ਨਵੀਂ ਦਿੱਲੀ, 30 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੰੰਮੂ ਕਸ਼ਮੀਰ ਨੂੰ ਹਰੇਕ ਭਾਰਤੀ ਦਾ ਮਾਣ ਦੱਸਦਿਆਂ ਕਿਹਾ ਕਿ ਇਹ ਪੁਰਾਣੀਆਂ ਚੁਣੌਤੀਆਂ ਨੂੰ ਪਿੱਛੇ ਛੱਡਣ ਤੇ ਨਵੀਆਂ ਸੰਭਾਵਨਾਵਾਂ ਦਾ ਪੂਰਾ ਲਾਭ ਉਠਾਉਣ ਦਾ ਸਮਾਂ ਹੈ। ਜੰਮੂ ਕਸ਼ਮੀਰ ਰੁਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ੀ ਨਾਲ ਵਿਕਾਸ ਲਈ ਨਵੇਂ ਦ੍ਰਿਸ਼ਟੀਕੋਣ ਤੇ ਨਵੀਂ ਸੋਚ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਮੋਦੀ ਨੇ ਕਿਹਾ, ‘ਅਸੀਂ ਵਿਕਾਸ ਦਾ ਲਾਭ ਸਾਰੇ ਵਰਗਾਂ ਤੇ ਨਾਗਰਿਕਾਂ ਤੱਕ ਬਰਾਬਰ ਰੂਪ ਵਿਚ ਪਹੁੰਚਾਉਣ ਲਈ ਵਚਨਬੱਧ ਹਾਂ।’ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਸਾਰੇ ਭਾਰਤੀਆਂ ਦਾ ਮਾਣ ਹੈ ਤੇ ਲੋਕ ਹੀ ਮਿਲ ਕੇ ਜੰਮੂ ਕਸ਼ਮੀਰ ਨੂੰ ਨਵੀਆਂ ਉਚਾਈਆਂ ਤੱਕ ਲਿਜਾਣਗੇ। ਮੋਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਇਤਿਹਾਸ ਵਿਚ 21ਵੀਂ ਸਦੀ ਦਾ ਇਹ ਦਹਾਕਾ ਬੇਹੱਦ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ 300 ਨੌਜਵਾਨਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੂੰ ਜੰਮੂ ਕਸ਼ਮੀਰ ਵਿਚ ਵੱਖ-ਵੱਖ ਅਹੁਦਿਆਂ ਉਤੇ ਨੌਕਰੀ ਲਈ ਨਿਯੁਕਤੀ ਪੱਤਰ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰਾਂ ਵਿਭਾਗਾਂ ਵਿਚ 700 ਤੋਂ ਵੱਧ ਨਿਯੁਕਤੀ ਪੱਤਰ ਦਿੱਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਮੋਦੀ ਨੇ ਜੰਮੂ ਕਸ਼ਮੀਰ ਵਿਚ ਸੈਲਾਨੀਆਂ ਦੀ ਗਿਣਤੀ ਵਿਚ ਰਿਕਾਰਡ ਵਾਧੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਸੈਰ-ਸਪਾਟਾ ਖੇਤਰ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੰਪਰਕ ਵਿਚ ਵਾਧੇ ਕਾਰਨ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਏਮਸ, ਮੈਡੀਕਲ ਕਾਲਜਾਂ ਤੇ ਹੋਰ ਸਿਹਤ ਸੰਸਥਾਵਾਂ ਦੀ ਉਸਾਰੀ ਹੋ ਰਹੀ ਹੈ। ਇਸ ਤੋਂ ਇਲਾਵਾ ਰੇਲ ਦੇ ਮਾਧਿਅਮ ਨਾਲ ਜੰਮੂ ਕਸ਼ਮੀਰ ਵਿਚ ਸੰਪਰਕ ਬਿਹਤਰ ਕੀਤਾ ਜਾ ਰਿਹਾ ਹੈ। -ਪੀਟੀਆਈ
‘ਮਨ ਕੀ ਬਾਤ’ ’ਚ ਸੌਰ ਤੇ ਪੁਲਾੜ ਖੇਤਰ ਵਿਚ ਉਪਲੱਬਧੀਆਂ ਦਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਵਿਚ ਕਿਹਾ ਕਿ ਸੌਰ ਊਰਜਾ ਤੇ ਪੁਲਾੜ ਖੇਤਰ ਵਿਚ ਭਾਰਤ ਕਮਾਲ ਕਰ ਰਿਹਾ ਹੈ ਤੇ ਪੂਰਾ ਸੰਸਾਰ ਭਾਰਤ ਦੀਆਂ ਉਪਲੱਬਧੀਆਂ ਤੋਂ ‘ਹੈਰਾਨ’ ਹੈ। ਮੋਦੀ ਨੇ ਇਸਰੋ ਵੱਲੋਂ ਹਾਲ ਹੀ ਵਿਚ ਲਾਂਚ ਕੀਤੇ 36 ਸੈਟੇਲਾਈਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਡਿਜੀਟਲ ਸੰਪਰਕ ਬਿਹਤਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਛੱਠ ਤਿਉਹਾਰ ਦੀ ਵਧਾਈ ਵੀ ਦਿੱਤੀ। -ਪੀਟੀਆਈ