ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਸਿਖ਼ਰਲੇ ਦਰਜੇ ਦੀ ‘ਜ਼ੈੱਡ ਪਲੱਸ’ ਸੁਰੱਖਿਆ ਮੁਹੱਈਆ ਕਰਵਾਈ ਹੈ। ਇਹ ਜਾਣਕਾਰੀ ਅੱਜ ਸਰਕਾਰੀ ਸੂਤਰਾਂ ਨੇ ਦਿੱਤੀ। ਸੂਤਰਾਂ ਅਨੁਸਾਰ ਦੇਸ਼ ਭਰ ਵਿੱਚ ਕਿਤੇ ਵੀ ਯਾਤਰਾ ਦੌਰਾਨ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੇ ਹਥਿਆਰਬੰਦ ਕਮਾਂਡੋਜ਼ ਵੱਲੋਂ ਗੋਗੋਈ (66) ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਸ੍ਰੀ ਗੋਗੋਈ ਇਸ ਵੇਲੇ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੂੰ ਪਹਿਲਾਂ ਦਿੱਲੀ ਪੁਲੀਸ ਦੀ ਸੁਰੱਖਿਆ ਮਿਲੀ ਹੋਈ ਸੀ। ਉਹ ਨਵੰਬਰ, 2019 ਵਿੱਚ ਭਾਰਤ ਦੇ ਚੀਫ਼ ਜਸਟਿਸ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਬਾਅਦ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ ਸੀ। ਸੀਆਰਪੀਐੱਫ ਇਕ ਵੀਆਈਪੀ ਸੁਰੱਖਿਆ ਯੂਨਿਟ ਹੈ ਅਤੇ ਸ੍ਰੀ ਗੋਗੋਈ 63ਵੇਂ ਅਜਿਹੇ ਵਿਅਕਤੀ ਹਨ ਜਿਸ ਨੂੰ ਇਸ ਯੂਨਿਟ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। -ਪੀਟੀਆਈ