ਨਵੀਂ ਦਿੱਲੀ, 4 ਅਗਸਤ
ਮੁੱਖ ਅੰਸ਼
- ਸੰਸਦ ਦੇ ਇਜਲਾਸ ਦੌਰਾਨ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੂੰ ਕੇਂਦਰੀ ਏਜੰਸੀ ਨੇ ਤਲਬ ਕੀਤਾ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਦੀ ਮਾਲਕੀ ਵਾਲੇ ਅਖ਼ਬਾਰ ਨੈਸ਼ਨਲ ਹੈਰਾਲਡ ਦੀ ਕੰਪਨੀ ਯੰਗ ਇੰਡੀਅਨ ਦੇ ਦਫ਼ਤਰ ’ਤੇ ਅੱਜ ਮਲਿਕਾਰਜੁਨ ਖੜਗੇ ਦੀ ਹਾਜ਼ਰੀ ’ਚ ਛਾਪੇ ਮਾਰਨ ਦੀ ਕਾਰਵਾਈ ਮੁੜ ਤੋਂ ਆਰੰਭੀ। ਇਕ ਦਿਨ ਪਹਿਲਾਂ ਈਡੀ ਨੇ ਯੰਗ ਇੰਡੀਅਨ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਖੜਗੇ (80) ਦੁਪਹਿਰ ਕਰੀਬ 12.40 ਵਜੇ ਆਈਟੀਓ ਨੇੜੇ ਬਹਾਦਰ ਸ਼ਾਹ ਜ਼ਫ਼ਰ ਮਾਰਗ ’ਤੇ ਨੈਸ਼ਨਲ ਹੈਰਾਲਡ ਦੇ ਦਫ਼ਤਰ ’ਚ ਪੁੱਜੇ। ਈਡੀ ਨੇ ਉਨ੍ਹਾਂ ਨੂੰ ਯੰਗ ਇੰਡੀਅਨ ’ਤੇ ਛਾਪੇ ਦੌਰਾਨ ਹਾਜ਼ਰ ਰਹਿਣ ਲਈ ਸੰਮਨ ਭੇਜੇ ਸਨ ਕਿਉਂਕਿ ਉਹ ਕੰਪਨੀ ਦੇ ਮੁੱਖ ਅਧਿਕਾਰੀਆਂ ’ਚੋਂ ਇਕ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਯੰਗ ਇੰਡੀਅਨ ਦੇ ਪ੍ਰਮੋਟਰਾਂ ਅਤੇ ਸ਼ੇਅਰਹੋਲਡਰਾਂ ’ਚ ਸ਼ਾਮਲ ਹਨ। ਰਾਹੁਲ ਅਤੇ ਕਾਂਗਰਸ ਪ੍ਰਧਾਨ ਦੀ ਕੰਪਨੀ ’ਚ 38-38 ਫ਼ੀਸਦ ਦੀ ਹਿੱਸੇਦਾਰੀ ਹੈ। ਕੇਂਦਰੀ ਏਜੰਸੀ ਨੇ ਚਾਰ ਮੰਜ਼ਿਲਾ ਹੈਰਾਲਡ ਹਾਊਸ ਬਿਲਡਿੰਗ ਦੀ ਗਰਾਊਂਡ ਫਲੋਰ ’ਤੇ ਸਥਿਤ ਯੰਗ ਇੰਡੀਅਨ ਦੇ ਇਕ ਕਮਰੇ ਵਾਲੇ ਦਫ਼ਤਰ ’ਤੇ ਆਰਜ਼ੀ ਸੀਲ ਲਗਾ ਦਿੱਤੀ ਸੀ ਤਾਂ ਜੋ ਸਬੂਤਾਂ ਨਾਲ ਛੇੜਖਾਨੀ ਨਾ ਹੋ ਸਕੇ ਕਿਉਂਕਿ ਈਡੀ ਪਿਛਲੇ ਦੋ ਦਿਨਾਂ ਤੋਂ ਕੰਪਨੀ ’ਤੇ ਤਾਲਾ ਲੱਗਿਆ ਹੋਣ ਅਤੇ ਅਧਿਕਾਰਿਤ ਨੁਮਾਇੰਦਾ ਨਾ ਹੋਣ ਕਾਰਨ ਉਸ ਦੀ ਤਲਾਸ਼ੀ ਨਹੀਂ ਲੈ ਸਕੀ ਸੀ। ਅਧਿਕਾਰੀਆਂ ਨੇ ਕਿਹਾ ਕਿ ਯੰਗ ਇੰਡੀਅਨ ਦੇ ਦਫ਼ਤਰ ’ਤੇ ਹੁਣ ਤਲਾਸ਼ੀ ਲੈ ਕੇ ਸੰਭਾਵਿਤ ਸਬੂਤ ਇਕੱਤਰ ਕੀਤੇ ਜਾਣਗੇ। ਨੈਸ਼ਨਲ ਹੈਰਾਲਡ-ਏਜੇਐੱਲ-ਯੰਗ ਇੰਡੀਅਨ ਸੌਦੇ ’ਚ ਭ੍ਰਿਸ਼ਟਾਚਾਰ ਦੀ ਜਾਂਚ ਲਈ ਈਡੀ ਨੇ ਮੰਗਲਵਾਰ ਨੂੰ ਹੈਰਾਲਡ ਹਾਊਸ ਸਮੇਤ ਦਰਜਨਾਂ ਥਾਵਾਂ ’ਤੇ ਛਾਪੇ ਮਾਰੇ ਸਨ। ਈਡੀ ਵੱਲੋਂ ਇਸ ਮਾਮਲੇ ’ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਖੜਗੇ ਤੇ ਪਵਨ ਬਾਂਸਲ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। -ਪੀਟੀਆਈ
ਕਾਂਗਰਸ ਨੂੰ ਡਰਾਉਣ ਲਈ ਈਡੀ ਨੇ ਮੈਨੂੰ ਤਲਬ ਕੀਤੈ: ਮਲਿਕਾਰਜੁਨ ਖੜਗੇ
ਨਵੀਂ ਦਿੱਲੀ: ਸੰਸਦ ਦੇ ਚੱਲ ਰਹੇ ਇਜਲਾਸ ਦੌਰਾਨ ਈਡੀ ਵੱਲੋਂ ਸੰਮਨ ਭੇਜੇ ਜਾਣ ਦਾ ਮੁੱਦਾ ਰਾਜ ਸਭਾ ’ਚ ਉਠਾਉਂਦਿਆਂ ਸਦਨ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੂੰ ਡਰਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਹੰਗਾਮੇ ਵਿਚਕਾਰ ਵਿਰੋਧੀ ਆਗੂਆਂ ਨੂੰ ਸਰਕਾਰ ਵੱਲੋਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਉਠਾਉਂਦਿਆਂ ਖੜਗੇ ਨੇ ਸਵਾਲ ਕੀਤਾ ਕਿ ਸੰਸਦ ਦਾ ਇਜਲਾਸ ਚੱਲਣ ਦੌਰਾਨ ਉਨ੍ਹਾਂ ਨੂੰ ਜਾਂਚ ਏਜੰਸੀ ਵੱਲੋਂ ਤਲਬ ਕੀਤਾ ਜਾਣਾ ਕੀ ਜਾਇਜ਼ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਦੀਆਂ ਰਿਹਾਇਸ਼ਾਂ ਨੂੰ ਪੁਲੀਸ ਨੇ ਘੇਰਾ ਪਾਇਆ ਹੋਇਆ ਹੈ। ਸੀਨੀਅਰ ਕਾਂਗਰਸ ਆਗੂ ਨੇ ਸਦਨ ’ਚ ਇਸ ਮੁੱਦੇ ’ਤੇ ਬਹਿਸ ਦੀ ਮੰਗ ਕਰਦਿਆਂ ਕਿਹਾ,‘‘ਜੇਕਰ ਇੰਜ ਹੀ ਚਲਦਾ ਰਿਹਾ ਤਾਂ ਕੀ ਸਾਡਾ ਲੋਕਤੰਤਰ ਕਾਇਮ ਰਹੇਗਾ? ਕੀ ਅਸੀਂ ਸੰਵਿਧਾਨ ਮੁਤਾਬਕ ਕੰਮ ਕਰਾਂਗੇ? ਇਹ ਸਾਡਾ ਹੌਸਲਾ ਡੇਗਣ, ਤਬਾਹ ਕਰਨ ਅਤੇ ਡਰਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਪਰ ਅਸੀਂ ਡਰਾਂਗੇ ਨਹੀਂ ਅਤੇ ਲੜਾਂਗੇ।’’ ਇਸ ਦੌਰਾਨ ਵਿਰੋਧੀ ਬੈਂਚਾਂ ਤੋਂ ‘ਸ਼ਰਮ ਕਰੋ, ਸ਼ਰਮ ਕਰੋ’ ਦੇ ਨਾਅਰੇ ਵੀ ਲਗਾਏ ਗਏ। ਖੜਗੇ ਨੇ ਕਿਹਾ ਕਿ ਉਨ੍ਹਾਂ ਨੂੰ ਸਾਢੇ 12 ਵਜੇ ਈਡੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਉਹ ਕਾਨੂੰਨ ਦਾ ਪਾਲਣ ਕਰਨ ਵਾਲੇ ਨਾਗਰਿਕ ਹਨ। ਇਸ ਕਰਕੇ ਈਡੀ ਅੱਗੇ ਜ਼ਰੂਰ ਪੇਸ਼ ਹੋਣਗੇ। -ਪੀਟੀਆਈ