ਰਾਏਬਰੇਲੀ, 21 ਫਰਵਰੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਨੇ ਰਾਏਬਰੇਲੀ ਹਲਕੇ ਨਾਲ ਮਤਰੇਆ ਵਿਹਾਰ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਯੂਪੀ ਵਿਧਾਨ ਸਭਾ ਚੋਣਾਂ ਵਿਚ ਉਹ ਕਾਂਗਰਸੀ ਉਮੀਦਵਾਰਾਂ ਨੂੰ ਵੋਟ ਪਾਉਣ। ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕੋਵਿਡ ਮਹਾਮਾਰੀ ਦੌਰਾਨ ਬਿਹਤਰ ਪ੍ਰਬੰਧ ਕਰਨ ਵਿਚ ਨਾਕਾਮ ਸਾਬਿਤ ਹੋਏ ਹਨ। ਸੋਨੀਆ ਗਾਂਧੀ ਨੇ ਕਿਹਾ ਕਿ ਇਹ ਚੋਣਾਂ ਮਹੱਤਵਪੂਰਨ ਹਨ ਕਿਉਂਕਿ ਪਿਛਲੇ ਪੰਜ ਸਾਲਾਂ ਤੋਂ ਲੋਕਾਂ ਨੇ ਅਜਿਹੀ ਸਰਕਾਰ ਦੇਖੀ ਹੈ ਜਿਸ ਨੇ ਲੋਕਾਂ ਨੂੰ ਵੰਡਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ। ਯੂਪੀ ਚੋਣਾਂ ਵਿਚ ਇਹ ਸੋਨੀਆ ਦੀ ਪਹਿਲੀ ਰੈਲੀ ਸੀ। ਸੋਨੀਆ ਗਾਂਧੀ ਰਾਏਬਰੇਲੀ ਤੋਂ ਲੋਕ ਸਭਾ ਮੈਂਬਰ ਹੈ। ਇੱਥੇ ਚੋਣਾਂ 23 ਫਰਵਰੀ ਨੂੰ ਹੋਣਗੀਆਂ। ਪਾਰਟੀ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਦੀ ਸਿਆਸਤ ਦੇਖੀ ਹੈ ਜੋ ਕਿ ਜਨਤਾ ਦੀ ਸੇਵਾ ਤੇ ਉਨ੍ਹਾਂ ਨੂੰ ਹੱਕ ਦੇਣ ਉਤੇ ਅਧਾਰਿਤ ਹੈ। ਦੱਸਣਯੋਗ ਹੈ ਕਿ ਕਾਂਗਰਸ ਨੂੰ ਰਾਏਬਰੇਲੀ ਵਿਚ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਦੇ ਦੋਵੇਂ ਵਿਧਾਇਕ ਭਾਜਪਾ ਵਿਚ ਚਲੇ ਗਏ ਹਨ ਤੇ ਕਮਲ ਦੇ ਨਿਸ਼ਾਨ ਉਤੇ ਲੜ ਰਹੇ ਹਨ। ਅਮੇਠੀ ਵਿਚ ਜਿੱਤ ਤੋਂ ਬਾਅਦ ਭਾਜਪਾ ਸੋਨੀਆ ਗਾਂਧੀ ਦੇ ਲੋਕ ਸਭਾ ਹਲਕੇ ਵਿਚੋਂ ਕਾਂਗਰਸ ਦਾ ਸਿਆਸੀ ਤੌਰ ਉਤੇ ਸਫਾਇਆ ਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ। ਸੋਨੀਆ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਦੀ ਭਲਾਈ ਲਈ ਮਨਰੇਗਾ ਸਕੀਮ ਲਿਆਂਦੀ ਸੀ ਪਰ ਭਾਜਪਾ ਦੀ ਸਰਕਾਰ ਨੇ ਕਰੋਨਾ ਵਰਗੇ ਸੰਕਟ ਦੇ ਸਮੇਂ ਇਸ ਦਾ ਬਜਟ ਵਧਾਉਣ ਦੀ ਬਜਾਏ ਘਟਾ ਦਿੱਤਾ। ਲੋਕਾਂ ਨੂੰ ਕਰੋਨਾ ਦੌਰਾਨ ਨਾ ਤਾਂ ਆਕਸੀਜਨ ਮਿਲੀ ਤੇ ਨਾ ਹੀ ਦਵਾਈਆਂ ਮਿਲੀਆਂ। ਉਨ੍ਹਾਂ ਕਿਹਾ ਕਿ ਮੋਦੀ-ਯੋਗੀ ਸਰਕਾਰ ਦਾ ਵਿਹਾਰ ਗ਼ੈਰ-ਜ਼ਿੰਮੇਵਾਰਾਨਾ ਸੀ ਤੇ ਇਹ ਨਾਕਾਮ ਸਾਬਿਤ ਹੋਈ ਹੈ। -ਪੀਟੀਆਈ
‘ਕਾਂਗਰਸੀ ਵਰਕਰਾਂ ਨੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ’
ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਸੂਬੇ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਬਹੁਤ ਮਿਹਨਤ ਕੀਤੀ ਹੈ। ਲੋਕਾਂ ਦੇ ਹੱਕਾਂ ਲਈ ਲੜਦਿਆਂ ਕਰੀਬ 8000 ਪਾਰਟੀ ਵਰਕਰਾਂ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਹੈ। ਸੋਨੀਆ ਨੇ ਲੋਕਾਂ ਨੂੰ ਸੰਬੋੋਧਨ ਕਰਦਿਆਂ ਕਿਹਾ ਕਿ ਕਾਂਗਰਸ ਉਨ੍ਹਾਂ ਨੂੰ ਅਜਿਹੇ ਵਿਧਾਇਕ ਦੇਣਾ ਚਾਹੁੰਦੀ ਹੈ ਜੋ ਦਿਨ-ਰਾਤ ਕੰਮ ਕਰਨ। ਪਾਰਟੀ ਅਜਿਹੀ ਰਾਜਨੀਤੀ ਕਰ ਰਹੀ ਹੈ ਜਿਸ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਹੋ ਰਹੀਆਂ ਹਨ।