ਲਖਨਊ, 22 ਅਪਰੈਲ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਕਰੋਨਾਵਾਇਰਸ ਮਹਾਮਾਰੀ ਦਾ ਬਹਾਨਾ ਬਣਾ ਕੇ ਕਿਸਾਨਾਂ ਤੋਂ ਕਣਕ ਖ਼ਰੀਦਣੀ ਬੰਦ ਕਰ ਦਿੱਤੀ ਹੈ ਅਤੇ ਕਿਸਾਨਾਂ ਦੀ ਥਾਂ ਹੁਣ ਵਿਚੋਲੀਆਂ ਤੋਂ ਕਣਕ ਖ਼ਰੀਦੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਉਨ੍ਹਾਂ ਜ਼ਿਆਦਾਤਰ ਥਾਵਾਂ ’ਤੇ ਖ਼ਰੀਦ ਕੇਂਦਰ ਬੰਦ ਹੋਣ ਦੇ ਬਾਵਜੂਦ ਰਾਜ ਵਿਚ ਖ਼ਰੀਦ ਦਾ ਗ੍ਰਾਫ਼ ਉੱਪਰ ਜਾਣ ਲਈ ਸਰਕਾਰ ’ਤੇ ਸਵਾਲ ਖੜ੍ਹਾ ਕੀਤਾ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀ ਯਾਦਵ ਨੇ ਕਿਹਾ, ‘‘ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਕਰੋਨਾਵਾਇਰਸ ਮਹਾਮਾਰੀ ਦਾ ਬਹਾਨਾ ਬਣਾ ਕੇ ਕਿਸਾਨਾਂ ਤੋਂ ਕਣਕ ਖ਼ਰੀਦਣੀ ਬੰਦ ਕਰ ਦਿੱਤੀ ਹੈ। ਸਰਕਾਰ ਵੱਲੋਂ ਖ਼ਰੀਦ ਸਬੰਧੀ ਗਲਤ ਅੰਕੜੇ ਪੇਸ਼ ਕੀਤੇ ਜਾ ਰਹੇ ਹਨ। ਅਜਿਹਾ ਜਾਪਦਾ ਹੈ ਕਿ ਵਿਚੋਲੀਆਂ ਨੂੰ ਫਾਇਦਾ ਪਹੁੰਚਾ ਕੇ ਖ਼ਰੀਦ ਦਾ ਟੀਚਾ ਪੂਰਾ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ’ਤੇ ਕਣਕ ਵੇਚਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਮੁਤਾਬਕ ਜੇਕਰ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਭਾਅ ਮਿਲ ਰਿਹਾ ਹੈ ਤਾਂ ਉਹ ਪ੍ਰਦਰਸ਼ਨ ਕਿਉਂ ਕਰ ਰਹੇ ਹਨ? ਅਖਿਲੇਸ਼ ਨੇ ਕਿਹਾ, ‘‘ਜੇਕਰ ਮੁੱਖ ਮੰਤਰੀ ਵਿਚ ਹਿੰਮਤ ਹੈ ਤਾਂ ਉਹ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ।’’ ਸ੍ਰੀ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਵਰ੍ਹਦਿਆਂ ਕਿਹਾ ਕਿ ਸਟਾਰ ਪ੍ਰਚਾਰਕ ਮੁੱਖ ਮੰਤਰੀ ਕੋਲ ਕਰਜ਼ੇ ਹੇਠ ਦਬੇ ਤੇ ਮਾੜੇ ਹਾਲਾਤ ਵਿਚ ਰਹਿ ਰਹੇ ਕਿਸਾਨਾਂ ਦੀਆਂ ਤਕਲੀਫ਼ਾਂ ਸੁਣਨ ਦਾ ਸਮਾਂ ਹੀ ਨਹੀਂ ਹੈ। -ਪੀਟੀਆਈ