ਨਵੀਂ ਦਿੱਲੀ: ਆਨਲਾਈਨ ਖਾਣਾ ਡਲਿਵਰ ਕਰਨ ਵਾਲੇ ਪਲੈਟਫਾਰਮ ‘ਜ਼ੋਮਾਟੋ’ ਨੇ 17 ਸਤੰਬਰ ਤੋਂ ਕਰਿਆਨੇ ਦੇ ਸਾਮਾਨ ਦੀ ਡਲਿਵਰੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਆਰਡਰ ਪੂਰੇ ਕਰਨ ਵਿਚ ਦੇਰੀ ਹੋਣ ਕਾਰਨ ਖ਼ਪਤਕਾਰਾਂ ਨੇ ਨਾਖ਼ੁਸ਼ੀ ਜ਼ਾਹਿਰ ਕੀਤੀ ਸੀ। ਇਸ ਲਈ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ। ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਆਪਣਾ ਗਰੌਸਰੀ ਪਲੈਟਫਾਰਮ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ੋਮਾਟੋ ਨੇ ਕਿਹਾ ਸੀ ਕਿ ਉਨ੍ਹਾਂ ਗਰੌਸਰੀ ਡਲਿਵਰੀ ਪਲੈਟਫਾਰਮ ‘ਗਰੌਫ਼ਰਸ’ ਵਿਚ 745 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜ਼ੋਮਾਟੋ ਨੇ ਇਹ ਸੇਵਾ ਇਸੇ ਸਾਲ ਜੁਲਾਈ ਵਿਚ ਸ਼ੁਰੂ ਕੀਤੀ ਸੀ। ਇਸ ਤਹਿਤ 45 ਮਿੰਟਾਂ ਵਿਚ ਸਾਮਾਨ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ। -ਪੀਟੀਆਈ