ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ

Feb 25, 2021

ਹਾਰ ਨਹੀਂ ਮੰਨਾਂਗੇ

24 ਫਰਵਰੀ ਦੇ ਅੰਕ ਵਿਚ ਸਵਰਾਜਬੀਰ ਦਾ ਲੇਖ ‘ਅਸੀਂ ਨਿਆਂ ਚਾਹੁੰਦੇ ਹਾਂ, ਮਾਈ ਲਾਰਡਜ਼!’ ਮੌਜੂਦਾ ਸ਼ਾਸਕਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਹੈ ਕਿ ਅੱਤ ਦਾ ਅੰਤ ਭਿਆਨਕ ਹੁੰਦਾ ਹੈ, ਉਹ ਇਤਿਹਾਸ ਅਤੇ ਮਿਥਿਹਾਸ ਵੱਲ ਝਾਤ ਜ਼ਰੂਰ ਮਾਰ ਲੈਣ। ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਹੀ ਦੇਸ਼ ਬਣਾ ਕੇ ਜ਼ੁਲਮ ਢਾਹੁਣੇ ਸ਼ੁਰੂ ਕੀਤੇ ਹੋਏ ਹਨ, ਇਕ ਦਿਨ ਉਨ੍ਹਾਂ ਦਾ ਲੇਖਾ-ਜੋਖਾ ਲੋਕ ਕਚਹਿਰੀ ਵਿਚ ਹੋ ਕੇ ਹੀ ਰਹਿਣਾ ਹੈ। ਜਿਨ੍ਹਾਂ ਦੀ ਇਨਸਾਫ਼ ਦੀ ਤੱਕੜੀ ਵਿਚ ‘ਪਾਸਕੂ’ ਲਗਾਤਾਰ ਪਾਸੇ ਬਦਲ ਰਿਹਾ ਹੈ, ਉਨ੍ਹਾਂ ਨੇ ਵੀ ਲੋਕਾਂ ਦੀ ਨਜ਼ਰ ਤੋਂ ਲੁਕੇ ਨਹੀਂ ਰਹਿ ਸਕਣਾ, ਅੱਖਾਂ ਦੀ ਪੱਟੀ ਨੇ ਚਾਕ ਹੋਣਾ ਹੀ ਪ੍ਰੋਮੀਥੀਅਸ ਦਾ ਚਿੱਤਰ ਦੇਖ ਕੇ ਪ੍ਰੇਸ਼ਾਨ ਹੋਈ ਮੇਰੀ ਸੋਚ ਦਿੱਲੀ ਬਾਰਡਰਾਂ ਦਾ ਗੇੜਾ ਕੱਢ ਆਈ, ਜਿੱਥੇ ਸ਼ਾਸਕਾਂ ਨੇ ਲੱਖਾਂ ‘ਪ੍ਰੋਮੀਥੀਅਸਾਂ’ ਨੂੰ ਕਿੱਲਿਆਂ ਨਾਲ ਬੰਨ੍ਹ ਕੇ ਬਿਠਾਇਆ ਹੋਇਆ ਹੈ ਤੇ ਉਨ੍ਹਾਂ ਦੇ ਸਿਰ ’ਤੇ ਅਜੀਬ-ਅਜੀਬ ਕਿਸਮ ਦੇ ‘ਬਾਜ’ ਨਿੱਤ ਹਮਲੇ ਕਰ ਕੇ ਮਾਸ ਚੂੰਡ ਰਹੇ ਹਨ। ਮੌਤਾਂ ਹੋ ਰਹੀਆਂ ਹਨ। ਖੇਤ ਸੁੱਕ ਰਹੇ ਹਨ। ਫਿਰ ਵੀ ਧੰਨ ਹਨ ਕਿਸਾਨ ਜਿਨ੍ਹਾਂ ਦੀ ਜ਼ੁਬਾਨ ਵਿਚੋਂ ਦ੍ਰਿੜ੍ਹ ਇਰਾਦੇ ਵਾਲੀ ਲਗਾਤਾਰ ਇਹੋ ਧੁਨੀ ਨਿਕਲ ਰਹੀ ਹੈ- ‘ਹਾਰ ਨਹੀਂ ਮੰਨਾਂਗੇ, ਹਾਰ ਨਹੀਂ ਮੰਨਾਂਗੇ।’
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)


ਖੇਤੀ ਬਾਰੇ ਸਰਕਾਰ ਦੀ ਨੀਤੀ

22 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸੁਖਪਾਲ ਸਿੰਘ ਦੇ ਲੇਖ ‘ਕੇਂਦਰੀ ਬਜਟ ਖੇਤੀ ਖੇਤਰ ਨੂੰ ਕਾਰਪੋਰੇਟ ਹਵਲੇ ਕਰੇਗਾ’ ਪੜ੍ਹਿਆ। ਕਿਸਾਨ ਸੰਘਰਸ਼ ਨੂੰ ਅਣਗੌਲਿਆਂ ਕਰ ਕੇ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੂੰ ਦੁਰਕਾਰਨ ਦੀ ਨੀਤੀ ਕੇਂਦਰ ਸਰਕਾਰ ਨੇ ਪਹਿਲਾਂ ਹੀ ਅਪਣਾਈ ਹੋਈ ਹੈ ਤੇ ਇਸੇ ਨੀਤੀ ਅਨੁਸਾਰ ਹੀ ਪੇਸ਼ ਕੀਤੇ ਕੇਂਦਰੀ ਬਜਟ ਦੇ ਜੋ ਨੁਕਤੇ ਡਾ. ਸੁਖਪਾਲ ਸਿੰਘ ਨੇ ਵਿਚਾਰੇ ਹਨ, ਉਹ ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਵੱਲ ਧੱਕਣ ਦਾ ਕੰਮ ਹੀ ਕਰਨਗੇ। ਐੱਮਐੱਸਪੀ ਅਤੇ ਸੰਗਠਿਤ ਮੰਡੀ ਪ੍ਰਣਾਲੀ ਛੱਡ ਇਲੈਕਟ੍ਰੋਨਿਕ ਨੈਸ਼ਨਲ ਖੇਤੀਬਾੜੀ ਮੰਡੀ ਦਾ ਲਾਰਾ ਉਸ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ ਜਿਸ ਨਾਲ ਠੱਗ ਏਟੀਐੱਮ ਦਾ ਓਟੀਪੀ ਲੈ ਲੈ ਠੱਗੀਆਂ ਮਾਰ ਰਹੇ ਹਨ।
ਵਿਸ਼ਵਦੀਪ ਬਰਾੜ, ਮਾਨਸਾ


(2)

ਡਾ. ਸੁਖਪਾਲ ਸਿੰਘ ਨੇ ਆਪਣੇ ਲੇਖ ‘ਕੇਂਦਰੀ ਬਜਟ ਖੇਤੀ ਖੇਤਰ ਨੂੰ ਕਾਰਪੋਰੇਟ ਹਵਾਲੇ ਕਰੇਗਾ’ ਵਿਚ ਲੋਕ ਹਿੱਤਾਂ ਦੇ ਵਿਰੁੱਧ ਅਤੇ ਕਾਰਪੋਰੇਟ ਸੈਕਟਰ ਦੇ ਪੱਖ ਵਿਚ ਭੁਗਤਣ ਵਾਲੀਆਂ ਲੋਕ ਮਾਰੂ ਨੀਤੀਆਂ ਨੂੰ ਬੜੀ ਸਪੱਸ਼ਟਤਾ ਨਾਲ ਪੇਸ਼ ਕੀਤਾ ਹੈ।
ਡਾ. ਗੁਰਦੀਪ ਸਿੰਘ ਸੰਧੂ, ਪਟਿਆਲਾ


(3)

ਡਾ. ਸੁਖਪਾਲ ਸਿੰਘ ਦਾ ਲੇਖ ‘ਕੇਂਦਰੀ ਬਜਟ ਖੇਤੀ ਨੂੰ ਕਾਰਪੋਰੇਟ ਹਵਾਲੇ ਕਰੇਗਾ’ ਭਾਰਤੀ ਅਰਥਚਾਰੇ ਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਭਰਪੂਰ ਰਚਨਾ ਹੈ। ਕੇਂਦਰੀ ਬਜਟ ਦੇ ਪ੍ਰਸੰਗ ’ਚ ਲੇਖ ਕਿਸਾਨੀ ਕਿੱਤੇ ਅਤੇ ਮਗਨਰੇਗਾ ਸਕੀਮ ਨਾਲ ਵੱਜੀ ਠੱਗੀ ਬਿਆਨ ਕਰਦਾ ਹੈ। ਇਸ ਨਾਲ ਭਾਜਪਾ ਦਾ ਚਿਹਰਾ ਨੰਗਾ ਹੋ ਗਿਆ ਹੈ।
ਗੁਰਮੀਤ ਸੁਖਪੁਰ, ਈਮੇਲ


(4)

ਡਾ. ਸੁਖਪਾਲ ਸਿੰਘ ਨੇ ਕੇਂਦਰੀ ਬਜਟ ਵਿਚ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਜਾਗਰ ਕੀਤੀਆਂ ਹਨ। ਉਨ੍ਹਾਂ ਸਾਫ਼ ਲਿਖਿਆ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਕਰ ਕੇ ਕਾਰਪੋਰੇਟ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਹੀ ਬਜਟ ਤਿਆਰ ਕੀਤਾ ਗਿਆ ਹੈ। ਅਜਿਹੀਆਂ ਨੀਤੀਆਂ ਕਾਰਨ ਹੀ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਰਿਹਾ ਹੈ।
ਰੇਣੁਕਾ ਰਾਣੀ, ਲੁਧਿਆਣਾ


ਔਰਤਾਂ ਦੀ ਆਵਾਜ਼

22 ਫਰਵਰੀ ਦੇ ਸੰਪਾਦਕੀ ‘ਔਰਤਾਂ ਦੇ ਹੱਕ’ ਵਿਚ ਔਰਤਾਂ ਦੇ ਹੱਕਾਂ ਬਾਰੇ ਸੁਚੇਤ ਕੀਤਾ ਗਿਆ ਹੈ। ਔਰਤਾਂ ਦੇ ਹੱਕ ਅਤੇ ਮਰਦ ਪ੍ਰਧਾਨ ਸਮਾਜ ਵਿਚ ਮਰਦਾਂ ਦੀ ਧੌਂਸ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੇ ਹਨ। ਅਜਿਹੀਆਂ ਲਿਖਤਾਂ ਰਾਹੀਂ ਔਰਤਾਂ ਨੂੰ ਆਪਣੇ ਨਾਲ ਹੋ ਰਹੇ ਜਿਨਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਉਠਾਉਣ ਦੀ ਸੇਧ ਮਿਲਦੀ ਹੈ। ਅਸਲ ਵਿਚ ਔਰਤਾਂ ਨਾਲ ਸ਼ੋਸ਼ਣ ਹਰ ਖੇਤਰ ਵਿਚ ਹੋ ਰਿਹਾ ਹੈ; ਘਰ ਹੋਵੇ ਭਾਵੇਂ ਵਿਦਿਅਕ ਅਦਾਰੇ ਜਾਂ ਨੌਕਰੀ ਪੇਸ਼ੇ ਦੀ ਜਗ੍ਹਾ ਪਰ ਔਰਤਾਂ ਨੂੰ ਚੁੱਪ ਰਹਿ ਕੇ ਸਭ ਸਹਿਣ ਕਰਨ ਦੀ ਥਾਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਨਵਜੀਤ ਕੌਰ, ਸੰਦੌੜ (ਸੰਗਰੂਰ)


ਪੰਜਾਬੀ ਨਾਲ ਵੈਰ?

ਨਵੀਂ ਸਿੱਖਿਆ ਨੀਤੀ ਰਾਹੀਂ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਬਣਾਉਣ ਬਾਰੇ ਗ੍ਰਹਿ ਮੰਤਰੀ ਦਾ ਬਿਆਨ ਤਾਰੀਫ਼ ਕਰਨ ਯੋਗ ਹੈ ਪਰ ਪੰਜਾਬੀ ਨਾਲ ਕੇਂਦਰ ਸਰਕਾਰ ਧੱਕਾ ਕਿਉਂ ਕਰ ਰਹੀ ਹੈ? ਪੰਜਾਬ ਵਿਚੋਂ ਅਲੱਗ ਹੋਏ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਪੰਜਾਬੀ ਨੂੰ ਦੂਰ ਕਰ ਕੇ ਕ੍ਰਮਵਾਰ ਤਾਮਿਲ ਅਤੇ ਸੰਸਕ੍ਰਿਤ ਭਾਸ਼ਾ ਨੂੰ ਦੂਸਰੀ ਭਾਸ਼ਾ ਦਾ ਦਰਜਾ ਦੇਣਾ ਅਤੇ ਜੰਮੂ ਕਸ਼ਮੀਰ ਵਿਚੋਂ ਵੀ ਮਕਬੂਲ ਪੰਜਾਬੀ ਜ਼ੁਬਾਨ ਹਟਾ ਕੇ ਕੇਂਦਰ ਸਰਕਾਰ ਕਿਹੜੀਆਂ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤੀ ਦੇ ਰਹੀ ਹੈ, ਸਮਝ ਤੋਂ ਪਰੇ ਹੈ। ਕੀ ਪੰਜਾਬੀ ਜ਼ੁਬਾਨ ਭਾਰਤੀ ਭਾਸ਼ਾਵਾਂ ਵਿਚ ਨਹੀਂ ਆਉਂਦੀ? ਪੰਜਾਬੀ ਭਾਸ਼ਾ ਨਾਲ ਸਰਕਾਰਾਂ ਕਿਹੜਾ ਵੈਰ ਕੱਢ ਰਹੀਆਂ ਹਨ?
ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ

ਪਾਠਕਾਂ ਦੇ ਖ਼ਤ

Feb 22, 2021

ਸਾਧਨਹੀਣਿਆਂ ਦੀ ਵਾਰਤਾ

19 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਨਿਕਿਤਾ ਆਜ਼ਾਦ ਦਾ ਲੇਖ ‘ਕਿਸਾਨੀ ਸੰਘਰਸ਼ ਅਤੇ ਪੰਜਾਬੀ ਗੁੰਝਲਾਂ’ ਧੁਰ ਅੰਦਰ ਤਕ ਹਿਲਾ ਦਿੰਦਾ ਹੈ। ਲੇਖਕ ਨੇ ਸਾਧਨਹੀਣ ਦਲਿਤ ਅਤੇ ਔਰਤ ਦੀ ਤਰਾਸਦੀ ਨੂੰ ਬੇਬਾਕ ਢੰਗ ਨਾਲ ਬਿਆਨ ਕੀਤਾ ਹੈ। ਦੱਸਿਆ ਹੈ ਕਿ ਦਲਿਤ ਅਤੇ ਔਰਤਾਂ ਮੌਜੂਦਾ ਕਿਸਾਨੀ ਘੋਲ ਦਾ ਹਿੱਸਾ ਹੁੰਦੇ ਹੋਏ ਵੀ ‘ਕਿਸਾਨ’ ਦੀ ਸਮੀਖਿਆ ਤੋਂ ਬਾਹਰ ਹਨ। ਇਨ੍ਹਾਂ ਅਤਿ ਪੀੜਤ ਵਰਗਾਂ ਨੂੰ ਵੀ ਸਾਧਨਾਂ ਅਤੇ ਸੱਤਾ ਵਾਲੇ ਹੋਣ ਲਈ ਬਰਾਬਰ ਦੀ ਹਿੱਸੇਦਾਰੀ ਦਿੱਤੀ ਜਾਣੀ ਚਾਹੀਦੀ ਹੈ। ਕਿਸਾਨੀ ਸੰਘਰਸ਼ ਆਪਣੇ ਅੰਦਰਲੇ ਪੀੜਤਾਂ ਲਈ ਕੀ ਫ਼ਲ ਪ੍ਰਾਪਤ ਕਰਕੇ ਦੇਵੇਗਾ, ਇਹ ਵੀ ਅਹਿਮ ਸਵਾਲ ਹੈ।

ਸਾਗਰ ਸਿੰਘ ਸਾਗਰ, ਬਰਨਾਲਾ


ਵਿਗਿਆਨਕ ਯੁੱਗ ਬਨਾਮ ਜਹਾਲਤ

ਕੁਲਦੀਪ ਸਿੰਘ ਧਨੌਲਾ ਦਾ ਮਿਡਲ ‘ਨੰਗੇ ਪੈਰੀਂ’ (20 ਫਰਵਰੀ) ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਫੈਲੀ ਜਹਾਲਤ ਨੂੰ ਵਧੀਆ ਢੰਗ ਨਾਲ ਬਿਆਨ ਕਰਦਾ ਹੈ। ਲੱਗਦਾ ਹੈ ਕਿ ਲੇਖਕ ਦੇ ਦੋਸਤ ਨੇ ਨੰਗੇ ਪੈਰੀਂ ਧਰਮ ਸਥਾਨ ’ਤੇ ਜਾਣਾ ਹੀ ਛੱਡਿਆ ਹੈ, ਜੋਤਸ਼ੀਆਂ ਕੋਲ ਜਾਣਾ ਨਹੀਂ।

ਨਿਰਮਲ ਸਿੰਘ ਕੰਧਾਲਵੀ, ਯੂਕੇ

(2)

20 ਫਰਵਰੀ ਦੇ ਮਿਡਲ ‘ਨੰਗੇ ਪੈਰੀਂ’ (ਕੁਲਦੀਪ ਸਿੰਘ ਧਨੌਲਾ) ਵਿਚ ਧਾਰਮਿਕ ਸਥਾਨ ’ਤੇ ਜਾਣ ਕਰ ਕੇ ਕੁਝ ਮਿਲਣ ਦੀ ਬਜਾਏ ਮੁਸ਼ਕਿਲ ਵਿਚ ਫਸਣ ਤੋਂ ਜ਼ਾਹਿਰ ਹੈ ਕਿ ਇਹ ਨਿਰਾ ਅੰਧਵਿਸ਼ਵਾਸ ਹੈ। ਇਸ ਬਾਰੇ ਸਿੱਧਾ ਸਵਾਲ ਇਹ ਹੈ ਕਿ ਅਜਿਹੀ ਸਲਾਹ ਦੇਣ ਵਾਲਾ ਆਪ ਕਿਉਂ ਨਹੀਂ ਅਜਿਹਾ ਕਰ ਕੇ ਅਮੀਰ ਹੋ ਜਾਂਦਾ? 15 ਫਰਵਰੀ ਦਾ ਸੰਪਾਦਕੀ ‘ਵਿਦਿਅਕ ਅਦਾਰਿਆਂ ਦਾ ਸੰਕਟ’ ਪੜ੍ਹਿਆ। ਇਸ ਸੰਕਟ ਦਾ ਮੁੱਖ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਦੀ ਲਾਪ੍ਰਵਾਹੀ ਹੈ। ਪ੍ਰਾਈਵੇਟ ਕਾਲਜ ਯੂਨੀਵਰਸਿਟੀਆਂ ਪੜ੍ਹਾਈ ਲਈ ਚੰਗੇ ਤਾਂ ਹਨ ਲੇਕਿਨ 95 ਫ਼ੀਸਦੀ ਵਿਦਿਆਰਥੀ ਇਨ੍ਹਾਂ ਦੀ ਫ਼ੀਸ ਦੇਣ ਦੇ ਸਮਰੱਥ ਨਹੀਂ।

ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਸਰਕਾਰ ਦੀ ਮਾੜੀ ਪਹੁੰਚ

19 ਫਰਵਰੀ ਦਾ ਸੰਪਾਦਕੀ ‘ਇਤਿਹਾਸ ਦੀ ਨਿਰਾਦਰੀ’ ਪੜ੍ਹਿਆ। ਅਸਲ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬੀਆਂ/ਸਿੱਖਾਂ ਨੂੰ ਤੰਗ ਕਰ ਰਹੀ ਹੈ ਅਤੇ ਨਫ਼ਰਤ ਦੇ ਬੀਜ, ਬੀਜ ਰਹੀ ਹੈ। ਇਹ ਕੋਝੀ ਸਿਆਸਤ ਮੁਲਕ ਨੂੰ ਲੈ ਡੁੱਬੇਗੀ। ਇਸ ਤੋਂ ਬਚਣਾ ਪਵੇਗਾ।

ਬਲਬੀਰ ਸਿੰਘ, ਈਮੇਲ


ਜ਼ਬਰਦਸਤ ਸੁਨੇਹਾ

19 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਪਰਮਜੀਤ ਕੌਰ ਸਰਹਿੰਦ ਦਾ ਲੇਖ ‘ਸੱਚੋ-ਸੱਚ’ ਪੜ੍ਹਿਆ। ਇਸ ਰਚਨਾ ਦਾ ਸੁਨੇਹਾ ਬਹੁਤ ਜ਼ਬਰਦਸਤ ਹੈ। ਜੇਕਰ ਅਸੀਂ ਇਸ ਸੁਨੇਹੇ ਉੱਤੇ ਸੰਜੀਦਗੀ ਨਾਲ ਅਮਲ ਕਰੀਏ ਤਾਂ ਚੋਣ ਢਾਂਚੇ ਵਿਚ ਕਈ ਪ੍ਰਕਾਰ ਦੇ ਸੁਧਾਰ ਹੋ ਸਕਦੇ ਹਨ। ਇਸ ਪਾਸੇ ਸਭ ਨੂੰ ਰਲ-ਮਿਲ ਕੇ ਹੰਭਲਾ ਮਾਰਨਾ ਚਾਹੂੀਦਾ ਹੈ।

ਗਗਨਦੀਪ ਅਤਰੀ, ਪਿੰਡ ਭੁਰਥਲਾ ਮੰਡੇਰ (ਸੰਗਰੂਰ)


ਮਨ ਸਾਫ਼ ਨਹੀਂ

9 ਫਰਵਰੀ ਦਾ ਸੰਪਾਦਕੀ ‘ਧੰਨਵਾਦ ਮਤੇ ਦਾ ਜਵਾਬ’ ਪੜ੍ਹਿਆ। ਪ੍ਰਧਾਨ ਮੰਤਰੀ ਦੇ ਰਾਜ ਸਭਾ ਵਿਚ ਕਿਸਾਨਾਂ ਬਾਰੇ ਦਿੱਤੇ ਭਾਸ਼ਣ ਤੋਂ ਇਹੀ ਸਾਬਤ ਹੁੰਦਾ ਹੈ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਰਵੱਈਆ ਸੰਵੇਦਨਸ਼ੀਲ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ‘ਅੰਦੋਲਨਜੀਵੀ’ ਵਰਗੇ ਨਵੇਂ ਨਵੇਂ ਨਾਵਾਂ ਨਾਲ ਸੰਬੋਧਨ ਕਰ ਰਹੇ ਹਨ। ਕੀ ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਨਹੀਂ। ਪ੍ਰਧਾਨ ਮੰਤਰੀ ਦਾ ਅਜਿਹਾ ਵਿਹਾਰ ਨੈਤਿਕ ਨਹੀਂ ਸਗੋਂ ਨਿੰਦਣਯੋਗ ਹੈ। ਪਹਿਲਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਵਿਚਲੇ ਮੰਤਰੀਆਂ ਅਤੇ ਹੋਰ ਆਗੂਆਂ ਨੇ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਲਈ ਟੁਕੜੇ ਟੁਕੜੇ ਗੈਂਗ, ਸ਼ਹਿਰੀ ਨਕਸਲੀ, ਦੇਸ਼-ਧ੍ਰੋਹੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਸੀ। ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਦਾ ਮਨ ਸਾਫ਼ ਨਹੀਂ ਹੈ। ਉਹ ਆਏ ਦਿਨ ਲੱਛੇਦਾਰ ਭਾਸ਼ਣਾਂ ਨਾਲ ਲੋਕਾਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਇਹ ਰਵੱਈਆ ਮੁਲਕ ਦੇ ਲੋਕਾਂ ਨੇ ਪਸੰਦ ਨਹੀਂ ਕੀਤਾ ਹੈ ਸਗੋਂ ਇਸ ਰਵੱਈਏ ਨੂੰ ਨਿੰਦਿਆ ਹੈ।

ਪ੍ਰੋ. ਬਲਦੇਵ ਸਿੰਘ ਬੱਲੂਆਣਾ, ਪਟਿਆਲਾ


ਬਜਟ ਦੀ ਸਮੀਖਿਆ

ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 9 ਫਰਵਰੀ ਨੂੰ ਲੋਕ ਸੰਵਾਦ ਪੰਨੇ ਉੱਤੇ ਕੇਂਦਰੀ ਬਜਟ-2021 ਦੀ ਸਮੀਖਿਆ ਕੀਤੀ ਹੈ। ਇਸ ਸਮੀਖਿਆ ਵਿਚ ਕਿਤੇ ਵੀ ਬਜਟ ਦੀਆਂ ਕਮੀਆਂ ਜਾਂ ਚੰਗਿਆਈਆਂ ਦਾ ਸਾਰਥਿਕ ਤੇ ਨਿਰਪੱਖ ਆਲੋਚਨਾਤਮਕ ਅਧਿਐਨ ਨਹੀਂ ਦਿਸ ਰਿਹਾ। ਕੋਵਿਡ ਮਹਾਮਾਰੀ ਦੇ ਲੰਮੇ ਕਾਲ ਕਾਰਨ ਸੰਸਾਰ ਦੇ ਵਿਕਸਤ ਦੇਸ਼ਾਂ ਦੀ ਸਮੁੱਚੀ ਆਰਥਿਕਤਾ ਪੁੱਠੇ ਪੈਰੀਂ ਹੋਈ ਹੈ ਜਿਸ ਦੇ ਸਰਵਵਿਆਪੀ ਪ੍ਰਭਾਵ ਭਾਰਤੀ ਆਰਥਿਕਤਾ ’ਤੇ ਪੈਣ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਇਹ ਤੱਥ ਸਹੀ ਹੈ ਕਿ ਭਾਰਤ ਦੀ ਆਰਥਿਕਤਾ ਦੇ ਉਤਪਾਦਨ ਦਾ ਵੱਡਾ ਭਾਗ ਖੇਤੀਬਾੜੀ ਉਤਪਾਦਾਂ ਤੋਂ ਪ੍ਰਾਪਤ ਹੁੰਦਾ ਹੈ ਜਿਸ ਨੇ ਦੇਸ਼ ਦੀ ਆਰਥਿਕਤਾ ਨੂੰ ਮੂਧੇ ਮੂੰਹ ਹੋਣ ਤੋਂ ਬਚਾਇਆ ਹੈ। ਇਨ੍ਹਾਂ ਸਭ ਆਰਥਿਕ ਪਹਿਲੂਆਂ ਦੇ ਬਾਵਜੂਦ ਕੇਂਦਰੀ ਬਜਟ ਵਿਚ ਚੰਗੇ ਆਰਥਿਕ ਸੰਕੇਤਾਂ ਵਾਲੇ ਤੱਥ ਵੀ ਸ਼ਾਮਿਲ ਹਨ।

ਗੁਰਦੀਪ ਸਿੰਘ ਮਠਾੜੂ, ਪਿੰਡ ਦੌਲਾ (ਸ੍ਰੀ ਮੁਕਤਸਰ ਸਾਹਿਬ)

ਡਾਕ ਐਤਵਾਰ ਦੀ Other

Feb 21, 2021

ਚਾਨਣ ਦੀਆਂ ਪੈੜਾਂ

14 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਚਾਨਣ ਦੀਆਂ ਪੈੜਾਂ’ ਪੜ੍ਹਿਆ, ਬਿਲਕੁਲ ਸੱਚ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਇਹ ਸਿਰਫ਼ ਪੁਸਤਕਾਂ ਨਹੀਂ ਸਗੋਂ ਚਾਨਣ ਦੀਆਂ ਪੈੜਾਂ ਨੇ, ਪੁਸਤਕਾਂ ਗਿਆਨ ਦਾ ਸਾਗਰ ਹੁੰਦੀਆਂ ਹਨ। ਅਸੀਂ ਜਿੰਨਾ ਚਾਹੀਏ ਇਸ ਸਾਗਰ ਵਿੱਚ ਡੁਬਕੀ ਲਗਾ ਸਕਦੇ ਹਾਂ। ਜਿਹੜੇ ਵਿਅਕਤੀ ਜ਼ਿੰਦਗੀ ’ਚ ਪੁਸਤਕਾਂ ਨੂੰ ਆਪਣਾ ਮਾਰਗ ਦਰਸ਼ਕ ਬਣਾਉਂਦੇ ਹਨ, ਉਹ ਕਾਮਯਾਬੀ ਦੀਆਂ ਮੰਜ਼ਿਲਾਂ ਜਲਦੀ ਸਰ ਕਰ ਲੈਂਦੇ ਹਨ। ਪੁਸਤਕਾਂ ਕੁਰਾਹੇ ਜਾਣ ਤੋਂ ਰੋਕ ਕੇ ਸਹੀ ਰਸਤਾ ਵਿਖਾਉਂਦੀਆਂ ਹਨ। ਭਾਵੇਂ ਅੱਜ ਅਸੀਂ ਇੱਕੀਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ, ਪਰ ਇਸ ਤਕਨਾਲੋਜੀ ਦੇ ਜ਼ਮਾਨੇ ਵਿੱਚ ਵੀ ਸਾਡਾ ਨੌਜਵਾਨ ਵਰਗ ਕਿਤਾਬਾਂ ਨਾਲ ਜੁੜਿਆ ਹੋਇਆ ਹੈ ਜਿਸ ਦਾ ਅੰਦਾਜ਼ਾ ਕਿਸਾਨ ਸੰਘਰਸ਼ ਅਤੇ ਪੁਸਤਕ ਮੇਲਿਆਂ ਤੋਂ ਸੌਖਿਆਂ ਹੀ ਲਗਾਇਆ ਜਾ ਸਕਦਾ ਹੈ। ਇਹ ਸਾਡੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪੁਸਤਕਾਂ ਇਕ ਦਿਨ ਸੋਨੇ ਦੀ ਸਵੇਰ ਦੀਆਂ ਗਵਾਹ ਬਣਨਗੀਆਂ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ

(2)

14 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦੀ ਲਿਖਤ ‘ਚਾਨਣ ਦੀਆਂ ਪੈੜਾਂ’ ਵਿੱਚ ਕਿਸਾਨੀ  ਸੰਘਰਸ਼ ਦੀ ਇੱਕ ਲੀਕ ਨੂੰ ਵਿਚਾਰਿਆ ਗਿਆ ਹੈ। ਕਿਸਾਨੀ ਸੰਘਰਸ਼ ਵਿੱਚ ਕਿਤਾਬਾਂ ਦੇ ਇੱਕ ਵੱਖਰੇ ਲੰਗਰ ਬਾਰੇ ਵੀ ਦੱਸਿਆ ਗਿਆ ਹੈ ਜਿਸ ਵਿੱਚ ਨੌਜਵਾਨਾਂ ਵਿੱਚ ਜੋਸ਼ ਦੇ ਨਾਲ-ਨਾਲ ਹੋਸ਼ ਵਿੱਚ ਵੀ ਕਾਇਮ ਰੱਖਣ ਅਤੇ ਸਹੀ ਸੇਧ ਦੇਣ ਲਈ ਕਿਤਾਬਾਂ ਦੀ ਇੱਕ ਅਹਿਮ ਭੂਮਿਕਾ ਬਿਆਨ ਕੀਤੀ ਗਈ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਵਰਗਿਆਂ ਦੀ ਸੋਚ ’ਤੇ ਪਹਿਰਾ ਦੇਣ ਅਤੇ ਉਨ੍ਹਾਂ ਦੇ ਦਿਖਾਏ ਰਾਹ ’ਤੇ ਚੱਲਣ ਲਈ, ਉਨ੍ਹਾਂ ਦੀ ਸੋਚ ਅਤੇ ਜ਼ਿੰਦਗੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਤਾਬਾਂ ਹੋਸ਼ ਹੀ ਨਹੀਂ ਸਿਖਾਉਂਦੀਆਂ ਸਗੋਂ ਜ਼ਿੰਦਗੀ ਵਿੱਚ ਇੱਕ ਮਾਰਗ ਦਰਸ਼ਕ ਬਣ ਸਕਦੀਆਂ ਹਨ ਜੋ ਹੁਣ ਕਿਸਾਨੀ ਸੰਘਰਸ਼ ਵਿੱਚ ਨੌਜਵਾਨ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ। ਨੌਜਵਾਨ ਵਰਗ ਵਿੱਚ ਹੁਣ ਰੋਸ ਹੋਣ ਕਾਰਨ ਜੋਸ਼ ਉੱਭਰ ਕੇ ਆਇਆ ਹੈ, ਪਰ ਨੌਜਵਾਨ ਵਰਗ ਨੂੰ ਹੋਸ਼ ਤੋਂ ਕੰਮ ਲੈ ਕੇ ਸ਼ਾਂਤੀ ਨਾਲ ਆਪਣੀ ਜਿੱਤ ਵੱਲ ਅਗਾਂਹ ਵਧਣਾ ਚਾਹੀਦਾ ਹੈ। ਇਹ ਸਹੀ ਸੇਧ ਕਿਤਾਬਾਂ ਤੋਂ ਮਿਲ ਸਕਦੀ ਹੈ।

ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ  

ਹਾਅ ਦਾ ਨਾਅਰਾ

7 ਫਰਵਰੀ ਦੀ ਸੰਪਾਦਕੀ ‘ਸੂਲਾਂ ਸੇਤੀ ਰਾਤਿ’ ਕਿਸਾਨਾਂ ਦੇ ਹੱਕਾਂ ਲਈ ਹਾਅ ਦਾ ਨਾਅਰਾ ਹੈ। ਕਿਸਾਨ ਆਪਣੀ ਕਿਸਾਨੀ ਉੱਤੇ ਪੈਣ ਵਾਲੇ ਡਾਕੇ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ। ਸਾਰੀਆਂ ਔਕੜਾਂ ਦੇ ਬਾਵਜੂਦ ਕਿਸਾਨ ਅੰਦੋਲਨ ਚੜ੍ਹਦੀ ਕਲਾ ਵਿਚ ਹੈ। ਕਿਸਾਨੀ ਸੰਘਰਸ਼ ਵਿਚ ਜੂਝਦੇ ਸੂਰਮੇ ਆਸ਼ਾਵਾਦੀ ਹਨ ਕਿਉਂਕਿ ‘ਏਕਤਾ ਵਿਚ ਬਲ ਹੈ’। ਏਕਤਾ ਵੀ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਨੂੰ ਆਪਣੀ ਹੀ ਨਹੀਂ, ਲੋਕਾਈ ਦੀ ਵੀ ਚਿੰਤਾ ਹੈ।

ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)

ਲਾਲਚ ਬੁਰੀ ਬਲਾ ਹੈ

7 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਅਰਸ਼ਦੀਪ ਸਿੰਘ ਦਾ ਮਿਡਲ ‘ਪੈਸੇ ਦਾ ਲਾਲਚ’ ਬਹੁਤ ਪ੍ਰੇਰਨਾਦਾਇਕ ਲੱਗਿਆ। ਮੇਰੇ ਮੁਤਾਬਿਕ ਦੁਨੀਆਂ ਵਿਚ ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਵਸਦੇ ਹਨ ਜਿਨ੍ਹਾਂ ਲਈ ਪੈਸਾ ਹੀ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਪਰ ਉਹ ਲੋਕ ਇਹ ਭੁੱਲ ਜਾਂਦੇ ਹਨ ਕਿ ਉਹ ਆਪਣੇ ਲਈ ਐਸ਼ੋ-ਆਰਾਮ ਤਾਂ ਖ਼ਰੀਦ ਸਕਦੇ ਹਨ, ਪਰ ਦੁਨੀਆਂ ਦੀ ਹਰ ਖ਼ੁਸ਼ੀ ਨਹੀਂ ਖ਼ਰੀਦ ਸਕਦੇ।  ਉਮੀਦ ਹੈ, ਲੋਕ ਇਸ ਗੱਲ ਨੂੰ ਸਮਝਣਗੇ ਕਿ ਲਾਲਚ ਬਹੁਤ ਬੁਰੀ ਬਲਾ ਹੈ।

ਰੁਪਿੰਦਰ ਕੌਰ, ਸੱਦੋ ਮਾਜਰਾ (ਫਤਹਿਗੜ੍ਹ ਸਾਹਿਬ)

ਪਾਠਕਾਂ ਦੇ ਖ਼ਤ Other

Feb 20, 2021

ਜਿਸ ਤਨ ਲੱਗੇ

18 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਜਗਮੋਹਨ ਸਿੰਘ ਲੱਕੀ ਦਾ ਮਿਡਲ ‘ਕੋਈ ਹੋਰ ਗੱਲ’ ਵਧੀਆ ਲੱਗਿਆ। ਬਹੁਤ ਵਾਰ ਕਿਸੇ ਘਟਨਾ ਨਾਲ ਮਨ ਉਦਾਸ ਹੋ ਜਾਂਦਾ ਹੈ। ਉਸ ਘਟਨਾ ਜਾਂ ਅਣਹੋਣੀ ਤੋਂ ਦਿਮਾਗ ਵਿਰਾਮ ਮੰਗਦਾ ਹੈ ਪਰ ਨਜ਼ਦੀਕੀਆਂ ਵਿਚੋਂ ਜਦੋਂ ਕੋਈ ਉਸੇ ਗੱਲ ਦਾ ਜ਼ਿਕਰ ਕਰਦਾ ਹੈ ਤਾਂ ਅੱਕਿਆ ਮਨ ਕਈ ਵਾਰ ਤਲਖ਼ ਜਵਾਬ ਦੇ ਦਿੰਦਾ ਹੈ। ਸਾਨੂੰ ਪੀੜਤ ਦੀ ਮਨਦੋਸ਼ਾ ਸਮਝਣੀ ਚਾਹੀਦੀ ਹੈ ਅਤੇ ਉਸ ਬਾਰੇ ਨਕਾਰਾਤਮਕ ਸੋਚ ਨਹੀਂ ਬਣਾਉਣੀ ਚਾਹੀਦੀ।

ਮਨਦੀਪ ਕੌਰ, ਲੁਧਿਆਣਾ


ਖ਼ਤਰੇ ਦੀ ਘੰਟੀ

17 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਆਪਣੇ ਲੇਖ ‘ਉਤਰਾਖੰਡ ਵਿਚ ਤਬਾਹੀ ਬਨਾਮ ਕੁਦਰਤੀ ਸੋਮੇ’ ਵਿਚ ਲੇਖਕ ਵਿਜੈ ਬੰਬੇਲੀ ਨੇ ਉਤਰਾਖੰਡ ਦੀ ਜਲ ਤਬਾਹੀ ਬਾਰੇ ਖੁੱਲ੍ਹ ਕੇ ਬਿਆਨ ਕੀਤਾ ਹੈ। ਕੁਦਰਤ ਵਾਰ ਵਾਰ ਸਾਨੂੰ ਚਿਤਾਵਨੀ ਦੇ ਰਹੀ ਹੈ ਕਿ ਵਿਕਾਸ ਦੇ ਨਾਮ ’ਤੇ ਉਸ ਦੇ ਸੋਮਿਆਂ ਨਾਲ ਖਿਲਵਾੜ ਨਾ ਕੀਤਾ ਜਾਵੇ। 2013 ਵਿਚ ਵੀ ਕੇਦਾਰਨਾਥ ਮੰਦਰ ਨੇੜੇ ਇਸੇ ਤਰ੍ਹਾਂ ਤਬਾਹੀ ਹੋਈ ਸੀ। ਸੋ, ਕੁਦਰਤ ਤੇ ਕੁਦਰਤੀ ਸੋਮਿਆਂ ਨੂੰ ਬਚਾ ਕੇ ਰੱਖਣ ਵਿਚ ਹੀ ਮਨੁੱਖ ਦੀ ਭਲਾਈ ਹੋਵੇਗੀ।

ਮਨਦੀਪ ਸਿੰਘ ਧਨੌਲਾ, ਪਟਿਆਲਾ

(2)

ਵਿਜੈ ਬੰਬੇਲੀ ਦਾ ਲੇਖ ‘ਉਤਰਾਖੰਡ ’ਚ ਤਬਾਹੀ ਬਨਾਮ ਕੁਦਰਤੀ ਸੋਮੇ’ ਅੱਜ ਦੇ ਸਮਿਆਂ ਦੀ ਵੱਡੀ ਅਤੇ ਅਹਿਮ ਲੋੜ ਵੱਲ ਧਿਆਨ ਦਿਵਾਉਂਦਾ ਹੈ। ਭੂਮੀ ਖੋਰ ਦੀ ਸਮੱਸਿਆ ਕਿੰਨੀ ਗੰਭੀਰ ਤੇ ਭਿਆਨਕ ਹੈ, ਲੇਖਕ ਨੇ ਇਸ ਬਾਰੇ ਸਪਸ਼ਟ ਅੰਕੜੇ ਦੱਸੇ ਹਨ। ਮੀਡੀਆ ਅਤੇ ਲੋਕਾਂ ਵਿਚ ਚਰਚਾ ਸਿਰਫ਼ ਹਵਾ, ਪਾਣੀ ਤੇ ਮਿੱਟੀ ਦੇ ਪ੍ਰਦੂਸ਼ਣ ਬਾਰੇ ਹੀ ਚੱਲਦੀ ਹੈ ਪਰ ਇਸ ਮਸਲੇ ਬਾਰੇ ਸਾਰੀਆਂ ਧਿਰਾਂ ਅਵੇਸਲੀਆਂ ਹਨ। ਪੰਜਾਬ ਪਹਿਲਾਂ ਹੀ ਭਿਆਨਕ ਵਾਤਾਵਰਨਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਇਸ ਲਈ ਮਿੱਟੀ ਦੇ ਖੁਰਨ ਦੀ ਸਮੱਸਿਆ ਨੂੰ ਹੁਣੇ ਹੀ ਪਛਾਣਨਾ ਅਤੇ ਇਸ ਬਾਰੇ ਚੇਤਨਾ ਫੈਲਾਉਣ ਦੀ ਲੋੜ ਹੈ।

ਅਮਰਜੀਤ ਸਿੰਘ ਅਮਨੀਤ, ਘੱਗਾ (ਪਟਿਆਲਾ)


ਲੰਡਨ ਦਾ ਘਰ

17 ਫਰਵਰੀ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦਾ ਲੇਖ ‘ਲੰਡਨ ਦੇ ਆਇਆ ਘਰ’ ਜਾਣਕਾਰੀ ਭਰਪੂਰ ਰਚਨਾ ਲੱਗੀ ਕਿ ਭਾਰਤੀ ਵਿਦੇਸ਼ਾਂ ਵਿਚ ਕਦੋਂ ਤੋਂ ਸ਼ੋਸ਼ਿਤ ਹੋ ਰਹੇ ਹਨ, ਬਾਅਦ ਵਿਚ ਉਨ੍ਹਾਂ ਔਰਤਾਂ ਦਾ ਕੀ ਬਣਿਆ, ਇਹ ਵੀ ਜਾਣਨ ਦੀ ਜਗਿਆਸਾ ਅਜੇ ਹੈ। ਇਸ ਬਾਰੇ ਵੀ ਗੱਲ ਚੱਲਣੀ ਚਾਹੀਦੀ ਹੈ। ਇਸੇ ਪੰਨੇ ਉੱਤੇ ਤਲਵਿੰਦਰ ਮੰਡ ਦਾ ਲੇਖ ‘ਗਾਥਾ ਇਕ ਗੀਤ ਦੀ’ ਵੀ ਵਧੀਆ ਲੇਖ ਹੈ।

ਰਾਜਨਦੀਪ ਕੌਰ ਮਾਨ, ਈਮੇਲ


ਬਾਬਾ ਰਾਮ ਸਿੰਘ ਦਾ ਯੋਗਦਾਨ

17 ਫਰਵਰੀ ਨੂੰ ‘ਵਿਰਾਸਤ’ ਪੰਨੇ ’ਤੇ ਡਾ. ਲਖਵੀਰ ਸਿੰਘ ਨਾਮਧਾਰੀ ਦਾ ਲੇਖ ‘ਸੁਤੰਤਰਤਾ ਸੰਗਰਾਮ ਦੇ ਮੋਢੀ ਬਾਬਾ ਰਾਮ ਸਿੰਘ’ ਜਾਣਕਾਰੀ ਭਰਪੂਰ ਹੈ। ਨਾ-ਮਿਲਵਰਤਣ ਅਤੇ ਸਵਦੇਸ਼ੀ ਲਹਿਰ ਦਾ ਮੁੱਢ ਬਾਬਾ ਰਾਮ ਸਿੰਘ ਨੇ ਹੀ ਬੰਨ੍ਹਿਆ ਸੀ। ਬਹੁਤ ਬਾਅਦ ਵਿਚ ਜਾ ਕੇ ਮਹਾਤਮਾ ਗਾਂਧੀ ਨੇ ਅੰਗਰੇਜ਼ ਸਰਕਾਰ ਵਿਰੁੱਧ ਨਾ-ਮਿਲਵਰਤਣ ਲਹਿਰ ਸਾਰੇ ਦੇਸ਼ ਵਿਚ ਚਲਾਈ। ਵਰਤਮਾਨ ਕਿਸਾਨ ਅੰਦੋਲਨ ਵੀ ਕੂਕਾ ਅੰਦੋਲਨ ਤੋਂ ਮਾਰਗ ਦਰਸ਼ਨ ਲੈ ਸਕਦਾ ਹੈ।

ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)


ਛੋਟੂ ਰਾਮ ਦੀਆਂ ਯਾਦਾਂ

16 ਫਰਵਰੀ ਦੇ ਲੋਕ ਸੰਵਾਦ ਪੰਨੇ ’ਤੇ ਪ੍ਰੋ. ਬਸੰਤ ਸਿੰਘ ਬਰਾੜ ਦੀ ਰਚਨਾ ‘ਸਰ ਛੋਟੂ ਰਾਮ ਨੂੰ ਯਾਦ ਕਰਦਿਆਂ’ ਸਿੱਖਿਆਦਾਇਕ ਹੈ। ਅੱਜ ਦੇਸ਼ ਦੇ ਜਿਹੋ ਜਿਹੇ ਹਾਲਾਤ ਹਨ, ਉਸ ਅਨੁਸਾਰ ਦੇਸ਼ ਨੂੰ ਸਰ ਛੋਟੂ ਰਾਮ ਵਰਗੇ ਪੜ੍ਹੇ-ਲਿਖੇ ਸੂਝਵਾਨ ਅਤੇ ਲੋਕਾਂ ਲਈ ਸਮਰਪਿਤ ਲੀਡਰ ਦੀ ਜ਼ਰੂਰਤ ਹੈ।

ਜਗਜੀਤ ਸਿੰਘ, ਈਮੇਲ


ਸ਼ਬਦ ਸੁਚੱਜ

ਡਾ. ਕਰਨੈਲ ਸਿੰਘ ਸੋਮਲ ਦੀ ਲਿਖਤ ‘ਲੂਸਦੇ ਸ਼ਬਦ’ (16 ਫਰਵਰੀ) ਰੌਚਕ, ਜਾਣਕਾਰੀ ਭਰਪੂਰ ਅਤੇ ਸੇਧ ਦਿੰਦੀ ਰਚਨਾ ਹੈ। ਉਨ੍ਹਾਂ ਬਹੁਤ ਸੂਖ਼ਮ ਢੰਗ ਨਾਲ ਸ਼ਬਦਾਂ ਦੀ ਸੁਚੱਜੀ ਵਰਤੋਂ ਕਰ ਕੇ, ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਉਣ ਦਾ ਮਸ਼ਵਰਾ ਦਿੱਤਾ ਹੈ। ਅਸਲ ਵਿਚ, ਸ਼ਬਦਾਂ ਦੀ ਨਾਂਹ-ਪੱਖੀ ਵਰਤੋਂ ਕਰਨ ਵਾਲੇ ਸ਼ਾਇਦ ਆਪ ਹੀ ਹੀਣ-ਭਾਵਨਾ ਜਾਂ ਸੰਕੀਰਨ ਸੋਚ ਦੇ ਸ਼ਿਕਾਰ ਹੁੰਦੇ ਹਨ, ਨਹੀਂ ਤਾਂ ਸ਼ਬਦਾਂ ਦੀ ਸੋਹਣੀ ਤੇ ਉਸਾਰੂ ਵਰਤੋਂ ਕਰਨਾ ਤਾਂ ਇਸ ਜਹਾਨ ਨੂੰ ਬਿਹਤਰ ਬਣਾਉਣ ਦਾ ਨਾਯਾਬ ਜ਼ਰੀਆ ਹੈ।

ਪਰਮਬੀਰ ਕੌਰ, ਲੁਧਿਆਣਾ


ਵਿੱਦਿਆ, ਬਾਜ਼ਾਰ ਦੀ ਵਸਤ ਬਣਾਈ

15 ਫਰਵਰੀ ਨੂੰ ‘ਅੱਜ ਦਾ ਵਿਚਾਰ’ ਕਿ ‘ਵਿੱਦਿਆ ਦੀਆਂ ਮਜ਼ਬੂਤ ਬੁਨਿਆਦਾਂ ਹੀ ਵਿਦਿਆਰਥੀ ਦੇ ਰਾਹ ਮੋਕਲੇ ਕਰਨ ਵਿਚ ਸਹਾਈ ਹੁੰਦੀਆਂ ਹਨ’ ਅਤੇ ਸੰਪਾਦਕੀ ‘ਵਿਦਿਅਕ ਅਦਾਰਿਆਂ ਦਾ ਸੰਕਟ’ ਵਿਚ ਵਿੱਦਿਆ ਅਤੇ ਵਿਦਿਆਰਥੀਆਂ ਬਾਰੇ ਫ਼ਿਕਰ ਜ਼ਾਹਿਰ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਇਕ ਪ੍ਰਾਈਵੇਟ ਵਿਦਿਅਕ ਅਦਾਰੇ ਵੱਲੋਂ 35000 ਤੋਂ ਵੱਧ ਫਰਜ਼ੀ ਡਿਗਰੀਆਂ ਦੇਣ ਦਾ ਕੇਸ ਸਾਹਮਣੇ ਆਇਆ ਹੈ। ਨਵਉਦਾਰਵਾਦੀ ਨੀਤੀਆਂ ਲਾਗੂ ਹੋਣ ਤੋਂ ਬਾਅਦ ਅੱਜ ਦੇ ਨਿੱਜੀਕਰਨ ਦੇ ਦੌਰ ਵਿਚ ਅਜਿਹੀਆਂ ਘਟਨਾਵਾਂ ਵਾਚਣ ’ਤੇ ਲੱਗਦਾ ਹੈ ਕਿ ਸਭ ਕੁਝ ਉਲਟ-ਪੁਲਟ ਹੋ ਗਿਆ ਹੈ। ਅੱਜਕੱਲ੍ਹ ਵਿੱਦਿਆ ਨੂੰ ਬਾ਼ਜ਼ਾਰ ਵਿਚ ਵਿਕਣ ਵਾਲੀ ਵਸਤੂ ਬਣਾ ਦਿੱਤਾ ਗਿਆ ਹੈ।

ਕਮਲਜੀਤ ਸਿੰਘ ਬੁਜਰਗ (ਲੁਧਿਆਣਾ)


ਲੀਡਰਾਂ ਦਾ ਵਤੀਰਾ

13 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਪੀ. ਸਾਈਨਾਥ ਦਾ ਲੇਖ ‘ਅਮੀਰ ਕਿਸਾਨ, ਕੌਮਾਂਤਰੀ ਸਾਜ਼ਿਸ਼…’ ਜਾਣਕਾਰੀ ਭਰਪੂਰ ਸੀ। ਲੇਖਕ ਨੇ ਕਿਸਾਨ ਅੰਦੋਲਨ ਦੌਰਾਨ ਸਰਕਾਰ ਵੱਲੋਂ ਕੀਤੀਆਂ ਸਾਜ਼ਿਸ਼ਾਂ ਤੇ ਅਹਿਮ ਸ਼ਖ਼ਸੀਅਤਾਂ ਵੱਲੋਂ ਕੀਤੇ ਟਵੀਟ ਜਾਂ ਟਿੱਪਣੀਆਂ ਦਾ ਵਿਸ਼ਲੇਸ਼ਣ ਕੀਤਾ ਹੈ ਤੇ ਮੰਗਾਂ ਬਾਰੇ ਭਾਜਪਾ ਸਰਕਾਰ ਦੀ ਬੇਰੁਖ਼ੀ ਬਾਰੇ ਲਿਖਿਆ ਹੈ। ਸੱਚਮੁੱਚ ਇਹ ਲੜਾਈ ਨਿੱਜੀ ਹਉਮੈ ਦੀ ਹੈ, ਨੀਤੀਆਂ ਦੀ ਨਹੀਂ। ਸ਼ਾਇਦ ਗ਼ਲਤੀ ਮੰਨਣੀ ਜਾਂ ਕੀਤੇ ਫ਼ੈਸਲੇ ਨੂੰ ਰੱਦ ਕਰਨ ਵਿਚ ਭਾਜਪਾ ਆਪਣੀ ਬੇਇੱਜ਼ਤੀ ਸਮਝਦੀ ਹੈ। ਇਸੇ ਦਿਨ ਛਪੇ ਆਪਣੇ ਲੇਖ ਵਿਚ ਡਾ. ਰਣਜੀਤ ਸਿੰਘ ਨੇ 1907 ਦੇ ਸੰਘਰਸ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਬਿੱਲ ਰੱਦ ਕਰਨ ਸਮੇਂ ਵਾਇਸਰਾਏ ਲਾਰਡ ਮਿੰਟੋ ਨੇ ਮਿਸਟਰ ਮੋਰਲੇ ਨੂੰ ਲਿਖਿਆ ਸੀ, ‘ਮੈਂ ਉਸ ਦਲੀਲ ਨੂੰ ਘਿਰਣਾਯੋਗ ਸਮਝਦਾ ਹਾਂ, ਜੋ ਇਹ ਆਖੇ ਕਿ ਗ਼ਲਤੀ ਨੂੰ ਗ਼ਲਤੀ ਮੰਨਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਅਤੇ ਅੰਦੋਲਨ ਅੱਗੇ ਝੁਕਣਾ ਹੈ। ਮੇਰੇ ਖਿਆਲ ਵਿਚ ਵੱਡੀ ਕਮਜ਼ੋਰੀ ਦੀ ਨਿਸ਼ਾਨੀ ਇਹ ਹੈ ਕਿ ਆਦਮੀ ਕਮਜ਼ੋਰ ਸਮਝੇ ਜਾਣ ਦੇ ਡਰ ਤੋਂ ਗ਼ਲਤ ਰਾਹ ਉੱਤੇ ਡਟਿਆ ਰਹੇ।’

ਸੁਖਦੇਵ ਸਿੰਘ ਭੁੱਲੜ, ਬਠਿੰਡਾ

ਪਾਠਕਾਂ ਦੇ ਖ਼ਤ

Feb 17, 2021

ਕੁਦਰਤ ਨਾਲ ਖਿਲਵਾੜ

10 ਫਰਵਰੀ ਦਾ ਸੰਪਾਦਕੀ ‘ਤਬਾਹੀ ਦਾ ਮੰਜ਼ਰ’ ਮਹੱਤਵਪੂਰਨ ਵਿਸ਼ੇ ਵੱਲ ਇਸ਼ਾਰਾ ਕਰਦਾ ਹੈ। ਉੱਤਰਾਖੰਡ ਦੇ ਚਮੇਲੀ ਜ਼ਿਲ੍ਹੇ ਵਿਚ ਹੋਈ ਤਬਾਹੀ ਨੇ ਇਕ ਵਾਰ ਫਿਰ ਮਨੁੱਖ ਜਾਤੀ ਵੱਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਬਾਰੇ ਸਾਵਧਾਨ ਕੀਤਾ ਹੈ। ਇਸ ਘਟਨਾ ਤੋਂ ਸੰਕੇਤ ਮਿਲਦਾ ਹੈ ਕਿ ਕੁਦਰਤੀ ਆਫ਼ਤਾਂ ਵਧੇਰੇ ਭਿਆਨਕ ਰੂਪ ਅਖ਼ਤਿਆਰ ਕਰ ਰਹੀਆਂ ਹਨ। ਕੋਈ ਢਾਈ ਦਹਾਕੇ ਪਹਿਲਾਂ ਵਿਗਿਆਨੀਆਂ ਨੇ ਜਲਵਾਯੂ ਗਰਮ ਹੋਣ ਦੀਆਂ ਜੋ ਚਿਤਾਵਨੀਆਂ ਦੇਣੀਆਂ ਸ਼ੁਰੂ ਕੀਤੀਆਂ ਸਨ, ਉਹ ਨਾ ਕੇਵਲ ਸੱਚ ਸਾਬਤ ਹੋ ਰਹੀਆਂ ਹਨ, ਬਲਕਿ ਜਲਵਾਯੂ ਪਰਿਵਰਤਨ ਦੀ ਰਫ਼ਤਾਰ ਉਨ੍ਹਾਂ ਚਿਤਾਵਨੀਆਂ ਤੋਂ ਤੇਜ਼ ਹੋ ਰਹੀ ਹੈ। ਸਰਕਾਰਾਂ ਨੂੰ ਵਾਤਾਵਰਨ ਸੁਰੱਖਿਆ ਨੀਤੀਆਂ ਅਤੇ ਕਮਜ਼ੋਰ ਵਰਗਾਂ ਦੇ ਹਿੱਤਾਂ ਬਾਰੇ ਵਧੇਰੇ ਚੌਕਸ ਹੋਣਾ ਪਵੇਗਾ।

ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਕਸ਼ਮੀਰ ਬਾਰੇ ਗ਼ਲਤ ਬਿਆਨੀ

16 ਫਰਵਰੀ ਦਾ ਸੰਪਾਦਕੀ ‘ਜੰਮੂ ਕਸ਼ਮੀਰ ਦੇ ਹਾਲਾਤ’ ਪੜ੍ਹ ਕੇ ਜ਼ਾਹਿਰ ਹੁੰਦਾ ਹੈ ਕਿ ਕੇਂਦਰ ਸਰਕਾਰ ਕਸ਼ਮੀਰ ਘਾਟੀ ਵਿਚ ਜਮਹੂਰੀਅਤ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ। ਇਸ ਦੇ ਬਿਲਕੁਲ ਉਲਟ ਇਹ ਸਰਕਾਰ ਸੁਪਰੀਮ ਕੋਰਟ ਵਿਚ ਲਗਾਤਾਰ ਝੂਠ ਬੋਲ ਕੇ ਕਸ਼ਮੀਰ ਵਿਚ ‘ਸਭ ਠੀਕ ਹੋਣ’ ਬਾਰੇ ਗ਼ਲਤ ਬਿਆਨੀ ਕਰ ਰਹੀ ਹੈ। ਦਰਬਾਰੀ ਮੀਡੀਆ ਉੱਥੋਂ ਦੇ ਬਦਤਰ ਹਾਲਾਤ ਨੂੰ ਜਾਣਬੁੱਝ ਕੇ ਨਹੀਂ ਦਿਖਾ ਰਿਹਾ। ਉੱਥੋਂ ਦੇ ਬਾਸ਼ਿੰਦਿਆਂ ਤੋਂ ਸੈਰ ਸਪਾਟੇ ਅਤੇ ਫ਼ਲਾਂ ਦੇ ਕਾਰੋਬਾਰ ਖੋਹ ਕੇ ਪੂੰਜੀਪਤੀ ਘਰਾਣਿਆਂ ਦੇ ਕਬਜ਼ੇ ਹੇਠ ਲਿਆਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਅਜਿਹੇ ਹਥਕੰਡੇ ਵਰਤ ਕੇ ਵੀ ਸਰਕਾਰ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁਮਰਾਹ ਨਹੀਂ ਕਰ ਸਕੇਗੀ। 3 ਫਰਵਰੀ ਦੀ ਸੰਪਾਦਕੀ ‘ਸ਼ਨਾਖਤ ਕਰਨ ਦੀ ਜ਼ਰੂਰਤ’ ਵਿਚ ਹਕੂਮਤੀ ਸਰਪ੍ਰਸਤੀ ਹੇਠ ਸਿੰਘੂ ਬਾਰਡਰ ਵਿਖੇ ਸ਼ਾਂਤਮਈ ਕਿਸਾਨ ਅੰਦੋਲਨਕਾਰੀਆਂ ਉੱਤੇ ਹਮਲੇ ਕਰਨ ਵਾਲਿਆਂ ਦੀ ਸ਼ਨਾਖਤ ਨਾ ਕਰਨ ਬਾਰੇ ਕੇਂਦਰੀ ਹਕੂਮਤ, ਦਿੱਲੀ ਪੁਲੀਸ ਅਤੇ ਗੋਦੀ ਮੀਡੀਏ ਉੱਤੇ ਗੰਭੀਰ ਸਵਾਲ ਉਠਾਏ ਹਨ।

ਸੁਮੀਤ ਸਿੰਘ, ਅੰਮ੍ਰਿਤਸਰ


ਸ਼ਬਦਾਂ ਦੀ ਹਿੰਸਾ

16 ਫਰਵਰੀ ਨੂੰ ਕਰਨੈਲ ਸਿੰਘ ਸੋਮਲ ਦਾ ਮਿਡਲ ‘ਲੂਸਦੇ ਸ਼ਬਦ’ ਪੜ੍ਹਿਆ। ਸਾਰੇ ਜਾਣਦੇ ਹਨ ਕਿ ਕੌੜੇ ਤੇ ਦੁਖਦਾਈ ਬੋਲ ਨੁਕਸਾਨ ਕਰਦੇ ਹਨ। ਸਾਡੇ ਸਮਿਆਂ ਵਿਚ ਅਧਿਆਪਕ ਬੱਚਿਆਂ ਦੀਆਂ ਕਮਜ਼ੋਰੀਆਂ ’ਤੇ ਨਲਾਇਕ, ਗਧਾ, ਡੰਗਰ, ਬਦਮਾਸ਼ ਆਦਿ ਸ਼ਬਦ ਅਕਸਰ ਵਰਤ ਲੈਂਦੇ ਸਨ। ਇਹ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਜ਼ਖ਼ਮੀ ਕਰਦੇ ਹਨ। ਅੰਗਹੀਣ/ਅਪਾਹਜ ਦੀ ਬਜਾਏ ਭਿੰਨ-ਯੋਗਤਾ ਸ਼ਬਦ ਵਰਤਿਆ ਜਾਂਦਾ ਹੈ ਪਰ ਤਾਂ ਵੀ ਇਨ੍ਹਾਂ ਲੂਸਦੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਹੁਣੇ ਜਿਹੇ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਦੀ ਮਰਿਆਦਾ ਨੂੰ ਅੱਖੋਂ-ਪਰੋਖੇ ਕਰਦਿਆਂ ਅੰਦੋਲਨ ਕਰ ਰਹੇ ਕਿਸਾਨਾਂ ਲਈ ‘ਅੰਦੋਲਨਜੀਵੀ’ ਅਤੇ ‘ਪਰਜੀਵੀ’ ਸ਼ਬਦ ਵਰਤ ਕੇ ਘੋਰ ਅਨਿਆਂ ਕੀਤਾ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

(2)

ਕਰਨੈਲ ਸਿੰਘ ਸੋਮਲ ਦਾ ਮਿਡਲ ‘ਲੂਸਦੇ ਸ਼ਬਦ’ ਵਿਚਾਰਨ ਵਾਲਾ ਹੈ। ਬੰਦੇ ਦੀ ਬੋਲਬਾਣੀ ਉੱਪਰ ਹੀ ਉਸ ਦਾ ਸਾਰਾ ਵਿਹਾਰ ਨਿਰਭਰ ਕਰਦਾ ਹੈ। 12 ਫਰਵਰੀ ਨੂੰ ਸਿਹਤ ਤੇ ਸਿੱਖਿਆ ਪੰਨੇ ’ਤੇ ਸੰਜੀਵ ਕੁਮਾਰ ਸ਼ਰਮਾ ਦਾ ਲੇਖ ‘ਇਸ਼ਨਾਨ ਅਤੇ ਅਰੋਗਤਾ’ ਗਿਆਨ ਭਰਪੂਰ ਅਤੇ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ। ਸਾਰੇ ਹੀ ਧਰਮਾਂ ਵਿਚ ਸਰੀਰ ਦੀ ਅਤੇ ਮਨ ਦੀ ਸਫ਼ਾਈ ਬਾਰੇ ਜ਼ਿਕਰ ਕੀਤਾ ਗਿਆ ਹੈ। ਲੇਖ ਵਿਚ ਬੜੇ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ ਕਿ ਅਸੀਂ ਕਿਵੇਂ ਇਸ਼ਨਾਨ ਨਾਲ ਕਿੰਨੀਆਂ ਹੀ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। 4 ਫਰਵਰੀ ਦੇ ਜਵਾਂ ਤਰੰਗ ਪੰਨੇ ’ਤੇ ਗੁਰਪ੍ਰੀਤ ਸਿੰਘ ਦਾ ਲੇਖ ‘ਇੰਟਰਨੈੱਟ : ਨਿੱਜਤਾ, ਸੁਰੱਖਿਆ ਤੇ ਨਾਗਰਿਕ ਹੱਕ’ ਗਿਆਨ ਭਰਪੂਰ ਸੀ। ਇਸੇ ਦਿਨ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਵਿਚ ਜਿਸ ਤਬਦੀਲੀ ਦਾ ਜ਼ਿਕਰ ਹੈ, ਉਹ ਸੁਭਾਵਿਕ ਹੈ। ਨਵੀਂ ਪੀੜ੍ਹੀ ਇੰਟਰਨੈੱਟ ’ਤੇ ਕਿਤਾਬਾਂ ਪੜ੍ਹਨ ਅਤੇ ਲੈਕਚਰ ਸੁਣਨਾ ਜ਼ਿਆਦਾ ਪਸੰਦ ਕਰਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨ ਵਰਗ ਕਿਤਾਬਾਂ ਖ਼ਰੀਦਣਾ ਪਸੰਦ ਨਹੀਂ ਕਰਦਾ। ਇਸ ਦਾ ਅੰਦਾਜ਼ਾ ਅਸੀਂ ਯੂਨੀਵਰਸਿਟੀਆਂ ਆਦਿ ਵਿਚ ਲੱਗਦੇ ਕਿਤਾਬ ਮੇਲਿਆਂ ਤੋਂ ਲਗਾ ਸਕਦੇ ਹਾਂ। ਇਸ ਲਈ ਨਿਰਾਸ਼ ਹੋਣ ਦੀ ਲੋੜ ਨਹੀਂ। ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਮਿਆਰੀ ਸਾਹਿਤ ਹੀ ਦੁਕਾਨਾਂ ਵਿਚ ਰੱਖਣ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਸਿਹਤ ਤੇ ਸਿੱਖਿਆ ਪੰਨੇ ’ਤੇ ਬਹਾਦਰ ਸਿੰਘ ਗੋਸਲ ਦਾ ਲੇਖ ‘ਸਕੂਲੀ ਸਿੱਖਿਆ ਦਾ ਦੁਖਾਂਤ, ਭਾਰੀ ਬਸਤੇ’ ਅਤੇ 28 ਜਨਵਰੀ ਨੂੰ ਜਵਾਂ ਤਰੰਗ ਪੰਨੇ ਉੱਤੇ ਅੰਗਰੇਜ਼ ਸਿੰਘ ਵਿੱਕੀ ਦਾ ਲੇਖ ‘ਵਿੱਦਿਆ, ਵਿਦਿਆਰਥੀ ਤੇ ਚੁਣੌਤੀਆਂ’ ਚੰਗੇ ਲੇਖ ਸਨ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ

ਪਾਠਕਾਂ ਦੇ ਖ਼ਤ

Feb 16, 2021

ਦਿੱਲੀ ਦੀ ਹੱਦ ਅਤੇ ਖੱਬਲ

9 ਫਰਵਰੀ ਨੂੰ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਖੱਬਲ’ ਪਸੰਦ ਆਇਆ। ਅਮਨਦੀਪ ਨੂੰ ਸਲਾਮ ਜਿਸ ਨੇ ਯੋਗ ਅਧਿਆਪਕਾਂ ਦੀ ਅਗਵਾਈ ਵਿਚ ਮੱਲਾਂ ਮਾਰੀਆਂ ਅਤੇ ਧਰਨੇ ’ਤੇ ਜੰਮੇ ‘ਖੱਬਲ’ ਵਰਗੇ ਕਿਸਾਨਾਂ/ਮਜ਼ਦੂਰਾਂ ਲਈ ਉਸ ਦੇ ਦਿਲ ਵਿਚ ਡੂੰਘੇ ਅਹਿਸਾਸ ਦੀ ਐਸੀ ਚਿਣਗ ਪੈਦਾ ਹੋਈ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀ ਹੱਦ ’ਤੇ ਡਟੀ ਹੋਈ ਹੈ, ਮੰਚ ਸੰਚਾਲਨ ਕਰਦੀ ਹੈ, ਕਵਿਤਾਵਾਂ ਸੁਣਾਉਂਦੀ ਹੈ। ਲੇਖਕ ਦੇ ਕਹਿਣ ਅਨੁਸਾਰ ਉਹ ਭਾਵੇਂ ਗੱਲ ਕਰਨ ਲੱਗੀ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਤੋਂ ਨਾ ਹੱਸਿਆ ਜਾਂਦਾ ਤੇ ਨਾ ਮੁਸਕਰਾਇਆ। ਉਸ ਦੇ ਬੋਲਾਂ ਵਿਚ ਗੁੱਸੇ ਦੀ ਝਲਕ ਪੈਂਦੀ ਹੈ। ਲੱਖਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਖੱਬਲ ਵਾਂਗ ਹਰੇ ਹੋ ਗਏ ਹਨ, ਡੂੰਘੀ ਜੜ੍ਹ ਫੜ ਗਏ ਹਨ। ਇਹ ਸਾਡੀ ਧੀ ਅਮਨਦੀਪ ਹੀ ਹੈ ਜੋ ਸ਼ਾਇਰਾ ਪਾਲ ਕੌਰ ਦੀ ਕਵਿਤਾ ਅਤੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਖੱਬਲ’ ਨੂੰ ਬਹੁਤ ਅੱਗੇ ਲੈ ਗਈ ਹੈ। ਜੇ ਕੋਈ ਹਾਕਮ ਹੱਦਾਂ ’ਤੇ ਉੱਗੇ ‘ਖੱਬਲ’ ਨੂੰ ਪਰਜੀਵੀ ਕਹਿੰਦਾ ਹੈ ਤਾਂ ਉਸ ਨੂੰ ਕੌਣ ਸਮਝਾਵੇ ਕਿ ਰਾਜਿਆ! ਇਹ ‘ਪਰਜੀਵੀ ਖੱਬਲ’ ਪੁੱਟਣਾ ਹੁਣ ਤੇਰੇ ਵੱਸ ਵਿਚ ਨਹੀਂ।

ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)


ਕਿਸਾਨ ਅੰਦੋਲਨ ਦੀ ਜ਼ਮੀਨ

15 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਦੇਵਿੰਦਰ ਸ਼ਰਮਾ ਦਾ ਲੇਖ ‘ਖ਼ੁਰਾਕ ਬਾਜ਼ਾਰ ’ਚ ਇਜਾਰੇਦਾਰੀ ਦੇ ਖ਼ਤਰੇ’ ਪੜ੍ਹਿਆ। ਲੇਖ ਮੌਜੂਦਾ ਕਿਸਾਨ ਅੰਦੋਲਨ ਦੇ ਮੂਲ ਕਾਰਨ (ਜ਼ਮੀਨ ਅਤੇ ਖ਼ੁਰਾਕ ਉੱਤੇ ਕੁਝ ਕੁ ਹੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਣ ਦੇ ਖ਼ਦਸ਼ੇ) ਨੂੰ ਅਮਰੀਕੀ ਧਨਾਢਾਂ ਅਤੇ ਅਰਥ ਸ਼ਾਸਤਰੀਆਂ ਦੀਆਂ ਉਦਾਹਰਣਾਂ ਦੇ ਕੇ ਸਪੱਸ਼ਟ ਕਰਦਾ ਹੈ। ਲੇਖਕ ਸਹੀ ਸਿੱਟਾ ਕਰਦਾ ਹੈ ਕਿ ਕਿਸਾਨ ਅੰਦੋਲਨ ਦਾ ਮਕਸਦ ਕਿਸਾਨਾਂ ਖ਼ਿਲਾਫ਼ ਖੁਰਾਕ ਪ੍ਰਣਾਲੀ ਰਾਹੀਂ ਬਣੇ ਜਾ ਰਹੇ ਮੱਕੜਜਾਲ ਦੇ ਜੱਫ਼ੇ ਨੂੰ ਰੋਕਣਾ ਹੈ।

ਜਗਰੂਪ ਸਿੰਘ ਉੱਭਾਵਾਲ (ਸੰਗਰੂਰ)


ਸਾਂਝਾਂ ਅਤੇ ਯਾਦਾਂ

12 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਸਾਹਿਤ, ਫ਼ਿਲਮਾਂ ਤੇ ਰੰਗਮੰਚ ਨਾਲ ਸਬੰਧਿਤ ਦੋ ਨਾਮਵਰ ਸ਼ਖ਼ਸੀਅਤਾਂ ਦਰਸ਼ਨ ਦਰਵੇਸ਼ ਅਤੇ ਬੰਸੀ ਕੌਲ ਬਾਰੇ ਰਚਨਾਵਾਂ ਪੜ੍ਹੀਆਂ। ਨਿਰੰਜਨ ਬੋਹਾ ਨੇ ਦਰਸ਼ਨ ਦਰਵੇਸ਼ ਅਤੇ ਅਰੀਤ ਕੌਰ ਨੇ ਬੰਸੀ ਕੌਲ ਨਾਲ ਆਪਣੀਆਂ ਸਾਂਝਾਂ ਤੇ ਯਾਦਾਂ ਬਿਆਨ ਕੀਤੀਆਂ ਹਨ। ਦਰਵੇਸ਼ ਨਾਲ ਤਿੰਨ-ਚਾਰ ਵਾਰ ਮੇਰੀ ਵੀ ਮੁਲਾਕਾਤ ਹੋਈ ਸੀ, ਉਹ ਨਾ ਕੇਵਲ ਵਧੀਆ ਸਾਹਿਤਕਾਰ ਸੀ ਬਲਕਿ ਫ਼ਿਲਮਾਂ ਬਾਰੇ ਵੀ ਚੰਗੀ ਸੂਝ ਰੱਖਦਾ ਸੀ। ਉਹ ਮੂੰਹ ’ਤੇ ਗੱਲ ਕਹਿਣ ਵਾਲਾ ਪਰ ਸਾਫ਼ ਦਿਲ ਇਨਸਾਨ ਸੀ।

ਪਰਮਜੀਤ ਸਿੰਘ ‘ਪਰਵਾਨਾ’, ਆਕਾਸ਼ਵਾਣੀ ਪਟਿਆਲਾ


ਔਰਤਾਂ ਦੀ ਭੂਮਿਕਾ

11 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਕੰਵਲਜੀਤ ਕੌਰ ਦਾ ਲੇਖ ‘ਕਿਸਾਨ ਅੰਦੋਲਨ ’ਚ ਔਰਤਾਂ ਦੀ ਸ਼ਮੂਲੀਅਤ ਦੇ ਪ੍ਰਭਾਵ’ ਪੜ੍ਹਿਆ। ਔਰਤਾਂ ਤੋਂ ਬਿਨਾਂ ਕੋਈ ਵੀ ਮੈਦਾਨ ਜਿੱਤਣਾ ਬਹੁਤ ਮੁਸ਼ਕਿਲ ਹੈ। ਇਸ ਸੰਘਰਸ਼ ਨੂੰ ਅੱਗੇ ਵਧਾਉਣ ਵਿਚ ਔਰਤਾਂ ਦੀ ਭੂਮਿਕਾ ਸ਼ਲਾਘਾਯੋਗ ਹੈ।

ਗੁਰਪ੍ਰੀਤ ਸਿੰਘ ਸੰਧੂ, ਪਿੰਡ ਗਹਿਲੇਵਾਲਾ (ਫਾਜ਼ਿਲਕਾ)


ਸਵਾਲ ਜਵਾਬ ਅਤੇ ਸਮਰੱਥਾ

9 ਫਰਵਰੀ ਦਾ ਸੰਪਾਦਕੀ ‘ਧੰਨਵਾਦ ਮਤੇ ਦਾ ਜਵਾਬ’ ਪੜ੍ਹਿਆ। ਉਂਜ ਜਿਨ੍ਹਾਂ ਤੋਂ ਜਵਾਬ ਮੰਗਣਾ ਬਣਦਾ ਹੈ, ਉਨ੍ਹਾਂ ਦੀ ਢੀਠਤਾਈ ਦਾ ਵੀ ਜਵਾਬ ਨਹੀਂ ਹੈ। ਇਸੇ ਦਿਨ ਦਾ ਦੂਜਾ ਸੰਪਾਦਕੀ ‘ਨੌਦੀਪ ਦੀ ਰਿਹਾਈ ਦਾ ਸਵਾਲ’ ਲੋਕਤੰਤਰ ਵਿਚ ਫੈਲੇ ਵਰਤਾਰੇ ਵਾਲੇ ਤੰਤਰ ਦਾ ਪਰਦਾਫਾਸ਼ ਕਰਦਾ ਹੈ। ਸ਼ਬਦੀਸ਼ ਦਾ ਲੇਖ ‘ਕਿਸਾਨ ਸੰਘਰਸ਼ : ਸੱਚਾਈ ਅਤੇ ਸਮਰੱਥਾ’ ਪੜ੍ਹਨਾ ਤਾਂ ਜ਼ੋਰ ਲਾ ਕੇ ਪਿਆ ਪਰ ਕਲਮ ਨੇ ਬਣਾ ਵੀ ਚਿੱਤਰ ਦਿੱਤਾ ਅਤੇ ਲਿਖ ਵੀ ਥੀਸਿਸ ਦਿੱਤਾ। ਨਾਲ ਹੀ ਲੋਕਾਂ ਨੂੰ ਹਰ ਵੇਲੇ ਸੁਚੇਤ ਰਹਿਣ, ਜਾਗਦੇ ਰਹਿਣ, ਤਿਆਰ ਰਹਿਣ ਦਾ ਸੁਝਾਅ ਦੇਣਾ ਵੀ ਬਹੁਤ ਕਾਰਗਰ ਹੈ।

ਕਿਰਪਾਲ ਸਿੰਘ ਦਤਾਰੀਏਵਾਲਾ (ਮੋਗਾ)


ਦੋਹਰੀ ਪਹੁੰਚ

8 ਫਰਵਰੀ ਨੂੰ ਸੰਪਾਦਕੀ ‘ਨਵੇਂ ਸੁਨੇਹੇ’ ਅੰਦਰ ਇਕ ਥਾਂ ਲਿਖਿਆ ਹੈ ਕਿ ਕੇਂਦਰੀ ਵਿਦੇਸ਼ ਵਿਭਾਗ ਨੇ ਇਨ੍ਹਾਂ ਹਸਤੀਆਂ ਦੀਆਂ ਟਵੀਟਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਟਿੱਪਣੀਆਂ ਕਰਨ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰਨੀ ਚਾਹੀਦੀ ਹੈ। ਵਿਦੇਸ਼ੀ ਹਸਤੀਆਂ ਨੇ ਜੋ ਟਿੱਪਣੀਆਂ ਕੀਤੀਆਂ ਹਨ, ਉਹ ਭਾਰਤ ਅੰਦਰ ਚੱਲ ਰਹੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਕੀਤੀਆਂ ਹਨ। ਇਸ ਵਿਚ ਬੁਰਾਈ ਕੀ ਹੈ? ਇਹ ਸਭ ਕਰਨ ਤੋਂ ਪਹਿਲਾਂ ਸਾਡੇ ਵਿਦੇਸ਼ ਵਿਭਾਗ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਵੱਧ ਲੋੜ ਹੈ। 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਫੇਰੀ ’ਤੇ ਗਏ ਅਤੇ ਉੱਥੇ ਉਸ ਨੇ ਕਿਹਾ ਸੀ : ‘ਅਬ ਕੀ ਬਾਰ, ਟਰੰਪ ਸਰਕਾਰ’, ਕੀ ਇਹ ਕਿਸੇ ਦੇਸ਼ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਸੀ, ਉਹ ਵੀ ਇਕ ਪ੍ਰਧਾਨ ਮੰਤਰੀ ਵੱਲੋਂ? ਉਦੋਂ ਤਾਂ ਸਾਡਾ ਵਿਦੇਸ਼ ਮੰਤਰਾਲਾ ਚੁੱਪ ਰਿਹਾ ਸੀ। ਕਿਉਂ?

ਗੁਰਨਾਮ ਸਿੰਘ, ਰੂਪਨਗਰ

ਪਾਠਕਾਂ ਦੇ ਖ਼ਤ

Feb 14, 2021

ਚੋਣਾਂ ਵਿਚੋਂ ਜਮਹੂਰੀਅਤ ਗਾਇਬ

ਪੰਜਾਬ ਵਿਚ ਅੱਜ ਨਗਰ ਨਿਗਮ ਅਤੇ ਕੌਂਸਲ ਚੋਣਾਂ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਖਦਸ਼ਾ ਜ਼ਾਹਰ ਕਰਦੀਆਂ ਹਨ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਨਿਰਪੱਖ ਨਹੀਂ ਰਹਿ ਸਕਣਗੇ। ਇਸ ਲਈ ਚੋਣ ਪ੍ਰਬੰਧਾਂ ਨੂੰ ਵਧੇਰੇ ਸਪੱਸ਼ਟ ਤੇ ਸਾਰਥਿਕ ਢੰਗ ਨਾਲ ਨੇਪਰੇ ਚਾੜ੍ਹਨ ਦੀ ਲੋੜ ਹੈ। ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਗਣਤੰਤਰ ਹੈ। ਸਾਡਾ ਦਾਅਵਾ ਹੈ ਕਿ ਵਿਸ਼ਵ ਦੀ ਹੋਰ ਕੋਈ ਜਮਹੂਰੀਅਤ ਸੰਵਿਧਾਨਕ ਗੁਣਾਤਮਿਕਤਾ ਪੱਖੋਂ ਸਾਡੀ ਬਰਾਬਰੀ ਨਹੀਂ ਕਰ ਸਕਦੀ। ਫਿਰ ਇਸ ਦਾ ਠੀਕ ਸੰਚਾਲਨ ਕਰਨ ਲਈ ਕਿਹੜੀਆਂ ਦਿੱਕਤਾਂ ਦਰਪੇਸ਼ ਹਨ। ਜੇਕਰ ਇਹ ਹਨ ਤਾਂ ਉਨ੍ਹਾਂ ਦਾ ਸਮਾਧਾਨ ਕਰਨਾ ਸਾਡੇ ਗਣਤੰਤਰ ਦੀ ਅਤਿਅੰਤ ਲੋੜ ਹੈ। ਪ੍ਰਚੱਲਿਤ ਰਾਜਨੀਤਕ ਘਟਨਾਕ੍ਰਮ ਦਰਸਾਉਂਦੇ ਹਨ ਕਿ ਭਾਰਤ ਵਿਚ ਚੋਣ ਪ੍ਰਕਿਰਿਆ ਸਾਫ਼ ਸੁਥਰੇ ਜਮਹੂਰੀ ਢੰਗ ਨਾਲ ਨਹੀਂ ਚੱਲ ਰਹੀ। ਜਿੱਥੇ ਕਿਤੇ ਵੀ ਚੋਣ ਹੁੰਦੀ ਹੈ, ਉਸ ਵਿਚ ਲੜਾਈ ਝਗੜੇ, ਦੰਗੇ ਫਸਾਦ ਅਤੇ ਧੱਕੇਸ਼ਾਹੀ ਦੀਆਂ ਵਾਰਦਾਤਾਂ ਅਕਸਰ ਵਾਪਰਦੀਆਂ ਹਨ। ਰਾਜਨੀਤਕ ਜਾਂ ਸਮਾਜਿਕ ਖੇਤਰ ਦੀਆਂ ਕਾਬਜ਼ ਧਿਰਾਂ ਕਮਜ਼ੋਰ ਅਤੇ ਸ਼ਰਾਫਤ ਪਸੰਦ ਵਿਰੋਧੀਆਂ, ਆਮ ਨਾਗਰਿਕਾਂ ਅਤੇ ਵੋਟਰਾਂ ਨੂੰ ਦਬਾਅ ਲੈਂਦੀਆਂ ਹਨ। ਅਜਿਹੀਆਂ ਘਟਨਾਵਾਂ ਗਣਤੰਤਰ ਪ੍ਰਣਾਲੀ ਦੀ ਤਰਜਮਾਨੀ ਨਹੀਂ ਕਰਦੀਆਂ। ਸਿੱਟੇ ਵਜੋਂ ਸੰਵਿਧਾਨ ਦੀ ਪਵਿੱਤਰ ਆਸਥਾ ਦੀ ਬੇਕਦਰੀ ਹੁੰਦੀ ਹੈ। ਇਸ ਲਈ ਸਾਰੇ ਸਬੰਧਤ ਅਦਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸੰਵਿਧਾਨਕ ਮਰਿਆਦਾ ਦੀ ਪਾਲਣਾ ਕਰਕੇ ਭਾਰਤ ਦੀ ਜਮਹੂਰੀ ਸਰਵਸ਼੍ਰੇਸ਼ਠਤਾ ਨੂੰ ਬਰਕਰਾਰ ਰੱਖਿਆ ਜਾਵੇ।

ਪ੍ਰੋ. ਸਾਧੂ ਸਿੰਘ, ਸਾਬਕਾ ਸੰਸਦ ਮੈਂਬਰ


ਅੰਤ ਬੁਰੇ ਦਾ ਬੁਰਾ

7 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਅਰਸ਼ਦੀਪ ਸਿੰਘ ਦਾ ਮਿਡਲ ‘ਪੈਸੇ ਦਾ ਲਾਲਚ’ ਨਸੀਹਤ ਤੇ ਸੇਧ ਦੇਣ ਵਾਲਾ ਹੈ। ਇਹ ਤਾਂ ਸਚਾਈ ਹੈ ਕਿ ਵਿਅਕਤੀ ਜਿਹੋ ਜਿਹਾ ਕਿਸੇ ਨਾਲ ਵਿਵਹਾਰ ਕਰਦਾ ਹੈ, ਉਸ ਦੇ ਨਾਲ ਉਸੇ ਤਰ੍ਹਾਂ ਵਾਪਰਦਾ ਹੈ। ਸਿਆਣੇ ਕਹਿੰਦੇ ਹਨ, ‘ਇਕ ਹੱਥ ਕਰ ਲਾ, ਦੂਜੇ ਹੱਥ ਭਰ ਲਾ।’ ਇਹ ਬਿਲਕੁਲ ਸੱਚ ਹੈ। ਸਾਨੂੰ ਇਸ ਲੇਖ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਕਦੇ ਵੀ ਪੈਸੇ ਦੇ ਲਾਲਚ ਵਿਚ ਆ ਕੇ ਕਿਸੇ ਦਾ ਵੀ ਆਪਣੇ ਭਲੇ ਲਈ, ਬੁਰਾ ਨਹੀਂ ਸੋਚਣਾ ਚਾਹੀਦਾ। ਇਸ ਦਾ ਨਤੀਜਾ ਇਕ ਨਾ ਇਕ ਦਿਨ ਭੁਗਤਣਾ ਪੈਂਦਾ ਹੈ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ


ਅਖ਼ਬਾਰ ਦਾ ਸ਼ਾਨਾਮੱਤਾ ਸਫ਼ਰ

7 ਫਰਵਰੀ ਦੇ ਸਪਤਾਹਿਕ ਅੰਕ ਵਿਚ ‘ਦਿ ਟ੍ਰਿਬਿਊਨ’ ਦੀ ਦੇਸ਼ ਦੀ ਆਜ਼ਾਦੀ ਦੇ ਘੋਲ ਤੋਂ ਲੈ ਕੇ ਹੁਣ ਤਕ ਦੀ ਵਿਲੱਖਣ ਭੂਮਿਕਾ ਬਾਰੇ ਰਚਨਾਵਾਂ ਪੜ੍ਹੀਆਂ, ਖ਼ਾਸ ਕਰਕੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੇ ਵਿਚਾਰਾਂ ਨੇ ਵਧੇਰੇ ਮੁਤਾਸਰ ਕੀਤਾ। ਆਜ਼ਾਦੀ ਦੀ ਲੜਾਈ ਵਿਚ ਵੀ ਅਖ਼ਬਾਰ ਨੇ ਸ਼ਾਨਾਮੱਤੀ ਭੂਮਿਕਾ ਨਿਭਾਈ ਤੇ ਅੱਜ ਵੀ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਤੇ ਸਿਆਸਤ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਪਰਮਜੀਤ ਸਿੰਘ ਪਰਵਾਨਾ, ਆਕਾਸ਼ਵਾਣੀ ਪਟਿਆਲਾ


(2)

ਦੋ ਫਰਵਰੀ 1881 ਨੂੰ ਸ਼ੁਰੂ ਕੀਤੇ ਗਏ ਅਖ਼ਬਾਰ ‘ਦਿ ਟ੍ਰਿਬਿਊਨ’ ਦਾ ਅਰਥ ਜਨ-ਰੱਖਿਅਕ, ਪਰਜਾ ਦੇ ਅਧਿਕਾਰ ਸੁਰੱਖਿਅਤ ਕਰਵਾਉਣ ਵਾਲਾ, ਜਨ-ਨਿਰਵਾਚਕ ਪ੍ਰਵਕਤਾ ਅਤੇ ਲੋਕ ਹਿਤੈਸ਼ੀ ਹੈ। ਇਸ ਦੀ ਸਥਾਪਨਾ ਦੇ 140ਵੇਂ ਵਰ੍ਹੇ ਮੌਕੇ ਡਾਕਟਰ ਮਨਮੋਹਨ ਸਿੰਘ, ਬੀ ਐੱਨ ਗੋਸਵਾਮੀ, ਪ੍ਰਸਿੱਧ ਇਤਿਹਾਸਕਾਰ ਨੋਨਿਕਾ ਦੱਤਾ ਅਤੇ ਸਵਰਾਜਬੀਰ ਦੇ ਲੇਖਾਂ ਨੇ ਭਰਪੂਰ ਜਾਣਕਾਰੀ ਦਿੱਤੀ। ਰਾਸ਼ੀਫਲ ਅਤੇ ਜੋਤਿਸ਼ ਬਗੈਰਾ ਨੂੰ ਆਮਦਨ ਸਾਧਨ ਵਜੋਂ ਨਾ ਵਰਤਣਾ ਇਸ ਦਾ ਲੋਕ ਹਿਤੈਸ਼ੀ ਹੋਣਾ ਹੈ। ਸਪਲਾਈ ਕਰਨ ਲਈ ਸਿਰਫ਼ ਗੱਡੀ ਅਤੇ ਤਾਂਗੇ ਬਿਨਾਂ ਅਤੇ ਬਿਨਾਂ ਬਿਜਲੀ ਅਤੇ ਇੰਜਣ ਦੇ ਪ੍ਰਿੰਟਿੰਗ ਪ੍ਰੈੱਸ ਲਾਉਣੀ ਅਤੇ ਬ੍ਰਿਟਿਸ਼ ਸਰਕਾਰ ਦੀ ਨਾਰਾਜ਼ਗੀ ਮੁੱਲ ਲੈ ਕੇ ਸਰਦਾਰ ਦਿਆਲ ਸਿੰਘ ਦਾ ਇਸ ਦੀ ਸਥਾਪਨਾ ਕਰਨਾ, ਬਹੁਤ ਵੱਡੀ ਸਿਆਣਪ ਅਤੇ ਕੁਰਬਾਨੀ ਸੀ। 15 ਅਗਸਤ 1978 ਨੂੰ ‘ਪੰਜਾਬੀ ਟ੍ਰਿਬਿਊਨ’ ਦਾ ਸ਼ੁਰੂ ਹੋਣਾ ਖ਼ੁਸ਼ਖ਼ਬਰੀ ਸੀ।

ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)

ਸੜਕ ’ਤੇ ਰੁਲੀ ਜਵਾਨੀ

Feb 09, 2021

8 ਫਰਵਰੀ ਨੂੰ ਮਿਡਲ ‘ਸੜਕਾਂ ’ਤੇ ਰੋਲ’ਤੀ ਜਵਾਨੀ ਜ਼ਾਲਮਾ’ (ਲੇਖਕ ਰਣਜੀਤ ਲਹਿਰਾ) ਪੜ੍ਹ ਕੇ ਉਨ੍ਹਾਂ ਲੋਕਾਂ ਦਾ ਦ੍ਰਿਸ਼ ਅੱਖਾਂ ਅੱਗੇ ਘੁੰਮਣਾ ਸ਼ੁਰੂ ਹੋ ਗਿਆ। ਵਾਕਿਆ ਹੀ ਜਿਹੜੇ ਲੋਕ ਦਿਨ ਰਾਤ ਸੜਕਾਂ ’ਤੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਲਗਾਤਾਰ ਚੱਲ ਰਹੇ ਹਨ, ਉਨ੍ਹਾਂ ਨੂੰ ਕਦੇ ਕਿਸੇ ਨੇ ਪੁੱਛਿਆ ਤਕ ਨਹੀਂ ਕਿ ਤੁਸੀਂ ਖਾਂਦੇ ਕੀ ਹੋ ਤੇ ਰਹਿੰਦੇ ਕਿੱਥੇ ਹੋ? ਇਹ ਤਬਕਾ ਕੋਈ ਬਾਹਰਲੇ ਲੋਕਾਂ ਦਾ ਨਹੀਂ ਬਲਕਿ ਸਾਡੇ ਹੀ ਭਰਾ ਤੇ ਪੁੱਤ ਨੇ ਜਿਹੜੇ ਦੇਸ਼ ਦੀ ਤਰੱਕੀ ਵਿਚ ਦਿਨ ਰਾਤ ਹਿੱਸਾ ਪਾ ਰਹੇ ਹਨ। ਉਨ੍ਹਾਂ ਨਾਲ ਸਭ ਤੋਂ ਮਾੜਾ ਵਤੀਰਾ ਪੁਲੀਸ ਕਰਦੀ ਹੈ। ਡਰਾਈਵਰਾਂ ਵਾਂਗ ਅੱਜ ਦੇਸ਼ ਦੇ ਕਿਸਾਨ ਸੜਕਾਂ ’ਤੇ ਰੁਲ਼ ਰਹੇ ਹਨ। ਉਨ੍ਹਾਂ ਦਾ ਖਿਆਲ ਤਾਂ ਸਰਕਾਰ ਨੇ ਕੀ ਕਰਨਾ ਹੈ, ਉਲਟਾ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)


ਨੇਕ ਵਿਚੋਲੇ

6 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਸੁਰਜੀਤ ਜੱਸਲ ਦੇ ਮਿਡਲ ‘ਹਰੀ ਵਿਚੋਲਾ’ ਵਿਚ ਸੱਚ ਬਿਆਨਿਆ ਗਿਆ ਹੈ। ਅਜੋਕੀ ਪੂੰਜੀਵਾਦੀ ਅਤੇ ਪਦਾਰਥਵਾਦੀ ਸੋਚ ਵਿਚ ਗ੍ਰਸੇ ਹੋਏ ਸਾਡੇ ਸਮਾਜ ਵਿਚ ਹਰੀ ਵਰਗੇ ਉੱਚੇ-ਸੁੱਚੇ ਕਿਰਦਾਰ ਵਾਲੇ ਚੰਗੇ ਅਤੇ ਨੇਕ ਵਿਚੋਲੇ ਨਹੀਂ ਲੱਭਦੇ। ਅੱਜਕੱਲ੍ਹ ਆਨਲਾਈਨ ਮੀਡੀਆ ਦੇ ਯੁੱਗ ਵਿਚ ਮੈਰਿਜ ਬਿਊਰੋ ਅਤੇ ਮੈਟਰੀਮੋਨੀਅਲ ਸਾਈਟਾਂ ਦੀ ਦੁਰਵਰਤੋਂ ਦੁਆਰਾ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਹਨ। ਇਨ੍ਹਾਂ ਵਿਚੋਲਿਆਂ ਦੀਆਂ ਗੱਲਾਂ ਵਿਚ ਆ ਕੇ ਮਾਪੇ ਆਪਣੇ ਪੜ੍ਹੇ ਲਿਖੇ ਬੱਚਿਆਂ ਦਾ ਰਿਸ਼ਤਾ ਕੇਵਲ ਵਧੇਰੇ ਜ਼ਮੀਨ, ਜਾਇਦਾਦ, ਕੋਠੀ ਅਤੇ ਕਾਰ ਦੇਖ ਕੇ ਜੋੜ ਦਿੰਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਵਿਆਹ ਪਿੱਛੋਂ ਦੋਹਾਂ ਪਰਿਵਾਰਾਂ ਨੂੰ ਸੁੱਖ ਆਰਾਮ ਮਿਲਣ ਦੀ ਬਜਾਏ ਦੋਹਰੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਚੰਗੇ ਵਿਚੋਲਿਆਂ ਦੀ ਅਣਹੋਂਦ ਵਿਚ ਸਾਨੂੰ ਆਪ ਪੂਰੀ ਸਮਝਦਾਰੀ ਨਾਲ ਲੜਕੇ-ਲੜਕੀ ਦਾ ਵਿਆਹ ਕਰਨ ਸਮੇਂ ਚੰਗੀ ਜ਼ਮੀਨ, ਚੰਗੀ ਜਾਇਦਾਦ, ਚੰਗੀ ਤਨਖ਼ਾਹ ਦਾ ਪੈਕੇਜ ਅਤੇ ਆਈਲੈੱਟਸ ਦੇ ਬੈਂਡ ਦੇਖਣ ਤੋਂ ਇਲਾਵਾ ਚੰਗੇ ਵਿਚਾਰ, ਚੰਗੇ ਵਿਹਾਰ ਅਤੇ ਚੰਗੇ ਕਿਰਦਾਰ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ।

ਹਰਗੁਣਪ੍ਰੀਤ ਸਿੰਘ, ਪਟਿਆਲਾ


ਪੱਤਰਕਾਰੀ ਦੇ ਮਾਇਨੇ

5 ਫਰਵਰੀ ਦਾ ਸੰਪਾਦਕੀ ‘ਦੇਹ ’ਤੇ ਲਿਖੀਆਂ ਖ਼ਬਰਾਂ’ ਵਿਚ ਪੱਤਰਕਾਰੀ ਦੇ ਸਹੀ ਮਾਇਨੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਪੱਤਰਕਾਰ ਅੱਜ ਦੇ ਜਮਹੂਰੀ ਯੁੱਗ ਦਾ ਉਹ ਥੰਮ੍ਹ ਹੈ ਜਿਹੜਾ ਸਹੀ ਖ਼ਬਰ ਲੋਕਾਂ ਦੇ ਸਾਹਮਣੇ ਰੱਖ ਸਕਦਾ ਹੈ। ਉਸ ਨੂੰ ਇਹ ਫਰਜ਼ ਸੁਹਿਰਦਤਾ ਅਤੇ ਸਪੱਸ਼ਟਤਾ ਨਾਲ ਨਿਭਾਉਣਾ ਚਾਹੀਦਾ ਹੈ। ਸੰਪਾਦਕੀ ਵਿਚ ਦੱਸਿਆ ਗਿਆ ਹੈ ਕਿ ਪੱਤਰਕਾਰਾਂ ਨੂੰ ਕਈ ਵਾਰ ਹੁਕਮਰਾਨ ਜਮਾਤ ਦਾ ਜਬਰ ਵੀ ਝੱਲਣਾ ਪੈਂਦਾ ਹੈ; ਇੱਥੋਂ ਤਕ ਕਿ ਆਪਣਾ ਫਰਜ਼ ਨਿਭਾਉਂਦੇ ਹੋਏ ਗੌਰੀ ਲੰਕੇਸ਼ ਵਰਗੇ ਕਈ ਪੱਤਰਕਾਰਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਪਈ। ਮੌਜੂਦਾ ਹਾਲਾਤ ਵਿਚ ਪੱਤਰਕਾਰ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਉਸ ਲਈ ਖ਼ਤਰੇ ਵੀ ਵਧ ਜਾਂਦੇ ਹਨ।

ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ


(2)

5 ਫਰਵਰੀ ਨੂੰ ਸੰਪਾਦਕੀ ‘ਦੇਹ ’ਤੇ ਲਿਖੀਆਂ ਖ਼ਬਰਾਂ’ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਕਿਸਾਨ ਅੰਦੋਲਨ ਦੇ ਹੁਣ ਵਾਲੇ ਦੌਰ ਵਿਚ ਪੱਤਰਕਾਰਾਂ ਦਾ ਰੋਲ ਬਹੁਤ ਅਹਿਮ ਹੈ। ਇਹ ਪੜ੍ਹ ਕੇ ਚੰਗਾ ਲੱਗਾ ਕਿ ਕਿਸ ਤਰ੍ਹਾਂ ਪੱਤਰਕਾਰ ਪੂਰੀ ਲਗਨ ਅਤੇ ਮਿਹਨਤ ਨਾਲ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੱਚੀ ਪੱਤਰਕਾਰੀ ਕਰ ਰਹੇ ਪੱਤਰਕਾਰ ਉੱਤੇ ਇਸ ਤਰ੍ਹਾਂ ਦੀ ਕਾਰਵਾਈ ਨਿੰਦਣਯੋਗ ਹੈ। ਅਜਿਹੀ ਕਾਰਵਾਈ ਨਿਡਰ ਪੱਤਰਕਾਰਾਂ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਪੱਤਰਕਾਰਾਂ ਨੂੰ ਇਸ ਤਰ੍ਹਾਂ ਰੋਕਣਾ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਨੂੰ ਬਿਆਨ ਕਰਦਾ ਹੈ।

ਜਸਕਰਨ ਸਿੰਘ, ਪਿੰਡ ਮਾਨੂੰਪੁਰ (ਫਤਿਹਗੜ੍ਹ ਸਾਹਿਬ)


ਲੋਕਰਾਜ ਕਿੱਥੇ ਹੈ?

4 ਫਰਵਰੀ ਨੂੰ ਸੰਪਾਦਕੀ ‘ਜਮਹੂਰੀਅਤ ਵਿਰੋਧੀ ਕਦਮ’ ਪੜ੍ਹਿਆ। ਕਿਸਾਨ ਮੋਰਚੇ ਨੂੰ ਰੋਕਣ ਲਈ ਸਰਕਾਰ ਜਿੰਨੇ ਘਟੀਆ ਤਰੀਕੇ ਵਰਤ ਰਹੀ ਹੈ, ਇਸ ਬਾਰੇ ਸੋਚ ਕੇ ਸਵਾਲ ਪੈਦਾ ਹੁੰਦਾ ਹੈ: ਲੋਕਰਾਜ ਕੀ ਹੁੰਦਾ ਹੈ ਅਤੇ ਹੁਣ ਕੀ ਬਣਾ ਦਿੱਤਾ ਗਿਆ ਹੈ? ਇਹ ਸ਼ਬਦ ਭਾਰਤ ਦੀਆਂ ਕਿਤਾਬਾਂ ਵਿਚ ਤਾਂ ਹੈ ਪਰ ਹਕੀਕਤ ਰੂਪ ਵਿਚ ਨਹੀਂ। ਜਦੋਂ ਕੁਝ ਹੁੱਲੜਬਾਜ਼ ਫ਼ੋਨ ਟਾਵਰਾਂ ਦੀ ਬਿਜਲੀ ਦੇ ਕੁਨੈਕਸ਼ਨ ਕੱਟਦੇ ਹਨ ਤਾਂ ਕੇਂਦਰ ਸਰਕਾਰ ਨੂੰ ਬਹੁਤ ਦੁੱਖ ਹੋਇਆ ਸੀ ਪਰ ਕਿਸਾਨ ਮੋਰਚੇ ਵਾਲੀਆਂ ਥਾਵਾਂ ’ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਜੋ ਲੋਕਾਂ ਦੇ ਅਧਿਕਾਰਾਂ ਉੱਤੇ ਹਮਲਾ ਹੈ, ਇਸ ਦਾ ਜਵਾਬ ਲੋਕ ਕਿਸ ਤੋਂ ਮੰਗਣ? ਰਸਤਾ ਰੋਕਣ ਲਈ ਕਿੱਲ ਗੱਡੇ ਗਏ ਹਨ। ਅਜਿਹਾ ਕੁਝ ਤਾਂ ਵਿਦੇਸ਼ੀ ਸ਼ਾਸਕਾਂ ਨੇ ਵੀ ਨਹੀਂ ਸੀ ਕੀਤਾ। ਸਰਕਾਰ ਨੂੰ ਇਹ ਰਾਹ ਛੱਡ ਕੇ ਗੱਲਬਾਤ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ ਅਤੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।

ਬਲਵਿੰਦਰ ਕੌਰ, ਪਟਿਆਲਾ

ਪਾਠਕਾਂ ਦੇ ਖ਼ਤ

Feb 08, 2021

ਕਿਸਾਨ ਅੰਦੋਲਨ ਦਿਸ਼ਾ ਤੈਅ ਕਰੇਗਾ

6 ਫਰਵਰੀ ਨੂੰ ਸੰਪਾਦਕੀ ‘ਸੰਸਦ ਵਿਚ ਕਿਸਾਨ ਮਸਲੇ’ ਵਿਚ ਕਿਸਾਨ ਅੰਦੋਲਨ ਦੀ ਦਸ਼ਾ ਤੇ ਦਿਸ਼ਾ ਦੀ ਟੋਹ ਲਾਉਣ ਵਿਚ ਮਦਦ ਮਿਲਦੀ ਹੈ। ਕੇਂਦਰੀ ਖੇਤੀ ਮੰਤਰੀ ਦਾ ਬਿਆਨ ਕਿ ਕਾਨੂੰਨਾਂ ਵਿਚ ਕੁਝ ਵੀ ਗ਼ਲਤ ਨਹੀਂ, ਫਿਰ ਸੋਧਾਂ ਲਈ ਰਾਜ਼ੀ ਹੋਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਅੰਦੋਲਨ ਹੁਣ ਕਾਰਪੋਰੇਟਾਂ ਤੇ ਕਿਸਾਨਾਂ ਦਾ ਮੁੱਦਾ ਬਣ ਕੇ ਦੇਸ਼ ਦੀ ਦਿਸ਼ਾ ਤੈਅ ਕਰੇਗਾ। ਦੂਜੇ ਪਾਸੇ ਦੇਸ਼ ਵਿਚ ਫ਼ਿਰਕਾਪ੍ਰਸਤੀ ਦੀ ਹਨੇਰੀ ਨੂੰ ਠੱਲ੍ਹ ਪੈ ਗਈ ਹੈ। ਕਿਸਾਨਾਂ ਦੇ ਮੁੱਦਿਆਂ ਰਾਹੀਂ ਦੇਸ਼ ਹੁਣ ਧਰਮ-ਨਿਰਪੱਖਤਾ ਦਾ ਚੌਖ਼ਟੇ ਵਿਚ ਆਪਣੇ ਪਰ ਤੋਲੇਗਾ। ਕਿਸਾਨਾਂ ਦਾ ਮੁੱਦਾ ਹੱਲ ਹੁੰਦਾ ਹੈ ਜਾਂ ਨਹੀਂ, ਕਹਿਣਾ ਮੁਸ਼ਕਿਲ ਹੈ ਪਰ ਭਾਰਤ ਦੇ ਲੋਕ ਕਿਸੇ ਧਰਮ ਵਿਚ ਬੱਝਣਾ ਨਹੀਂ ਚਾਹੁਣਗੇ, ਸਗੋਂ ਧਰਮ-ਨਿਰਪੱਖਤਾ ਦਾ ਪੱਲਾ ਫੜਨਗੇ। ਦੂਜੇ ਪਾਸੇ ਕਾਰਪੋਰੇਟਾਂ ਤੇ ਲੋਕਾਂ ਦੇ ਹਿੱਤਾਂ ਵਿਚ ਸੰਤੁਲਨ ਬਿਠਾਉਣਾ ਪਵੇਗਾ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਸਾਂਝ ਦੀ ਖੁਸ਼ਬੋ

6 ਫਰਵਰੀ ਨੂੰ ਸਤਰੰਗ ਪੰਨੇ ਉੱਤੇ ਸਾਂਵਲ ਧਾਮੀ ਨੇ ਆਪਣੇ ਲੜੀਵਾਰ ‘ਵੰਡ ਦੇ ਦੁੱਖੜੇ’ ਵਿਚ ਉਨ੍ਹਾਂ ਨੇ ਸਾਨੀਪੁਰ ਦੇ ਬਾਬਾ ਖ਼ੈਰਦੀਨ ਬਾਰੇ ਲਿਖਿਆ ਹੈ, ਉਸ ਨੂੰ ਪੜ੍ਹ ਕੇ ਮੈਂ ਆਪਣੇ ਦਾਦਾ ਦਾਦੀ ਤੋਂ ਸੰਤਾਲੀ ਦੇ ਬਿਰਤਾਂਤ ਬਾਰੇ ਜੋ ਕੁਝ ਸੁਣਿਆ ਸੀ, ਉਹ ਸਭ ਤਾਜ਼ਾ ਹੋ ਗਿਆ। ਉਦੋਂ ਬਹੁਤ ਸਾਰੇ ਲੋਕਾਂ ਨੇ ਬੜਾ ਦਰਦ ਹੰਢਾਇਆ ਅਤੇ ਇਕ ਦੂਜੇ ਦੀ ਹਿਫ਼ਾਜ਼ਤ ਲਈ ਧਰਮ ਤੋਂ ਉੱਪਰ ਉੱਠ ਕੇ ਆਏ ਲੋਕਾਂ ਨੇ ਜਾਨ ਦੀ ਬਾਜ਼ੀ ਲਾ ਦਿੱਤੀ ਸੀ। ਇਸ ਲੜੀਵਾਰ ਵਿਚੋਂ ਸਦਾ ਸਾਂਝ ਦੀ ਖੁਸ਼ਬੂ ਆਉਂਦੀ ਹੈ ਜਿਹੜੀ ਦਿਲ ਨੂੰ ਬਾਗ਼ੋ-ਬਾਗ਼ ਕਰ ਦਿੰਦੀ ਹੈ।

ਸਲੀਮ ਮੁਹੰਮਦ ਮਲਿਕ, ਚੰਡੀਗੜ੍ਹ


ਆਪਣੇ ਬੇਗਾਨੇ

5 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ‘ਮੋਹ ਦੇ ਰਿਸ਼ਤੇ’ (ਸੁਪਿੰਦਰ ਰਾਣਾ) ਦਾ ਮਿਡਲ ਭਾਵਪੂਰਤ, ਸਿੱਖਿਆਦਾਇਕ ਅਤੇ ਦਿਲ ਟੁੰਬਵਾਂ ਹੈ। ਪੜ੍ਹਦਿਆਂ ਮਨ ਭਾਵੁਕ ਵੀ ਹੁੰਦਾ ਹੈ ਕਿ ਕਿਸ ਤਰ੍ਹਾਂ ਬੇਗਾਨੇ ਵੀ ਆਪਣੇ ਬਣ ਜਾਂਦੇ ਹਨ। ਕਦੇ ਕਦੇ ਮੋਹ ਦੇ ਰਿਸ਼ਤੇ ਦੁਨਿਆਵੀ ਰਿਸ਼ਤਿਆਂ ਨੂੰ ਵੀ ਮਾਤ ਪਾ ਜਾਂਦੇ ਹਨ। ਥੋੜ੍ਹ ਚਿਰੀ ਜ਼ਿੰਦਗੀ ’ਚ ਕੁਝ ਚੰਗਾ ਕਰ ਖੱਟਣ ਲਈ ਉਤਸ਼ਾਹ ਭਰਦਾ ਹੈ।

ਡਾ. ਪ੍ਰਭਜੋਤ ਕੌਰ ਗਿੱਲ, ਘੋਲੀਆਂ (ਮੋਗਾ)


(2)

5 ਫਰਵਰੀ ਨੂੰ ਸੁਪਿੰਦਰ ਸਿੰਘ ਰਾਣਾ ਦੀ ਰਚਨਾ ‘ਮੋਹ ਦੇ ਰਿਸ਼ਤੇ’ ਪੜ੍ਹੀ। ਰਚਨਾ ਦਾ ਦਿਲਚਸਪ ਪਹਿਲੂ ਨੌਜਵਾਨਾਂ ਦੀ ਐੱਨਆਰਆਈ ਬਣਨ ਦੀ ਕਾਹਲੀ ਤੋਂ ਉਲਟ ਬਜ਼ੁਰਗਾਂ ਦਾ ਜਨਮ ਭੋਂ ਨਾਲ ਮੋਹ ਹੈ। ਕਰੋਨਾ ਆਫ਼ਤ ਵੇਲੇ ਜਹਾਜ਼ਾਂ ’ਤੇ ਰੋਕ ਕਾਰਨ ਮਮਤਾ ਦੀ ਮੂਰਤ ਦੀਆਂ ਅੰਤਮ ਰਸਮਾਂ ’ਚੋਂ ਗ਼ੈਰਹਾਜ਼ਰੀ ਤਾਂ ਖ਼ੈਰ ਮਜਬੂਰੀ ਮੰਨੀ ਜਾ ਸਕਦੀ ਹੈ ਪਰ ਰਸਦੇ-ਵਸਦੇ ਟੱਬਰ ਹੁੰਦਿਆਂ ਕਰੋਨਾ ਕਾਰਨ ਮੋਈ ਮਾਂ ਤੋਂ ਡਰਨਾ ਖ਼ੂਨ ਦਾ ਚਿੱਟਾ ਹੋਣਾ ਨਹੀਂ ਤਾਂ ਹੋਰ ਕੀ ਹੈ?

ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ


ਕਿਤਾਬਾਂ ਦੇ ਰੰਗ

4 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਸੁਖਦੇਵ ਸਿੰਘ ਮਾਨ ਦਾ ਮਿਡਲ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਪੜ੍ਹਿਆ। ਬਹੁਤ ਦੁੱਖ ਹੋਇਆ ਕਿ ਅੱਜਕੱਲ੍ਹ ਬੱਚੇ ਕਿਤਾਬਾਂ ਦੀ ਥਾਂ ਮੋਬਾਇਲ ਫ਼ੋਨਾਂ ਵੱਲ ਭੱਜ ਰਹੇ ਹਨ। ਕਿਤਾਬਾਂ ਖ਼ਰੀਦਣ ਦਾ ਤਾਂ ਨਾਂ ਵੀ ਨਹੀਂ ਲੈਂਦੇ ਪਰ ਮਹਿੰਗੇ ਤੋਂ ਮਹਿੰਗਾ ਫ਼ੋਨ ਜ਼ਰੂਰ ਚਾਹੀਦਾ ਹੈ। ਇਸ ਲਿਖਤ ਦਾ ਅੰਤ ਚੰਗਾ ਲੱਗਾ ਜਿਸ ਵਿਚ ਉਮੀਦ ਜ਼ਾਹਿਰ ਕੀਤੀ ਗਈ ਹੈ ਕਿ ਉਹ ਦਿਨ ਵੀ ਪਰਤਣਗੇ ਜਦੋਂ ਨਵੀਂ ਪੀੜ੍ਹੀ ਦੇ ਮੋਢੇ ਉੱਤੇ ਤਬਦੀਲੀ ਦਾ ਝੰਡਾ, ਹੱਥ ਵਿਚ ਕਿਤਾਬ ਅਤੇ ਜੇਬ ਵਿਚ ਮੋਬਾਇਲ ਫ਼ੋਨ ਹੋਵੇਗਾ। ਆਸ ਕਰਨੀ ਚਾਹੀਦੀ ਹੈ ਕਿ ਨੌਜਵਾਨ ਚੇਤਨ ਹੋਣਗੇ।

ਰੀਤੂ ਰਾਣੀ, ਯੂਨੀਵਰਸਿਟੀ ਕਾਲਜ, ਬੇਨੜਾ (ਧੂਰੀ)


ਸਰਕਾਰ ਦੇ ਦਾਅਵਿਆਂ ਦੀ ਹਕੀਕਤ

5 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਡਾ. ਸੁੱਚਾ ਸਿੰਘ ਗਿੱਲ ਦਾ ਲੇਖ ‘ਮੁਲਕ ਦੀ ਆਰਥਿਕਤਾ ਅਤੇ ਬਜਟ ਦੀ ਹਕੀਕਤ’ ਪੜ੍ਹਿਆ। ਲੇਖਕ ਦਾ ਇਹ ਕਹਿਣਾ ਠੀਕ ਹੈ ਕਿ ਅਸਲੀਅਤ ਨੂੰ ਛੁਪਾ ਕੇ ਅਤੇ ਅੰਕੜਿਆਂ ਦੀ ਵਾਧ ਘਾਟ ਦੱਸ ਕੇ ਆਪਣੇ ਆਪ ਨੂੰ ਚੰਗੀ ਸਰਕਾਰ ਸਾਬਤ ਕਰਨਾ ਹੀ ਸਰਕਾਰਾਂ ਦਾ ਮੁੱਖ ਮਕਸਦ ਬਣ ਗਿਆ ਹੈ। ਸਰਕਾਰਾਂ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਬੇਰੁਜ਼ਗਾਰੀ, ਭੁੱਖਮਰੀ, ਗ਼ਰੀਬੀ, ਅਨਪੜ੍ਹਤਾ ਆਦਿ ਦਾ ਵਰਤਾਰਾ ਬੇਤਹਾਸ਼ਾ ਵਧ ਰਿਹਾ ਹੈ। ਪ੍ਰੋਫ਼ੈਸਰ ਅਰੁਣ ਕੁਮਾਰ ਵਰਗੇ ਲੋਕ ਪੱਖੀ ਅਰਥ ਸ਼ਾਸਤਰੀ ਜੇਕਰ ਸੱਚ ਨੂੰ ਸਾਹਮਣੇ ਲਿਆ ਰਹੇ ਹਨ ਤਾਂ ਉਨ੍ਹਾਂ ਨੂੰ ਜਾਣਬੁੱਝ ਕੇ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ। ਸਰਕਾਰ ਲੋਕ ਪੱਖੀ ਹੋਣ ਦਾ ਢੰਡੋਰਾ ਤਾਂ ਬਹੁਤ ਪਿੱਟ ਰਹੀ ਹੈ ਪਰ ਸਰਕਾਰ ਦੀ ਕਾਰਗੁਜ਼ਾਰੀ ਅਮੀਰ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹੋਣ ਦੀ ਸ਼ੰਕਾ ਹੁਣ ਬਹੁਗਿਣਤੀ ਲੋਕਾਂ ਨੂੰ ਨਹੀਂ ਹੈ। ਸਹੀ ਤੱਥ ਅਤੇ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਚਿੰਤਕਾਂ ਨੂੰ ਆਪਣੇ ਯਤਨ ਹੋਰ ਜ਼ੋਰ ਨਾਲ ਜਾਰੀ ਰੱਖਣੇ ਚਾਹੀਦੇ ਹਨ।

ਸਹਿਦੇਵ ਕਲੇਰ, ਗੁਰਦਾਸਪੁਰ

ਡਾਕ ਐਤਵਾਰ ਦੀ

Feb 07, 2021

ਮੁਲਕ ਦੀ ਪੀੜਾ

31 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਰੋ, ਮੇਰੇ ਪਿਆਰੇ ਦੇਸ਼ ... ਰੋ’ ਮੁਲਕ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਟਾਕਰਾ ਕਰਦਿਆਂ ਇਤਿਹਾਸਕ ਘਟਨਾਵਾਂ ਵਾਂਗ ਵਾਪਰੇ ਧਰਨਾ ਪ੍ਰਦਰਸ਼ਨ ਕਿਸਾਨੀ ਅੰਦੋਲਨ  ਤੇ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਨੀਤੀਆਂ ਬਾਰੇ ਫ਼ਿਕਰਮੰਦੀ ਪ੍ਰਗਟਾਉਂਦਾ ਹੈ। ਰਾਮਚੰਦਰ ਗੁਹਾ ‘ਮੋਹਨਦਾਸ ਕਰਮਚੰਦ ਗਾਂਧੀ ਦਾ ਨੈਤਿਕ ਵਿਕਾਸ’ ਮਹਾਤਮਾ ਗਾਂਧੀ ਬਾਰੇ ਜਾਣਕਾਰੀ ਵਿਚ ਵਾਧਾ ਕਰਨ ਵਾਲਾ ਸੀ।

ਅਨਿਲ ਕੌਸ਼ਿਕ, ਕਿਊੜਕ (ਕੈਥਲ)

(2)

31 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦੀ ਸੰਪਾਦਕੀ ‘ਰੋ ਮੇਰੇ ਪਿਆਰੇ ਦੇਸ਼... ਰੋ’ ਪੜ੍ਹ ਕੇ ਅੱਖਾਂ ਭਰ ਆਈਆਂ, ਲ਼ੂੰ ਕੰਡੇ ਖੜ੍ਹੇ ਹੋ ਗਏ। ਦੋ ਮਹੀਨਿਆਂ ਤੋਂ ਕਿਸਾਨ ਅੰਦੋਲਨ ਬੜੀ ਸ਼ਾਨ ਨਾਲ ਸ਼ਾਂਤੀਪੂਰਬਕ ਚੱਲ ਰਿਹਾ ਸੀ। ਉਨ੍ਹਾਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣਾ ਸੀ। ਸਰਕਾਰ ਵੱਲੋਂ ਕਿਤੇ ਬੈਰੀਕੇਡ ਲਗਾ ਕੇ ਰਸਤਾ ਰੋਕਿਆ ਗਿਆ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਦੂਜੇ ਪਾਸੇ 26 ਜਨਵਰੀਰ ਨੂੰ ਲਾਲ ਕਿਲੇ ’ਤੇ ਵਾਪਰੀ ਘਟਨਾ ਨੂੰ ਬਹਾਨਾ ਬਣਾ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਬੈਰੀਕੇਡ ਨਾਲ ਰਸਤੇ ਰੋਕਣ ਲਈ ਕੰਡੇ ਵਿਛਾ ਦਿੱਤੇ ਗਏ, ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਸਵਾਲ ਉੱਠਦਾ ਹੈ ਕਿ ਕੀ ਇਸ ਨੂੰ ਲੋਕਰਾਜ ਕਿਹਾ ਜਾ ਸਕਦਾ ਹੈ? ਕੇਂਦਰ ਸਰਕਾਰ ਨੇ ਲੋਕਾਂ ਦੇ ਹੱਕਾਂ ਤੋਂ ਮੂੰਹ ਮੋੜ ਲਏ ਹਨ। ਜੋ ਵੀ ਅਨਿਆਂ ਤੇ ਵਿਤਕਰਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ ,ਆਪਣੇ ਹੱਕ ਮੰਗਦਾ ਹੈ ਉਨ੍ਹਾਂ ਦੀ ਆਵਾਜ਼ ਦਬਾ ਕੇ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ। ਬਿਲਕੁਲ ਜਿਵੇਂ ਅਫ਼ਰੀਕੀ ਨਾਵਲਕਾਰ ਐਲਨ ਪੈਟਨ ਨੇ ਕਾਲੇ ਲੋਕਾਂ ਉਪਰ ਜ਼ੁਲਮ ਬਿਆਨ ਕੀਤੇ ਗਏ ਹਨ।

ਜਸਬੀਰ ਕੌਰ, ਅੰਮ੍ਰਿਤਸਰ

ਫ਼ਿਕਰਮੰਦੀ

24 ਜਨਵਰੀ ਦੇ ‘ਅਦਬੀ ਸੰਗਤ’ ਪੰਨੇ ਤੇ ਗੁਰਪ੍ਰੀਤ ਸਿੰਘ ਅੰਟਾਲ ਦਾ ਲੇਖ ‘ਸਾਦ ਮੁਰਾਦੀ ਬੋਲੀ ਪੁਆਧੀ ਦੀ ਤ੍ਰਾਸਦੀ’ ਲੇਖ ਪੜ੍ਹ ਕੇ ਚਿੰਤਾ ਹੁੰਦੀ ਹੈ ਕਿ ਕਿਵੇਂ ਅਸੀਂ ਆਪਣੀਆਂ ਬੋਲੀਆਂ ਨੂੰ ਅਨਪੜ੍ਹਾਂ ਅਤੇ ਗਵਾਰਾਂ ਦੀ ਭਾਸ਼ਾ ਆਖ ਕੇ ਇਸ ਤੋਂ ਮੁੱਖ ਮੋੜਦੇ ਜਾ ਰਹੇ ਹਾਂ। ਮਨੁੱਖ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ, ਪਰ ਉਸ ਨੂੰ ਕਦੇ ਵੀ ਆਪਣੀ ਭਾਸ਼ਾ ਜਾਂ ਬੋਲੀ ਨਹੀਂ ਛੱਡਣੀ ਚਾਹੀਦੀ। ਜਿਵੇਂ ਵਿਅਕਤੀ ਆਪਣੀ ਮਾਤਾ ਨੂੰ ਪਿਆਰ ਕਰਦਾ ਹੈ ਉਸੇ ਤਰ੍ਹਾਂ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਸਾਡੀ ਆਪਣੀ ਹੋਂਦ ਨੂੰ ਵੀ ਖਤਰਾ ਹੈ। ਸਾਡੀ ਪਹਿਚਾਣ ਨੂੰ ਖ਼ਤਰਾ ਹੈ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ

ਪਾਠਕਾਂ ਦੇ ਖ਼ਤ

Feb 06, 2021

ਆਰਥਿਕਤਾ ਬਾਰੇ ਅਗਿਆਨਤਾ

ਅਮਰੀਕਾ ਵਿਚ ਜੋਅ ਬਾਇਡਨ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਵੱਲੋਂ ਭਾਰਤ ਦੇ ਖੇਤੀ ਸੁਧਾਰਾਂ ਦੀ ਵਕਾਲਤ ਕਰਨਾ ਉਨ੍ਹਾਂ ਦੀ ਭਾਰਤੀ ਅਰਥਵਿਵਸਥਾ ਬਾਰੇ ਅਗਿਆਨਤਾ ਹੈ। ਭਾਰਤ ਦੀ ਜਨਸੰਖਿਆ, ਖੇਤਰਫ਼ਲ ਅਤੇ ਮੁੱਖ ਕਿੱਤੇ ਦੇ ਖੇਤੀ ’ਤੇ ਆਧਾਰਿਤ ਹੋਣ ਕਾਰਨ ਅਤੇ ਬੇਰੁਜ਼ਗਾਰੀ ਤੇ ਸਭ ਲਈ ਬੁਢਾਪਾ ਪੈਨਸ਼ਨ ਨਾ ਹੋਣ ਬਾਰੇ ਅਮਰੀਕਾ ਸਰਕਾਰ ਉਕਾ ਨਹੀਂ ਜਾਣਦੀ। ਜੇ ਜਾਣਦੀ ਹੁੰਦੀ ਤਾਂ ਇਹ ਵੀ ਆਪਣੇ ਕਾਨੂੰਨਸਾਜ਼ਾਂ ਹੇਲੀ ਸਟੀਵਨਜ਼, ਇਲਹਾਨ ਉਮਰ ਅਤੇ ਗੁਰਿੰਦਰ ਸਿੰਘ ਖਾਲਸਾ, ਪੌਪ ਗਾਇਕਾ ਰਿਹਾਨਾ, ਫੁੱਟਬਾਲਰ ਜੁੱਜੂ ਅਤੇ ਬਾਸਕਟਬਾਲ ਖਿਡਾਰੀ ਕਾਇਲੀ ਕੁਜਮਾ ਵਾਂਗ ਕਿਸਾਨਾਂ ਦੀ ਵਕਾਲਤ ਕਰਦੀ। ਅਮਰੀਕਾ ਦੀ ਸਰਕਾਰ ਰਿਪਬਲਿਕਨ ਹੋਵੇ ਜਾਂ ਡੈਮੋਕਰੇਟਿਕ, ਉਨ੍ਹਾਂ ਨੇ ਤਾਂ ਆਪਣੇ ਭਲੇ ਲਈ ਪੂੰਜੀਪਤੀਆਂ ਦੀ ਪ੍ਰਸੰਸਾ ਕਰਨੀ ਹੁੰਦੀ ਹੈ ਅਤੇ ਸਮਾਜਵਾਦ ਜਾਂ ਸਾਮਵਾਦ ਨੂੰ ਨਿੰਦਣਾ ਹੁੰਦਾ ਹੈ।

ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਕਿਤਾਬਾਂ ਦਾ ਸ਼ਿੰਗਾਰ

4 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਮਿਡਲ ‘ਅੱਡੇ ਹੁਣ ਖੇੜਾ ਨਹੀਂ ਦਿੰਦੇ…’ ਵਾਕਈ ਪ੍ਰਭਾਵਿਤ ਕਰਨ ਵਾਲੀ ਰਚਨਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਬਾਇਲ ਕਲਚਰ ਨੇ ਕਿਤਾਬੀ ਕਲਚਰ ਨੂੰ ਬਹੁਤ ਢਾਹ ਲਾਈ ਹੈ। ਪਹਿਲਾਂ ਹਰ ਬੱਸ ਸਟੈਂਡ ਵਿਚ ਕਿਤਾਬਾਂ ਦੇ ਸਟਾਲ ਹੁੰਦੇ ਸਨ ਤੇ ਸਫ਼ਰ ਕਰ ਰਹੇ ਲੋਕਾਂ ਦੀ ਭੀੜ ਬੁੱਕ ਸਟਾਲਾਂ ਦੇ ਦੁਆਲੇ ਦਿਸਦੀ ਹੁੰਦੀ ਸੀ ਪਰ ਹੁਣ ਸਭ ਦੇ ਹੱਥਾਂ ਵਿਚ ਮੋਬਾਈਲ ਹੁੰਦੇ ਹਨ ਅਤੇ ਸਾਰੇ ਜਣੇ ਆਪੋ-ਆਪਣੇ ਮੋਬਾਇਲ ਫ਼ੋਨਾਂ ਵਿਚ ਮਗਨ ਹੁੰਦੇ ਹਨ। ਉਂਜ ਜੇ ਕਿਤਾਬ ਖ਼ਰੀਦਣ ਦੀ ਰੁਚੀ ਵਧੇਗੀ ਤਾਂ ਲੋਪ ਹੋਏ ਬੁੱਕ ਸਟਾਲ ਫਿਰ ਅੱਡਿਆਂ ਦਾ ਸ਼ਿੰਗਾਰ ਬਣਨਗੇ ਤੇ ਸਾਡੀ ਰੂਹ ਨੂੰ ਖੇੜਾ ਦੇਣਗੇ। ਆਓ, ਪ੍ਰਣ ਕਰੀਏ ਕਿ ਅਸੀਂ ਹਰ ਮਹੀਨੇ ਇਕ ਵਧੀਆ ਕਿਤਾਬ ਖ਼ਰੀਦ ਕੇ ਪੜ੍ਹਾਂਗੇ। ਕਿਤਾਬ ਮਨੁੱਖ ਦੀ ਸੱਚੀ ਮਿੱਤਰ ਹੈ। ਅੱਜਕਲ੍ਹ ਕਿਤਾਬਾਂ ਦੀ ਪੀਡੀਐਫ਼ ਦਾ ਰਿਵਾਜ਼ ਵੀ ਵਾਹਵਾ ਚੱਲ ਪਿਆ ਹੈ ਪਰ ਕਿਤਾਬ ਖ਼ਰੀਦ ਕੇ ਹੀ ਪੜ੍ਹਨੀ ਚਾਹੀਦੀ ਹੈ।

ਸੁਖਦੇਵ ਸਿੰਘ ਭੁੱਲੜ, ਬਠਿੰਡਾ


(2)

4 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ…’ ਰੌਚਿਕ ਹੋਣ ਦੇ ਨਾਲ ਨਾਲ ਗੰਭੀਰ ਵੀ ਸੀ। ਨੌਜਵਾਨ ਪੀੜ੍ਹੀ ਦੇ ਹੱਥ ਵਿਚ ਕਿਤਾਬਾਂ ਦੀ ਜਗ੍ਹਾ ਮੋਬਾਇਲ ਫ਼ੋਨ ਆ ਗਏ ਹਨ ਪਰ ਮੋਬਾਇਲ ਫ਼ੋਨ ਕੋਈ ਸਮੱਸਿਆ ਨਹੀਂ ਹਨ। ਜੇਕਰ ਵਧੀਆ ਸਾਹਿਤ ਬਾਜ਼ਾਰ ਵਿਚ ਆਉਂਦਾ ਹੈ ਤਾਂ ਲੋਕ ਫ਼ੋਨ ’ਤੇ ਵੀ ਕਿਤਾਬ ਪੜ੍ਹ ਲੈਂਦੇ ਹਨ। ਸ਼ਰਤ ਇਹ ਕਿ ਲਿਖਤਾਂ ਆਮ ਲੋਕਾਂ ਦੀ ਸਮਝ ਅਤੇ ਸਵਾਦ ਮੁਤਾਬਿਕ ਹੋਣ। ਲੇਖਕ ਦੀ ਭਾਸ਼ਾ ਸ਼ੈਲੀ ਸਰਲ ਤੇ ਰੌਚਿਕ ਹੋਵੇ ਤਾਂ ਉਹ ਆਪ ਹੀ ਪਾਠਕ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।

ਮਨਦੀਪ ਕੌਰ, ਲੁਧਿਆਣਾ


(3)

ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਸਾਡੇ ਸਮਿਆਂ ਦੀ ਸਾਹਿਤ ਪ੍ਰਤੀ ਘਟੀ ਰੁਚੀ ਦੀ ਗਵਾਹੀ ਭਰਦਾ ਹੈ। ਪੁਰਾਣੇ ਸਮਿਆਂ ਵਿਚ ਕਿਸੇ ਨਵੀਂ ਸਾਹਿਤਕ ਪੁਸਤਕ ਦੀ ਆਮਦ ਨੂੰ ਲੈ ਕੇ ਪਾਠਕ ਵਰਗ ਦੀ ਉਸ ਨੂੰ ਖਰੀਦਣ ਦੀ ਉਤਸੁਕਤਾ ਅਜੋਕੇ ਆਧੁਨਿਕ ਸਮੇਂ ਵਿਚ ਮੋਬਾਇਲ ਕਲਚਰ ਨੇ ਜਿਸ ਹੱਦ ਤਕ ਖ਼ਤਮ ਕਰ ਦਿੱਤੀ ਹੈ, ਉਸ ਪ੍ਰਤੀ ਸਾਨੂੰ ਖ਼ਾਸ ਕਰ ਕੇ ਸਾਹਿਤ-ਪ੍ਰੇਮੀਆਂ, ਪ੍ਰਕਾਸ਼ਨਾ ਅਦਾਰਿਆ ਅਤੇ ਲੇਖਕਾਂ ਨੂੰ ਕੁਝ ਖ਼ਾਸ ਉਸਾਰੂ ਕਦਮ ਚੁੱਕਣੇ ਪੈਣਗੇ।

ਬਿਕਰਮਜੀਤ ਸਿੰਘ ਜੀਤ, ਅੰਮ੍ਰਿਤਸਰ


(4)

4 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਸੁਖਦੇਵ ਸਿੰਘ ਮਾਨ ਦਾ ਲਿਖਿਆ ਮਿਡਲ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਪੜ੍ਹਿਆ। ਸੁਖਦੇਵ ਸਿੰਘ ਮਾਨ ਨੇ ਬਹੁਤ ਡੂੰਘੀ ਗੱਲ ਬਹੁਤ ਸੋਹਣੇ ਸ਼ਬਦਾਂ ਨਾਲ ਬਿਆਨ ਕੀਤੀ ਹੈ। ਪਹਿਲਾਂ ਦੇ ਸਮਿਆਂ ਵਿਚ ਲੋਕਾਂ ਦਾ ਕਿਤਾਬਾਂ ਨਾਲ ਬੜਾ ਮੋਹ ਹੁੰਦਾ ਸੀ ਪਰ ਜਦੋਂ ਦੇ ਮੋਬਾਇਲ ਫ਼ੋਨ ਆਏ ਹਨ, ਪਾਠਕਾਂ ਦੇ ਹੱਥਾਂ ਵਿਚ ਕਿਤਾਬਾਂ ਘਟ ਗਈਆਂ ਅਤੇ ਮੋਬਾਇਲ ਫ਼ੋਨ ਵਧ ਗਏ ਹਨ। ਪਹਿਲਾਂ ਦੇ ਸਮਿਆਂ ਵਿਚ ਪਾਠਕਾਂ ਨੂੰ ਕਿਤਾਬਾਂ ਦੀ ਉਡੀਕ ਰਹਿੰਦੀ ਸੀ ਪਰ ਹੁਣ ਕਿਤਾਬ ਨੂੰ ਪਾਠਕਾਂ ਦੀ ਉਡੀਕ ਰਹਿੰਦੀ ਹੈ।

ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ)


(5)

ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ…’ ਸਮੇਂ ਦੀ ਬਦਲਦੀ ਨੁਹਾਰ ’ਤੇ ਦਿਲਚਸਪ ਝਾਤ ਪਾਉਂਦਾ ਹੈ। ਲੇਖਕ ਦੱਸਦਾ ਹੈ ਕਿ ਕਿਵੇਂ ਸਮਾਂ ਬਦਲਣ ਨਾਲ ਲੋਕਾਂ ਦੀਆਂ ਹੋਰ ਰੁਚੀਆਂ ਦੇ ਨਾਲ ਨਾਲ ਸਾਹਿਤਕ ਰੁਚੀਆਂ ਵੀ ਬਦਲ ਰਹੀਆਂ ਹਨ।

ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


(6)

ਸੁਖਦੇਵ ਸਿੰਘ ਮਾਨ ਦੀ ਰਚਨਾ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਸੱਚਾਈ ਪੇਸ਼ ਕਰਦੀ ਹੈ। ਸੱਚਮੁੱਚ ਮੋਬਾਇਲਾਂ ਨੇ ਕਿਤਾਬਾਂ ਦੇ ਵੁਕੱਅਤ ਘਟਾ ਦਿੱਤੀ ਹੈ। ਅੱਜ ਦੀ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਲਈ ਯਤਨ ਹੋਣੇ ਚਾਹੀਦੇ ਹਨ।

ਰਾਜਨਦੀਪ ਕੌਰ ਮਾਨ, ਈਮੇਲ


ਦੁਸ਼ਵਾਰੀਆਂ ਦਾ ਸਾਹਮਣਾ

2 ਫਰਵਰੀ ਨੂੰ ਟ੍ਰਿਬਿਊਨ ਦੇ 140 ਸਾਲ ਹੋਣ ਮੌਕੇ ਛਾਪੇ ਲੇਖ ਪੜ੍ਹੇ। ਗੁਰਦੇਵ ਸਿੰਘ ਸਿੱਧੂ ਤੇ ਡਾ. ਮੁਹੰਮਦ ਇਦਰੀਸ ਦੇ ਲੇਖਾਂ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਹੋਈ ਕਿ ਕਿਵੇਂ ਦਿਆਲ ਸਿੰਘ ਮਜੀਠੀਆ ਨੇ 1881 ਨੂੰ ਟ੍ਰਿਬਿਊਨ ਆਰੰਭ ਕੀਤਾ। ਸਮੇਂ ਸਮੇਂ ਅਨੇਕਾਂ ਸਮਾਜਿਕ, ਸਿਆਸੀ ਉਥਲ-ਪੁਥਲ ਕਰ ਕੇ ਦੁਸ਼ਵਾਰੀਆਂ ਤੇ ਮੁਸ਼ਕਿਲਾਂ ਵੀ ਆਈਆਂ ਜਿਸ ਕਰ ਕੇ ਇਹ ਕੁਝ ਹਫ਼ਤੇ ਬੰਦ ਵੀ ਰਿਹਾ ਪਰ ਫਿਰ ਨਿਰੰਤਰ ਆਮ ਲੋਕਾਂ ਦੀ ਅਗਵਾਈ ਕਰਦਾ ਰਿਹਾ। ਇਸ ਕਾਰਜ ਵਿਚ 15 ਅਗਸਤ 1978 ਤੋਂ ਪੰਜਾਬੀ ਟ੍ਰਿਬਿਊਨ ਅਤੇ ਦੈਨਿਕ ਟ੍ਰਿਬਿਊਨ ਵੀ ਹਿੱਸਾ ਪਾ ਰਹੇ ਹਨ।

ਜਸਬੀਰ ਕੌਰ, ਅੰਮ੍ਰਿਤਸਰ


ਔਖੇ ਵੇਲਿਆਂ ਦੀ ਪੱਤਰਕਾਰੀ

5 ਫਰਵਰੀ ਦਾ ਸੰਪਾਦਕੀ ‘ਦੇਹ ’ਤੇ ਲਿਖੀਆਂ ਖ਼ਬਰਾਂ’ ਪੜ੍ਹਿਆ। ਮਨਦੀਪ ਪੂਨੀਆ ਦੇ ਕੇਸ ਤੋਂ ਜ਼ਾਹਿਰ ਹੈ ਕਿ ਸਾਡੇ ਦੇਸ਼ ਵਿਚ ਪੱਤਰਕਾਰਾਂ ਨੂੰ ਸੰਵਿਧਾਨ ਤਹਿਤ ਮਿਲੀ ਆਜ਼ਾਦੀ ਵੀ ਨਹੀਂ ਮਿਲ ਰਹੀ। ਹੁਣ ਜ਼ਿਆਦਾਤਰ ਮੀਡੀਆ ਅਮੀਰ ਆਦਮੀਆਂ ਦੇ ਹੱਥ ਵਿਚ ਹੈ ਜੋ ਸਰਕਾਰੀ ਬੋਲੀ ਹੀ ਬੋਲਦਾ ਹੈ। ਨਿਰਪੱਖ ਅਤੇ ਨਿਡਰ ਪੱਤਰਕਾਰੀ ਹੁਣ ਦੁਰਲੱਭ ਹੋ ਰਹੀ ਹੈ। ਸੁਤੰਤਰ ਪੱਤਰਕਾਰਾਂ ਨੂੰ ਸਰਕਾਰ, ਮਾਫ਼ੀਆ, ਗੁੰਡਿਆਂ, ਪੁਲੀਸ, ਅਤਿਵਾਦੀਆਂ, ਦੋ ਨੰਬਰ ਦਾ ਧੰਦਾ ਕਰਨ ਵਾਲੇ ਲੋਕਾਂ ਅਤੇ ਕੁਝ ਅਮੀਰ ਲੋਕਾਂ ਤੋਂ ਖ਼ਤਰਾ ਹੈ। ਆਜ਼ਾਦ ਪੱਤਰਕਾਰੀ ਤੋਂ ਬਗ਼ੈਰ ਲੋਕ ਹਿਤਾਂ ਦੀ ਗੱਲ ਕਰਨਾ ਮੁਸ਼ਕਿਲ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੱਤਰਕਾਰਾਂ ਨੂੰ ਨਿਡਰ ਹੋ ਕੇ ਕੰਮ ਕਰਨ ਦਿੱਤਾ ਜਾਵੇ।

ਪ੍ਰੋ. ਸ਼ਾਮ ਲਾਲ ਕੌਸ਼ਿਕ, ਰੋਹਤਕ (ਹਰਿਆਣਾ)

ਪਾਠਕਾਂ ਦੇ ਖ਼ਤ

Feb 05, 2021

ਸਰਕਾਰ ਅਤੇ ਸਮੱਸਿਆ

4 ਫਰਵਰੀ ਨੂੰ ਸੰਪਾਦਕੀ ‘ਜਮਹੂਰੀਅਤ ਵਿਰੋਧੀ ਕਦਮ’ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਕਿਸਾਨ ਅੰਦੋਲਨ ਹੁਣ ਤੀਜੇ ਦੌਰ ’ਚ ਪਹੁੰਚ ਗਿਆ ਹੈ। ਪਹਿਲਾ ਪੜਾਅ ਕਾਨੂੰਨਾਂ ਦੇ ਵਿਰੋਧ ’ਚ ਸ਼ੁਰੂ ਹੋਇਆ; ਦੂਜਾ ਦੌਰ ਸੀ 26 ਜਨਵਰੀ ਅਤੇ ਤੀਜਾ ‘ਟਿਕੈਤ ਦੇ ਅੱਥਰੂਆਂ’ ਵਾਲਾ ਸੀ। ਸਮਾਜ ਵਿਚ ਪੈਦਾ ਹੋਈਆਂ ਸਮੱਸਿਆਵਾਂ ਹੱਲ ਕਰਨ ਲਈ ਹੁੰਦੀਆਂ ਹਨ ਨਾ ਕਿ ਉਨ੍ਹਾਂ ਨੂੰ ਯੁੱਧ ਵਿਚ ਬਦਲਣ ਲਈ। ਸਰਕਾਰ ਕਿਸਾਨਾਂ ਦੀ ਤਾਕਤ ਪਰਖ ਰਹੀ ਹੈ, ਸਮੱਸਿਆ ਦਾ ਹੱਲ ਨਹੀਂ ਕਰ ਰਹੀ। ਕਾਨੂੰਨ ਤਾਂ ਫਿਰ ਵੀ ਬਣਾਏ ਜਾ ਸਕਦੇ ਹਨ ਪਰ ਦੁਖਾਂਤ ਵਾਪਸ ਨਹੀਂ ਹੋ ਸਕਣਗੇ। ਇਸੇ ਦਿਨ ਸੁਖਦੇਵ ਸਿੰਘ ਮਾਨ ਦਾ ਅੱਡੇ ਵਾਲੀ ਕਿਤਾਬਾਂ ਦੀ ਦੁਕਾਨ ਦੇ ਮਿਡਲ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਵਿਚ ਲਿਖਿਆ ਬਿਰਤਾਂਤ ਇੰਟਰਨੈੱਟ ’ਤੇ ਸੋਸ਼ਲ ਮੀਡੀਆ ਦੀ ਆਮਦ ਕਾਰਨ ਤਬਦੀਲੀ ਦੇ ਦਰਦ ਨੂੰ ਬਿਆਨਦਾ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


(2)

ਸੰਪਾਦਕੀ ‘ਜਮਹੂਰੀਅਤ ਵਿਰੋਧੀ ਕਦਮ’ ਸ਼ਾਂਤਮਈ ਕਿਸਾਨੀ ਅੰਦੋਲਨ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਦਾ ਵੇਰਵਾ ਹੈ। ਸੜਕਾਂ ਵਿਚ ਗੱਡੀਆਂ ਕਿੱਲਾਂ ਤੇ ਦੂਜੀਆਂ ਰੁਕਾਵਟਾਂ ਸਾਬਤ ਕਰ ਰਹੀਆਂ ਹਨ ਕਿ ਕਿਸਾਨ ਭਾਰਤ ਦੇਸ਼ ਦੇ ਨਾਗਰਿਕ ਨਹੀਂ। ਲੋਕ ਘਰ-ਪਰਿਵਾਰ ਛੱਡ ਕੇ ਮਹੀਨਿਆਂ ਤੋਂ ਸੜਕਾਂ ’ਤੇ ਡੇਰਾ ਲਾ ਕੇ ਬੈਠੇ ਹਨ ਪਰ ਪੱਥਰ ਦਿਲ ਹਾਕਮ ਅਜੇ ਵੀ ਅੜੇ ਹੋਏ ਹਨ।

ਅਨਿਲ ਕੌਸ਼ਿਕ, ਪਿੰਡ ਕਿਉੜਕ (ਕੈਥਲ, ਹਰਿਆਣਾ)


(3)

ਸੰਪਾਦਕੀ ‘ਜਮਹੂਰੀਅਤ ਵਿਰੋਧੀ ਕਦਮ’ ਤਾਜ਼ਾ ਹਾਲਾਤ ਬਿਆਨ ਕਰਦੀ ਹੈ। 26 ਜਨਵਰੀ ਤੋਂ ਬਾਅਦ ਕੇਂਦਰ ਦਾ ਕਿਸਾਨਾਂ ਵੱਲ ਵਤੀਰਾ ਬਹੁਤ ਜ਼ਿਆਦਾ ਮਾੜਾ ਹੋ ਚੁੱਕਿਆ ਹੈ। ਦਿੱਲੀ ਪੁਲੀਸ ਕਿਸਾਨ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਭਲਾ ਹੋਵੇ, ਨਾਲ ਲੱਗਦੇ ਪਿੰਡਾਂ ਦਾ ਜਿਹੜੇ ਕਿਸਾਨਾਂ ਦੀ ਦਿਲੋਂ ਮਦਦ ਕਰ ਰਹੇ ਹਨ। ਸਰਕਾਰ ਦਾ ਇਹ ਵਹਿਮ ਹੈ ਕਿ ਕਿਸਾਨ ਪ੍ਰੇਸ਼ਾਨ ਹੋ ਕੇ ਵਾਪਸ ਚਲੇ ਜਾਣਗੇ। ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ, ਮੁਹਾਲੀ


(4)

4 ਫਰਵਰੀ ਦਾ ਸੰਪਾਦਕੀ ‘ਜਮਹੂਰੀਅਤ ਵਿਰੋਧੀ ਕਦਮ’ ਪੜ੍ਹਿਆ। ਕਿਸਾਨ ਅੰਦੋਲਨ ਵਾਲੀਆਂ ਥਾਵਾਂ ਦੇ ਇਰਦ-ਗਿਰਦ ਸਰਕਾਰੀ ਮੋਰਚਾਬੰਦੀ ਦੇ ਆਮ ਨਾਗਰਿਕਾਂ ਅਤੇ ਕਿਸਾਨਾਂ ’ਤੇ ਪੈ ਰਹੇ ਪ੍ਰਭਾਵ ਵੀ ਵਿਆਖਿਆ ਕੀਤੀ ਹੈ। ਜੇ ਇਸ ਕਾਰਵਾਈ ਦਾ ਮਕਸਦ ਕਿਸਾਨਾਂ ਨੂੰ ਦਿੱਲੀ ਵਿਚ ਜਨਤਕ ਥਾਵਾਂ ’ਤੇ ਮੁਜ਼ਾਹਰਾ ਕਰਨ ਤੋਂ ਰੋਕਣਾ ਹੈ (ਜੋ ਲੱਗਦਾ ਨਹੀਂ ਹੈ), ਤਦ ਉਹ ਵੀ ਜਮਹੂਰੀਅਤ ਵਿਰੋਧੀ ਕਦਮ ਹੈ। ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ (ਹਿੰਮਤ ਲਾਲ ਕੇ ਸ਼ਾਹ, 1973) ਦੇ ਫ਼ੈਸਲੇ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਜਮਹੂਰੀ ਢਾਂਚੇ ਵਿਚ ਇਕੱਠੇ ਹੋਣ ਦਾ ਅਧਿਕਾਰ ਜ਼ਰੂਰੀ ਤੱਤ ਹੈ…ਗਲੀਆਂ ਵਿਚ ਜਨਤਕ ਮੀਟਿੰਗ ਕਰਨਾ ਮੌਲਿਕ ਹੱਕ ਹੈ ਅਤੇ ਇਹ ਖੋਹਿਆ ਨਹੀਂ ਜਾ ਸਕਦਾ। ਜਮਹੂਰੀਅਤ ਕਾਇਮ ਰੱਖਣਾ ਸਰਕਾਰ ਦੇ ਹੱਥ ਹੈ ਨਾ ਕਿ ਕਿਸੇ ਅੰਦੋਲਨਕਾਰੀ ਦੇ। ਕਿਸਾਨ   ਅੰਦੋਲਨ ਜਮਹੂਰੀਅਤ ਦੀ ਲਛਮਣ ਰੇਖਾ ਅੰਦਰ ਵਿਚਰ ਰਿਹਾ ਹੈ। 3 ਫਰਵਰੀ ਦਾ ਸੰਪਾਦਕੀ ‘ਸ਼ਨਾਖ਼ਤ ਕਰਨ ਦੀ ਜ਼ਰੂਰਤ’ ਪੜ੍ਹਿਆ। ਇਸ ਵਿਚ ਦਿੱਲੀ ਪੁਲੀਸ ਦੇ ਗਾਜ਼ੀਪੁਰ ਅਤੇ ਸਿੰਘੂ ਬਾਰਡਰ ’ਤੇ ਸ਼ਾਂਤਮਈ ਕਿਸਾਨ ਅੰਦੋਲਨ ਅਤੇ ਜਨਵਰੀ 2020 ਵਿਚ ਸੀਏਏ ਕਾਨੂੰਨਾਂ ਦੇ ਦਿੱਲੀ ਵਿਖੇ ਹੋਏ ਵਿਰੋਧ ਨੂੰ ਖਦੇੜਨ ਵਿਚ ਨਿਭਾਈ ਭੂਮਿਕਾ ਦੀ ਗੱਲ ਕੀਤੀ ਗਈ ਹੈ। ਬਿਲਕੁਲ ਸਹੀ  ਸੁਝਾਅ ਹੈ ਕਿ ਦੋਹਾਂ ਮਾਮਲਿਆਂ ਵਿਚ ਹੁੱਲੜਬਾਜ਼ੀ  ਕਰਨ ਵਾਲਿਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਰ ਸਵਾਲ ਹੈ ਕਿ ਸ਼ਨਾਖ਼ਤ ਕਰੇਗਾ ਕੌਣ?

ਜਗਰੂਪ ਸਿੰਘ ਉੱਭਾਵਾਲ (ਸੰਗਰੂਰ)


ਕਿਤਾਬਾਂ, ਲੇਖਕ ਅਤੇ ਪਾਠਕ

4 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਪੜ੍ਹਿਆ। ਸਮੇਂ ਨਾਲ ਤਬਦੀਲੀ ਸੁਭਾਵਕ ਹੈ। ਪਾਠਕ ਅੱਜ ਵੀ ਸਥਾਪਤ ਲੇਖਕਾਂ ਦੀਆਂ ਕਿਤਾਬਾਂ ਖ਼ਰੀਦਣ ਵੇਲੇ ਕੋਈ ਗੁਰੇਜ਼ ਨਹੀਂ ਕਰਦੇ। ਅਸਲ ਵਿਚ ਸਾਹਿਤ ਸਭਾਵਾਂ ਨੇ ਕਿਤਾਬਾਂ ਨੂੰ ਹੀ ਕਿਸੇ ਦੇ ਲੇਖਕ ਹੋਣ ਦਾ ਆਧਾਰ ਬਣਾ ਲਿਆ ਹੈ। ਜਿਸ ਨੂੰ ਥੋੜ੍ਹੀ ਬਹੁਤ ਕਲਮ ਚਲਾਉਣੀ ਆਉਂਦੀ ਹੈ, ਉਹ ਝੱਟ ਕਿਤਾਬ ਛਪਵਾ ਲੈਂਦਾ ਹੈ। ਚੰਗੇ ਲੇਖਕਾਂ ਦੀਆਂ ਚੰਗੀਆਂ ਕਿਤਾਬਾਂ ਪਹਿਲਾਂ ਵੀ ਛਪਦੀਆਂ ਸਨ, ਹੁਣ ਵੀ ਛਪਦੀਆਂ ਹਨ; ਪਹਿਲਾਂ ਵੀ ਵਿਕਦੀਆਂ ਸਨ, ਹੁਣ ਵੀ ਵਿਕਦੀਆਂ ਹਨ ਪਰ ਪਾਠਕ ਕੀ ਪੜ੍ਹਨਾ ਚਾਹੁੰਦੇ ਹਨ, ਬਹੁਤੇ ਲੇਖਕ ਇਹ ਨਹੀਂ ਦੇਖਦੇ। 

ਰਮੇਸ਼ਵਰ ਸਿੰਘ, ਪਟਿਆਲਾ

ਪਾਠਕਾਂ ਦੇ ਖ਼ਤ

Feb 04, 2021

ਪਤੰਗਬਾਜ਼ੀ ਤੇ ਚਾਈਨਾ ਡੋਰ

ਅੱਜਕੱਲ੍ਹ ਪਿੰਡ ਕੀ ਤੇ ਸ਼ਹਿਰ ਕੀ, ਹਰ ਪਾਸੇ ਬੱਚਿਆਂ ਤੇ ਨੌਜਵਾਨਾਂ ਵਿਚ ਪਤੰਗਬਾਜ਼ੀ ਦਾ ਜਨੂੰਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਦੀਆਂ ਟੋਲੀਆਂ ਪਤੰਗ ਲੁੱਟਣ ਲਈ ਕੜਾਕੇ ਦੀ ਸਰਦੀ ਵਿਚ ਸੜਕਾਂ ਤੇ ਗਲੀਆਂ ਵਿਚ ਨੰਗੇ ਪੈਰ ਘੁੰਮਦੀਆਂ ਰਹਿੰਦੀਆਂ ਹਨ, ਪਰ ਸਭ ਤੋਂ ਵੱਡੀ ਖ਼ਤਰੇ ਵਾਲੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰਾਂ ਵਿਚ ਚਾਈਨਾ ਡੋਰ ਬਹੁਤ ਵਿਕ ਰਹੀ ਹੈ, ਜੋ ਕਿ ਬੱਚਿਆਂ ਤੇ ਜਾਨਵਰਾਂ ਲਈ ਬਹੁਤ ਖ਼ਤਰਨਾਕ ਸਿੱਧ ਹੋ ਰਹੀ ਹੈ। ਹਰ ਰੋਜ਼ ਅਸੀਂ ਅਖ਼ਬਾਰਾਂ ਵਿਚ ਪੜ੍ਹ ਰਹੇ ਹਾਂ ਕਿ ਚਾਈਨਾ ਡੋਰ ਨਾਲ ਗਰਦਨ ਕੱਟਣ ਕਰਕੇ ਰੋਜ਼ ਇਕ ਬੇਕਸੂਰ ਨੂੰ ਆਪਣੀ ਜਾਨ ਦੇਣੀ ਪੈ ਰਹੀ ਹੈ। ਇਹ ਡੋਰ ਆਮ ਡੋਰਾਂ ਨਾਲੋਂ ਬਹੁਤ ਖ਼ਤਰਨਾਕ ਹੁੰਦੀ ਹੈ ਤੇ ਮਹਿੰਗੀ ਵੀ, ਇਸ ਦੇ ਬਾਵਜੂਦ ਇਹ ਡੋਰ ਬਾਜ਼ਾਰ ਵਿਚ ਧੜੱਲੇ ਨਾਲ ਵਿਕ ਰਹੀ ਹੈ। ਇਹ ਪ੍ਰਸ਼ਾਸਨ ਤੇ ਸਰਕਾਰ ਦੇ ਸਹੀ ਕਦਮ ਨਾ ਚੁੱਕਣ ਦਾ ਨਤੀਜਾ ਹੈ। ਹੁਣ ਸਾਨੂੰ ਸਭ ਨੂੰ ਸਰਕਾਰ ਤੋਂ ਉਮੀਦਾਂ ਛੱਡ ਕੇ ਆਪ ਹੀ ਅੱਗੇ ਵਧ ਕੇ ਇਸ ਦੀ ਵਿਕਰੀ ਰੋਕਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ।

ਸਾਕਸ਼ੀ  ਸ਼ਰਮਾ, ਜਲੰਧਰ


ਸੱਚੀ ਰਿਪੋਰਟਿੰਗ

ਦੋ ਫਰਵਰੀ ਨੂੰ ਦਿਆਲ ਸਿੰਘ ਮਜੀਠੀਆ ਜੀ ਦੀ ਯਾਦ ਅਤੇ ‘ਦਿ ਟਿ੍ਰਬਿਊਨ’ ਦੀ 140ਵੀਂ ਵਰ੍ਹੇਗੰਢ ਮੌਕੇ ਛਾਪੀ ਸਮੱਗਰੀ ਪੜ੍ਹੀ। ਐਨ.ਐਨ. ਵੋਹਰਾ ਦੇ ਲੇਖ ਤੋਂ ਪਤਾ ਲੱਗਾ ਕਿ 1919 ਵਿਚ ਜੱਲਿ੍ਹਆਂਵਾਲੇ ਬਾਗ਼ ਦੇ ਸਾਕੇ ਦੀ ਸੱਚੀ ਰਿਪੋਰਟਿੰਗ ਕਰਨ ਬਦਲੇ ਤਤਕਾਲੀ ਸੰਪਾਦਕ ਕਾਲੀ ਨਾਥ ਰੇਅ ਨੂੰ ਅੰਗਰੇਜ਼ ਸਰਕਾਰ ਨੇ ਗਿ੍ਰਫ਼ਤਾਰ ਕਰਕੇ ਅਖ਼ਬਾਰ ਬੰਦ ਕਰਵਾ ਦਿੱਤਾ ਸੀ, ਪਰ ਸਰਕਾਰ ਨੂੰ ਸੰਪਾਦਕ ਨੂੰ ਰਿਹਾਅ ਵੀ ਕਰਨਾ ਪਿਆ ਤੇ ਅਖ਼ਬਾਰ ਮੁੜ ਚਾਲੂ ਹੋ ਗਿਆ ਸੀ। ਇਸੇ ਅੰਕ ਵਿਚ ਪ੍ਰਧਾਨ ਮੰਤਰੀ ਨੇ ਆਪਣੇ ਸੁਨੇਹੇ ਵਿਚ ਮੀਡੀਆ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਿਵੇਂ ਕੁਝ ਸਾਲਾਂ ਵਿਚ ਇਸ ਅਖ਼ਬਾਰ ਨੇ ਸਮਾਜਿਕ ਤੇ ਵਿਹਾਰਕ ਬਦਲਾਓ ਲਈ ਚੱਲੀਆਂ ਮੁਹਿੰਮਾਂ ਨੂੰ ਮਜ਼ਬੂਤੀ ਬਖ਼ਸ਼ੀ ਹੈ, ਇਨ੍ਹਾਂ ਨੂੰ ਲੋਕ ਮੁਹਿੰਮਾਂ ਬਣਾਉਣ ਲਈ ਯੋਗਦਾਨ ਪਾਇਆ ਹੈ। ਆਪਣੇ ਸੁਨੇਹੇ ਵਿਚ ਰਾਸ਼ਟਰਪਤੀ ਕਹਿੰਦੇ ਹਨ ਕਿ ਟਿ੍ਰਬਿਊਨ ਹਮੇਸ਼ਾ ਆਜ਼ਾਦ ਤੇ ਨਿਰਪੱਖ ਪੱਤਰਕਾਰੀ ਕਰਦਾ ਆ ਰਿਹਾ ਹੈ। ਇਹ ਅਖ਼ਬਾਰ ਇਤਿਹਾਸਕ ਅਤੇ ਕੌਮੀ ਅੰਦੋਲਨਾਂ ਦਾ ਅਹਿਮ ਹਿੱਸਾ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੌਜੂਦਾ ਦੌਰ ਵਿਚ ਵੀ ਟਿ੍ਰਬਿਊਨ ਲੋਕਾਂ ਦੇ ਦੁੱਖ ਬਿਆਨ ਕਰਦਾ ਹੋਇਆ ਆਜ਼ਾਦ ਤੇ ਸੱਚੀ-ਸੁੱਚੀ ਪੱਤਕਰਾਰੀ ਕਰ ਰਿਹਾ ਹੈ। ਕਹਿਣ ਦੀ ਲੋੜ ਨਹੀਂ  ਕਿ ਅੱਜ ਕਿਸਾਨਾਂ ਅਤੇ ਸੱਚੇ ਪੱਤਰਕਾਰਾਂ ਨਾਲ ਸਰਕਾਰ ਵੱਲੋਂ ਜਿਹੜੀਆਂ ਸੰਵੇਦਨਹੀਣ ਦਮਨਕਾਰੀ ਨੀਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸਰਾਸਰ ਧੱਕਾ ਵੀ ਹੈ ਤੇ ਆਪਣੇ ਹੀ ਲੋਕਾਂ ’ਤੇ ਜ਼ੁਲਮ ਵੀ। ਸਰਕਾਰ ਆਪਣੇ ਗਿਰੇਵਾਨ ਅੰਦਰ ਝਾਤ ਮਾਰ ਕੇ ਕਿਉਂ ਨਹੀਂ ਦੇਖ ਰਹੀ ਕਿ ਅੰਨ੍ਹਾ ਜ਼ੁਲਮ ਕਿਸ ਦੀ ਖ਼ੁਸ਼ੀ ਵਾਸਤੇ ਢਾਹਿਆ ਜਾ ਰਿਹਾ ਹੈ?

ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)

(2)

‘ਦਿ ਟਿ੍ਰਬਿਊਨ’ ਦੇ ਇਤਿਹਾਸ ਤੇ ਵਿਕਾਸ ਬਾਰੇ ਸਾਰੇ ਹੀ ਲੇਖ ‘ਆਪਣੇ ਬਾਨੀ ਨੂੰ ਯਾਦ ਕਰਦਿਆਂ’, ‘ਰਾਸ਼ਟਰ ਦੀ ਅਵਾਜ਼’, ‘ਔਖੇ ਸਮਿਆਂ ’ਚ ਟਿ੍ਰਬਿਊਨ ਦੀ ਬਾਤ’, ‘ਪੰਜਾਬ ਦੀ ਹੋਣੀ ਅਤੇ ਮੁਲਕ ਦੀ ਵੰਡ’, ‘ਦਿ ਟਿ੍ਰਬਿਊਨ ਅਤੇ ਆਜ਼ਾਦੀ ਅੰਦੋਲਨ’, ‘ਦਿ ਟਿ੍ਰਬਿਊਨ ਦੀ ਸਥਾਪਨਾ, ਵਿਕਾਸ ਅਤੇ ਯੋਗਦਾਨ ਅਤੇ 140 ਸਾਲਾਂ ਦੇ ਇਤਿਹਾਸ ਦਾ ਗਵਾਹ ਦਿ ਟਿ੍ਰਬਿਊਨ’ ਗਿਆਨ ਭਰਪੂਰ ਹਨ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ


ਮਹਿੰਗਾਈ ਵਧਾਉਣ ਵਾਲਾ ਬਜਟ

ਬਜਟ 2021 ਨਾ ਕੇਵਲ ਦਿਸ਼ਾਹੀਣ ਹੈ, ਬਲਕਿ ਆਮ ਲੋਕਾਂ ਲਈ ਨੁਕਸਾਨਦੇਹ ਵੀ ਹੈ। ਜਿੱਥੇ ਸਰਕਾਰ ਨੇ ਲਾਭ ਕਮਾ ਰਹੇ ਜਨਤਕ ਅਦਾਰਿਆਂ ਦੇ ਅੰਨ੍ਹੇਵਾਹ ਨਿਜੀਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸਰਕਾਰ ਦੀਆਂ ਸਮਾਜਿਕ ਸਕੀਮਾਂ ’ਤੇ ਵੀ ਪੈਸੇ ਦੀ ਵੰਡ ਨੂੰ ਘਟਾ ਦਿੱਤਾ ਹੈ। ਕਿਸਾਨ, ਨੌਕਰੀਆਂ ਅਤੇ ਹੁਨਰ ਵਿਕਾਸ, ਗ੍ਰਾਮ ਸੜਕ ਯੋਜਨਾ, ਰੁਜ਼ਗਾਰ ਉਤਪਤੀ ਪ੍ਰੋਗਰਾਮ ਅਤੇ ਖੇਲੋ ਇੰਡੀਆ ਦੇ ਨਾਲ-ਨਾਲ ਸਭ ਤੋਂ ਮਹੱਤਵਪੂਰਨ ਖੇਤੀਬਾੜੀ ਸਹਾਇਕ ਧੰਦਿਆਂ ਅਤੇ ਸਿੱਖਿਆ ਖੇਤਰ ਲਈ ਵੀ ਪੈਸੇ ਦੀ ਵੰਡ ਵਿਚ ਕਟੌਤੀ ਕੀਤੀ ਹੈ। ਲਾਭ ਪ੍ਰਾਪਤ ਕਰਨ ਵਾਲੇ ਅਦਾਰੇ ਵੇਚ ਕੇ ਜਿੱਥੇ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਮਾਲੀਏ ਦੀ ਕਮੀ ਆਵੇਗੀ, ਉੱਥੇ ਸਰਕਾਰ ਨੂੰ ਜਨਤਕ ਖ਼ਰਚੇ ਘਟਾਉਣ ਲਈ ਵੀ ਮਜਬੂਰ ਹੋਣਾ ਪਵੇਗਾ। ਵੱਧ ਟੈਕਸ ਲੱਗਣ ਕਾਰਨ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਨੂੰ ਮਹਿੰਗਾਈ ਦਾ ਵੀ ਸਾਹਮਣਾ ਕਰਨਾ ਪਵੇਗਾ।

ਡਾ. ਰਾਜੀਵ ਖੋਸਲਾ, ਚੰਡੀਗੜ੍ਹ

(2)

ਸਰਕਾਰ ਨੇ ਬਜਟ ’ਚ ਮਗਨਰੇਗਾ ਰਕਮ ਵਿਚ ਵਾਧਾ ਕਰਨ ਦੀ ਬਜਾਏ ਕਟੌਤੀ ਕਰ ਕੇ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੀ ਦੁਸ਼ਮਣ ਹੋਣਾ ਦਿਖਾਇਆ ਹੈ। ਮਗਨਰੇਗਾ ਵਰਕਰਾਂ ਨੇ ਚੰਗਾ ਫੈ਼ਸਲਾ ਕੀਤਾ ਕਿ ਕਿਸਾਨ ਮੋਰਚੇ ਵੱਲੋਂ 6 ਫਰਵਰੀ ਦੇ ਬੰਦ ਦੇ ਸੱਦੇ ’ਚ ਸ਼ਾਮਲ ਹੋਣਗੇ।

ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)

ਪਾਠਕਾਂ ਦੇ ਖ਼ਤ

Feb 03, 2021

ਸਿੱਖਿਆ ਦਾ ਦੁਖਾਂਤ

29 ਜਨਵਰੀ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ਬਹਾਦਰ ਸਿੰਘ ਗੋਸਲ ਨੇ ਆਪਣੇ ਲੇਖ ‘ਸਕੂਲੀ ਸਿੱਖਿਆ ਦਾ ਦੁਖਾਂਤ, ਭਾਰੀ ਬਸਤੇ’ ਰਾਹੀਂ ਸਹੀ ਤੱਥ ਪੇਸ਼ ਕੀਤੇ ਗਏ ਹਨ। ਬੱਚੇ ਭਾਰੀ ਬਸਤੇ ਚੁੱਕਦੇ ਹਨ ਤੇ ਬੱਚਿਆਂ ਦੇ ਮਾਪੇ ਭਾਰੀ ਫੀਸਾਂ ਚੁੱਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰੀ ਬਸਤਿਆਂ ਤੇ ਭਾਰੀ ਫੀਸਾਂ ਦਾ ਭਾਰ ਘਟਾਉਣ ਵਿਚ ਨਵੀਂ ਸਿੱਖਿਆ ਨੀਤੀ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ? ਇਸ ਤੋਂ ਪਹਿਲਾਂ 18 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਨਗਰ ਕੌਂਸਲ ਚੋਣਾਂ ਬਾਰੇ ਹਮੀਰ ਸਿੰਘ ਦਾ ਲੇਖ ਜਾਣਕਾਰੀ ਭਰਪੂਰ ਸੀ। ਲੇਖਕ ਨੇ ਸੀਮਤ ਸ਼ਬਦਾਂ ਵਿਚ ਸੰਵਿਧਾਨਕ ਸੋਧ ਪੰਚਾਇਤੀ ਰਾਜ 73ਵੀਂ ਤੇ ਸੰਵਿਧਾਨਕ ਸੋਧ ਸ਼ਹਿਰੀ 74ਵੀਂ ਅਨੁਸਾਰ ਸਬੰਧਤ ਸੰਸਥਾਵਾਂ ਨੂੰ ਅਧਿਕਾਰ ਨਾ ਮਿਲਣ ਸਬੰਧੀ ਅਤੇ ਇਸੇ ਤਰ੍ਹਾਂ ਪਿੰਡਾਂ ਵਿਚ ਗ੍ਰਾਮ ਸਭਾਵਾਂ ਦੀ ਜਾਣਕਾਰੀ ਦਿੱਤੀ ਹੀ, ਨਾਲ ਹੀ ਸ਼ਹਿਰੀ ਖੇਤਰ ਵਿਚ ਵਾਰਡ ਸਭਾਵਾਂ ਦੀ ਜਾਣਕਾਰੀ ਵੀ ਇਸ ਲੇਖ ਤੋਂ ਮਿਲੀ।
ਹਰਮਨਪ੍ਰੀਤ ਸਿੰਘ, ਸਰਹਿੰਦ (ਫਤਹਿਗੜ੍ਹ ਸਾਿਹਬ)


ਭਾਵੁਕ ਭਾਸ਼ਣ

30 ਜਨਵਰੀ ਦਾ ਸੰਪਾਦਕੀ ‘ਬਾਬੇ ਟਿਕੈਤ ਦਾ ਅੱਥਰੂ ਖਾਰਾ’ ਪੜ੍ਹ ਕੇ ਕਿਸਾਨ ਆਗੂ ਦੇ ਭਾਵੁਕ ਭਾਸ਼ਣ ਦੀ ਚੀਸ ਮਹਿਸੂਸ ਹੋਈ। ਟੀ.ਵੀ. ਚੈਨਲਾਂ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀਆਂ ਅੱਖਾਂ ’ਚੋਂ ਨਿਕਲੇ ਅੱਥਰੂਆਂ ਨੇ ਲੱਖਾਂ ਕਿਸਾਨ ਹਿਤੈਸ਼ੀਆਂ ਨੂੰ ਵੀ ਰੋਣ ਲਾ ਦਿੱਤਾ। ਇਹ ਅੱਥਰੂ ਕੇਂਦਰ ਵੱਲੋਂ ਸੱਚ ਨੂੰ ਦਬਾਏ ਜਾਣ ਦੀਆਂ ਕੋਸ਼ਿਸ਼ਾਂ ਦਾ ਰੁਦਨ ਹੈ। ਸਰਕਾਰ ਕਿਸਾਨਾਂ ਨੂੰ ਉਖਾੜਨ ਲਈ ਜੋ ਹੱਥਕੰਡੇ ਵਰਤ ਰਹੀ ਹੈ, ਉਹ ਨਿੰਦਣਯੋਗ ਹਨ।
ਪ੍ਰਿੰ. ਗੁਰਮੀਤ ਸਿੰਘ, ਫਾਜ਼ਿਲਕਾ


(2)

ਸੰਪਾਦਕੀ ‘ਬਾਬੇ ਟਿਕੈਤ ਦਾ ਅੱਥਰੂ ਖਾਰਾ’ ਪੜ੍ਹਿਆ। 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਕੁਝ ਕਿਸਾਨ ਨਾਰਾਜ਼ ਹੋ ਕੇ ਘਰਾਂ ਨੂੰ ਆਉਣ ਲੱਗ ਪਏ ਸਨ ਪਰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਡੋਲਦੇ ਹੋਏ ਜਜ਼ਬੇ ਅਤੇ ਹਿੰਮਤ ਨੂੰ ਮੁੜ ਅੱਗੇ ਲੈ ਆਂਦਾ ਹੈ। ਹੁਣ ਸਰਕਾਰ ਨੂੰ ਫ਼ੈਸਲਾ ਸੁਣਾਉਣ ਲਈ ਬਹੁਤਾ ਸਮਾਂ ਨਹੀਂ ਲਗਾਉਣਾ ਚਾਹੀਦਾ।
ਗੁਰਕੰਵਰ ਪ੍ਰਤਾਪ ਸਿੰਘ, ਜਲੰਧਰ


(3)

ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂਆਂ ਭਿੱਜੇ ਬੋਲਾਂ ਨੇ 26 ਜਨਵਰੀ ਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਚੱਲੀ ਭਾਜਪਾ ਦੀ ਫ਼ਿਰਕੂ ਚਾਲ ਪਛਾੜ ਦਿੱਤੀ। ਬਾਬੇ ਦੇ ਧੁਰ ਅੰਦਰੋਂ ਨਿਕਲੇ ਬੋਲਾਂ ਨੇ ਸਿੱਖਾਂ ਦੀ ਅਜਿਹੀ ਸਫ਼ਾਈ ਦਿੱਤੀ ਜੋ ਲੱਖਾਂ ਸ਼ਬਦਾਂ ਨਾਲ ਵੀ ਅਸੰਭਵ ਸੀ।
ਤਰਸੇਮ ਬੁੱਟਰ, ਬਠਿੰਡਾ


(4)

ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂ ਅਮੁੱਲੇ ਹਨ ਜਿਨ੍ਹਾਂ ਨੇ ਇਕ ਵਾਰ ਝਟਕਾ ਖਾ ਗਏ ਅੰਦੋਲਨ ਵਿਚ ਨਵੀਂ ਰੂਹ ਫੂਕ ਦਿੱਤੀ ਹੈ। ਅਜਿਹੇ ਪਲ ਇਤਿਹਾਸ ਵਿਚ ਕਦੀ-ਕਦਾਈਂ ਹੀ ਨਮੂਦਾਰ ਹੁੰਦੇ ਹਨ।
ਸ਼ਮਸ਼ੇਰ ਸਿੰਘ, ਜਲੰਧਰ


ਮਿਹਨਤ ਦੀ ਬੁਲੰਦੀ

ਮਿਡਲ ‘ਮਿਸਤਰੀ ਤੋਂ ਮਾਸਟਰੀ’ (30 ਜਨਵਰੀ) ’ਚ ਸਤਨਾਮ ਉੱਭਾਵਾਲ ਨੇ ਪਿੰਡੇ ’ਤੇ ਹੰਢਾਏ ਸੰਘਰਸ਼ ਵਾਲੇ ਪਲਾਂ ਨੂੰ ਬਿਆਨਿਆ ਹੈ। ਸਚਮੁੱਚ ਸਾਡੀ ਮਿਹਨਤ ਸਾਨੂੰ ਬੁਲੰਦੀਆਂ ’ਤੇ ਪਹੁੰਚਾਉਂਦੀ ਹੈ। ਜਦੋਂ ਜਜ਼ਬਾਤ ਦਾ ਕੱਦ ਰੁਕਾਵਟਾਂ ਨਾਲੋਂ ਉੱਚਾ ਹੋਵੇ ਤਾਂ ਔਕੜਾਂ ਪੌੜੀਆਂ ਬਣ ਜਾਂਦੀਆਂ ਹਨ ਅਤੇ ਸਾਡੇ ਇਰਾਦੇ ਮੁਕੱਦਰਾਂ ਦੀ ਸੰਘੀ ਮਰੋੜ ਕੇ ਸਫ਼ਲਤਾ ਦਾ ਝੰਡਾ ਗੱਡਣਯੋਗ ਹੋ ਜਾਂਦੇ ਹਨ।
ਮਨਦੀਪ ਸ਼ੇਰੋਂ, ਸੁਨਾਮ ਊਧਮ ਸਿੰਘ ਵਾਲਾ


ਉਸਾਰੂ ਸੋਚ ਵਾਲਾ

29 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਗੁਰਮੀਤ ਕੜਿਆਲਵੀ ਦਾ ਡਾ. ਤਾਰਾ ਸਿੰਘ ਸੰਧੂ ਬਾਰੇ ਲੇਖ ਪੜ੍ਹਿਆ। ਵਿਦਿਆਰਥੀ ਆਗੂ ਤੋਂ ਖੱਬੇ ਪੱਖੀ ਚਿੰਤਕ ਵਜੋਂ ਉਭਰਿਆ ਤਾਰਾ ਸਿੰਘ ਸੰਧੂ ਅਗਾਂਹਵਧੂ ਅਮਨਪਸੰਦ ਆਗੂ ਸੀ। ਉਸ ਦੀ ਸੋਚ ਹਮੇਸ਼ਾ ਉਸਾਰੂ ਰਹੀ। 17 ਦੇਸ਼ਾਂ ਦੇ ਗੇੜਿਆਂ ਮਗਰੋਂ ਵੀ ਉਹ ਲੋੜਵੰਦ ਅਤੇ ਮੱਧਵਰਗੀ ਲੋਕਾਂ ਲਈ ਕੰਮ ਕਰਦਾ ਰਿਹਾ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)


ਜਿਨ੍ਹਾਂ ਨੂੰ ਵੱਧ ਲੋੜ ਹੈ...

14 ਜਨਵਰੀ ਦੇ ‘ਜਵਾਂ ਤਰੰਗ’ ਪੰਨੇ ’ਤੇ ਜੀਵਨਪ੍ਰੀਤ ਕੌਰ ਦਾ ਲੇਖ ‘ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀਆਂ ਸਮੱਸਿਆਵਾਂ’ ਪੜ੍ਹਿਆ। ਸੱਚਮੁੱਚ ਇਹ ਸਮੱਸਿਆਵਾਂ ਵਿਚਾਰਨਯੋਗ ਹਨ। ਇਨ੍ਹਾਂ ਲੋਕਾਂ ਨੂੰ ਹਰ ਕੰਮ ਵਿਚ ਆਮ ਨਾਲੋਂ ਵੱਧ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ਨੂੰ ਅਕਸਰ ਵਿਤਕਰੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਨੂੰ ਇਨ੍ਹਾਂ ਵਿਅਕਤੀਆਂ ਦੀਆਂ ਸਮੱਸਿਆਵਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ

ਪਾਠਕਾਂ ਦੇ ਖ਼ਤ

Feb 01, 2021

ਪ੍ਰੇਰਦੀ ਰਚਨਾ

ਸਤਨਾਮ ਉੱਭਾਵਾਲ ਦਾ ਮਿਡਲ ‘ਮਿਸਤਰੀ ਤੋਂ ਮਾਸਟਰੀ’ (30 ਜਨਵਰੀ) ਪ੍ਰੇਰਨਾਦਾਇਕ ਹੈ। ਬੱਚਿਆਂ ਦਾ ਭਵਿੱਖ ਬਣਾਉਣ ਵਿਚ ਮਾਪਿਆਂ ਤੋਂ ਬਾਅਦ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ ਹੈ। ਅਧਿਆਪਕ ਬੱਚਿਆਂ ਦੀ ਨਬਜ਼ ਜਲਦ ਪਛਾਣ ਲੈਂਦੇ ਹਨ। ਬੱਚੇ ਵੀ ਆਪਣੀ ਹਰ ਸਮੱਸਿਆ ਨੂੰ ਆਪਣੇ ਅਧਿਆਪਕਾਂ ਕੋਲ ਬੜੇ ਖੁੱਲ੍ਹੇ ਮਨ ਨਾਲ ਬਿਆਨ ਕਰ ਦਿੰਦੇ ਹਨ। ਇਸ ਲਈ ਜੋ ਵਿਦਿਆਰਥੀ ਗ਼ਰੀਬੀ ਕਾਰਨ ਆਪਣੀ ਪੜ੍ਹਾਈ ਛੱਡ ਜਾਂਦੇ ਹਨ ਤਾਂ ਅਜਿਹੇ ਮਾਮਲਿਆਂ ਵਿਚ ਅਧਿਆਪਕਾਂ ਨੂੰ ਅਜਿਹੇ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਹੱਲਾਸ਼ੇਰੀ ਦੇਣੀ ਚਾਹੀਦੀ ਹੈ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ


ਹਾਦਸੇ ਬਣਨ ਸਵਾਲ

21 ਜਨਵਰੀ ਦੀ ਸੰਪਾਦਕੀ ‘ਇਕ ਦੁਰਘਟਨਾ ਕਈ ਸਵਾਲ’ ਮਹੱਤਵਪੂਰਨ ਹੈ। ਇਕ ਭਿਆਨਕ ਸੜਕ ਹਾਦਸੇ ਵਿਚ ਰਾਤ ਨੂੰ ਸੁੱਤੇ ਪਏ 15 ਪਰਵਾਸੀ ਮਜ਼ਦੂਰਾਂ ਨੂੰ ਟਰੱਕ ਹੇਠ ਦੇ ਕੇ ਮਾਰ ਦੇਣਾ ਸੱਚਮੁੱਚ ਦੁਖਦਾਈ ਘਟਨਾ ਹੈ। ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਸਾਡੇ ਦੇਸ਼ ਦੇ ਮਾੜੇ ਸਿਸਟਮ ਦੀ ਦੇਣ ਹਨ। ਕੇਂਦਰ ਅਤੇ ਰਾਜ ਸਰਕਾਰਾਂ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਨਾਕਾਮ ਸਾਬਤ ਹੋ ਰਹੀਆਂ ਹਨ। ਅੱਜ ਮੁਲਕ ਅੰਦਰ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਦਖਲ ਵਧ ਰਿਹਾ ਹੈ, ਉਸ ਤੋਂ ਤਾਂ ਜਾਪਦਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਹਾਲਤ ਬਦਤਰ ਹੋਣ ਵਾਲੀ ਹੈ।

ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਪਰਵਾਸੀ ਭਾਰਤੀ ਬਨਾਮ ਪਰਵਾਸੀ ਪੰਜਾਬੀ

20 ਜਨਵਰੀ ਨੂੰ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦੀ ਦਿਲਚਸਪ ਲਿਖਤ ‘ਲੰਡਨ ਵਿਚ ਪਹਿਲੇ ਭਾਰਤੀ ਦੇ ਕਦਮ’ ਛਪੀ ਹੈ, ਜਿਸ ਦੀ ਇਕ ਪੰਕਤੀ ਹੈ: ‘‘ਹੋਰ ਪਿੱਛੇ ਨੂੰ ਜਾਈਏ ਤਾਂ 1854 ਵਿਚ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਆ ਵਸਦਾ ਹੈ। ਮੈਂ ਮਹਾਰਾਜਾ ਦਲੀਪ ਸਿੰਘ ਨੂੰ ਪਹਿਲਾ ਭਾਰਤੀ ਪਰਵਾਸੀ ਮੰਨਦਾ ਹਾਂ।’’ ਇਸ ਵਾਕ ਵਿਚ ਤਕਨੀਕੀ ਗਲਤੀ ਇਹ ਲੱਗੀ ਕਿ ਦਲੀਪ ਸਿੰਘ ਪੰਜਾਬ ਦਾ ਮਹਾਰਾਜਾ ਸੀ, ਭਾਰਤੀ ਮਹਾਰਾਜਾ ਨਹੀਂ। ਸੋ, ਉਹ ਪਹਿਲਾ ਪੰਜਾਬੀ ਪਰਵਾਸੀ ਸਾਬਤ ਹੁੰਦਾ ਹੈ, ਭਾਰਤੀ ਪਰਵਾਸੀ ਨਹੀਂ। ਲੇਖਕ ਨੇ ਮੁਢਲੇ ਪਰਵਾਸੀ ਔਰਤਾਂ-ਮਰਦਾਂ ਦੀ ਬੇਵਸੀ ਅਤੇ ਗਰੀਬੀ ਦਾ ਜ਼ਿਕਰ ਕੀਤਾ ਹੈ। ਦਿਆਲੂ ਗੋਰਿਆਂ ਨੇ ਰੁਲਦੇ-ਫਿਰਦੇ ਭਾਰਤੀਆਂ ਵਾਸਤੇ ਸਾਗਰ ਕੰਢੇ ਸਰਾਂ ਬਣਾਈ, ਜਿੱਥੇ ਰੁਜ਼ਗਾਰ ਮਿਲਣ ਤਕ ਰੋਟੀ ਅਤੇ ਛੱਤ ਨਸੀਬ ਹੋ ਸਕੇ। ਪਹਿਲੇ ਦਾਨੀ ਵਜੋਂ ਮਹਾਰਾਜਾ ਦਲੀਪ ਸਿੰਘ ਨੇ 500 ਪੌਂਡ ਰਕਮ ਦਿੱਤੀ।

ਡਾ. ਹਰਪਾਲ ਸਿੰਘ ਪੰਨੂ, ਬਠਿੰਡਾ


ਕੇਂਦਰ ਦੀ ਨੀਅਤ

19 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਕੌਸਤਵ ਬੈਨਰਜੀ ਦਾ ਲੇਖ ‘ਕਿਸਾਨ ਮੰਗਾਂ ਤੇ ਆਤਮ-ਨਿਰਭਰਤਾ ਦੀ ਲੜਾਈ’ ਅਸਲ ਵਿਚ ‘ਸਬੂਤ ਨਾਲ ਝੂਠ ਦਾ ਤਾਬੂਤ’ ਬਣਾਉਣ ਵਾਲਾ ਸੀ। ਉਨ੍ਹਾਂ ਕੌਮੀ ਖਾਧ ਸੁਰੱਖਿਆ ਦੇ 17 ਲੱਖ ਕਰੋੜ ਦੇ ਛਲਾਵੇ ਦੀ ਅਸਲੀਅਤ 7-8 ਲੱਖ ਕਰੋੜ ਅਸਲ ਖਰਚ ਨਾਲ ਬਿਆਨ ਕੀਤੀ ਤੇ ਬਾਂਬੇ ਸਟਾਕ ਐਕਸਚੇਂਜ ਤੇ 0.5 (ਅੱਧਾ ਫੀਸਦੀ) ਟੈਕਸ ਦਾ ਹੱਲ ਵੀ ਸੁਝਾਇਆ, ਜਿਸ ਨੇ ਇਹ ਜ਼ਰੂਰ ਸਾਬਤ ਕੀਤਾ ਕਿ ਹੱਲ ਤਾਂ ਮੌਜੂਦ ਹੈ ਪਰ ਹੱਲ ਕਰਨ ਦੀ ਕੇਂਦਰ ਦੀ ਨੀਅਤ ਨਹੀਂ ਹੈ। ਮੈਨੂੰ ਲੱਕੜਹਾਰੇ ਦੀ ਉਹ ਕਹਾਣੀ ਯਾਦ ਆ ਗਈ ਜੋ ਜਿਸ ਟਾਹਣੀ ’ਤੇ ਬੈਠਾ ਹੈ, ਉਸੇ ਨੂੰ ਕੱਟ ਰਿਹਾ ਹੈ। ਇਹੋ ਹਾਲ ਅੱਜ ਕੱਲ੍ਹ ਕੇਂਦਰ ਸਰਕਾਰ ਦਾ ਹੈ। ਮੰਨਿਆ ਕਿ ਪੂੰਜੀਪਤੀ ਦੇਸ਼ ਦੀ ਤਰੱਕੀ ਵਿਚ ਮਦਦ ਕਰਦੇ ਨੇ ਪਰ ਖੁਸ਼ਹਾਲੀ ਤੇ ਪੱਥਰਾਂ ਦੀਆਂ ਪ੍ਰਾਪਤੀਆਂ ਵਿਚ ਫ਼ਰਕ ਹੁੰਦਾ ਹੈ ਕਿਉਂਿਕ ਬੰਦਾ ਜ਼ਮੀਨ ’ਤੇ ਬੈਠਾ ਰੋਟੀ ਖਾ ਕੇ ਹੀ ਖੁਸ਼ਹਾਲ ਹੋ ਸਕਦਾ ਹੈ, ਭੁੱਖਾ ਰਹਿ ਕੇ ਹੀਰੇ-ਮੋਤੀ ਜੜੇ ਸਿੰਘਾਸਣ ’ਤੇ ਨਹੀਂ!

ਹਰਪ੍ਰੀਤ ਪੁਰੀ, ਸਰਹਿੰਦ (ਫਤਹਿਗੜ੍ਹ ਸਾਿਹਬ)


ਹੰਝੂਆਂ ਦਾ ਹੁਲਾਰਾ

30 ਜਨਵਰੀ ਦਾ ਸੰਪਾਦਕੀ ‘ਬਾਬੇ ਟਿਕੈਤ ਦਾ ਅੱਥਰੂ ਖਾਰਾ’ ਪੜ੍ਹਿਆ। ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਸਭ ਨੂੰ ਹਿਲਾਇਆ ਹੀ ਨਹੀਂ ਸਗੋਂ ਹੁਲਾਰਾ ਵੀ ਦਿੱਤਾ ਹੈ। ਉਸ ਦੇ ਦਿਲ ਦੀਆਂ ਡੂੰਘਾਈਆਂ ਵਿਚੋਂ ਨਿਕਲੇ ਸ਼ਬਦਾਂ ਨੇ ਅੰਦੋਲਨ ਵਿਚ ਨਵੀਂ ਰੂਹ ਫ਼ੂਕ ਦਿੱਤੀ ਹੈ। ਅੰਦੋਲਨ ਅਸਲ ਵਿਚ ਸ਼ੁਰੂ ਹੀ ਹੁਣ ਹੋਇਆ ਹੈ ਕਿਉਂਕਿ ਦਿਖਾਵੇ ਵਾਲੀਆਂ ਮੀਟਿੰਗਾਂ ਦਾ ਗੇੜ ਚਲਾਉਣ ਵਾਲੇ ਲੋਕਾਂ ਦਾ ਜਿੱਥੇ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ, ਉੱਥੇ ਅੰਦੋਲਨ ਨੂੰ ਵੀ ਨਵੀਂ ਦਿਸ਼ਾ ਮਿਲੀ ਹੈ। ਇਨ੍ਹਾਂ ਰਸਮੀ ਕਾਰਵਾਈਆਂ ਵਿਚੋਂ ਨਾ ਕੁਝ ਨਿਕਲਣਾ ਸੀ, ਨਾ ਨਿਕਲਿਆ। ਆਰ-ਪਾਰ ਦੀ ਲੜਾਈ ਹੁਣ ਸ਼ੁਰੂ ਹੋਈ ਹੈ। ਨਾ ਸਰਕਾਰ ਦੀ ਨੀਤੀ ਠੀਕ ਹੈ ਅਤੇ ਨਾ ਹੀ ਨੀਅਤ। ਸਾਜ਼ਿਸ਼ਾਂ ਤੋਂ ਬਚਣ ਅਤੇ ਫੂਕ ਫੂਕ ਕੇ ਕਦਮ ਰੱਖਣ ਦੀ ਲੋੜ ਹੈ।

ਡਾ. ਤਰਲੋਚਨ ਕੌਰ, ਪਟਿਆਲਾ