ਨਵੀਂ ਦਿੱਲੀ, 21 ਜੂਨ
ਸੰਸਦ ਭਵਨ ਕੰਪਲੈਕਸ ਸਮੇਤ ਦੇਸ਼ ਭਰ ਦੇ ਸਟੇਡੀਅਮਾਂ, ਪਾਰਕਾਂ, ਮੰਦਿਰਾਂ ਦੇ ਬਾਹਰ ਤੇ ਸਮੁੰਦਰੀ ਕਿਨਾਰਿਆਂ ’ਤੇ ਅੱਜ 8ਵਾਂ ਕੌਮਾਂਤਰੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ’ਚ ਯੋਗ ਅਭਿਆਸ ਕੀਤਾ ਤੇ ਕਿਹਾ ਕਿ ਯੋਗ ਮਨੁੱਖਤਾ ਨੂੰ ਭਾਰਤ ਦਾ ਤੋਹਫ਼ਾ ਹੈ ਅਤੇ ਇਹ ਸਰੀਰ, ਮਨ ਤੇ ਆਤਮਾ ’ਚ ਤਵਾਜ਼ਨ ਬਿਠਾਉਂਦਾ ਹੈ। ਉਨ੍ਹਾਂ ਟਵੀਟ ਕਰਕੇ ਕੌਮਾਂਤਰੀ ਯੋਗ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਯੋਗ ਪ੍ਰਾਚੀਨ ਭਾਰਤੀ ਵਿਰਾਸਤ ਦਾ ਹਿੱਸਾ ਹੈ। ਉਨ੍ਹਾਂ ਸਾਰਿਆਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਗੁਜਰਾਤ ਦੇ ਕੇਵੜੀਆ ’ਚ ਸਟੈਚੂ ਆਫ ਯੂਨਿਟੀ ਨੇੜੇ ਕਰਵਾਏ ਯੋਗ ਸਮਾਗਮ ’ਚ ਹਿੱਸਾ ਲਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਤਿਆਗਰਾਜ ਸਟੇਡੀਅਮ ’ਚ ਸੈਂਕੜੇ ਲੋਕਾਂ ਨਾਲ ਯੋਗ ਕੀਤਾ। ਕੇਜਰੀਵਾਲ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਅੱਠਵੀਂ ਜਮਾਤ ’ਚ ਯੋਗ ਮੁਫ਼ਤ ’ਚ ਸਿੱਖਿਆ ਤੇ ਇੱਕ ਦਿੱਲੀ ਵਾਲਿਆਂ ਲਈ ਵੀ ਮੁਫ਼ਤ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਕੌਮੀ ਰਾਜਧਾਨੀ ’ਚ ਜੰਤਰ ਮੰਤਰ ’ਤੇ ਯੋਗ ਸੈਸ਼ਨ ’ਚ ਸ਼ਾਮਲ ਹੋਈ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਤੇ ਕਲਰਾਜ ਮਿਸ਼ਰਾ ਨੇ ਸ੍ਰੀਨਗਰ ਦੀ ਡੱਲ ਝੀਲ ਕਿਨਾਰੇ ਯੋਗ ਆਸਨ ਕੀਤੇ ਤੇ ਸਾਰਿਆਂ ਨੂੰ ਇਸ ਪ੍ਰਾਚੀਨ ਵਿੱਦਿਆ ਦਾ ਅਭਿਆਸ ਕਰਨ ਦੀ ਅਪੀਲ ਕੀਤੀ। ਇਸੇ ਤਰ੍ਹਾਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ ’ਚ ਕੌਮਾਂਤਰੀ ਸਰਹੱਦ ਦੀ ਓਕਟੇਰੀਓ ਸਰਹੱਦੀ ਚੌਕੀ ’ਤੇ ਯੋਗ ਸੈਸ਼ਨ ’ਚ ਹਿੱਸਾ ਲਿਆ ਤੇ ਕਿਹਾ ਕਿ ਯੋਗ ਏਕਤਾ ਤੇ ਪ੍ਰੇਮ ਫੈਲਾਉਣ ’ਚ ਮਦਦ ਕਰ ਸਕਦਾ ਹੈ। ਇਸੇ ਤਰ੍ਹਾਂ ਰਾਜਸਥਾਨ ਤੇ ਨਾਗਾਲੈਂਡ ਦੀਆਂ ਵੱਖ ਵੱਖ ਥਾਵਾਂ ’ਤੇ ਯੋਗ ਦਿਵਸ ਸਬੰਧੀ ਸਮਾਗਮ ਕਰਵਾਏ ਗਏ। ਇਸੇ ਦੌਰਾਨ ਉੱਤਰੀ ਕਮਾਂਡ ਦੇ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਲੱਦਾਖ ਦੇ ਵੱਖ ਵੱਖ ਖੇਤਰਾਂ ’ਚ ਯੋਗ ਕਰਨ ਵਾਲੇ 1.75 ਲੱਖ ਜਵਾਨਾਂ ਤੇ 75 ਹਜ਼ਾਰ ਪਰਿਵਾਰਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ -ਪੀਟੀਆਈ
ਕਸ਼ਮੀਰੀ ਪੰਡਿਤਾਂ ਨੇ ਵੱਖਰੇ ਢੰਗ ਨਾਲ ਮਨਾਇਆ ਯੋਗ ਦਿਵਸ
ਸ੍ਰੀਨਗਰ: ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੇ ਵੱਖਰੇ ਢੰਗ ਨਾਲ ਯੋਗ ਦਿਵਸ ਮਨਾਉਂਦਿਆਂ ਆਪਣੀਆਂ ਮੰਗਾਂ ਉਠਾਈਆਂ। ਕਸ਼ਮੀਰੀ ਪੰਡਿਤ ਰਾਹੁਲ ਭੱਟ ਨੂੰ ਅਤਿਵਾਦੀਆਂ ਵੱਲੋਂ ਕਤਲ ਕੀਤੇ ਜਾਣ ਦੇ ਰੋਸ ਵਜੋਂ 12 ਮਈ ਤੋਂ ਮੁਜ਼ਾਹਰੇ ਕਰ ਰਹੇ ਮੁਲਾਜ਼ਮਾਂ ਨੇ ਅੱਜ ਬਡਗਾਮ ਦੀ ਸ਼ੇਖਪੋਰਾ ਸ਼ਰਨਾਰਥੀ ਕਲੋਨੀ ਦੇ ਕੈਂਪ ’ਚ ਯੋਗ ਦਿਵਸ ਮਨਾਇਆ। ਉਨ੍ਹਾਂ ਇਸ ਮੌਕੇ ਵੱਖ ਵੱਖ ਆਸਨ ਕਰਦਿਆਂ ਵੈਦਿਕ ਮੰਤਰਾਂ ਦੇ ਉਚਾਰਨ ਦੀ ਥਾਂ ਨਾਅਰੇਬਾਜ਼ੀ ਕੀਤੀ। ਕੁਝ ਮੁਲਾਜ਼ਮਾਂ ਨੇ ਨਾਅਰੇ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਜਦਕਿ ਕੁਝ ਨੇ ਰਾਹੁਲ ਭੱਟ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ। -ਪੀਟੀਆਈ