ਬੰਗਲੂਰੂ/ਨਵੀਂ ਦਿੱਲੀ, 30 ਜੂਨ
ਵਿਵਾਦਤ ਟਵੀਟ ਦੇ ਮਾਮਲੇ ’ਚ ਗ੍ਰਿਫ਼ਤਾਰ ਆਲਟ ਨਿਊਜ਼ ਦੇ ਸਹਿ ਸੰਸਥਾਪਕ ਮੁਹੰਮਦ ਜ਼ੁਬੈਰ ਦੀ ਬੰਗਲੂਰੂ ਸਥਿਤ ਰਿਹਾਇਸ਼ ’ਤੇ ਦਿੱਲੀ ਪੁਲੀਸ ਦੀ ਚਾਰ ਮੈਂਬਰੀ ਟੀਮ ਨੇ ਅੱਜ ਤਿੰਨ ਘੰਟਿਆਂ ਤੱਕ ਛਾਣ-ਬੀਣ ਕੀਤੀ। ਉਧਰ ਜ਼ੁਬੈਰ ਨੇ ਪੁਲੀਸ ਰਿਮਾਂਡ ਖ਼ਿਲਾਫ਼ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਜ਼ੁਬੈਰ ਨੂੰ ਦਿੱਲੀ ਪੁਲੀਸ ਨੇ ਆਪਣੇ ਟਵੀਟਾਂ ਰਾਹੀਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ 27 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਦੀ ਟੀਮ ਨੇ ਬੰਗਲੂਰੂ ’ਚ ਜ਼ੁਬੈਰ ਦੇ ਘਰ ਦੀ ਪਹਿਲੀ ਅਤੇ ਗਰਾਊਂਡ ਫਲੋਰ ਦੀ ਤਲਾਸ਼ੀ ਲਈ। ਤਲਾਸ਼ੀ ਮਗਰੋਂ ਜਦੋਂ ਟੀਮ ਜਾ ਰਹੀ ਸੀ ਤਾਂ ਉਨ੍ਹਾਂ ਦੇ ਇਕ ਮੈਂਬਰ ਦੇ ਹੱਥ ’ਚ ਲੈਪਟਾਪ ਬੈਗ ਦੇਖਿਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,‘‘ਸਾਡੀ ਚਾਰ ਮੈਂਬਰੀ ਟੀਮ ਜ਼ੁਬੈਰ ਨਾਲ ਉਸ ਦੇ ਬੰਗਲੂਰੂ ਸਥਿਤ ਘਰ ’ਤੇ ਪੁੱਜੀ। ਸਾਡੇ ਟੀਮ ਮੈਂਬਰ ਕੇਸ ਨਾਲ ਸਬੰਧਤ ਇਲੈਕਟ੍ਰਾਨਿਕ ਸਬੂਤ ਇਕੱਤਰ ਕਰਨ ਲਈ ਗਏ ਹਨ। ਉਸ ਦੇ ਮੋਬਾਈਲ ਫੋਨ ਜਾਂ ਲੈਪਟਾਪ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਰਾਹੀਂ ਉਸ ਨੇ ਵਿਵਾਦਤ ਟਵੀਟ ਕੀਤਾ ਹੋ ਸਕਦਾ ਹੈ।’’ ਬੁੱਧਵਾਰ ਨੂੰ ਪੁਲੀਸ ਨੇ ਕਈ ਬੈਂਕਾਂ ਤੋਂ ਜ਼ੁਬੈਰ ਦੇ ਖਾਤਿਆਂ ਅਤੇ ਵਿੱਤੀ ਲੈਣ-ਦੇਣ ਦੇ ਵੇਰਵੇ ਮੰਗੇ ਸਨ। ਅਧਿਕਾਰੀ ਨੇ ਕਿਹਾ ਕਿ ਜ਼ੁਬੈਰ ਨੇ ਮੋਬਾਈਲ ਫੋਨ ਫਾਰਮੈਟ ਮਾਰ ਦਿੱਤਾ ਸੀ। ਪੁਲੀਸ ਮੁਤਾਬਕ ਜ਼ੁਬੈਰ ਨੇ ਕਿਹਾ ਹੈ ਕਿ ਉਸ ਦਾ ਫੋਨ ਗੁੰਮ ਗਿਆ ਹੈ ਜਿਸ ਦੀ ਉਸ ਨੇ ਇਤਰਾਜ਼ਯੋਗ ਟਵੀਟ ਪੋਸਟ ਕਰਨ ’ਚ ਵਰਤੋਂ ਕੀਤੀ ਸੀ। ਉਧਰ ਦਿੱਲੀ ਪੁਲੀਸ ਦੇ ਸੂਤਰਾਂ ਨੇ ਕਿਹਾ ਕਿ ਜਿਹੜੇ ਟਵਿੱਟਰ ਹੈਂਡਲ ਤੋਂ ਟਵੀਟ ਨਸ਼ਰ ਕੀਤਾ ਗਿਆ ਸੀ ਅਤੇ ਸ਼ਿਕਾਇਤ ਕੀਤੀ ਗਈ ਸੀ, ਉਹ ਹੁਣ ਸਾਈਟ ’ਤੇ ਨਹੀਂ ਹੈ। -ਪੀਟੀਆਈ