ਨੋਇਡਾ, 17 ਮਾਰਚ
ਯੂਟਿਊਬਰ ਅਤੇ ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਨੂੰ ਅੱਜ ਇੱਥੇ ਜੰਗਲੀ ਜੀਵ ਸੁਰੱਖਿਆ ਐਕਟ 1972 ਤਹਿਤ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਨੋਇਡਾ ਪੁਲੀਸ ਨੇ ਇੱਕ ਪਾਰਟੀ ਵਿੱਚ ਨਸ਼ੇ ਲਈ ਸੱਪ ਦੇ ਜ਼ਹਿਰ ਦੀ ਕਥਿਤ ਵਰਤੋਂ ਦੇ ਮਾਮਲੇ ਵਿੱਚ ਅੱਜ ਐਲਵਿਸ਼ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਸ ਮਗਰੋਂ ਉਸ ਨੂੰ ਸੂਰਜਪੁਰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਐਲਵਿਸ਼ ਉਨ੍ਹਾਂ ਛੇ ਜਣਿਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਖ਼ਿਲਾਫ਼ ਪਿਛਲੇ ਸਾਲ 3 ਨਵੰਬਰ ਨੂੰ ਸੈਕਟਰ 49 ਦੇ ਥਾਣੇ ਵਿੱਚ ਐੱਫਆਈਆਰ ਦਰਜ ਕਰਵਾਈ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਹੁਣ ਉਹ ਜ਼ਮਾਨਤ ’ਤੇ ਬਾਹਰ ਹਨ। ਉਨ੍ਹਾਂ ਦੱਸਿਆ ਕਿ ਇਹ ਕੇਸ ਜੰਗਲੀ ਜੀਵ ਸੁਰੱਖਿਆ ਐਕਟ, 1972 ਦੀਆਂ ਧਾਰਾਵਾਂ ਅਤੇ ਭਾਰਤੀ ਦੰਡਾਵਲੀ ਦੀ ਧਾਰਾ 120ਬੀ ਤਹਿਤ ਅਪਰਾਧਿਕ ਸਾਜ਼ਿਸ਼ ਰਚਣ ਲਈ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਮਾਮਲੇ ਦੀ ਜਾਂਚ ਸੈਕਟਰ 49 ਤੋਂ ਸੈਕਟਰ 20 ਥਾਣੇ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਐਡੀਸ਼ਨਲ ਡੀਐੱਸਪੀ (ਨੋਇਡਾ) ਮਨੀਸ਼ ਮਿਸ਼ਰਾ ਨੇ ਦੱਸਿਆ, ‘‘ਮਾਮਲੇ ਦੀ ਜਾਂਚ ਕਰ ਰਹੀ ਸੈਕਟਰ 20 ਥਾਣੇ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’’ ਉੱਤਰ ਪ੍ਰਦੇਸ਼ ਦੇ ਵਾਤਾਵਰਨ ਮੰਤਰੀ ਅਰੁਣ ਸਕਸੈਨਾ ਨੇ ਕਿਹਾ, ‘‘ਕਾਨੂੰਨ ਆਪਣਾ ਕੰਮ ਕਰੇਗਾ ਅਤੇ ਕੋਈ ਵੀ ਮਸ਼ਹੂਰ ਵਿਅਕਤੀ ਕਾਨੂੰਨ ਤੋਂ ਵੱਡਾ ਨਹੀਂ ਹੈ।’’ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਦੇ ਜੇਤੂ ਐਵਲਿਸ਼ ਨੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਅਤੇ ਉਸ ਤੋਂ ਪੁਲੀਸ ਪਹਿਲਾਂ ਵੀ ਪੁੱਛ ਪੜਤਾਲ ਕਰ ਚੁੱਕੀ ਹੈ। ਇਹ ਕੇਸ ਪੀਪਲ ਫਾਰ ਐਨੀਮਲਜ਼ (ਪੀਐੱਫਏ) ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਹਾਲਾਂਕਿ, ਪੁਲੀਸ ਨੇ ਕਿਹਾ ਕਿ ਯਾਦਵ ਪਾਰਟੀ ਹਾਲ ਵਿੱਚ ਮੌਜੂਦ ਨਹੀਂ ਸੀ ਅਤੇ ਉਹ ਡਰੱਗ ਵਜੋਂ ਸੱਪ ਦੇ ਜ਼ਹਿਰ ਦੀ ਵਰਤੋਂ ਦੇ ਮਾਮਲੇ ਵਿੱਚ ਉਸ ਦੀ ਭੂਮਿਕਾ ਦੀ ਜਾਂਚ ਕਰ ਰਹੇ ਸਨ। ਪੀਐੱਫਏ ਦੀ ਚੇਅਰਪਰਸਨ ਅਤੇ ਭਾਜਪਾ ਨੇਤਾ ਮੇਨਕਾ ਗਾਂਧੀ ਨੇ ਯਾਦਵ ’ਤੇ ਗੈਰ-ਕਾਨੂੰਨੀ ਤੌਰ ’ਤੇ ਸੱਪ ਦਾ ਜ਼ਹਿਰ ਵੇਚਣ ਦਾ ਦੋਸ਼ ਲਗਾਇਆ ਹੈ ਅਤੇ ਉਸ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਚਾਰ ਨਵੰਬਰ ਨੂੰ ਰਾਜਸਥਾਨ ਦੇ ਕੋਟਾ ਵਿੱਚ ਪੁਲੀਸ ਨੇ ਐਲਵਿਸ਼ ਨੂੰ ਪੁੱਛ ਪੜਤਾਲ ਲਈ ਥੋੜੇ ਸਮੇਂ ਲਈ ਰੋਕਿਆ ਸੀ ਜਦੋਂ ਉਹ ਇੱਕ ਕਾਰ ਵਿੱਚ ਆਪਣੇ ਦੋਸਤਾਂ ਨਾਲ ਯਾਤਰਾ ਕਰ ਰਿਹਾ ਸੀ ਪਰ ਜਲਦੀ ਹੀ ਉਸ ਨੂੰ ਛੱਡ ਦਿੱਤਾ ਗਿਆ ਸੀ। -ਪੀਟੀਆਈ