ਨਵੀਂ ਦਿੱਲੀ, 7 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟਾਰਟਅੱਪਸ ਦੀ ਦੁਨੀਆ ਨਾਲ ਜੁੜੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਸਤਕਾਰੀ (ਹੈਂਡਲੂਮ) ਸਟਾਰਟਅੱਪ ਦੀ ਵੱਡੇ ਮੁਕਾਬਲੇ ਵਿੱਚ ਸ਼ਾਮਲ ਹੋਣ। ਉਨ੍ਹਾਂ ਜ਼ੋਰ ਕੇ ਆਖਿਆ ਕਿ ਇਨ੍ਹਾਂ ਸਟਾਰਟਅੱਪ ਵਿੱਚ ਕੱਪੜਾ ਬੁਣਕਰਾਂ ਕੋਲ ਆਪਣੇ ਵਿਚਾਰਾਂ ਤੇ ਨਵੀਆਂ ਕਾਢਾਂ ਨੂੰ ਕੁੱਲ ਆਲਮ ਤੱਕ ਲਿਜਾਣ ਦੇ ਚੰਗੇ ਮੌਕੇ ਹਨ। ਪ੍ਰਧਾਨ ਮੰਤਰੀ ਨੇ ਕੌਮੀ ਦਸਤਕਾਰੀ ਦਿਵਸ ਮੌਕੇ ਭਾਰਤ ਦੀ ਅਮੀਰ ਸਭਿਆਚਾਰਕ ਵੰਨ-ਸੁਵੰਨਤਾ ਤੇ (ਸਾਡੀਆਂ) ਕਲਾਤਮਕ ਰਵਾਇਤਾਂ ਨੂੰ ਜਿਊਂਦਾ ਰੱਖਣ ਲਈ ਕੰਮ ਕਰਦੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਸ੍ਰੀ ਮੋਦੀ ਨੇ ਕੱਪੜਾ ਮੰਤਰੀ ਪਿਊਸ਼ ਗੋਇਲ ਵੱਲੋਂ ਕੀਤੇ ਟਵੀਟ ਨੂੰ ਟੈਗ ਵੀ ਕੀਤਾ, ਜਿਸ ਵਿੱਚ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਹੈਂਡਲੂਮ ਸਟਾਰਟਅੱਪ ਗਰੈਂਡ ਚੈਲੇਂਜ ਵਿੱਚ ਸ਼ਾਮਲ ਹੋਣ। ਗੋਇਲ ਨੇ ਟਵੀਟ ਵਿੱਚ ਮੁਕਾਬਲੇ ਵਾਸਤੇ ਅਰਜ਼ੀ ਦੇਣ ਲਈ ਲਿੰਕ ਵੀ ਪੋਸਟ ਕੀਤਾ।
ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਕੌਮੀ ਹੈਂਡਲੂਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਦੀ ਦਸਤਕਾਰੀ ਵਿਰਾਸਤ ਦਾ ਪ੍ਰਚਾਰ ਪਾਸਾਰ ਕਰਨ ਤੇ ਕੱਪੜਾ ਬੁਣਕਰਾਂ ਖਾਸ ਕਰ ਕੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ। ਉਨ੍ਹਾਂ ਕਿਹਾ ਕਿ ਭਾਰਤ ਦਾ ਦਸਤਕਾਰੀ ਸੈਕਟਰ ਦੇਸ਼ ਦੇ ਅਮੀਰ ਤੇ ਵੰਨ-ਸੁਵੰਨੀ ਸਭਿਆਚਾਰਕ ਵਿਰਾਸਤ ਦੀ ਤਰਜਮਾਨੀ ਕਰਦਾ ਹੈ। -ਪੀਟੀਆਈ