ਜੈਪੁਰ, 17 ਅਕਤੂਬਰ
ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਕਿਸੇ ਵੀ ਪੱਧਰ ’ਤੇ ਤਜਰਬੇ ਦਾ ਕੋਈ ਬਦਲ ਨਹੀਂ ਹੈ ਅਤੇ ਨਾਲ ਹੀ ਸੁਝਾਅ ਦਿੱਤਾ ਕਿ ਨੌਜਵਾਨ ਨੇਤਾਵਾਂ ’ਚ ਸਬਰ ਹੋਣਾ ਚਾਹੀਦਾ ਹੈ ਤੇ ਸਮਾਂ ਆਉਣ ’ਤੇ ਉਨ੍ਹਾਂ ਨੂੰ ਮੌਕਾ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਸਮੀਕਰਨ/ਸਬੰਧ ਉਸੇ ਤਰ੍ਹਾਂ ਹੀ ਰਹਿਣਗੇ ਜਿਵੇਂ ਪਿਛਲੇ 50 ਸਾਲਾਂ ਤੋਂ ਹਨ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟ ਪਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਹਿਲੋਤ ਨੇ ਭਰੋਸੇ ਨਾਲ ਕਿਹਾ ਕਿ ਮਲਿਕਾਰੁਜਨ ਖੜਗੇ ਚੋਣ ਜਿੱਤਣਗੇ ਅਤੇ ਪਾਰਟੀ ਵਿੱਚ ਨਵੀਂ ਰੂਹ ਫੂਕਣਗੇ।
ਸ੍ਰੀ ਗਹਿਲੋਤ ਨੇ ਸਚਿਨ ਪਾਇਲਟ, ਜਿਨ੍ਹਾਂ ਨਾਲ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਉਨ੍ਹਾਂ ਦੀ ਖਿੱਚੋਤਾਣ ਚੱਲ ਰਹੀ ਹੈ ਅਤੇ ਸੂਬੇ ਵਿਚਲੀ ਕਾਂਗਰਸ ਲੀਡਰਸ਼ਿਪ ਦਾ ਨਾਂ ਲਏ ਬਗ਼ੈਰ ਕਿਹਾ ਕਿ ਕਾਂਗਰਸ ਵਿਚਲੇ ਨੌਜਵਾਨ ਨੇਤਾਵਾਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਜਦੋਂ ਸਮਾਂ ਆਵੇਗਾ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਮੌਕਾ ਦੇਵੇਗੀ ਜਿਵੇਂ ਉਨ੍ਹਾਂ (ਗਹਿਲੋਤ) ਅਤੇ ਹੋਰ ਨੇਤਾਵਾਂ ਨੂੰ ਮੌਕਾ ਮਿਲਿਆ ਸੀ। ਸੀਨੀਅਰ ਨੇਤਾ ਨੇ ਕਿਹਾ, ‘‘ਕੰਮ ਤਜਰਬੇ ਨਾਲ ਹੁੰਦੇ ਹਨ। ਨੌਜਵਾਨਾਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਪਰ ਤਜਰਬੇ ਦਾ ਕੋਈ ਵੀ ਬਦਲ ਨਹੀਂ ਹੈ ਭਾਵੇਂ ਇਹ ਪਿੰਡ, ਕਸਬਾ, ਜ਼ਿਲ੍ਹਾ, ਸੂਬਾ ਜਾਂ ਰਾਸ਼ਟਰੀ ਪੱਧਰ ਦਾ ਹੋਵੇ।’’ ਉਨ੍ਹਾਂ ਨੇ ਜਯੋਤਿਰਦਿੱਤਿਆ ਸਿੰਧੀਆ, ਆਰਪੀਐੱਨ ਸਿੰਘ ਅਤੇ ਜਿਤਿਨ ਪ੍ਰਸਾਦ, ਜਿਹੜੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੂੰ ‘ਮੌਕਾਪ੍ਰਸਤ’ ਕਰਾਰ ਦਿੱਤਾ ਅਤੇ ਇਸ਼ਾਰਾ ਕੀਤਾ ਕਿ ਇਹ ਸਾਰੇ ਛੋਟੀ ਉਮਰ ਵਿੱਚ ਹੀ ਕੇਂਦਰੀ ਮੰਤਰੀ ਬਣ ਗਏ। -ਪੀਟੀਆਈ