ਨਵੀਂ ਦਿੱਲੀ, 19 ਨਵੰਬਰ
ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਦਾਅਵਾ ਕੀਤਾ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚੋਂ ‘ਕੱਟ, ਕਮਿਸ਼ਨ, ਕੁਰੱਪਸ਼ਨ’ ਦੀ ਵਿਰਾਸਤ ਅਤੇ ‘ਦੰਗਿਆਂ ਤੇ ਦਬੰਗਾਂ ਦੀ ਰਾਜਨੀਤੀ’ ਖਤਮ ਕਰ ਦਿੱਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਕਵੀ ਨੇ ਕਿਹਾ ਕਿ ਮੁੱਖ ਮੰਤਰੀ ਨੇ ‘ਗੁੰਡਿਆਂ ਦੀ ਗੁਫਾ’ ਢਾਹ ਕੇ ਆਮ ਲੋਕਾਂ ਦੀ ਸੁਰੱਖਿਆ ਅਤੇ ਸਨਮਾਨ’ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਭਾਜਪਾ ਦਾ ਸ਼ਾਸਨ ‘ਇਕਬਾਲ’ (ਪ੍ਰਸ਼ਾਸਨ), ‘ਇਨਸਾਫ਼’ ਅਤੇ ‘ਇਮਾਨ’ (ਏਕਤਾ) ਦਾ ਇੱਕ ਜੁੱਗ ਹੈ, ਜਿੱਥੇ ਦੇਸ਼ ਦਾ ਵਿਕਾਸ, ਸੁਰੱਖਿਆ ਅਤੇ ਖੁਸ਼ਹਾਲੀ ‘ਸਭ ਤੋਂ ਪਹਿਲੀ’ ਤਰਜੀਹ ਹਨ।’’ ਉਨ੍ਹਾਂ ਦੋਸ਼ ਲਾਇਆ, ‘‘ਰਾਜ ਘਰਾਣੇ’ ਵੱਲੋਂ ‘ਤਿੰਨ-ਬੀ’, ‘ਬਰਦਰਹੁੱਡ ਆਫ ਬਲਵਾਈ’ (ਦੰਗਾਕਾਰੀ), ਬਾਹੂਬਲੀ (ਤਕੜੇ ਵਿਅਕਤੀ) ਅਤੇ ਬੇਈਮਾਨੀ ਦਾ ਬਚਾਅ ਕਰਕੇ ਲੋਕਤੰਤਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਉਨ੍ਹਾਂ ਮੁਤਾਬਕ, ‘‘ਯੋਗੀ ਆਦਿੱਤਿਆਨਾਥ ਸਰਕਾਰ ‘ਵਿਕਾਸ ਅਤੇ ਸਨਮਾਨ’ ਦੇ ਆਪਣੇ ਏਜੰਡੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।’’ -ਪੀਟੀਆਈ