ਪੁਣੇ, 13 ਜੂਨ
ਮਹਾਰਾਸ਼ਟਰ ਦੀ ਅਤਿਵਾਦ ਵਿਰੋਧੀ ਸਕੁਐਡ (ਏਟੀਐੱਸ) ਨੇ ਇਕ ਅਤਿਵਾਦੀ ਜਥੇਬੰਦੀ ਵਿੱਚ ਨੌਜਵਾਨਾਂ ਦੀ ਭਰਤੀ ਕਰਵਾਉਣ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਏਟੀਐੱਸ ਦੇ ਇਕ ਅਧਿਕਾਰੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਇਨਾਮੁਲ ਹੱਕ ਨੂੰ ਇਸ ਸਾਲ ਮਾਰਚ ਵਿੱਚ ਉੱਤਰ ਪ੍ਰਦੇਸ਼ ਏਟੀਐੱਸ ਨੇ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ (ਐੱਲਈਟੀ) ਨਾਲ ਕਥਿਤ ਸਬੰਧਾਂ ਅਤੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਹ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿੱਚ ਬੰਦ ਸੀ।
ਉਨ੍ਹਾਂ ਕਿਹਾ, ‘‘ਅਸੀਂ ਮਹਾਰਾਸ਼ਟਰ ਵਿੱਚ ਚੱਲ ਰਹੇ ਇਕ ਮਾਮਲੇ ਵਿੱਚ ਉਸ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਵਿੱਚ 28 ਸਾਲਾ ਇਕ ਵਿਅਕਤੀ ਜੁਨੈਦ ਮੁਹੰਮਦ ਅਤਾ ਮੁਹੰਮਦ ਨੂੰ ਇਸ ਸਾਲ 24 ਮਈ ਨੂੰ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ ਵਿੱਚ ਗੁਰਗਿਆਂ ਦੀ ਭਰਤੀ ਕਰਨ ਵਿੱਚ ਉਸ ਦੀ ਕਥਿਤ ਭੂਮਿਕਾ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।’’ ਅਧਿਕਾਰੀ ਨੇ ਕਿਹਾ, ‘‘ਸਾਡੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੁਨੈਦ ਅਤੇ ਹੱਕ ਦੋਵੇਂ ਇਕ-ਦੂਜੇ ਦੇ ਸੰਪਰਕ ਵਿੱਚ ਸਨ। ਜੁਨੈਦ ਦਾ ਨਾਮ ਉੱਤਰ ਪ੍ਰਦੇਸ਼ ਏਟੀਐੱਸ ਦੀ ਐੱਫਆਈਆਰ ਵਿੱਚ ਵੀ ਹੈ।’’
ਪੁਲੀਸ ਅਨੁਸਾਰ, ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਖਾਮਗਾਓਂ ਪਿੰਡ ਦਾ ਰਾਹਿਣ ਵਾਲਾ ਜੁਨੈਦ ਸੋਸ਼ਲ ਮੀਡੀਆ ਪਲੈਟਫਾਰਮ ਰਾਹੀਂ ਲਸ਼ਕਰ-ਏ-ਤਇਬਾ ਦੇ ਅਤਿਵਾਦੀ ਨੈੱਟਵਰਕ ਦੇ ਕੁਝ ਸਰਗਰਮ ਮੈਂਬਰਾਂ ਦੇ ਸੰਪਰਕ ’ਚ ਸੀ। -ਪੀਟੀਆਈ