ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਫ਼ੌਜ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲ੍ਹੇ ਦੇ ਕਾਠਪੋਰਾ ਇਲਾਕੇ ਵਿੱਚ ਅਤਿਵਾਦੀ ਹੋਣ ਦੀ ਸੂਹ ਮਿਲਣ ’ਤੇ ਤਲਾਸ਼ੀ ਮੁਹਿੰਮ ਆਰੰਭੀ ਸੀ। ਇਸੇ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਕਾਰਨ ਫ਼ੌਜ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ ਜਿਨ੍ਹਾਂ ਦੀ ਭਾਲ ਜਾਰੀ ਹੈ। -ਪੀਟੀਆਈ