ਨਵੀਂ ਦਿੱਲੀ, 14 ਅਕਤੂਬਰ
ਸੁਪਰੀਮ ਕੋਰਟ ਵੱਲੋਂ ਵੈੱਬ ਲੜੀ ‘XXX’ ਵਿੱਚ ਇਤਰਾਜ਼ਯੋਗ ਸਮੱਗਰੀ ਪਰੋਸਣ ਲਈ ਅੱਜ ਨਿਰਮਾਤਾ ਏਕਤਾ ਕਪੂਰ ਦੀ ਕਾਫੀ ਝਾੜਝੰਬ ਕੀਤੀ ਗਈ। ਸਿਖਰਲੀ ਅਦਾਲਤ ਨੇ ਕਿਹਾ ਕਿ ਉਹ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਦੂਸ਼ਿਤ ਕਰ ਰਹੀ ਹੈ।
ਸਿਖ਼ਰਲੀ ਅਦਾਲਤ ਅੱਜ ਏਕਤਾ ਕਪੂਰ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੇ ਜਾਰੀ ਹੋਏ ਵਾਰੰਟਾਂ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਏਕਤਾ ਕਪੂਰ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਓਟੀਟੀ ਪਲੈਟਫਾਰਮ ਏਐੱਲਟੀਬਾਲਾਜੀ ’ਤੇ ਰਿਲੀਜ਼ ਕੀਤੀ ਵੈੱਬ ਲੜੀ ਵਿੱਚ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਅਪਮਾਨ ਕੀਤਾ ਹੈ। ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ, ‘‘ਕੁਝ ਕਰਨਾ ਹੋਵੇਗਾ। ਤੁਸੀਂ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਦੂਸ਼ਿਤ ਕਰ ਰਹੇ ਹੋ। ਇਹ ਸਾਰਿਆਂ ਲਈ ਉਪਲੱਬਧ ਹੈ। ਓਟੀਟੀ (ਓਵਰ ਦਿ ਟੌਪ) ’ਤੇ ਸਮੱਗਰੀ ਸਾਰਿਆਂ ਲਈ ਉਪਲੱਬਧ ਹੈ। ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਦਲ ਮੁਹੱਈਆ ਕਰਵਾ ਰਹੇ ਹੋ?…।’’ -ਪੀਟੀਆਈ
ਵਕੀਲ ਦੇ ਆਨਲਾਈਨ ਪੇਸ਼ ਹੋਣ ਤੋਂ ਖਫ਼ਾ ਹੋਇਆ ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਇੱਕ ਸੀਨੀਅਰ ਵਕੀਲ ਦੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਉਸ ਨੂੰ ਅਦਾਲਤ ’ਚ ਨਿੱਜੀ ਤੌਰ ’ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਅਜੈ ਰਸਤੋਗੀ ਤੇ ਜਸਟਿਸ ਸੀਟੀ ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਅਦਾਲਤ ’ਚ ਨਾ ਆਉਣ ਦਾ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੈਂਚ ਨੇ ਕਿਹਾ, ‘ਅਸੀਂ ਇਸ ਨੂੰ ਸਮਝ ਨਹੀਂ ਪਾ ਰਹੇ। ਤੁਸੀਂ ਅਦਾਲਤ ਕਿਉਂ ਨਹੀਂ ਆ ਰਹੇ? ਅਸੀਂ ਇੱਥੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੈਠਦੇ ਹਾਂ। ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੇਸਾਂ ’ਤੇ ਬਹਿਸ ਕਰਨ ਲਈ ਵਕੀਲ ਨਿੱਜੀ ਤੌਰ ’ਤੇ ਅਦਾਲਤ ’ਚ ਹਾਜ਼ਰ ਰਹਿਣ। ਤੁਸੀਂ ਲੋਕ ਸਿਰਫ਼ ਪੰਜ ਮਿੰਟ ਲਈ ਸਕਰੀਨ ’ਤੇ ਆਉਂਦੇ ਹੋ ਤੇ ਫਿਰ ਕਿਤੇ ਹੋਰ ਚਲੇ ਜਾਂਦੇ ਹੋ। ਤੁਸੀਂ ਕਈ ਕਾਰਨਾਂ ਕਰਕੇ ਮਸਰੂਫ਼ ਹੋ ਸਕਦੇ ਹੋਵੋਗੇ। ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ।’ ਆਨਲਾਈਨ ਹਾਜ਼ਰ ਹੋਏ ਸਬੰਧਤ ਵਕੀਲ ਦੇ ਕੇਸ ’ਤੇ ਅਦਾਲਤ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।