ਲਲਿਤ ਮੋਹਨ
ਧਰਮਸ਼ਾਲਾ, 16 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਂਗੜਾ ਦੌਰੇ ਤੋਂ ਪਹਿਲਾਂ ਅੱਜ ਵੱਡੀ ਗਿਣਤੀ ਵਿੱਚ ਫੌਜ ’ਚ ਭਰਤੀ ਚਾਹਵਾਨ ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਗੱਗਲ ਹਵਾਈ ਅੱਡੇ ‘ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਥਲ, ਜਲ ਤੇ ਹਵਾਈ ਸੈਨਾਵਾਂ ਵਿੱਚ ਰੈਗੂਲਰ ਭਰਤੀ ਨੂੰ ਖਤਮ ਕਰ ਦਿੱਤਾ ਹੈ। ਕਾਂਗੜਾ ਜ਼ਿਲ੍ਹੇ ਵਿੱਚ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣਾ ਬਹੁਤ ਸਾਰੇ ਪਰਿਵਾਰਾਂ ਵਿੱਚ ਪ੍ਰੰਪਰਾ ਹੈ ਤੇ ਕਾਂਗੜਾ ਜ਼ਿਲ੍ਹੇ ਵਿੱਚ ਸੇਵਾ ਕਰ ਰਹੇ ਅਤੇ ਸਾਬਕਾ ਸੈਨਿਕਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ। ਇਸ ਦੌਰਾਨ ਭਾਜਪਾ ਆਗੂਆਂ ਨੇ ਇਸ ਧਰਨੇ ਪਿੱਛੇ ਕਾਂਗਰਸ ਦੀ ਸ਼ਹਿ ਹੋਣ ਦਾ ਦੋਸ਼ ਲਗਾ ਦਿੱਤਾ।
ਗੁਰੂਗ੍ਰਾਮ(ਸੰਜੈ ਯਾਦਵ): ਫੌਜ ‘ਚ ਅਗਨੀਵੀਰਾਂ ਦੀ ਭਰਤੀ ਖ਼ਿਲਾਫ਼ ਸੈਂਕੜੇ ਨੌਜਵਾਨ ਸੜਕਾਂ ‘ਤੇ ਉਤਰ ਆਏ ਹਨ। ਨੌਜਵਾਨਾਂ ਨੇ ਗੁਰੂਗ੍ਰਾਮ ਦੇ ਬਿਲਾਸਪੁਰ, ਸਿੱਧਰਾਵਾਲੀ ਖੇਤਰਾਂ ਦੇ ਨਾਲ-ਨਾਲ ਰੇਵਾੜੀ ਵਿੱਚ ਵੀ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਗੁਰੂਗ੍ਰਾਮ-ਜੈਪੁਰ ਹਾਈਵੇਅ ‘ਤੇ ਆਵਾਜਾਈ ਵਿੱਚ ਵਿਘਨ ਪਾਇਆ। ਨੌਜਵਾਨਾਂ ਨੇ ਬਿਲਾਸਪੁਰ ਚੌਕ ’ਚ ਪ੍ਰਦਰਸ਼ਨ ਕੀਤਾ ਤੇ ਦੁਕਾਨਾਂ ਬੰਦ ਕਰਵਾਈਆਂ। ਹਾਈਵੇਅ ਜਾਮ ਹੋਣ ਕਾਰਨ ਬਿਲਾਸਪੁਰ ਚੌਕ ਤੋਂ ਆਵਾਜਾਈ ਨੂੰ ਹੋਰ ਪਾਸੇ ਮੋੜਿਆ ਗਿਆ।
ਨਵੀਂ ਦਿੱਲੀ(ਮਨਧੀਰ ਸਿਘ ਦਿਓਲ): ਕੇਂਦਰ ਸਰਕਾਰ ਦੇ ਫ਼ੌਜ ਵਿੱਚ ਚਾਰ ਸਾਲਾਂ ਲਈ ਨੌਜਵਾਨਾਂ ਨੂੰ ਠੇਕੇ ਉੱਤੇ ਭਾਰਤੀ ਕਰਨ ਦੇ ਐਲਾਨ ਤੋਂ ਖ਼ਫ਼ਾ ਨੌਜਵਾਨਾਂ ਵੱਲੋਂ ਦਿੱਲੀ ਦੇ ਨਾਂਗਲੋਈ ਰੇਲਵੇ ਸਟੇਸ਼ਨ ਉਪਰ ਰੇਲ ਗੱਡੀ ਰੋਕ ਲਈ ਗਈ। ਇਹ ਗੱਡੀ ਕਰੀਬ ਅੱਧਾ ਘੰਟਾ ਉੱਥੇ ਹੀ ਰੁਕੀ ਰਹੀ ਤੇ ਗੁੱਸੇ ’ਚ ਆਏ ਨੌਂਜਵਾਨ ਰੇਲ ਪਟੜੀਆਂ ਮੱਲ ਕੇ ਬੈਠੇ ਰਹੇ।
ਉਨ੍ਹਾਂ ਆਪਣੇ ਨਾਲ ਇਨਸਾਫ਼ ਕਰਨ ਦੀ ਮੰਗ ਕਰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਸਖ਼ਤ ਨਿੰਦਾ ਕੀਤੀ ਕਿ ਉਨ੍ਹਾਂ ਨੌਜਵਾਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ। ਰੇਲਵੇ ਸਟੇਸ਼ਨ ਉਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਮੈਡੀਕਲ ਤੇ ਸਰੀਰਕ ਫਿਟਨੈਂਸ ਟੈਸਟ 2020 ‘ਚ ਪਾਸ ਕਰ ਲਏ ਸਨ ਤੇ ਉਦੋਂ ਕਿਹਾ ਗਿਆ ਕਿ ਤਿੰਨ ਮਹੀਨੇ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਸ ਮਗਰੋਂ ਕਰੋਨਾ ਮਹਾਮਾਰੀ ਫੈਲਣ ਕਾਰਨ ਭਰਤੀ ਰੋਕ ਦਿੱਤੀ ਗਈ। ਨੌਜਵਾਨਾਂ ਵੱਲੋਂ ਕੀਤੇ ਪ੍ਰਦਰਸ਼ਨ ਨਾਲ ਰੇਲਵੇ ਅਧਿਕਾਰੀਆਂ ਲਈ ਪ੍ਰੇਸ਼ਾਨੀ ਹੋ ਗਈ ਤੇ ਰੇਲ ਰੂਟ ਪ੍ਰਭਾਵਿਤ ਹੋਇਆ। ਪ੍ਰਦਰਸ਼ਨ ਵਿਚ ਦਿੱਲੀ ਦਿਹਾਤ ਦੇ ਇਲਾਕਿਆਂ ਦੇ ਨੌਜਵਾਨ ਸ਼ਾਮਲ ਹੋਏ। ਇਸ ਦੌਰਾਨ ਪਲਵਲ ਵਿਖੇ ਨੌਜਵਾਨਾਂ ਵੱਲੋਂ ਕੌਮੀ ਸ਼ਾਹਰਾਹ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਤੇ ਫਲਾਈਓਵਰ ਉਪਰ ਜਾਮ ਲਾ ਦਿਤਾ ਹੈ।
ਜਹਾਨਾਬਾਦ/ਬਕਸਰ/ਨਵਾਦਾ (ਬਿਹਾਰ): ਬਿਹਾਰ ਵਿੱਚ ਕੇਂਦਰ ਸਰਕਾਰ ਦੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਨਵੀਂ ਯੋਜਨਾ ‘ਅਗਨੀਪਥ’ ਖ਼ਿਲਾਫ਼ ਅੱਜ ਲਗਾਤਾਰ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਹੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲੱਕੜਾਂ ਅਤੇ ਟਾਇਰ ਸਾੜ ਕੇ ਰੇਲਵੇ ਮਾਰਗ ਅਤੇ ਹਾਈਵੇਅ ’ਤੇ ਆਵਾਜਾਈ ਵਿੱਚ ਵਿਘਨ ਪਾਇਆ। ਇਸ ਸਕੀਮ ਤਹਿਤ ਥਲ, ਜਲ ਤੇ ਹਵਾਈ ਸੈਨਾਵਾਂ ਵਿੱਚ ਚਾਰ ਸਾਲ ਲਈ ਠੇਕੇ ’ਤੇ ਭਰਤੀ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀਆਂ ਨੇ ਜਹਾਨਾਬਾਦ ਅਤੇ ਬਕਸਰ ਜ਼ਿਲ੍ਹਿਆਂ ਵਿਚ ਰੇਲ ਪਟੜੀਆਂ ‘ਤੇ ਧਰਨਾ ਦਿੱਤਾ, ਜਿਸ ਨਾਲ ਪਟਨਾ-ਗਯਾ ਅਤੇ ਪਟਨਾ-ਬਕਸਰ ਰੇਲ ਮਾਰਗਾਂ ‘ਤੇ ਰੇਲ ਗੱਡੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਬਿਹਾਰ ਵਿੱਚ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਤੇ ਪੱਥਰਬਾਜ਼ੀ ਕੀਤੀ।
ਲਖਨਊ: ਅਗਨੀਪਥ ਭਰਤੀ ਯੋਜਨਾ ਖ਼ਿਲਾਫ਼ ਅੱਜ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲਿਆਂ ‘ਚ ਪ੍ਰਦਰਸ਼ਨ ਸ਼ੁਰੂ ਹੋ ਗਏ। ਵਿਦਿਆਰਥੀਆਂ ਨੇ ਬੁਲੰਦਸ਼ਹਿਰ ਵਿੱਚ ਜੀਟੀ ਰੋਡ ਜਾਮ ਕਰ ਦਿੱਤਾ ਅਤੇ ਹਥਿਆਰਬੰਦ ਬਲਾਂ ਵਿੱਚ ਥੋੜ੍ਹੇ ਸਮੇਂ ਲਈ ਭਰਤੀ ਦੀ ਇਜਾਜ਼ਤ ਦੇਣ ਵਾਲੀ ਸਕੀਮ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਿਆ। ਗੋਂਡਾ ਵਿੱਚ ਪ੍ਰਦਰਸ਼ਨ ਦੀ ਅਗਵਾਈ ਵਿਦਿਆਰਥੀਆਂ ਨੇ ਕੀਤੀ, ਜਿਨ੍ਹਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਯੋਜਨਾ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਉਨਾਓ ਵਿੱਚ ਵੀ ਵਿਦਿਆਰਥੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।