਾਲੇ ਮਿਡਲ ‘ਸੱਚ ਵਰਗਾ ਝੂਠ’     (ਮੋਹਨ ਸ਼ਰਮਾ) ਤੋਂ ਇਕ ਗੱਲ ਸਪੱਸ਼ਟ ਹੈ ਕਿ   ਬਹੁਗਿਣਤੀ ਜ਼ਿਮੀਦਾਰਾਂ ਵੱਲੋਂ ਸੀਰੀਆ, ਖੇਤ ਮਜ਼ਦੂਰਾਂ, ਠੇਕੇ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਲੁੱਟ-ਖਸੁੱਟ ਕੀਤੀ ਜਾਂਦੀ ਹੈ। ਸੀਰੀਆ ਤੋਂ ਬੰਧੂਆ ਮਜ਼ਦੂਰਾਂ      ਵਾਂਗ ਕੰਮ ਲਿਆ ਜਾਂਦਾ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੂੰ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਇਲਾਵਾ ਪਿੰਡਾਂ ਵਿਚ ਜ਼ਿਮੀਦਾਰਾਂ ਅਤੇ ਧਨਾਢ ਲੋਕਾਂ ਵੱਲੋਂ ਸੀਰੀਆਂ, ਗ਼ਰੀਬ ਕਿਸਾਨਾਂ    ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਵੱਲ ਧਿਆਨ ਦੇਣ ਦੀ ਵੀ ਲੋੜ ਹੈ।

ਸੋਹਣ ਲਾਲ ਗੁਪਤਾ, ਪਟਿਆਲਾ

(2)

ਸ਼ੁਕਰ ਹੈ ਕਿ ਕਈ ਹਫ਼ਤਿਆਂ ਬਾਅਦ ਮੋਹਨ ਸ਼ਰਮਾ ਦੀ 16 ਜਨਵਰੀ ਦੀ ਲਿਖਤ ‘ਮਿਡਲ’ ਨੇ ਨਵੀਂ ਪੁਲਾਂਘ ਪੁੱਟੀ ਹੈ। ਕਿਸੇ ਲਈ ਮਜਬੂਰੀ ਦੀਆਂ ਬੇੜੀਆਂ ਨੂੰ ਤਿਲਾਂਜਲੀ ਦੇਣਾ ਵੀ ਬਹੁਤ ਸੌਖਾ ਨਹੀਂ ਹੁੰਦਾ। 

ਇੰਦਰਜੀਤ ਪ੍ਰੇਮੀ, ਖਰੜ

ਅਣਗੌਲੇ ਦ੍ਰਿਸ਼

15 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਕਰਨੈਲ ਸਿੰਘ ਸੋਮਲ ਦੀ ਰਚਨਾ ‘ਧੁਆਂਖੀ ਦ੍ਰਿਸ਼ਾਵਲੀ’ ਪੜ੍ਹੀ। ਲੇਖਕ ਨੇ ਬਹੁਤ ਘੱਟ ਸ਼ਬਦਾਂ ਵਿਚ ਜ਼ਿੰਦਗੀ ਦੇ ਉਨ੍ਹਾਂ ਧੁਆਂਖੇ ਦ੍ਰਿਸ਼ਾਂ ਨੂੰ ਬਿਆਨ ਕੀਤਾ ਹੈ ਜਿਨ੍ਹਾਂ ਨੂੰ ਆਮ ਕਰ ਕੇ ਅਣਗੌਲਿਆ ਹੀ ਕਰ ਦਿੱਤਾ ਜਾਂਦਾ ਹੈ। ਲਿਖਤ ਵਿਚ ਕੰਮਕਾਜ ਤੇ ਜਾਂਦੀਆਂ ਔਰਤਾਂ ਅਤੇ ਘਰੇਲੂ ਔਰਤਾਂ ਦੀਆਂ ਲੋੜਾਂ, ਵਿਕਲਾਂਗ ਤੇ ਮੰਦਬੁੱਧੀ ਵਰਗ, ਬਜ਼ੁਰਗਾਂ ਤੇ ਸਾਧਾਰਨ ਆਦਮੀ ਦੀ ਹਾਲਤ ਜੋ ਅਜੇ ਤਕ ਵੀ ਨਹੀਂ ਬਦਲੀ, ਰਾਹੀਂ ਸਮਾਜਿਕ ਪ੍ਰਬੰਧਾਂ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇੰਦਰਜੀਤ ਜਵੰਦਾ, ਪਿੰਡ ਜਵੰਦਾ (ਫਤਿਹਗੜ੍ਹ ਸਾਹਿਬ)

ਡਾਕ ਐਤਵਾਰ ਦੀ Other

Jan 24, 2021

ਸਾਂਭਣਯੋਗ ਅੰਕ

17 ਜਨਵਰੀ ਦਾ ਐਤਵਾਰੀ ਅੰਕ ਸਾਂਭਣਯੋਗ ਹੈ। ਸਵਰਾਜਬੀਰ ਹੁਰਾਂ ਦਾ ਸੰਪਾਦਕੀ ਪੜ੍ਹ ਕੇ ਸੁਪਰੀਮ ਕੋਰਟ ਦੀ ਸਾਖ ਨੂੰ ਖੋਰਾ ਲੱਗਣ ਦਾ ਪੱਖ ਹੋਰ ਸਪਸ਼ਟ ਰੂਪ ਵਿਚ ਉਜਾਗਰ ਹੋਇਆ। ਸੰਯੁਕਤ ਰਾਸ਼ਟਰ ਦੇ 2018 ਦੇ ਐਲਾਨਨਾਮੇ ਬਾਰੇ ਜਾਣਕਾਰੀ ਨੇ ਕੇਂਦਰ ਸਰਕਾਰ ਵੱਲੋਂ ਕਿਸਾਨੀ ਕਾਨੂੰਨ ਬਣਾਉਣ ਦੇ ਕੁਹਜ ਨੂੰ ਬੇਪਰਦ ਕੀਤਾ ਹੈ। ਬਾਬਾ ਨਾਨਕ ਦੇ ਕਥਨ ਦੇ ਹਵਾਲੇ ਨਾਲ ਕਿਸਾਨ ਅੰਦੋਲਨ ਨੂੰ ਪੰਜਾਬ ਦੀ ਲੋਕ ਵੇਦਨਾ ਦਾ ਪ੍ਰਗਟਾਓ ਦੱਸਣਾ ਖ਼ੂਬਸੂਰਤ ਲੱਗਾ। ਵਾਕਈ ਇਹ ਅੰਦੋਲਨ ਦੇਸ਼ ਦੀ ਲੋਕਾਈ ਦਾ ਨੈਤਿਕ ਅੰਦੋਲਨ ਬਣ ਗਿਆ ਹੈ।

ਇਸੇ ਸਫ਼ੇ ’ਤੇ ਤਿੱਖੇ ਆਲੋਚਕ ਗੁਰਬਚਨ ਦਾ ਲੇਖ ‘ਕਿਸਾਨ ਮੋਰਚੇ ਦੀਆਂ ਅੰਤਰ-ਤੈਹਾਂ’ ਬਾਕਮਾਲ ਹੈ। ਉਨ੍ਹਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਹੋ ਵਾਪਰ ਰਹੇ ਨੂੰ ਕ੍ਰਿਸ਼ਮਾ ਕਹਿ ਕੇ ਸਲਾਹੁਣਾ ਮਨ ਨੂੰ ਤਰੰਗਤ ਕਰ ਗਿਆ। ਲੇਖਕ ਨੇ ਪੰਜਾਬੀ ਫ਼ਲਸਫੇ਼ ਦਾ ਬਹੁਤ ਹੀ ਵਧੀਆ ਢੰਗ ਨਾਲ ਵਰਣਨ ਕੀਤਾ ਹੈ। ਪੰਜਾਬ ਦੇ ਲਹੂ-ਮਿੱਟੀ ਦੀ ਭਾਸ਼ਾ ਪੰਜਾਬੀ ਹੀ ਹੋ ਸਕਦੀ ਹੈ, ਇਹ ਕਥਨ ਪੜ੍ਹ ਕੇ ਪੰਜਾਬੀ ਨੂੰ ਸਿਜਦਾ ਕਰਨ ਨੂੰ ਦਿਲ ਕਰ ਆਇਆ। ਸੁਰਜੀਤ ਪਾਤਰ ਨੇ ਸੰਗਤ ਦੀ ਸੁੱਖ-ਸਾਂਦ ਦੱਸਦਿਆਂ ਸਿੰਘੂ ਬਾਰਡਰ ਦਾ ਦ੍ਰਿਸ਼ ਅੱਖਾਂ ਅੱਗੇ ਪੇਸ਼ ਕਰ ਦਿੱਤਾ। ਕਿਸਾਨ ਅੰਦੋਲਨ ਨੂੰ ਪਵਿੱਤਰ ਦਰਸਾਉਣ ਲਈ ਪਾਤਰ ਨੇ ‘ਇਕ ਧੂਣੀ ਦੇ ਦੁਆਲੇ ਇਕ ਪਰਿਵਾਰ ਆਪਣੇ ਬੱਚੇ ਦੀ ਪਹਿਲੀ ਲੋਹੜੀ ਮਨਾਉਣ ਲਈ ਇੱਥੇ ਆਇਆ ਹੈ। ਬੱਚੇ ਦੀ ਰੱਬੀ ਮੁਖੜਾ ਧੂਣੀ ਦੀ ਲੋਅ ਵਿਚ ਮੁਸਕਰਾ ਰਿਹਾ ਹੈ। ਇਹ ਸਭ ਕੁਝ ਇਸ ਅੰਦੋਲਨ ਨੂੰ ਪਾਵਨ ਬਣਾ ਰਿਹਾ ਹੈ...’ ਲਿਖ ਕੇ ਪੇਸ਼ ਕੀਤਾ ਦ੍ਰਿਸ਼ ਬੜਾ ਮਨਮੋਹਣਾ ਹੈ।

ਗਿਆਨ ਸੈਦਪੁਰੀ, ਈ-ਮੇਲ

ਕਿਸਾਨ ਅੰਦੋਲਨ

17 ਜਨਵਰੀ ਨੂੰ ‘ਅਦਬੀ ਸੰਗਤ’ ਪੰਨੇ ’ਤੇ ਸੁਰਜੀਤ ਪਾਤਰ ਦਾ ਲੇਖ ‘ਸਿੰਘੂ ਬਾਰਡਰ ਤੇ ਲੋਹੜੀ ਦੀ ਰਾਤ’ ਪੜ੍ਹਿਆ, ਸ਼ਲਾਘਾਯੋਗ ਹੈ। ਇਸ ਵਿਚ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ‘ਕਿਸਾਨ ਲਹਿਰ’ ਕਹਿ ਕੇ ਵਡਿਆਉਂਦਿਆਂ ਕਿਹਾ ਕਿ ਧਰਤੀ ਦੀਆਂ ਧੀਆਂ, ਬੀਬੀਆਂ ਦੀ ਸ਼ਮੂਲੀਅਤ ਨੇ ਇਸ ਲਹਿਰ ਦੀ ਗੌਰਵਤਾ ਤੇ ਸ਼ਾਲੀਨਤਾ ਵਿਚ ਬੇਹੱਦ ਵਾਧਾ ਕੀਤਾ ਹੈ। ਉਨ੍ਹਾਂ ‘ਇਕ ਚੰਦ, ਇਕ ਸੂਰਜ ਅਤੇ ਇਕ ਤੇਰਿਆਂ ਹੱਥਾਂ ਦੀ ਰੋਟੀ’ ਕਹਿ ਕੇ ਲੰਗਰ ਦੀ ਸੋਹਣੀ ਅਤੇ ਕੁਦਰਤੀ ਤਸਵੀਰ ਖਿੱਚੀ ਹੈ ਜੋ ਅਤਿ ਪ੍ਰਸ਼ੰਸਾਯੋਗ ਹੈ।

ਲੇਖਕ ਨੇ ਕਿਸਾਨੀ ਅੰਦੋਲਨ ਦੀ ਅਗਵਾਈ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਲਿਖਿਆ ਹੈ ਕਿ ਕਿਸਾਨ ਆਗੂਆਂ ਦੀ ਸਿਆਣਪ, ਦੂਰਅੰਦੇਸ਼ੀ ਅਤੇ ਨਿਮਰਤਾ ਵੀ ਹੱਦ ਦਰਜੇ ਦੀ ਹੈ। 26 ਜਨਵਰੀ ਦੇ ਕਿਸਾਨ ਮਾਰਚ ਬਾਰੇ ਗੱਲ ਕਰਦਿਆਂ ਲੇਖਕ ਕਿਸਾਨ ਭਰਾਵਾਂ ਨੂੰ ਇਹ ਸਲਾਹ ਦਿੰਦਾ ਦਿਸਦਾ ਹੈ ਕਿ ਉਨ੍ਹਾਂ ਦੀ ਹਰ ਟਰਾਲੀ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਸਮਰਪਿਤ ਲੱਗੇ ਅਤੇ ਬਰਾਬਰੀ, ਭਾਈਵਾਲੀ, ਸੰਵੇਦਨਸ਼ੀਲਤਾ, ਕਿਰਤ ਦੀ ਕਦਰ, ਸ਼ਹਾਦਤਾਂ ਦੀ ਸ਼ਾਨ ਵਾਲਾ ਪੰਜਾਬ, ਭਾਰਤ ਦੀ ਨਵ- ਸਿਰਜਣਾ ਦੇ ਸੋਹਣੇ ਗੀਤ, ਹਵਾ ਵਿਚ ਦਿਸਣ ਦਾ ਪ੍ਰਤੀਕ ਹੋਵੇ। ਲੇਖਕ ਨੌਜਵਾਨ ਟਰੈਕਟਰ-ਚਾਲਕਾਂ ਨੂੰ ਕਹਿੰਦਾ ਜਾਪਦਾ ਹੈ ਕਿ ਤੁਹਾਡੇ ਟਰੈਕਟਰ ਸੋਹਣੇ ਦ੍ਰਿਸ਼ਾਂ ਨੂੰ ਪ੍ਰਗਟਾਉਂਦੇ ਲੱਗਣ ਜਿਨ੍ਹਾਂ ’ਤੇ ਸੋਹਣੇ ਬੈਨਰ ਲਹਿਰਾਉਂਦੇ ਹੋਣ। ‘‘ਇੱਥੇ ਕਿਰਸਾਣ ਸਾਂਝੀਵਾਲਤਾ ਦਾ ਬੀਜ ਬੀਜ ਗਏ ਨੇ ਅਤੇ ਇਕ ਸੋਹਣੀ ਦੁਨੀਆਂ ਦੇ ਸੁਪਨੇ’’ ਵਾਲੇ ਬੋਲ ਲਿਖ ਕੇ ਲੇਖਕ ਨੇ ਆਪਣੀ ਸੂਝ ਤੇ ਬੌਧਿਕਤਾ ਦਾ ਭਰਵਾਂ ਸਬੂਤ ਦਿੱਤਾ ਹੈ।

ਪ੍ਰੋ. ਬਲਦੇਵ ਸਿੰਘ ਬੱਲੂਆਣਾ, ਪਟਿਆਲਾ

ਲੋਹੜੀ ਦੀ ਮਹੱਤਤਾ

10 ਜਨਵਰੀ ਦੇ ‘ਦਸਤਕ’ ਅੰਕ ਵਿਚ ਗੁਰਦੇਵ ਸਿੰਘ ਸਿੱਧੂ ਅਤੇ ਨੈਨ ਸੁੱਖ ਦੇ ਲੇਖ ਪਾਠਕਾਂ ਨੂੰ ਆਪਣੀਆਂ ਪੁਰਾਣੀਆਂ ਰਵਾਇਤਾਂ ਨਾਲ ਜੋੜਦੇ ਹਨ। ਸਾਡੇ ਅੱਧ ਨਾਲੋਂ ਵੱਧ ਨੌਜਵਾਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਅਸੀਂ ਇਹ ਤਿਉਹਾਰ ਕਿਉਂ ਮਨਾਉਂਦੇ ਹਾਂ। ਇਸ ਦੇ ਪਿੱਛੇ ਕੀ ਇਤਿਹਾਸ ਹੈ। ਕਦੋਂ ਮਨਾਇਆ ਜਾਂਦਾ ਹੈ। ਦੋਵੇਂ ਲੇਖਕਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਾਰਾ ਇਤਿਹਾਸ ਬਿਆਨ ਕੀਤਾ ਹੈ। ਸਾਨੂੰ ਸਭ ਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਤਿਉਹਾਰਾਂ ਬਾਰੇ ਦੱਸੀਏ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਈਏ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ

ਪਾਠਕਾਂ ਦੇ ਖ਼ਤ Other

Jan 19, 2021

ਪੂੰਜੀਪਤੀ ਪੱਖੀ ਢਾਂਚਾ

16 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਡਾ. ਸੁਖਪਾਲ ਸਿੰਘ ਦਾ ਲੇਖ ‘ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨੀ ਦਾ ਕੀ ਬਣੇਗਾ?’ ਭਾਰਤ ਵਿਚ ਲਿਆਂਦੇ ਜਾ ਰਹੇ ਨਵੇਂ ਖੇਤੀ ਢਾਂਚੇ ਬਾਰੇ ਜਾਗਰੂਕ ਕਰਦਾ ਹੈ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਜਿਸ ਦੀ ਮਹੱਤਤਾ ਇੱਕੀਵੀਂ ਸਦੀ ਵਿਚ ਇਸ ਕਰ ਕੇ ਵਧ ਜਾਂਦੀ ਹੈ ਕਿਉਂਕਿ ਦੁਨੀਆ ਦੀ ਆਬਾਦੀ ਦਾ ਵੱਡਾ ਹਿੱਸਾ ਭੁੱਖਮਰੀ ਅਤੇ ਗ਼ਰੀਬੀ ਵਿਚ ਘਿਰ ਰਿਹਾ ਹੈ। ਅਜਿਹੇ ਹਾਲਾਤ ਵਿਚ ਕਿਸਾਨੀ ਨਾ ਸਿਰਫ਼ ਆਪਣੇ ਰਵਾਇਤੀ ਕਿੱਤੇ ਰਾਹੀਂ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਯੋਗਦਾਨ ਪਾ ਰਹੀ ਹੈ ਸਗੋਂ ਭਾਰਤ ਵਰਗੇ ਅਲਪ-ਵਿਕਸਿਤ ਦੇਸ਼ ਜਿੱਥੇ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ’ਤੇ ਹੈ, ਉੱਥੇ ਰੁਜ਼ਗਾਰ ਦਾ ਸਾਧਨ ਵੀ ਹੈ। ਅੱਜ ਜਦੋਂ ਪੂਰੇ ਵਿਸ਼ਵ ਵਿਚ ਅਨਾਜ ਹਰ ਇਕ ਤਕ ਨਹੀਂ ਪਹੁੰਚ ਰਿਹਾ, ਉਸ ਸਮੇਂ ਸੰਸਾਰ ਦੇ ਪੂੰਜੀਪਤੀਆਂ ਦਾ ਧਿਆਨ ਵੀ ਇਸ ਪਾਸੇ ਗਿਆ ਹੈ ਪਰ ਪੂੰਜੀਪਤੀ ਇਸ ਨੂੰ ਸਮੱਸਿਆ ਦੇ ਤੌਰ ’ਤੇ ਨਹੀਂ ਸਗੋਂ ਲਾਭਦਾਇਕ ਅਵਸਰ ਦੇ ਤੌਰ ’ਤੇ ਦੇਖ ਰਹੇ ਹਨ। ਨਤੀਜੇ ਵਜੋਂ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਜਿੱਥੇ ਕਿਤੇ ਵੀ ਖੇਤੀ ਦੀ ਹੋਂਦ ਬਚੀ ਹੈ, ਉੱਥੇ ਪੂੰਜੀਪਤੀ ਖੇਤੀ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਸੰਵਿਧਾਨਕ ਅਤੇ ਗ਼ੈਰ ਸੰਵਿਧਾਨਕ ਤਰੀਕਿਆਂ ਨਾਲ ਕੋਸ਼ਿਸ਼ਾਂ ਕਰ ਰਹੇ ਹਨ।

ਸੰਜੇ ਖਾਨ ਧਾਲੀਵਾਲ, ਪਟਿਆਲਾ


ਕਿਸਾਨਾਂ ਦੀ ਆਮਦਨੀ

16 ਜਨਵਰੀ ਨੂੰ ਖੇਤੀ ਪੰਨੇ ਉੱਤੇ ਡਾ. ਵਰਿੰਦਰਪਾਲ ਦੇ ਲੇਖ ‘ਕਿਸਾਨੀ ਮਸਲਿਆਂ ਦਾ ਸਦੀਵੀ ਹੱਲ ਕਿਵੇਂ ਹੋਵੇ’ ਵਿਚ ਹਰ ਪਹਿਲੂ ਨੂੰ ਛੋਹਿਆ ਗਿਆ ਹੈ। ਜਿੱਥੇ ਉਨ੍ਹਾਂ ਕਿਸਾਨੀ ਆਮਦਨ ਵਧਾਉਣ ਲਈ ਤਜਵੀਜ਼ ਪੇਸ਼ ਕੀਤੀ ਹੈ, ਉਸ ਦੇ ਨਾਲ ਹੀ ਕਿਸਾਨਾਂ ਨੂੰ ਜਿਨ੍ਹਾਂ ਸਬਸਿਡੀਆਂ, ਮੁਫ਼ਤ ਪਾਣੀ ਅਤੇ ਬਿਜਲੀ ਦਾ ਤਾਹਨਾ ਦਿੱਤਾ ਜਾਂਦਾ ਹੈ, ਨੂੰ ਵੀ ਖਤਮ ਕਰਨ ਲਈ ਸੁਝਾਅ ਦਿੱਤਾ ਹੈ ਪਰ ਜੇਕਰ ਕਿਸਾਨ ਨੂੰ ਫ਼ਸਲਾਂ ਦਾ ਵਾਜਿਬ ਮੁੱਲ ਮਿਲੇ। ਅੱਜ ਵੀ ਬਹੁਤ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਨਹੀਂ ਹਨ ਅਤੇ ਡੀਜ਼ਲ ਨਾਲ ਫ਼ਸਲ ਪਾਲ ਕੇ ਵਾਧੂ ਖ਼ਰਚਾ ਕਰਨ ਲਈ ਮਜਬੂਰ ਹਨ।

ਸਾਬਕਾ ਮੁੱਖ ਇੰਜ. ਹਰਮੇਸ਼ ਕੁਮਾਰ, ਈਮੇਲ


‘ਰਵਾਨਗੀ’ ਨਹੀਂ ‘ਰਵਾਨੀ’

16 ਜਨਵਰੀ ਦੇ ‘ਸਤਰੰਗ’ ਪੰਨੇ ਉੱਤੇ ਸਤਵਿੰਦਰ ਸਿੰਘ ਅਰਾਈਆਂਵਾਲਾ ਦਾ ਲੇਖ ‘ਸਫ਼ਰ, ਰਾਹ ਅਤੇ ਰਾਹੀ’ ਵਧੀਆ ਤਾਂ ਹੈ ਸੀ, ਨਾਲ ਨਾਲ ਹਿੰਦੀ ਫ਼ਿਲਮ ਦੇ ਗੀਤ ‘ਆਦਮੀ ਮੁਸਾਫ਼ਿਰ ਹੈ ਆਤਾ ਹੈ ਜਾਤਾ ਹੈ, ਆਤੇ ਜਾਤੇ ਰਸਤੇ ਮੇਂ ਯਾਦੇਂ ਛੋੜ ਜਾਤਾ ਹੈ’ ਦੀ ਯਾਦ ਵੀ ਕਰਵਾ ਗਿਆ। ਇਸ ਰਚਨਾ ਦੇ ਦੂਜੇ ਪਹਿਰੇ ਦੇ ਅਖ਼ੀਰਲੇ ਵਾਕ ‘ਇਨ੍ਹਾਂ ਰਸਤਿਆਂ ’ਤੇ ਤੁਰਦੇ ਮਨੁੱਖ ਵਿਚ ਹੀ ਰਵਾਨਗੀ ਆ ਜਾਂਦੀ ਹੈ’ ਵਿਚ ‘ਰਵਾਨਗੀ’ ਸ਼ਬਦ ਦੀ ਗ਼ਲਤ ਵਰਤੋਂ ਹੋਈ ਹੈ। ਦਰਅਸਲ, ਇਸ ਸ਼ਬਦ ਦੀ ਥਾਂ ‘ਰਵਾਨੀ’ ਹੋਣਾ ਚਾਹੀਦਾ ਸੀ। ਉਂਜ ‘ਰਵਾਨੀ’ ਅਤੇ ‘ਰਵਾਨਗੀ’ ਸ਼ਬਦ ਫ਼ਾਰਸੀ ਸ਼ਬਦ ਦੀ ਕ੍ਰਿਆ ‘ਰਫ਼ਤਨ’ (ਜਾਣਾ) ਤੋਂ ਹੀ ਬਣੇ ਹਨ। ‘ਰਵਾਨੀ’ ਸ਼ਬਦ ਦਾ ਮਤਲਬ ਹੈ ਚੱਲਦਾ ਹੋਇਆ, ਵਹਿੰਦਾ ਹੋਇਆ, ਗ਼ਤੀਸ਼ੀਲ। ਮਸਲਨ, ਲੇਖਕ ਦੀ ਕਲਮ ਦੀ ਰਵਾਨੀ, ਨਦੀ ਦੇ ਵਹਿੰਦੇ ਪਾਣੀ ਦੀ ਰਵਾਨੀ ਆਦਿ, ਜਦਕਿ ‘ਰਵਾਨਗੀ’ ਸ਼ਬਦ ਕੂਚ ਕਰਨਾ, ਵਿਦਾਇਗੀ ਲੈਣੀ ਆਦਿ ਲਈ ਵਰਤਿਆ ਜਾਂਦਾ ਹੈ।

ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)


ਰਾਜੇਵਾਲ ਦੀ ਚਿੱਠੀ

14 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਬਲਬੀਰ ਸਿੰਘ ਰਾਜੇਵਾਲ ਦੀ ਕਿਸਾਨਾਂ ਦੇ ਨਾਂ ਖੁੱਲ੍ਹੀ ਚਿੱਠੀ ਇਤਿਹਾਸਕ ਦਸਤਾਵੇਜ਼ ਹੈ। ਲਿਖਤ ਤੋਂ ਲੇਖਕ ਦਾ ਸਹਿਜ, ਸੰਜੀਦਗੀ, ਸਿਆਣਪ ਅਤੇ ਸਵੈ-ਵਿਸ਼ਵਾਸ ਸਾਫ਼ ਝਲਕਦੇ ਹਨ। ਅਜਿਹੇ ਆਗੂ ਹੀ ਅਜਿਹੇ ਅਨੁਸ਼ਾਸਤ ਅੰਦੋਲਨਾਂ ਦੀ ਅਗਵਾਈ ਕਰ ਸਕਦੇ ਹਨ ਅਤੇ ਸਫ਼ਲਤਾ ਵੀ ਦਿਵਾ ਸਕਦੇ ਹਨ।

ਡਾ. ਤਰਲੋਚਨ ਕੌਰ, ਪਟਿਆਲਾ

(2)

ਕਿਸਾਨ ਸੰਘਰਸ਼ ਦਾ ਬਿਰਤਾਂਤ ਸਪੱਸ਼ਟ ਅਤੇ ਜੁੱਸਾ ਮਜ਼ਬੂਤ ਹੈ। ਸੰਘਰਸ਼ ਦੀ ਸਫ਼ਲਤਾ ਲਈ ਦੋਨਾਂ ਉੱਪਰ ਲੀਡਰਸ਼ਿਪ ਦੀ ਪਕੜ ਜ਼ਰੂਰੀ ਹੈ। ਇਸ ਸੰਘਰਸ਼ ਦੌਰਾਨ ਕਿਸਾਨ ਆਗੂ ਆਪਣੀ ਸੂਝ ਬੂਝ ਨਾਲ ਬਿਰਤਾਂਤ ਤਾਂ ਕਾਬੂ ਵਿਚ ਰੱਖ ਰਹੇ ਹਨ ਪਰ ਕੁਝ ਕਾਰਨਾਂ ਕਰ ਕੇ ਜੁੱਸਾ ਕਾਬੂ ਤੋਂ ਬਾਹਰ ਹੋਣ ਦੀਆਂ ਕਨਸੋਆਂ ਦੇ ਰਿਹਾ ਹੈ। ਇਨ੍ਹਾਂ ਕਨਸੋਆਂ ਦੇ ਮੱਦੇਨਜ਼ਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਸ਼ਾਂਤੀਪੂਰਵਕ ਰਹਿਣ, ਬੇਰੀਕੇਡ ਤੋੜਨ ਲਈ ਆਪਹੁਦਰੀਆਂ ਸਕੀਮਾਂ ਨਾ ਘੜਨ ਅਤੇ ਉਕਸਾਊ ਧਿਰਾਂ ਦੀਆਂ ਗੱਲਾਂ ਵਿਚ ਨਾ ਆਉਣ ਦੀ ਮੌਕੇ ਸਿਰ ਕੀਤੀ ਗਈ ਅਪੀਲ ਭਾਵਪੂਰਤ ਹੈ। ਜ਼ਾਬਤੇ ਦੀ ਢਿੱਲ ਕਾਰਨ ਸੰਘਰਸ਼ ਦੀ ਸਾਰੀ ਤਪੱਸਿਆ ਵਿਅਰਕ ਜਾਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਲਈ ਸਭ ਨੂੰ ਕਿਸਾਨ ਜਥੇਬੰਦੀਆ ਵੱਲੋਂ ਵਾਹੀ ਲਛਮਣ ਰੇਖਾ ਦੇ ਅੰਦਰ ਰਹਿ ਕੇ ਵੀ ਵਿਚਰਨਾ ਚਾਹੀਦਾ ਹੈ।

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)

(3)

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਚਿੱਠੀ ਲਿਖ ਕੇ ਜੋ ਚਰਚਾ ਕੀਤੀ ਹੈ, ਉਹ ਆਪਣੇ ਆਗੂ ਹੋਣ ਦੀ ਨੈਤਿਕ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਸਰਕਾਰੀ ਏਜੰਸੀਆਂ ਸੰਘਰਸ਼ ਨੂੰ ਤਾਰ ਤਾਰ ਕਰਨ ਲਈ ਲੋਕਾਂ ਵਿਚ ਭੁਲੇਖੇ ਪਾ ਰਹੀਆਂ ਹਨ।

ਮਨਮੋਹਨ ਸਿੰਘ ਨਾਭਾ (ਪਟਿਆਲਾ)


ਖ਼ੁਦਕੁਸ਼ੀ ਨਹੀਂ ਸੰਘਰਸ਼

ਇਹ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਕਿਸਾਨ ਸਰਕਾਰ ਦੀ ਬੇਰੁਖ਼ੀ ਅਤੇ ਲੰਮੇ ਸੰਘਰਸ਼ ਤੋਂ ਨਿਰਾਸ਼ ਹੋ ਕੇ ਖ਼ੁਦਕੁਸ਼ੀ ਦਾ ਰਸਤਾ ਵੀ ਅਖ਼ਤਿਆਰ ਕਰ ਰਹੇ ਹਨ। ਕਿਸਾਨ ਸਾਥੀਆਂ ਨੂੰ ਇਹ ਤੱਥ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੀਆਂ ਦੁਖਦਾਈ ਮੌਤਾਂ ਅਤੇ ਖੁ਼ਦਕੁਸ਼ੀਆਂ ਦੀ ਇਸ ਲੋਕ ਵਿਰੋਧੀ, ਅੜੀਅਲ ਅਤੇ ਸੰਵੇਦਨਹੀਣ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ, ਇਸ ਨਾਲ ਸੰਘਰਸ਼ ਕਮਜ਼ੋਰ ਹੁੰਦਾ ਹੈ ਅਤੇ ਸੰਘਰਸ਼ਸ਼ੀਲ ਸਾਥੀਆਂ ਦਾ ਮਨੋਬਲ ਵੀ ਡਿੱਗਦਾ ਹੈ। ਇਹ ਸੰਘਰਸ਼ ਬੇਸ਼ਕ ਹੋਰ ਲੰਮਾ ਚਲ ਸਕਦਾ ਹੈ, ਪਰ ਜਿੱਤ ਯਕੀਨਨ ਲੋਕ ਏਕਤਾ ਦੀ ਹੀ ਹੋਵੇਗੀ।

ਸੁਮੀਤ ਸਿੰਘ, ਅੰਮ੍ਰਿਤਸਰ

ਡਾਕ ਐਤਵਾਰ ਦੀ Other

Jan 17, 2021

ਕਿਸਾਨੀ ਅੰਦੋਲਨ

10 ਜਨਵਰੀ ਨੂੰ ‘ਦਸਤਕ’ ਅੰਕ ਵਿਚ ਸੂਰਜਭਾਨ ਭਾਰਦਵਾਜ ਦਾ ਲੇਖ ‘ਮੁਗ਼ਲ ਸਲਤਨਤ ਅਤੇ ਉੱਤਰੀ ਭਾਰਤ ਦੇ ਕਿਸਾਨ’ ਪੜ੍ਹਿਆ। ਇਸ ਵਿਚ ਦੱਸਿਆ ਗਿਆ ਕਿ ਕਿਸਾਨ ਅਜ਼ਾਰਾ ਲਗਨ ਪ੍ਰਥਾ ਤੋਂ ਭੜਕੇ ਸਨ। ਇਸ ਤਰ੍ਹਾਂ ਇਹ ਲੇਖ ਇਤਿਹਾਸ ਬਾਰੇ ਜਾਣਕਾਰੀ ਵਿੱਚ ਵਾਧਾ ਕਰਨ ਵਾਲਾ ਸੀ। ਇਸੇ ਅੰਕ ਦੇ ਸਫ਼ਾ 2 ਦਾ ਲੇਖ ਪੜ੍ਹ ਕੇ ਪਤਾ ਲੱਗਿਆ ਕਿ ਹਰਿਆਣਾ ਦੇ ਕਿਸਾਨਾਂ ’ਤੇ ਜ਼ੁਲਮ ਅੱਤਿਆਚਾਰਾਂ ਦੀ ਕਹਾਣੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ।

ਇਉਂ ਹੀ ਅਜੋਕੇ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਦੇ ਤਿਆਗ ਬਲੀਦਾਨ ਦੀਆਂ ਗਾਥਾਵਾਂ ਇਤਿਹਾਸ ਵਿੱਚ ਲਿਖੀਆਂ ਜਾਣਗੀਆਂ। ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ- ਲੋਹੜੀ, ਕਿਸਾਨੀ ਤੇ ਰਵਾਇਤ’ ਨਵੀਆਂ ਜਾਣਕਾਰੀਆਂ  ਦੇਣ ਵਾਲਾ ਸੀ। ਲੋਹੜੀ ਨਾਲ ਜੁੜੀਆਂ ਕਹਾਣੀਆਂ ਉਹ ਦੀ ਮਹੱਤਤਾ ਦੱਸ ਰਹੀਆਂ ਸਨ। ਤੌਰ-ਤਰੀਕਿਆਂ ਵਿੱਚ ਤਬਦੀਲੀਆਂ ਆਉਣਾ ਸੁਭਾਵਿਕ ਜਾਪਦਾ ਹੈ, ਪਰ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਵਾਉਣ ਵਿੱਚ ਲੇਖਕ ਸਫ਼ਲ ਰਿਹਾ  ਹੈ।

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)

ਸ਼ਬਦਾਂ ਦੀ ਕੁਵਰਤੋਂ

10 ਜਨਵਰੀ ਐਤਵਾਰੀ ਪਰਚੇ ਵਿਚ ਵਰਤੇ ਕੁਝ ਸ਼ਬਦ ਰੜਕੇ। ਗੁਰਦਿਆਲ ਸਹੋਤਾ ਨੇ ਅਪਣੇ ਖ਼ਤ ਵਿਚ ਨਜ਼ਰੀਆ ਪੰਨੇ ਦੇ ਲੇਖ ਨੂੰ ਗੌਰਵ ਗਾਥਾ ਕਿਹਾ ਹੈ। ਗਾਉਣਾ ਅਤੇ ਕਥਾ, ਇਹ ਦੋ ਸ਼ਬਦ ਜੋੜਨ ਨਾਲ ਗਾਥਾ ਸ਼ਬਦ ਬਣਿਆ; ਬਿਰਤਾਂਤ, ਜੋ ਗਾ ਕੇ ਸੁਣਾਇਆ ਜਾਵੇ। ਇਸੇ ਪੰਨੇ ਉਪਰ ਗੁਰਬਚਨ ਜਗਤ ਦੇ ਲੇਖ ਵਿਚਲੇ ਪਹਿਲੇ ਪੈਰੇ ਵਿਚ ਅੰਗਰੇਜ਼ੀ ਲਫਜ਼ ‘ਮਾਰਚ’ ਦਾ ਪੰਜਾਬੀ ਅਨੁਵਾਦ ‘ਯਾਤਰਾ’ ਕੀਤਾ ਹੈ ਜੋ ਸਹੀ ਨਹੀਂ, ‘ਮਾਰਚ’ ਦਾ ਅਨੁਵਾਦ ‘ਕੂਚ’ ਹੈ।

ਕੁਝ ਹੋਰ ਸ਼ਬਦ ਜੋ ਨਿਰੰਤਰ ਗਲਤ ਲਿਖੇ ਜਾ ਰਹੇ ਹਨ: ਹਰਾਵਲ ਦਸਤੇ ਨੂੰ ਹਰਿਆਵਲ ਦਸਤਾ, ਤੈਅ ਨੂੰ ਤਹਿ, ਰੂਬਰੂ ਨੂੰ ਰੂਹਬਰੂ ਲਿਖਣਾ ਹਨ। ਤੈਅ ਮਾਇਨੇ ਨਿਸ਼ਚਿਤ ਹੈ ਤੇ ਤਹਿ ਮਾਇਨੇ ਪਰਤ। ਮਜ਼ੇਦਾਰ ਗੱਲ ਇਹ ਕਿ ਅਜਿਹਾ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਜ਼ਿਆਦਾ ਕਰ ਰਹੇ ਹਨ। ਇਕ ਹਿੰਦੀ ਸ਼ਬਦ ‘ਉਪਲਬਧ’ ਅਕਾਰਣ ਬਹੁਤ ਵਰਤਿਆ ਜਾਂਦਾ ਹੈ ਉਹ ਵੀ ਗਲਤ ਸ਼ਬਦ-ਜੋੜਾਂ ਨਾਲ, ਉੱਪਲਬਧ, ਉਪੱਲਬਧ, ਉਪਲਬੱਧ, ਉਪਲਭਦ। ਇਕ ਵਾਕ ਲਿਖਦਾ ਹਾਂ, ‘‘ਮੇਰੇ ਕੋਲ ਕਲਮ ਉਪਲਬਧ ਨਹੀਂ ਹੈ।’’ ਇਸ ਦੀ ਥਾਂ ਲਿਖ ਦਿਆਂ, ‘ਮੇਰੇ ਕੋਲ ਕਲਮ ਨਹੀਂ ਹੈ’, ਤਾਂ ਕੀ ਘਟ ਗਿਆ?

ਡਾ. ਹਰਪਾਲ ਸਿੰਘ ਪੰਨੂ, ਕੇਂਦਰੀ ਯੂਨੀਵਰਸਿਟੀ, ਬਠਿੰਡਾ

ਪਾਠਕਾਂ ਦੇ ਖ਼ਤ Other

Jan 16, 2021

ਸਰਕਾਰ ਦੀ ਪਹੁੰਚ

5 ਜਨਵਰੀ ਨੂੰ ਡਾ. ਮੇਘਾ ਸਿੰਘ ਦਾ ਲੇਖ ‘ਖੇਤੀ ਕਾਨੂੰਨ ਰੱਦ ਹੋਣੇ ਜ਼ਰੂਰੀ ਕਿਉਂ?’ ਸਰਕਾਰ ਦੀ ਨੀਅਤ ਅਤੇ ਨੀਤੀ ਦੀਆਂ ਬੱਖੀਆਂ ਉਧੇੜਦਾ ਹੈ। ਅੱਜ ਕੇਂਦਰ ਸਰਕਾਰ ਆਮ ਲੋਕਾਂ ਦੇ ਵਿਰੁੱਧ ਭੁਗਤ ਰਹੀ ਹੈ। ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਜਿਸ ਕਾਨੂੰਨ ਨੂੰ ਸਾਰੇ ਲੋਕ, ਲੋਕ-ਦੋਖੀ ਮੰਨਦੇ ਹਨ ਪਰ ਕੇਂਦਰ ਸਰਕਾਰ ਦੇ ਮੰਤਰੀ ਅਤੇ ਇਨ੍ਹਾਂ ਦੇ ਜੋਟੀਦਾਰ ਇਸ ਨੂੰ ਲੋਕ-ਪੱਖੀ ਗਰਦਾਨ ਰਹੇ ਹਨ। ਅਜਿਹਾ ਜਾਪ ਰਿਹਾ ਹੈ ਕਿ ਅਸੀਂ ਲੋਕਤੰਤਰੀ ਭਾਰਤ ਵਿਚ ਨਾ ਰਹਿ ਰਹੇ ਹੋਈਏ ਸਗੋਂ ਤਾਨਾਸ਼ਾਹੀ ਸਟੇਟ ਵਿਚ ਚਲੇ ਗਏ ਹੋਈਏ। ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਂਵਾਂ ਦੀ ਕਦਰ ਕਰਦਿਆਂ ਇਹ ਬਿਲ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲੈਣੇ ਚਾਈਏ ਹਨ।
ਸਤਨਾਮ ਉੱਭਾਵਾਲ, ਸੰਗਰੂਰ


ਸੁਪਰੀਮ ਕੋਰਟ ਅਤੇ ਸਰਕਾਰ

15 ਜਨਵਰੀ ਨੂੰ ਡਾ. ਮੇਘਾ ਿਸੰਘ ਦਾ ਲੇਖ ‘ਖੇਤੀ ਕਾਨੂੰਨ ਦਾ ਮਾਮਲਾ ਅਤੇ ਸੁਪਰੀਮ ਕੋਰਟ ਦੀ ਭੂਮਿਕਾ’ ਪੜ੍ਹਿਆ। ਸੁਪਰੀਮ ਕੋਰਟ ਨੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਪ੍ਰਤੀ ਸੰਜੀਦਗੀ ਨਹੀਂ ਵਿਖਾਈ। ਕੇਂਦਰ ਸਰਕਾਰ ਨੂੰ ਛੋਟੀ ਜਿਹੀ ਘੁਰਕੀ ਦੇਣਾ ਕੋਈ ਮਾਇਨਾ ਨਹੀਂ ਰੱਖਦਾ। ਸੁਪਰੀਮ ਕੋਰਟ ਨੂੰ ਗ਼ੈਰ ਸੰਵਿਧਾਨਕ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨਾ ਬਣਦਾ ਸੀ। ਕੇਂਦਰੀ ਹਾਕਮ ਹੁਣ ਅੰਦੋਲਨ ਨੂੰ ਖਤਮ ਕਰਨ ਲਈ ਕੋਝੇ ਹਥਕੰਡੇ ਵਰਤ ਰਹੇ ਹਨ। ਸੁਪਰੀਮ ਕੋਰਟ ਨੇ ਚਾਰ ਮੈਂਬਰੀ ਕਮੇਟੀ ਬਣਾ ਕੇ ਸਰਕਾਰ ਵਾਲਾ ਹੀ ਕੰਮ ਕੀਤਾ ਹੈ।
ਪ੍ਰਿੰ. ਗੁਰਮੀਤ ਸਿੰਘ, ਫਾਜ਼ਿਲਕਾ


ਸਹੀ ਅੰਕੜੇ

15 ਜਨਵਰੀ ਨੂੰ ਛਪੇ ਮੇਰੇ ਲੇਖ ‘2021 ਵਿਚ ਪੈਰ ਧਰਦਿਆਂ’ ਦੇ ਆਰੰਭ ਵਿਚ 1918-19 ਵਿਚ ਹਿੰਦੋਸਤਾਨ ਵਿਚ ਸਪੇਨੀ ਫਲੂ ਨਾਲ ਹੋਈਆਂ ਮੌਤਾਂ ਬਾਰੇ ਜ਼ਿਕਰ ਹੈ। ਇਹ ਅੰਕੜਾ ਦੋ ਕਰੋੜ ਦੀ ਥਾਂ ਵੀਹ ਲੱਖ ਹੈ।
ਸੁਕੀਰਤ, ਜਲੰਧਰ


ਹੇਮਾ ਮਾਲਿਨੀ ਦੀ ਸਮਝ

14 ਜਨਵਰੀ ਨੂੰ ਪਹਿਲੇ ਸਫੇ਼ ਉੱਤੇ ਖ਼ਬਰ ਛਪੀ ਹੈ, ‘ਕਿਸਾਨਾਂ ਨੂੰ ਪਤਾ ਹੀ ਨਹੀਂ ਉਹ ਕੀ ਚਾਹੁੰਦੇ ਹਨ: ਹੇਮਾ ਮਾਲਿਨੀ’ ਹੇਮਾ ਮਾਲਿਨੀ ਇੰਜ ਬੋਲ ਰਹੀ ਹੈ ਜਿਵੇਂ ਉਹ ਖੇਤੀਬਾੜੀ ਦੀ ਮਾਹਿਰ ਹੋਵੇ। ਉਸ ਨੂੰ ਪਤਾ ਹੀ ਨਹੀਂ ਕਿ ਕਿਸਾਨੀ ਅੰਦੋਲਨ ਵਿਚ ਸ਼ਾਮਲ ਲੋਕ ਕਿੰਨੇ ਪੜ੍ਹੇ-ਲਿਖੇ ਤੇ ਖੇਤੀ ਦੇ ਮਾਹਿਰ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਲਈ ਕੀ ਠੀਕ ਹੈ ਤੇ ਕੀ ਗਲਤ ਹੈ। ਹੇਮਾ ਮਾਲਿਨੀ ਭਾਰਤੀ ਜਨਤਾ ਪਾਰਟੀ ਦੀ ਲੀਡਰ ਹੈ, ਇਸ ਕਰਕੇ ਉਹ ਕਿਸਾਨਾਂ ਦੇ ਿਵਰੁੱਧ ਬੋਲ ਰਹੀ ਹੈ, ਇਹ ਕੋਈ ਬਹੁਤੀ ਸਮਝ ਵਾਲੀ ਗੱਲ ਨਹੀਂ।
ਵਿਦਵਾਨ ਸਿੰਘ ਸੋਨੀ, ਪਟਿਆਲਾ


ਨਿਰਪੱਖਤਾ ਉੱਤੇ ਸਵਾਲ

13 ਜਨਵਰੀ ਦੇ ਸੰਪਾਦਕੀ ‘ਕਮੇਟੀ ਦੀ ਿਨਰਪੱਖਤਾ ’ਤੇ ਸਵਾਲ’ ਦੇ ਪ੍ਰਸੰਗ ਆਖੀਏ ਤਾਂ ਸੁਪਰੀਮ ਕੋਰਟ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਅਮਲ ’ਤੇ ਰੋਕ ਲਾਉਣੀ ਅਤੇ ਚਾਰ ਮੈਂਬਰੀ ਕਮੇਟੀ ਦੇ ਗਠਨ ਦਾ ਮਕਸਦ ਕਿਸਾਨਾਂ ਨੂੰ ਭ੍ਰਮਿਤ ਕਰਕੇ ਧਰਨਾ ਸਥਲਾਂ ਤੋਂ ਘਰ ਭੇਜਣਾ ਹੈ। ਜੇਕਰ ਕਿਸਾਨ ਫਿਲਹਾਲ ਆਪਣੇ ਘਰਾਂ ਨੂੰ ਪਰਤ ਗਏ ਤਾਂ ਮੁੜ ਇਸ ਅੰਦੋਲਨ ਨੂੰ ਮਘਾਉਣਾ ਮੁਸ਼ਕਲ ਕੰਮ ਹੋਵੇਗਾ। ਕਿਸਾਨ ਆਗੂ ਸਰਕਾਰ ਦੀਆਂ ਚਾਲਾਂ ਤੋਂ ਭਲੀਭਾਂਤ ਜਾਣੂੰ ਹਨ ਅਤੇ ਉਨ੍ਹਾਂ ਦਾ ਅੰਦੋਲਨ ਨੂੰ ਜਾਰੀ ਰੱਖਣ ਦਾ ਫੈਸਲਾ ਦਰੁਸਤ ਹੈ। ਸਰਕਾਰ ਨੂੰ ਚਲਾਕੀਆਂ ਛੱਡ ਕੇ ਮਸਲੇ ਦਾ ਹੱਲ ਇਮਾਨਦਾਰੀ ਨਾਲ ਲੱਭਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਡਾ. ਸੁਖਦੇਵ ਿਸੰਘ ਮਿਨਹਾਸ, ਮੁਹਾਲੀ


(2)

13 ਜਨਵਰੀ ਦੀ ਸੰਪਾਦਕੀ ‘ਕਮੇਟੀ ਦੀ ਨਿਰਪੱਖਤਾ ’ਤੇ ਸਵਾਲ’ ਪੜ੍ਹੀ। ਦਰੁਸਤ ਲਿਖਿਆ ਹੈ ਿਕ ਕਿਸਾਨ ਅੰਦੋਲਨ ਬਾਰੇ ਸੁਪਰੀਮ ਕੋਰਟ ਨੇ ਖੂਹ ਵਿਚ ਇੱਟ ਸੁਟਣ ਵਾਲਾ ਕੰਮ ਕੀਤਾ ਹੈ। ਇਹ ਕੇਂਦਰ ਸਰਕਾਰ ਦੀ ਹੀ ਕੋਈ ਚਾਲ ਜਾਪਦੀ ਹੈ।
ਬਲਬੀਰ ਿਸੰਘ, ਈ-ਮੇਲ


ਕਿਸਾਨ ਅੰਦੋਲਨ ਦੀ ਗੂੰਜ

11 ਜਨਵਰੀ ਦੀ ਸੰਪਾਦਕੀ ‘ਕਿਸਾਨ ਅੰਦੋਲਨ-ਵਿਦੇਸ਼ਾਂ ਤੱਕ ਗੂੰਜ’ ਤਾਜ਼ਾ ਹਾਲਾਤ ਨੂੰ ਪੇਸ਼ ਕਰਦੀ ਹੈ। ਿਦੱਲੀ ਦੀਆਂ ਬਰੂਹਾਂ ’ਤੇ ਬੈਠਿਆਂ ਕਿਸਾਨਾਂ ਨੂੰ ਤਕਰੀਬਨ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਹੈ। ਭਾਜਪਾ ਆਗੂਆਂ ਵੱਲੋਂ ਕਿਸਾਨਾਂ ਬਾਰੇ ਮਾਓਵਾਦੀ, ਚੀਨ ਸਮਰਥਕ, ਖਾਲਿਸਤਾਨੀ ਆਿਦ ਸ਼ਬਦਾਵਲੀ ਵਰਤ ਕੇ ਕਿਸਾਨਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਆਪਣੀ ਜ਼ਿੰਦਗੀ ਗੁਆਉਣ ਵਾਲਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ ਤੇ ਕੇਂਦਰ ਸਰਕਾਰ ਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।
ਸੰਜੀਵ ਸਿੰਘ ਸੈਣੀ, ਮੁਹਾਲੀ


ਦੁਸ਼ਮਣੀ ਕਿਉਂ?

11 ਜਨਵਰੀ ਨੂੰ ਪਰਵਾਜ਼ ਪੰਨੇ ’ਤੇ ਪਾਕਿਸਤਾਨ ਵਿਚ ਮਜ਼ਦੂਰਾਂ ਨੂੰ ਸ਼ੀਆ ਹੋਣ ਕਾਰਨ ਮਾਰ ਦੇਣਾ ਦਰਦਨਾਕ ਹੈ। ਅਜਿਹੇ ਦੁਖਾਂਤ ਵਾਪਰਨ ਤੋਂ ਰੋਕਣ ਦਾ ਸਹੀ ਹੱਲ ਸ਼ੀਆ ਸੁੰਨੀ ਹੋਣ ਦੀ ਬਜਾਏ ਕੇਵਲ ਮੁਸਲਿਮ ਹੋਣਾ ਹੈ। ਇਸਲਾਮ ਦੀ ਧਾਰਮਿਕ ਪੁਸਤਕ ਕੁਰਾਨ, ਸ਼ਰੀਫ ਧਾਰਮਿਕ ਸਥਾਨ ਮੱਕਾ ਅਤੇ ਹੱਜ ਯਾਤਰਾ, ਪਹਿਰਾਵਾ, ਬੁਰਕਾ, ਦਾੜ੍ਹੀ, ਹਲਾਲ ਹੋਇਆ ਮੀਟ ਹੀ ਖਾਣਾ ਸਾਂਝੇ ਹਨ, ਫਿਰ ਸ਼ੀਆ ਅਤੇ ਸੁੰਨੀ ਵਿਚ ਦੁਸ਼ਮਣੀ ਕਿਉਂ?
ਗੁਰਮੁਖ ਸਿੰਘ ਪੋਹੀੜ, ਲੁਧਿਆਣਾ


ਕਿਸਾਨ ਸੰਘਰਸ਼ ਦੀ ਵਾਜਬੀਅਤ

11 ਜਨਵਰੀ ਦੇ ਮਿਡਲ ‘ਗੱਲਬਾਤ ਦੀ ਤਾਲੀ ਕਿ ਥਾਲੀ’ ਵਿਚ ਪ੍ਰੋ. ਕਮਲੇਸ਼ ਉੱਪਲ ਨੇ ਕਿਸਾਨ ਸੰਘਰਸ਼ ਦੀ ਵਾਜਬੀਅਤ ਬਾਰੇ ਸਪਸ਼ਟ ਕਰਦੇ ਹੋਏ ਖੇਤੀ ਕਾਨੂੰਨਾਂ ਬਾਰੇ ਸਵਾਲ ਕੀਤੇ ਹਨ। ਪਤਾ ਨਹੀਂ ਸਰਕਾਰ ਕਿਸ ਮਜਬੂਰੀ ’ਚ ਕਾਰਪੋਰੇਟ ਗੁਲਾਮੀ ਨੂੰ ਆਪਣਾ ਕਰਤੱਵ ਸਮਝ ਰਹੀ ਹੈ ਅਤੇ ਅੜੀਅਲ ਰਵੱਈਆ ਧਾਰੀ ਬੈਠੀ ਹੈ।
ਸੁਖਦੇਵ ਸ਼ਰਮਾ, ਧੂਰੀ

ਪਾਠਕਾਂ ਦੇ ਖ਼ਤ Other

Jan 11, 2021

ਕਿਸਾਨ ਘੋਲ ਬਨਾਮ ਸਿੱਖ ਲੈਫ਼ਟ

9 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਜਸਵੀਰ ਸਿੰਘ ਨੇ ਆਪਣੇ ਲੇਖ ‘ਕਿਰਸਾਨੀ ਜੀਵਨ ਜਾਚ ਦੀ ਵਿੱਤੀ ਸੰਸਾਰੀਕਰਨ ਨਾਲ ਟੱਕਰ’ ਵਿਚ ‘ਸਿੱਖ ਲੈਫ਼ਟ’ ਵਾਲੇ ਆਪਣੇ ਮੌਲਿਕ ਵਿਚਾਰ ਬਾਰੇ ਚਰਚਾ ਕੀਤੀ ਹੈ ਅਤੇ ਖੇਤੀ ਕਾਰੋਬਾਰ ਨਾਲ ਜੁੜੇ ਪੂੰਜੀਵਾਦ ਖ਼ਿਲਾਫ਼ ਉੱਠੇ ਇਤਿਹਾਸਕ ਕਿਸਾਨ ਘੋਲ ਦੇ ਪ੍ਰਸੰਗ ਵਿਚ ਉੱਭਰ ਰਹੇ ਨਵੇਂ ਸਿਆਸੀ ਸੱਭਿਆਚਾਰ ਬਾਬਤ ਟਿੱਪਣੀ ਕੀਤੀ ਹੈ। ਉਨ੍ਹਾਂ ਇਸ ਘੋਲ ਨੂੰ ਜਿਸ ਤਰ੍ਹਾਂ ਜ਼ਮੀਨ ਨਾਲ ਜੋੜ ਕੇ ਕਿਸਾਨੀ ਦੀ ਬਗ਼ਾਵਤ, ਕੁਦਰਤ ਅਤੇ ਗਲੋਬਲ ਪੂੰਜੀਵਾਦ ਨਾਲ ਮਿਲਾਇਆ ਹੈ, ਤੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਖ਼ੀਰਲੇ ਦੌਰ ਵਿਚ ਖੇਤੀ ਕਰਨ ਦੇ ਇਤਿਹਾਸਕ ਪਸਾਰ ਨੂੰ ਅੱਜ ਦੇ ਘੋਲ ਵਿਚੋਂ ਉੱਭਰਦੇ ‘ਸਿੱਖ ਲੈਫ਼ਟ’ ਨਾਲ ਮੇਲ ਕੇ ਦੇਖਿਆ ਹੈ, ਉਸ ਤੋਂ ਸੰਸਾਰ ਦੇ ਵਾਤਾਵਰਨ ਤੇ ਸਿਆਸੀ ਸੰਕਟ ਵਿਚੋਂ ਨਿਕਲਣ ਦਾ ਰਾਹ ਇਸ ਘੋਲ ਵਿਚੋਂ ਨਿਕਲਦਾ ਦਿਖਾਈ ਦਿੰਦਾ ਹੈ।

ਪ੍ਰੋ. ਪ੍ਰੀਤਮ ਸਿੰਘ, ਯੂਕੇ


ਕਿਸਾਨ ਮਜ਼ਦੂਰ ਏਕਤਾ

7 ਜਨਵਰੀ ਨੂੰ ਜੋਗਿੰਦਰ ਸਿੰਘ ਉਗਰਾਹਾਂ ਦਾ ਲੇਖ ‘ਕਿਸਾਨੀ ਸੰਘਰਸ਼ : ਮੌਜੂਦਾ ਪੜਾਅ ਦੀ ਵਿਸ਼ੇਸ਼ਤਾ ਨੂੰ ਸਮਝਣ ਦੀ ਜ਼ਰੂਰਤ’ ਪੜ੍ਹਿਆ ਜਿਸ ਵਿਚ ਉਨ੍ਹਾਂ ਦੱਸਿਆ ਕਿ ਕਿਵੇਂ ਸਰਕਾਰ ਸੂਬੇ ਦੀ ਹੋਵੇ ਜਾਂ ਕੇਂਦਰ ਦੀ, ਹੱਕਾਂ ਦੀ ਰਾਖੀ ਕਰਨ ਵਾਲੇ ਹਰ ਕਿਰਤੀ ਉੱਪਰ ਜ਼ੁਲਮ ਕਰਦੀ ਹੈ। ਇਹ ਕੋਝੀਆਂ ਹਰਕਤਾਂ ਨਾਲ ਸੰਘਰਸ਼ ਨੂੰ ਬਦਲਣਾ ਚਾਹੁੰਦੀਆਂ ਹਨ। ਲੇਖ ਵਿਚ ਕਿਸਾਨ ਮਜ਼ਦੂਰ ਏਕਤਾ ਦਾ ਜੋ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ, ਬਹੁਤ ਸ਼ਲਾਘਾਯੋਗ ਕਦਮ ਹੈ। ਪਿੰਡਾਂ ਵਿਚ ਜੋ ਸ਼ਾਮਲਾਟ ਜ਼ਮੀਨ ਦੀ ਮਾਲਕੀ ਦਾ ਹੱਕ ਦੇਣਾ ਮਜ਼ਦੂਰ ਵਰਗ ਲਈ ਸੋਨੇ ’ਤੇ ਸੁਹਾਗੇ ਦਾ ਕੰਮ ਸਾਬਤ ਹੋਵੇਗਾ।

ਮਨਮੋਹਨ ਸਿੰਘ, ਨਾਭਾ (ਪਟਿਆਲਾ)


ਕਿਸਾਨਾਂ ਦੇ ਮਸਲੇ

2 ਜਨਵਰੀ ਨੂੰ ਡਾ. ਬਲਵਿੰਦਰ ਸਿੰਘ ਸਿੱਧੂ ਦਾ ਲੇਖ ‘ਕਿਸਾਨੀ ਮਸਲਿਆਂ ਦੇ ਹੱਲ ਲਈ ਕੁਝ ਬਦਲ’ ਪੜ੍ਹਿਆ। ਜਿੱਥੇ ਖੇਤੀ ਸਬੰਧੀ ਬਣਾਏ ਕਾਨੂੰਨਾਂ ਦੀ ਵਾਪਸੀ ਜ਼ਰੂਰੀ ਹੈ, ਉੱਥੇ ਹੋਰ ਵੀ ਬਹੁਤ ਵੱਡੇ ਮਸਲੇ ਹਨ। ਕਿਸਾਨੀ ਕਰਜ਼ੇ ’ਤੇ ਵਿਆਜ ਘਟਾਉਣ ਦੀ ਲੋੜ ਹੈ। ਡੀਜ਼ਲ, ਖਾਦਾਂ, ਕੀੜੇਮਾਰ ਦਵਾਈਆਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਇਹ ਉਚੇਚੇ ਗੌਰ ਮੰਗਦੀਆਂ ਹਨ। ਇਸ ਲਈ ਸੂਬੇ ਦੀ ਸਰਕਾਰ ਕਿਸਾਨਾਂ ਦੀ ਸਹਿਮਤੀ ਨਾਲ ਖੇਤੀ ਮਾਡਲ ਤਿਆਰ ਕਰੇ ਅਤੇ ਕੇਂਦਰ ਉਸ ਨੂੰ ਲਾਗੂ ਕਰਨ ਵਿਚ ਮਦਦਗਾਰ ਬਣੇ।

ਗੁਰਮੇਜ ਸਿੰਘ ਸਮਾਓਂ (ਮਾਨਸਾ)


ਸਰਕਾਰ ਦਾ ਕੁਫ਼ਰ

2 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਛਪੇ ਡਾ. ਕਮਲੇਸ਼ ਉੱਪਰ ਦੇ ਲੇਖ ‘ਫ਼ਰੇਬ ਤੇ ਕੁਫ਼ਰ ਦੀ ਇੰਤਹਾ’ ਵਿਚ ਕੇਂਦਰ ਦੀ ਤਾਨਾਸ਼ਾਹ ਸਰਕਾਰ ਦੇ ਕਿਰਦਾਰ ਦੀ ਬਹੁਤ ਘੱਟ ਸ਼ਬਦਾਂ ਵਿਚ ਸ਼ਾਨਦਾਰ ਚੀਰਫਾੜ ਕੀਤੀ ਗਈ ਹੈ। ਪ੍ਰਧਾਨ ਮੰਤਰੀ ਅਤੇ ਉਸ ਦੇ ਮੰਤਰੀ ਝੂਠ ਬੋਲਣ ਵਿਚ ਗੋਇਬਲਜ਼ ਨੂੰ ਵੀ ਮਾਤ ਪਾ ਰਹੇ ਹਨ। ਸਿਤਮ ਤਾਂ ਇਹ ਹੈ ਕਿ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਇਹ ਕਿਸਾਨ ਮੰਨਣ ਲਈ ਹੀ ਤਿਆਰ ਨਹੀਂ। ਇਸੇ ਪੰਨੇ ’ਤੇ ਪ੍ਰੋ. ਮਨਜੀਤ ਸਿੰਘ ਦਾ ਲੇਖ ‘ਕਿਸਾਨ ਅੰਦੋਲਨ ਦੀ ਉੱਚੀ ਉੱਠ ਰਹੀ ਮਸ਼ਾਲ’ ਵੀ ਧਿਆਨਯੋਗ ਹੈ। ਪੰਜਾਬ ਦੇ ਕਿਸਾਨ ਲੀਡਰਾਂ ਨੇ ਸ਼ਾਂਤੀ, ਅਨੁਸ਼ਾਸਨ, ਏਕੇ, ਅੰਦਰੂਨੀ ਜਮਹੂਰੀਅਤ ਦਾ ਲਗਾਤਾਰ ਖਿਆਲ ਤਾਂ ਰੱਖਿਆ ਹੀ, ਉਨ੍ਹਾਂ ਨੇ ਸਭ ਤੋਂ ਅਹਿਮ ਫ਼ੈਸਲਾ ਸਿਆਸੀ ਪਾਰਟੀਆਂ ਦੇ ਲੀਡਰਾਂ ਤੋਂ ਅੰਦੋਲਨ ਨੂੰ ਮੁਕਤ ਰੱਖਣ ਦਾ ਕੀਤਾ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਕਿਸਾਨ ਅੰਦੋਲਨ ਲੋਕ ਅੰਦੋਲਨ ਵਿਚ ਤਬਦੀਲ ਹੋਣ ਲੱਗ ਪਿਆ ਹੈ।

ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)


ਤਾਰੀਕ ਸਹੀ ਨਹੀਂ

31 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਹਰਜੀਤ ਸਿੰਘ ਗਿੱਲ ਦਾ ਲੇਖ ‘ਆਵਾਜ਼ ਪੰਜਾਬ ਦੀ’ ਪੜ੍ਹਿਆ। ਇਹ ਲੇਖ ਡਾ. ਦਲੀਪ ਕੌਰ ਟਿਵਾਣਾ ਨੂੰ ਸ਼ਰਧਾਂਜਲੀ ਸੀ ਪਰ ਲੇਖਕ ਨੇ ਪਹਿਲੀ ਸਤਰ ਦੇ ਮੁੱਢ ਵਿਚ ਹੀ ਪੂਰੇ ਮਹੀਨੇ ਦੀ ਵਿੱਥ ਪਾ ਦਿੱਤੀ। ਡਾ. ਦਲੀਪ ਕੌਰ ਟਿਵਾਣਾ 31 ਦਸੰਬਰ ਨੂੰ ਨਹੀਂ 31 ਜਨਵਰੀ ਨੂੰ ਫ਼ੌਤ ਹੋਏ ਸਨ।

ਗੁਰਵਿੰਦਰ ਕੌਰ, ਬਠਿੰਡਾ


ਦੇਸ਼ ਦਾ ਭਵਿੱਖ

ਜਦੋਂ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਹਰ ਰੋਜ਼ ਕੋਈ ਨਾ ਕੋਈ ਰੱਫੜ ਪਿਆ ਰਹਿੰਦਾ ਹੈ। ਨੋਟਬੰਦੀ ਤੋਂ ਲੈ ਕੇ ਖੇਤੀ ਲਈ ਬਣਾਏ ਕਾਨੂੰਨਾਂ ਰਾਹੀਂ ਕੇਂਦਰ ਸਰਕਾਰ ਨੇ ਭਾਰਤੀ ਜਨਤਾ ਨੂੰ ਅਨੇਕਾਂ ਝਟਕੇ ਦਿੱਤੇ ਹਨ। ਕਰੋਨਾ ਦੇ ਬਹਾਨੇ ਕਰਮਚਾਰੀਆਂ ਦੇ ਹੱਕ ਖੋਹਣੇ, ਮਜ਼ਦੂਰ ਹਿਤੂ ਕਾਨੂੰਨ ਖ਼ਤਮ ਕਰਨੇ, ਬੁੱਧੀਜੀਵੀਆਂ ਨੂੰ ਬਿਨਾਂ ਸੁਣਵਾਈ ਜੇਲ੍ਹਾਂ ਵਿਚ ਸੁੱਟਣਾ ਅਤੇ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਨਾਉਣਾ ਇਸ ਦਾ ਪ੍ਰਤੱਖ ਸਬੂਤ ਹਨ। ਸਰਕਾਰੀ ਫੰਡਾਂ ਵਿਚ ਪਾਰਦਰਸ਼ਤਾ ਖ਼ਤਮ ਕਰਨਾ, ਜਨਤਕ ਸੈਕਟਰ ਦਾ ਨਿੱਜੀਕਰਨ ਕਰਨਾ, ਆਮ ਲੋਕਾਂ ਦੀ ਸੋਚ ਨੂੰ ਖੁੰਢਾ ਕਰਨਾ ਅਤੇ ਸਮਾਜ ਵਿਚ ਵੰਡੀਆਂ ਪਾ ਕੇ ਘੱਟ ਗਿਣਤੀਆਂ ਨੂੰ ਪ੍ਰੇਸ਼ਾਨ ਕਰਨਾ ਇਸ ਸਰਕਾਰ ਦੇ ਮੁੱਖ ਉਦੇਸ਼ ਹਨ। ਦੂਜੇ ਪਾਸੇ ਦੇਸ਼ ਦੇ ਵਿਨਾਸ਼ ਨੂੰ ਦੇਸ਼ ਦਾ ਵਿਕਾਸ ਦਰਸਾਇਆ ਜਾ ਰਿਹਾ ਹੈ। ਦੇਸ਼ ਦੇ ਅੰਨਦਾਤੇ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਇਸ ਸੂਰਤ ਵਿਚ ਦੇਸ਼ ਦਾ ਭਵਿੱਖ ਕੀ ਹੋਵੇਗਾ?

ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)


ਇਤਿਹਾਸ ’ਤੇ ਨਜ਼ਰਸਾਨੀ

4 ਜਨਵਰੀ ਦੇ ਪਰਵਾਜ਼ ਪੰਨੇ ’ਤੇ ਸੁਰਿੰਦਰ ਸਿੰਘ ਤੇਜ ਦਾ ਲੇਖ ‘ਇਤਿਹਾਸ ਦੇ ਮੁੜ-ਜਾਇਜ਼ੇ ਦਾ ਵਾਸਤਾ’ ਚੰਗਾ ਸੀ। ਲੇਖ ਵਿਚ ਹਿੰਦੂਸਤਾਨ, ਹਿੰਦੂਸਤਾਨੀ ਅਤੇ ਇੰਡੀਆ, ਇੰਡੀਅਨਜ਼ ਸ਼ਬਦਾਂ ਦਾ ਰੁਝਾਨ ਕਿਵੇਂ ਹੋਇਆ, ਬਾਰੇ ਪਤਾ ਲੱਗਿਆ। ਲੇਖ ਵਿਚ ਜ਼ਿਕਰ ਹੈ ਕਿ ਹਿੰਦੋਸਤਾਨ ਸ਼ਬਦ ਨੂੰ ਭਾਰਤੀ ਸੰਵਿਧਾਨ ਵਿਚੋਂ ਮਿਟਾ ਕੇ ਇੰਡੀਆ ਉਰਫ਼ ਭਾਰਤ ਬਣਾ ਦਿੱਤਾ ਗਿਆ। ਸਾਡੇ ਮੁਲਕ ਨੂੰ ਹਿੰਦੋਸਤਾਨ, ਇੰਡੀਆ, ਭਾਰਤ ਤੋਂ ਪਹਿਲਾਂ ਕਿਸ ਨਾਮ ਨਾਲ ਜਾਣਦੇ ਸਨ, ਜੇਕਰ ਇਹ ਵੀ ਜਾਣਕਾਰੀ ਲੇਖ ਵਿਚ ਹੁੰਦੀ ਤਾਂ ਹੋਰ ਵੀ ਚੰਗਾ ਹੁੰਦਾ। ਇਸ ਤੋਂ ਪਹਿਲਾਂ 29 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਨਵਜੀਤ ਜੌਹਲ ਦਾ ਲੇਖ ‘2020 : ਕਰੋਨਾ ਨਹੀਂ, ਕਿਸਾਨਾਂ ਦਾ ਸਾਲ’ ਕਿਸਾਨ ਅੰਦੋਲਨ ਦੀ ਕਰੋਨਾ ਅਤੇ ਸਰਕਾਰੀ ਰੋਕਾਂ ’ਤੇ ਜਿੱਤ ਦਰਸਾਉਂਦਾ ਨਜ਼ਰ ਆਇਆ। ਲੇਖਕ ਨੇ ਕਿਸਾਨਾਂ ਦੇ ਸਿਦਕ, ਸਾਹਸ ਤੇ ਹੌਸਲੇ ਨੂੰ ਬਾਖ਼ੂਬੀ ਪੇਸ਼ ਕੀਤਾ, ਨਾਲ ਹੀ 1959 ਦੇ ਖੁਸ਼-ਹੈਸੀਅਤ ਮੋਰਚੇ ਬਾਰੇ ਕੁਝ ਸ਼ਬਦ ਲਿਖੇ ਜੋ 21 ਜਨਵਰੀ 1959 ਨੂੰ ਆਰੰਭ ਹੋਇਆ ਸੀ ਅਤੇ ਸਰਕਾਰ ਦੇ ਟੈਕਸ ਵਾਪਸ ਲੈਣ ਨਾਲ 22 ਮਾਰਚ 1959 ਸਮਾਪਤ ਹੋਇਆ।

ਹਰਮਨਪ੍ਰੀਤ ਸਿੰਘ, ਸਰਹੰਦ (ਫਤਹਿਗੜ੍ਹ ਸਾਹਿਬ)

ਡਾਕ ਐਤਵਾਰ ਦੀ Other

Jan 10, 2021

ਪੰਜਾਬ ਦੀ ਗੌਰਵਮਈ ਗਾਥਾ

ਸਵਰਾਜਬੀਰ ਨੇ27 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਆਪਣੇ ਲੇਖ ‘ਪੰਜਾਬ ਨੇ ਆਪਣੇ ਜ਼ਮੀਰ ਨੂੰ ਜਗਾਇਆ ਹੈ’ ਵਿੱਚ ਸਿਕੰਦਰ ਤੋਂ ਲੈ ਕੇ ਅੱਜ ਤੀਕ ਪੰਜਾਬ ਦੇ ਵਿਰਸੇ ਦੀ ਗੌਰਵਮਈ ਗਾਥਾ ਸੁਣਾਈ ਹੈ। ਸਿਕੰਦਰ ਤੋਂ 3000 ਸਾਲ ਪਹਿਲਾਂ ਵੀ ਆਰੀਆ ਹਮਲੇ ਸਮੇਂ ਸਿੰਧੂ ਘਾਟੀ ਦੇ ਲੋਕ ਅਹਿੰਸਕ ਅਤੇ ਸ਼ਾਂਤੀਪ੍ਰਿਯ ਸਨ। ਕੜਾਕੇ ਦੀ ਠੰਢ ਵਿੱਚ ਕੋਈ ਜਾਗਦੀਆਂ ਜ਼ਮੀਰਾਂ ਤੇ ਰੱਜੀਆਂ ਰੂਹਾਂ ਵਾਲੇ ਦਿੱਲੀ ਦੇ ਅੰਦੋਲਨਕਾਰੀਆਂ ਨੂੰ ਕੰਬਲ ਦੇਣ ਆਉਂਦਾ ਹੈ ਤਾਂ ਕੋਈ ਭਗਦੜ ਜਾਂ ਕਾਹਲ ਨਹੀਂ ਕਰਦੇ, ਜ਼ਰੂਰਤ ਹੋਵੇ ਤਾਂ ਲੈ ਲੈਂਦੇ ਹਨ, ਨਹੀਂ ਤਾਂ ਹੱਥ ਜੋੜ ਦਿੰਦੇ ਹਨ। ਪ੍ਰਧਾਨ ਮੰਤਰੀ ਸਵਦੇਸ਼ੀ ਸਾਮਾਨ ਖਰੀਦਣ ਅਤੇ ਪੈਦਾ ਕਰਨ ਦਾ ਹੋਕਾ ਦਿੰਦੇ ਹਨ ਜੋ ਸਿਰਫ਼ ਆਖਣ ਦੀਆਂ ਗੱਲਾਂ ਹਨ। ਉਨ੍ਹਾਂ ਨੂੰ ਇਹ ਤਿੰਨ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਗੁਰਦਿਆਲ ਸਹੋਤਾ, ਲੁਧਿਆਣਾ

ਸ਼ਬਦਾਂ ਦੀ ਪੰਗਤ 

‘ਪੰਜਾਬੀ ਟ੍ਰਿਬਿਊਨ’ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਲਈ ਬਾਕੀ ਮੀਡੀਆ ਨਾਲੋਂ ਕਾਫ਼ੀ ਅੱਗੇ ਹੈ। ਪੰਜਾਬੀਅਤ ਦੀ ਰਖਵਾਲੀ ਲਈ ਇਹ ਅਦਾਰਾ ਚਿੱਕੜ ’ਚ ਉੱਗਿਆ ਕਮਲ ਦਾ ਫੁੱਲ ਬਣਨ ਦਾ ਸੁਨੇਹਾ ਲਈ ਖੜ੍ਹਾ ਹੈ। ਡਾਕਟਰ ਸੁਰਜੀਤ ਪਾਤਰ ਦੀ ਕਵਿਤਾ ‘ਇਹ ਮੇਲਾ ਹੈ’ ਦੇ ਸਮਾਨਾਂਤਰ ਭੂਮਿਕਾ ਨਿਭਾਅ ਰਿਹਾ ਹੈ। ਗੋਦੀ ਮੀਡੀਆ ਦੇ ਉਲਟ ਇਹ ਅਸਲੀਅਤ ਦਾ ਸ਼ੀਸ਼ਾ ਦਿਖਾਉਂਦਾ ਹੈ। ਆਸ ਹੈ ਇਹ ਅੱਗੋਂ ਵੀ ਫ਼ਰਜ਼ ਨਿਭਾਉਂਦਾ ਰਹੇਗਾ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

ਖੇਤੀ ਕਾਨੂੰਨ ਲੋਕ-ਵਿਰੋਧੀ

‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ ਵਿਚ ਹਰਦੀਪ ਸਿੰਘ ਪੁਰੀ ਦਾ ਲੇਖ ਪੜ੍ਹ ਕੇ ਕਿਸਾਨ ਘੋਲ ਸਬੰਧੀ ਉਸ ਵੱਲੋਂ ਸਰਕਾਰੀ ਪੱਖ ਦੀ ਪੇਸ਼ਕਾਰੀ ਬਾਰੇ ਪਤਾ ਲੱਗਿਆ। ਉਹ ‘ਉੱਘੇ ਖੇਤੀ ਅਰਥਸ਼ਾਸਤਰੀਆਂ ਦੀਆਂ ਸਿਫ਼ਾਰਸ਼ਾਂ ’ਤੇ ਹੋਏ ਖੇਤੀਬਾੜੀ ਸੁਧਾਰ’ ਦੇ ਜ਼ਿਕਰ ਨਾਲ ਆਪਣਾ ਲੇਖ ਸ਼ੁਰੂ ਕਰਦੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸਿਆਸਤਦਾਨ ਤੇ ਸਿਆਸਤ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਲੋਕ ਪੱਖੀ ਤੇ ਦੂਜੇ ਲੋਕ ਵਿਰੋਧੀ। ਇਸੇ ਤਰ੍ਹਾਂ ਅਰਥਸ਼ਾਸਤਰੀ ਵੀ ਇਨ੍ਹਾਂ ਦੋ ਕਿਸਮਾਂ ਦੇ ਹੁੰਦੇ ਹਨ। ਇਸ ਲੇਖ ਵਿਚ ਦਰਸਾਏ ਗਏ ਅਰਥਸ਼ਾਸਤਰੀ ਲੋਕ-ਵਿਰੋਧੀ ਤੇ ਕਾਰਪੋਰੇਟ ਜਗਤ ਪੱਖੀ ਜਾਪਦੇ ਹਨ। 

ਭਾਜਪਾ ਦੇ ਲਿਆਂਦੇ ਖੇਤੀ ਕਾਨੂੰਨ ਖੇਤੀ ਨੂੰ ਸਰਕਾਰੀ ਪ੍ਰਬੰਧ ਤੋਂ ਮੁਕਤ ਕਰਕੇ ਕਾਰਪੋਰੇਟਾਂ ਦੇ ਪ੍ਰਬੰਧ ਅਧੀਨ ਲਿਆਉਣ ਵਾਲੇ ਹਨ। ਕਿਸਾਨ ਸੰਘਰਸ਼ ਬਾਰੇ ਵੀ ਪੁਰੀ ਹੋਰਾਂ ਦੀ ਅੱਖ ਦਾ ਟੀਰ ਸਪੱਸ਼ਟ ਨਜ਼ਰ ਆਉਂਦਾ ਹੈ। ਦੂਜੇ ਪਾਸੇ ਕਿਸਾਨਾਂ ਦਾ ਸਪੱਸ਼ਟ ਸਟੈਂਡ ਸਾਰੀਆਂ ਸਿਆਸੀ ਪਾਰਟੀਆਂ ਤੋਂ ਦੂਰੀ ਰੱਖ ਕੇ ਚੱਲਣ ਦਾ ਹੈ। ਬਿਹਾਰ ਤੇ ਯੂ.ਪੀ. ਦੇ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਪਹਿਲਾਂ ਹੀ ਇਸ ਦੇ ਭੈੜੇ ਅਸਰਾਂ ਨੂੰ ਮਹਿਸੂਸ ਕਰਕੇ ਇਸ ਦੇ ਵਿਰੋਧ ਵਿੱਚ ਨਿਤਰੇ ਹਨ। ਹੁਣ ਫ਼ੈਸਲਾ ਸਰਕਾਰ ਨੇ ਕਰਨਾ ਹੈ ਕਿ ਕਿਸਾਨਾਂ ਨਾਲ ਖੜ੍ਹਨਾ ਹੈ ਜਾਂ ਕਾਰਪੋਰੇਟ ਅਦਾਰਿਆਂ ਨੂੰ ਦੇਸ਼ ’ਤੇ ਕਬਜ਼ਾ ਕਰਵਾ ਕੇ ਮੁੜ ਆਰਥਿਕ ਗੁਲਾਮੀ ਵੱਲ ਦੇਸ਼ ਨੂੰ ਧੱਕਣਾ ਹੈ।

- ਸੁਰਿੰਦਰ ਰਾਮ ਕੁੱਸਾ, ਈ-ਮੇਲ

ਡਾਕ ਐਤਵਾਰ ਦੀ Other

Jan 03, 2021

ਇਤਿਹਾਸ ਤੋਂ ਸਬਕ

27  ਦਸੰਬਰ ਐਤਵਾਰ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਸਵਰਾਜਬੀਰ ਦੇ ਲੇਖ ਵਿਚ ਪੰਜਾਬ ਦੇ ਕਿਸਾਨਾਂ ਦੀ ਯੋਗ ਅਗਵਾਈ ਵਿਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ  ਗੁਰੂ ਨਾਨਕ ਬਾਣੀ  ਦੇ ਹਵਾਲੇ ਨਾਲ  ਇਸ ਅੰਦੋਲਨ ਨੂੰ ਪੂਰੇ ਵਿਸਥਾਰ ਨਾਲ ਪ੍ਰਗਟਾਇਆ ਹੈ। ਹੰਕਾਰੀ ਮਨੁੱਖਾਂ ਨੁੰ ਉਪਦੇਸ਼ ਦਿੰਦੀ  ਬਹੁਮੁੱਲੀ ਵਿਰਾਸਤ ਨਾਲ ਜੋੜ ਕੇ ਕੇਂਦਰ ਦੇ ਆਗੂੁਆਂ ਨੂੰ ਯੋਗ ਸਿੱਖਿਆ ਦਿੱਤੀ ਹੈ। ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ। 

ਇਸ ਅੰਕ ਵਿਚ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਵਿਅੰਗਮਈ ਸ਼ੈਲੀ ਵਿਚ ਪ੍ਰਧਾਨ ਸੇਵਕ ਦੀਆਂ ਗੱਲਾਂ ਨੂੰ ਪੇਸ਼ ਕੀਤਾ ਹੈ।  ਲਿਖਿਆ ਹੈ ਕਿ ਦਰਜ਼ੀ ਨੇ ਪਜਾਮੇ ਦੀ ਥਾਂ ਹੋਰ ਹੀ ਬਣਾ ਦਿੱਤਾ ਤੇ ਫਿਰ ਲੇਖਕ ਦੇ ਮਿੱਤਰ ਨੂੰ ਫਜ਼ੂਲ ਦੀਆਂ ਗੱਲਾਂ ਵਿਚ ਉਲਝਾ ਲਿਆ। ਇਹੋ ਕੁਝ ਕੇਂਦਰ ਦੇਸ਼ ਦੇ ਕਿਸਾਨਾਂ ਨਾਲ ਕਰ ਰਿਹਾ ਹੈ, ਪਰ ਦੇਸ਼ ਦੇ ਕਿਸਾਨ ਕਿਸੇ ਦੀਆਂ  ਗੱਲਾਂ ਵਿਚ ਫਸਣ ਵਾਲੇ ਨਹੀਂ ਹਨ। ਗੁਰਬਚਨ ਸਿੰਘ ਭੁੱਲਰ ਦੀ ਨਵੀਂ ਕਿਤਾਬ ‘ਸ਼ਬਦਾਂ ਦੀ ਛਾਂਵੇਂ’ ਦਾ ਪ੍ਰਸੰਗ ਬਹੁਤ ਦਿਲਚਸਪ ਲੱਗਾ। ਸ਼ਬਦ ਦੀ ਛਾਂ ਵਿਚ ਬੈਠਣ ਵਾਲਾ ਬੰਦਾ ਸਮੇਂ ਨਾਲ  ਨਿਵੇਕਲੀ ਸ਼ਖ਼ਸੀਅਤ ਦਾ ਮਾਲਕ ਬਣ ਜਾਂਦਾ ਹੈ। ਖ਼ੁਦ ਗੁਰਬਚਨ ਸਿੰਘ ਭੁੱਲਰ ਇਸ ਦੀ ਮਿਸਾਲ ਹਨ। ਬੀਬੀ ਜਗੀਰ ਕੌਰ ਦਾ ਲੇਖ ਨਿੱਕੀਆਂ ਜਿੰਦਾਂ ਵੱਡਾ ਸਾਕਾ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਗਏ। ਜ਼ਾਲਮ ਮੁਗ਼ਲ ਹਕੂਮਤ ਦੇ ਜ਼ੁਲਮਾਂ ਨੇ ਨਿੱਕੀਆਂ ਮਾਸੂਮ ਜਿੰਦਾਂ ਨੂੰ ਕੌਮ ਕੋਲੋਂ ਖੋਹ ਲਿਆ ਤੇ ਇਹ ਸਾਕਾ ਮੁਗ਼ਲ ਸਰਕਾਰ ਦੇ ਕਫ਼ਨ ਵਿਚ ਆਖ਼ਰੀ ਕਿੱਲ ਸਾਬਿਤ ਹੋਇਆ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

ਕਿਸਾਨੀ ਲਈ ਤੜਪ

20 ਦਸੰਬਰ ਦਿਨ ਐਤਵਾਰ ਨੂੰ ‘ਪੰਜਾਬੀ ਟ੍ਰਿਬਿਊਨ’ ਵਿਚ ਕਿਸਾਨੀ ਸੰਘਰਸ਼ ਨੂੰ ਲੈ ਕੇ ਪੰਜਾਬੀ ਲੇਖਣੀ ਦੀਆਂ ਦੋ ਨਾਮਵਰ ਸ਼ਖ਼ਸੀਅਤਾਂ, ਆਲੋਚਕ ਤੇਜਵੰਤ ਗਿੱਲ  ਤੇ ਕਵੀ ਸੁਰਜੀਤ ਪਾਤਰ ਨੇ ਆਪਣੇ ਮਨ ਦੇ ਭਾਵਾਂ ਤੇ ਦਿਲ ਵਿਚ ਉਪਜੀ ਤੜਪ ਨੂੰ ਪੇਸ਼ ਕੀਤਾ ਹੈ। ਇਹ ਦੋਵੇਂ ਲੇਖਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਮੇਂ ਦੀ ਆਵਾਜ਼ ਨੂੰ ਸੁਣ ਕੇ  ਬੇਬਾਕੀ ਨਾਲ ਵਰਣਨ ਕੀਤਾ ਹੈ। ਦਿੱਲੀ ਵਿਚ ਸਮੁੱਚੀ  ਪੰਜਾਬੀਅਤ ਭਾਈਚਾਰਕ ਸਾਂਝ, ਸੇਵਾ ਭਾਵ, ਸਿਦਕ, ਅਨੁਸ਼ਾਸਨ, ਜਮਹੂਰੀ ਕਦਰਾਂ ਕੀਮਤਾਂ  ਦੀ ਜਿਉਂਦੀ ਜਾਗਦੀ ਤਸਵੀਰ ਬਣ ਗਈ ਹੈ। ਇਸ ਨੂੰ ਜਿਸ ਢੰਗ ਨਾਲ ਕਿਸਾਨ ਚਲਾ ਰਹੇ ਹਨ, ਇਹ ਇਤਿਹਾਸਕ ਬਣ ਗਿਆ ਹੈ। ਇਸ ਜਨਸ਼ਕਤੀ ਦੇ ਸੂਹੇ ਫੁੱਲ ਸਦਾ ਖ਼ੁਸ਼ਬੂ ਦਿੰਦੇ ਰਹਿਣਗੇ। ਇਸ ਸ਼ਕਤੀ ਨੂੰ ਹੁਣ ਸਾਂਭਣ ਦੀ ਲੋੜ ਹੈ। ਇਸ ਨੂੰ ਸਿਆਸੀ ਤੌਰ ’ਤੇ ਆਪਣੀ ਉਸਾਰੂ ਭੂਮਿਕਾ ਨਿਭਾਉਣ ਦੀ ਲੋੜ ਹੈ।
ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ, ਲੁਧਿਆਣਾ

ਫ਼ਿਰਕਾਪ੍ਰਸਤੀ ਨੂੰ ਭਾਂਜ

20 ਦਸੰਬਰ ਨੂੰ ਪ੍ਰਕਾਸ਼ਿਤ ਹੋਇਆ ਸਵਰਾਜਬੀਰ ਦਾ ਲੇਖ ‘ਟੁਕੜੇ ਟੁਕੜੇ ਗੈਂਗ ਕੌਣ ਹੈ’ ਭਾਜਪਾ ਸਰਕਾਰ ਵੱਲੋਂ ਬਾਕੀ ਪਾਰਟੀਆਂ ਦੇ ਆਗੂਆਂ ਅਤੇ ਕਿਸਾਨ ਅੰਦੋਲਨਕਾਰੀਆਂ ਉੱਤੇ ਹੋਣ ਵਾਲੇ ਸ਼ਬਦੀ ਹਮਲਿਆਂ ਦਾ ਢੁਕਵਾਂ ਜਵਾਬ ਹੈ। ਇਹ ਲੇਖ ਬਗੈਰ ਕਿਸੇ ਸ਼ੱਕ ਤੋਂ ਸਿੱਧ ਕਰਦਾ ਹੈ ਕਿ ਬਹੁ-ਪਾਰਟੀ ਲੋਕਤੰਤਰ ਵਿਚ ਮਤਭੇਦ ਤਾਂ ਹੁੰਦੇ ਹੀ ਹਨ, ਪਰ ਭਾਜਪਾ ਦੀਆਂ ਫ਼ਿਰਕਾਪ੍ਰਸਤ ਨੀਤੀਆਂ ਨੂੰ ਇਹ ਲੇਖ ਭਾਂਜ ਦਿੰਦਾ ਹੈ। ਅਜੇ ਵੀ ਕੁਝ ਵਿਅਕਤੀ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦੀਆਂ ਮੂਰਤੀਆਂ ਲਾਉਣ ਦੇ ਹੱਕ ਵਿਚ ਹਨ। ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਜਿਵੇਂ ਸੰਸਦ ਆਦਿ ਨੂੰ ਇਕ ਤਰ੍ਹਾਂ ਖ਼ਤਮ ਕੀਤਾ ਜਾ ਰਿਹਾ ਹੈ। ਪੁਰਾਣੇ ਜਨਸੰਘ ਦੀਆਂ ਗਤੀਵਿਧੀਆਂ ਨੂੰ ਨਵੇਂ ਨਾਮ ਦੇ ਕੇ ਬੇਮਿਸਾਲ ਸਿਖਰਾਂ ’ਤੇ ਲਿਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਸੀ.ਏ.ਏ., ਐੱਨ.ਆਰ.ਸੀ. ਆਦਿ ਭਾਜਪਾ ਦੀਆਂ ਫ਼ਿਰਕੂ ਨੀਤੀਆਂ ਦੀ ਉੱਘੜਵੀਂ ਮਿਸਾਲ ਹਨ।
ਡੀ.ਐੱਸ.ਚਾਹਲ, ਐੱਸ.ਕੇ.ਖੋਸਲਾ, ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ

13 ਦਸੰਬਰ ਦੇ ‘ਦਸਤਕ’ ਵਿਚ ਡਾ. ਮਹਿੰਦਰ ਸਿੰਘ ਨੇ ਅਕਾਲੀ ਲਹਿਰ ਬਾਰੇ 100 ਸਾਲ ਇਤਿਹਾਸ ਦੀ ਜਾਣਕਾਰੀ ਸੀਮਤ ਸ਼ਬਦਾਂ ਵਿਚ ਦਿੱਤੀ। ਇਸ ਸਦਕਾ ਮੋਰਚਿਆਂ, ਜਥੇਬੰਦੀਆਂ, ਸੰਪਰਦਾਏ ਅਤੇ ਗੁਰਦੁਆਰਾ ਸੁਧਾਰ ਲਹਿਰ ਦੀ ਚੰਗੀ ਜਾਣਕਾਰੀ ਮਿਲੀ।
ਹਰਮਨਪ੍ਰੀਤ ਸਿੰਘ, ਸਰਹੰਦ (ਫ਼ਤਹਿਗੜ੍ਹ ਸਾਹਿਬ)

ਸੱਚੋ ਸੱਚ

6 ਦਸੰਬਰ ਦੇ ਅੰਕ ਦੀ ਸਵਰਾਜਬੀਰ ਹੋਰਾਂ ਦੀ ਸੰਪਾਦਕੀ ‘ਇਹੋ ਹੀ ਸੱਚ ਤੇ ਝੂਠ ਦਾ ਵੇਲੜਾ ਈ’ ਬਹੁਤ ਜਾਣਕਾਰੀ ਭਰਪੂਰ ਸੀ। ਸੱਚ ਲਿਖਣ ਈ ਬਹੁਤ ਹਿੰਮਤ ਤੇ ਦਲੇਰੀ ਚਾਹੀਦੀ ਹੈ। ਕਿਸੇ ਬੰਜਰ ਸਿਆੜ ’ਤੇ ਚਿਰਾਂ ਬਾਅਦ ਚੱਲੇ ਹਲ ਉਪਰੰਤ ਨਿਕਲੀ ਮਿੱਟੀ ਦੀ  ਤਾਜ਼ੀ ਖੁਸ਼ਬੂ ਵਰਗੇ ਅਲਫ਼ਾਜ਼ਾਂ ਲਈ ਧੰਨਵਾਦ।

ਇਸ ਤੋਂ ਇਲਾਵਾ ਆਤਮਜੀਤ ਹੋਰਾਂ ਦਾ ਸੰਨੀ ਦਿਓਲ ਤੇ ਹੰਸ ਰਾਜ ਹੰਸ ਦੇ ਨਾਂ ਖੁੱਲ੍ਹਾ ਖ਼ਤ ਵੀ ਦੋਵਾਂ ਦੀ ਸੁੱਤੀ ਜ਼ਮੀਰ ਨੂੰ ਝੰਜੋੜਨ ਵਾਲਾ ਸੀ।
ਅਮਰਬੀਰ ਸਿੰਘ ਚੀਮਾ, ਸਰਹਿੰਦ (ਫਤਿਹਗੜ੍ਹ ਸਾਹਿਬ)

ਸਿਆਸਤ ਦੇ ਰੰਗ

13 ਦਸੰਬਰ ਦੇ ਹਫ਼ਤਾਵਾਰੀ ਅੰਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਤਿੰਨ ਲੇਖ ਪੜ੍ਹੇ। ਬੇਸ਼ੱਕ ਇਨ੍ਹਾਂ ਲੇਖਾਂ ਵਿੱਚ ਵਧੀਆ ਜਾਣਕਾਰੀ ਦਿੱਤੀ ਗਈ, ਪਰ ਸ. ਸੁਰਿੰਦਰ ਸਿੰਘ ਤੇਜ ਹੋਰਾਂ ਦੇ ਵਿਸ਼ਲੇਸ਼ਣ ‘ਅਕਾਲੀ ਦਲ- ਸ਼ਤਾਬਦੀ ਵਰ੍ਹੇ ਦਾ ਦੁਖਾਂਤ’ ਨੇ ਵਧੇਰੇ ਮੁਤਾਸਰ ਕੀਤਾ। ਅਕਾਲੀ ਦਲ ਦੇ ਅਤੀਤ ਅਤੇ ਵਰਤਮਾਨ ਬਾਰੇ ਤਲਖ਼ ਹਕੀਕਤਾਂ ਬਿਆਨ ਕੀਤੀਆਂ। ਉਹ ਪਾਰਟੀ ਜੋ ਕਦੇ ‘ਪੰਥ ਲਈ ਮਰ ਮਿਟਣ’ ਦੀਆਂ ਗੱਲਾਂ ਕਰਦੀ ਸੀ, ਉਸ ਦੇ ਨੇਤਾ ਅੱਜ ਪਰਿਵਾਰ ਦੇ ਮੋਹ ਵਿੱਚ ਭਿੱਜੇ ਪਰਿਵਾਰ ਦੇ ਜੀਆਂ ਨੂੰ ਅੱਗੇ ਲਿਆਉਣ ਲਈ ਤਰਲੋਮੱਛੀ ਹੋਏ ਰਹਿੰਦੇ ਹਨ। ਟਕਸਾਲੀ ਤੇ ਬਜ਼ੁਰਗ ਆਗੂਆਂ ਨੂੰ ਵੀ ਦਰਕਿਨਾਰ ਕਰਨ ਲੱਗਿਆਂ ਆਗੂਆਂ ਦੀ ਜ਼ਮੀਰ ਮਰ ਜਾਂਦੀ ਹੈ। ਸਮਾਂ ਬਦਲ ਗਿਆ ਹੈ। ਹਰ ਕੋਈ ਕਿਸੇ ਨੂੰ ਠਿੱਬੀ ਲਾ ਕੇ ਅੱਗੇ ਵਧ ਜਾਣਾ ਚਾਹੁੰਦਾ ਹੈ। ਸਿਆਸਤ ਵਿੱਚ ਤਾਂ ਇਹ ਕੁਝ ਜ਼ਿਆਦਾ ਹੀ ਹੈ।

ਇਸੇ ਅੰਕ ਵਿੱਚ ਨਾਮਵਰ ਹਿੰਦੀ ਕਵੀ ਤੇ ਪੱਤਰਕਾਰ ਮੰਗਲੇਸ਼ ਡਬਰਾਲ ਬਾਰੇ ਤਰਸੇਮ ਦੀ ਰਚਨਾ ਪੜ੍ਹ ਕੇ ਮਾਲੂਮਾਤ ਵਿੱਚ ਕਾਫ਼ੀ ਇਜ਼ਾਫਾ ਹੋਇਆ।
ਪਰਮਜੀਤ ਸਿੰਘ ‘ਪਰਵਾਨਾ’, ਆਕਾਸ਼ਵਾਣੀ ਪਟਿਆਲਾ